Thursday, 8 March 2012


ਨਵੀਂ ਦਿੱਲੀ, 7 ਮਾਰਚ  - ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਵਾਲੇ ਅੰਨਾ ਹਜ਼ਾਰੇ ਨੇ ਕਿਹਾ ਕਿ ਜੇਕਰ ਕਾਂਗਰਸ ਮਜ਼ਬੂਤ ਲੋਕਪਾਲ ਬਿੱਲ ਲੈ ਆਉਂਦੀ ਤਾਂ ਵਿਧਾਨ ਸਭਾ ਚੋਣਾਂ 'ਚ ਉਸ ਦੀ ਸਥਿਤੀ ਮਜ਼ਬੂਤ ਹੁੰਦੀ। ਸ੍ਰੀ ਹਜ਼ਾਰੇ ਨੇ ਆਪਣੇ ਪਿੰਡ ਰਾਲੇਗਣ ਸਿੱਧੀ 'ਚ ਚੋਣ ਨਤੀਜਿਆਂ ਬਾਰੇ ਆਪਣਾ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੇ ਚੋਣਾਂ ਦੇ ਨਤੀਜਿਆਂ 'ਤੇ ਅਸਰ ਪਾਇਆ ਹੈ। ਜੇਕਰ ਕਾਂਗਰਸ ਮਜ਼ਬੂਤ ਲੋਕਪਾਲ ਬਿੱਲ ਲੈ ਆਉਂਦੀ ਤਾਂ ਚੋਣਾਂ 'ਚ ਮੱਤਦਾਤਾ ਉਸ ਦਾ ਸਮਰਥਨ ਕਰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਨਿਕੰਮਾ ਲੋਕਪਾਲ ਬਿੱਲ ਲਿਆਉਣਾ ਚਾਹੁੰਦੀ ਸੀ ਅਤੇ ਹੁਣ ਉਸ ਨੂੰ ਇਸ ਦਾ ਨਤੀਜਾ ਭੁਗਤਣਾ ਪਿਆ ਹੈ। ਚੋਣਾਂ 'ਚ ਕਾਂਗਰਸ ਦੀ ਹਾਰ ਸਾਡੇ ਕਾਰਨ ਨਹੀਂ ਹੋਈ ਬਲਕਿ ਇਹ ਲੋਕਾਂ ਦਾ ਆਦੇਸ਼ ਹੈ। ਇਸ ਦੌਰਾਨ ਟੀਮ ਅੰਨਾ ਦੀ ਅਹਿਮ ਮੈਂਬਰ ਕਿਰਨ ਬੇਦੀ ਨੇ ਵੀ ਕਾਂਗਰਸ ਦੀ ਆਲੋਚਨਾ ਕਰਦਿਆਂ ਕਿਹਾ ਕਿ ਪਾਰਟੀ ਨੇ ਭਿਸ਼ਟਾਚਾਰ ਦੇ ਮਾਮਲਿਆਂ 'ਚ ਅਸਮਰਥਾ ਵਿਖਾਈ ਸੀ ਅਤੇ ਆਪਣੀ ਇਸ ਅਸਮਰਥਾ ਦੀ ਕੀਮਤ ਇਨ੍ਹਾਂ ਚੋਣਾਂ 'ਚ ਅਦਾ ਕਰਨੀ ਪਈ ਹੈ।
ਵਾਸ਼ਿੰਗਟਨ, 7 ਮਾਰਚ - ਵਿਕੀਲੀਕਸ ਨੇ ਕੁਝ ਈਮੇਲਜ਼ ਦੇ ਹਵਾਲੇ ਨਾਲ ਇਕ ਸਨਸਨੀਖੇਜ਼ ਖੁਲਾਸਾ ਕਰਦਿਆਂ ਕਿਹਾ ਹੈ ਕਿ ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦਿਨ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਸਮੁੰਦਰ 'ਚ ਦਫ਼ਨ ਨਹੀਂ ਸੀ ਕੀਤਾ ਗਿਆ ਜਿਵੇਂ ਕਿ ਅਮਰੀਕਾ ਨੇ ਦਾਅਵਾ ਕੀਤਾ ਸੀ ਸਗੋਂ ਅਮਰੀਕਾ ਉਸ ਦੀ ਲਾਸ਼ ਨੂੰ ਆਪਣੇ ਨਾਲ ਅਮਰੀਕਾ ਲੈ ਗਿਆ ਸੀ। ਇਨ੍ਹਾਂ ਈਮੇਲਜ਼ 'ਚ ਜਾਂਚ ਏਜੰਸੀ ਦੇ ਉਪ ਚੇਅਰਮੈਨ ਫਰੈਡ ਬਰਟਨ ਦੀ ਗੱਲਬਾਤ ਦਾ ਹਵਾਲਾ ਦਿੰਦਿਆਂ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਨੇਵੀ ਸੀਲਜ਼ ਦੁਆਰਾ ਪਾਕਿਸਤਾਨ ਦੇ ਐਬਟਾਬਾਦ 'ਚ ਓਸਾਮਾ ਨੂੰ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਦਫਨਾਇਆ ਨਹੀਂ ਸੀ ਗਿਆ। ਬਰਟਨ ਨੇ ਦਾਅਵਾ ਕੀਤਾ ਹੈ ਕਿ ਓਸਾਮਾ ਦੇ ਮ੍ਰਿਤਕ ਸਰੀਰ ਨੂੰ ਅਮਰੀਕਾ ਦੇ ਮੈਰੀਲੈਂਡ 'ਚ ਸਥਿਤ 'ਆਰਮਡ ਫੋਰਸਜ਼ ਇੰਸਟੀਚਿਊਟ ਆਫ ਪੈਥੋਲੋਜ਼ੀ' ਵਿਖੇ ਲਿਜਾਇਆ ਗਿਆ ਸੀ। ਹੁਣ ਤਕ ਅਮਰੀਕਾ ਇਹ ਕਹਿੰਦਾ ਰਿਹਾ ਹੈ ਕਿ ਓਸਾਮਾ ਦੀ ਲਾਸ਼ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਖਾੜੀ ਸਾਗਰ 'ਚ ਇਕ ਅਣਪਛਾਤੀ ਥਾਂ 'ਤੇ ਦਫ਼ਨ ਕਰ ਦਿੱਤੀ ਗਈ ਸੀ।

No comments:

Post a Comment