Thursday, 8 March 2012

 ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ 14 ਮਾਰਚ ਨੂੰ ਚੱਪੜਚਿੜੀ ’ਚ ਸਹੁੰ ਚੁੱਕੇਗੀ ਪੰਜਾਬ ਦੀ ਨਵੀਂ ਕੈਬਿਨੇਟ
ਚੰਡੀਗੜ੍ਹ, 8 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਆਉਂਦੀ 14 ਮਾਰਚ ਦਿਨ ਬੁੱਧਵਾਰ ਨੂੰ ਪੰਜਾਬ ਦੀ ਨਵੀਂ ਕੈਬਿਨੇਟ ਮੋਹਾਲ਼ੀ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੱਪੜਚਿੜੀ ਵਿਖੇ ਸਹੁੰ ਚੁੱਕੇਗੀ। ਸ. ਬਾਦਲ 5ਵੀਂ ਵਾਰ ਮੁੱਖ ਮੰਤਰੀ ਬਣਨਗੇ, ਜੋ ਕਿ ਆਪਣੇ ਆਪ ਵਿੱਚ ਹੀ ਇੱਕ ਰਿਕਾਰਡ ਹੈ। ਅੱਜ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ਗਾਹ ਵਿਖੇ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਆਖਿਆ ਸੀ ਅਤੇ ਹੁਣ ਫਿਰ ਦੋਹਰਾ ਰਹੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਹੀ ਪੰਜਾਬ ਦੇ ਮੁੱਖ ਮੰਤਰੀ ਹੋਣਗੇ। ਇਸ ਤਰ੍ਹਾਂ ਅਜਿਹੀਆਂ ਕਿਆਸਅਰਾਈਆਂ ਨੂੰ ਹੁਣ ਠੱਲ੍ਹ ਪੈ ਗਈ ਹੈ, ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਵੱਡੇ ਬਾਦਲ ਹੁਣ ਆਪਣੇ ਪੁੱਤਰ ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰਨਗੇ ਕਿਉਂਕਿ ਮੰਗਲ਼ਵਾਰ ਨੂੰ ਚੋਣ ਨਤੀਜਿਆਂ ਦੇ ਐਲਾਨ ਦੇ ਤੁਰੰਤ ਪਿੱਛੋਂ ਜਦੋਂ ਪੱਤਰਕਾਰਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਿਆ ਸੀ ਕਿ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਤਦ ਉਨ੍ਹਾਂ ਜਵਾਬ ਦਿੱਤਾ ਸੀ ਕਿ ਇਸ ਦਾ ਫ਼ੈਸਲਾ ਵੀਰਵਾਰ ਨੂੰ ਅਕਾਲੀ ਦਲ ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਇੱਕ ਮੀਟਿੰਗ ਵਿੱਚ ਲਿਆ ਗਿਆ ਸੀ। ਤਦ ਤੋਂ ਕੁੱਝ ਹਲਕਿਆਂ ਵਿੱਚ ਇਹੋ ਅੰਦਾਜ਼ਾ ਲਾਇਆ ਜਾਣ ਲੱਗਾ ਸੀ ਕਿ ਸ਼ਾਇਦ ਇਸ ਵਾਰ ਵੱਡੇ ਬਾਦਲ ਦਾ ਇਰਾਦਾ ਮੁੱਖ ਮੰਤਰੀ ਬਣਨ ਦਾ ਨਹੀਂ ਹੈ। ਜਦੋਂ ਸ. ਸੁਖਬੀਰ ਬਾਦਲ ਤੋਂ ਅੱਜ ਪੁੱਛਿਆ ਗਿਆ ਕਿ ਬਾਦਲ ਕੈਬਿਨੇਟ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਸ ਸਬੰਧੀ ਫ਼ੈਸਲਾ ਮੁੱਖ ਮੰਤਰੀ ਵੱਲੋਂ ਲਿਆ ਜਾਵੇਗਾ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ’ਚ ਵਾਪਸੀ ਦਾ ਸਿਹਰਾ ਆਪਣੇ ਪਿਤਾ ਸਿਰ ਬੰਨ੍ਹਿਆ। ਉਨ੍ਹਾਂ ਕਿਹਾ ਕਿ ‘ਬਾਦਲ ਸਾਹਿਬ ਦੀ ਅਗਵਾਈ ਹੇਠ ਹੀ ਸੂਬੇ ’ਚ ਸਰਕਾਰ ਵਧੀਆ ਤਰੀਕੇ ਨਾਲ਼ ਕੰਮ ਕਰਨ ਦੇ ਯੋਗ ਹੋ ਸਕੀ ਹੈ ਅਤੇ ਅਕਾਲੀਆਂ ਨੂੰ ਵੱਡੀਆਂ ਜਿੱਤਾਂ ਹਾਸਲ ਹੋਈਆਂ ਹਨ।’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਪ ਮੁੱਖ ਮੰਤਰੀ ਕੌਣ ਬਣੇਗਾ, ਤਦ ਉਨ੍ਹਾਂ ਜਵਾਬ ਦਿੱਤਾ ਕਿ ਇਸ ਮੁੱਦੇ ਨੂੰ ਲੈ ਕੇ ਕਿਸੇ ਕਿਸਮ ਦਾ ਕੋਈ ਭੰਬਲ਼ਭੂਸਾ ਨਹੀਂ ਹੈ। ‘ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਮਿਲ਼ ਕੇ ਇਹ ਫ਼ੈਸਲਾ ਲੈਣਗੀਆਂ ਕਿ ਕੌਣ ਉਪ ਮੁੱਖ ਮੰਤਰੀ ਹੋਵੇਗਾ।’ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਭਰੋਸਾ ਪ੍ਰਗਟਾਏ ਜਾਣ ਲਈ ਪੰਜਾਬ ਦੀ ਜਨਤਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸੂਬੇ ਦੀ ਜਨਤਾ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸਿਰਤੋੜ ਜਤਨ ਕਰੇਗੀ। ਇਹ ਲੋਕਾਂ ਦੀ ਹਕੂਮਤ ਹੈ ਅਤੇ ਵੋਟਰਾਂ ਨੇ ਹੀ ਇਸ ਗੱਠਜੋੜ ਦੇ ਹੱਕ ਵਿੱਚ ਫ਼ਤਵਾ ਸੁਣਾਇਆ ਹੈ। ਇਸ ਫ਼ਤਵੇ ਵਿੱਚ ਇਹ ਸਪੱਸ਼ਟ ਸੰਕੇਤ ਦਿੱਤਾ ਗਿਆ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਅਤੇ ਆਗੂਆਂ ਦੀ ਕਾਰਗੁਜ਼ਾਰੀ ਵਧੀਆ ਹੋਵੇਗੀ, ਉਹੀ ਸਰਕਾਰ ਬਣਾਉਣਗੇ। ਉਨ੍ਹਾਂ ਕਾਂਗਰਸ ਅਤੇ ਪੀਪਲ’ਜ਼ ਪਾਰਟੀ ਆੱਫ਼ ਪੰਜਾਬ ਦੇ ਅਜਿਹੇ ਦਾਅਵਿਆਂ ਨੂੰ ਰੱਦ ਕੀਤਾ, ਜਿਨ੍ਹਾਂ ਵਿੱਚ ਆਖਿਆ ਜਾ ਰਿਹਾ ਹੈ ਕਿ ਸੂਬੇ ਦਾ ਖ਼ਜ਼ਾਨਾ ਖ਼ਾਲੀ ਪਿਆ ਹੈ। ‘ਪਿਛਲੀ ਵਾਰ ਵੀ ਵਿਰੋਧੀ ਧਿਰ ਨੇ ਇਹੋ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਆਮਦਨ ਦੇ ਵਸੀਲੇ ਪੈਦਾ ਕਰ ਹੀ ਲਏ ਸਨ। ਮੈਂ ਪੰਜਾਬ ਦੀ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਪੰਜਾਬ ਨੂੰ ਹਰ ਮੋਰਚੇ ’ਤੇ ਮੋਹਰੀ ਰੱਖਣ ਲਈ ਕੰਮ ਕਰੇਗੀ।’ ਪੀਪਲ’ਜ਼ ਪਾਰਟੀ ਆੱਫ਼ ਪੰਜਾਬ ਦੇ ਬਾਨੀ ਸ. ਮਨਪ੍ਰੀਤ ਸਿੰਘ ਬਾਦਲ ਬਾਰੇ ਬੋਲਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਟਿਕਟ ਉਤੇ ਉਹ ਚਾਰ ਵਾਰ ਵਿਧਾਇਕ ਬਣੇ ਸਨ ਪਰ ਇਸ ਵਾਰ ਉਹ ਚੋਣ ਹਾਰ ਗਏ ਹਨ। ਉਹ ਹੁਣ ਸ਼੍ਰੋਮਣੀ ਅਕਾਲੀ ਦਲ ਉਤੇ ਬੇਬੁਨਿਆਦ ਇਲਜ਼ਾਮ ਲਾ ਰਹੇ ਹਨ। ਚੇਤੇ ਰਹੇ ਕਿ ਸ. ਮਨਪ੍ਰੀਤ ਬਾਦਲ ਨੇ ਦੋਸ਼ ਲਾਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਸੱਤਾ ’ਤੇ ਮੁੜ ਕਾਬਜ਼ ਹੋਣ ਲਈ ਧਨ ਦੀ ਸ਼ਕਤੀ ਨੂੰ ਵਰਤਿਆ ਹੈ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ,‘ਮਨਪ੍ਰੀਤ ਸਿੰਘ ਬਾਦਲ ਨੂੰ ਜਨਤਾ ਦਾ ਫ਼ੈਸਲਾ ਪ੍ਰਵਾਨ ਕਰਲਾ ਚਾਹੀਦਾ ਹੈ। ਸਾਡਾ ਟੀਚਾ ਹੈ ਕਿ ਅਸੀਂ ਆਪਣੀ ਕਾਰਗੁਜ਼ਾਰੀ ਨੂੰ ਸਿਖ਼ਰ ’ਤੇ ਲਿਜਾਈਏ, ਤਾਂ ਜੋ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਅਗਲੇ 25 ਵਰ੍ਹਿਆਂ ਤੱਕ ਰਾਜ ਕਰਦੀ ਰਹੇ। ਪਾਰਟੀ ਦੇ ਬਾਕੀ ਫ਼ੈਸਲੇ ਚੰਡੀਗੜ੍ਹ ’ਚ ਹੋਣ ਵਾਲ਼ੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਏ ਜਾਣਗੇ।’ ਉਧਰ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵਧਾਈਆਂ ਦੇਣ ਵਾਲ਼ਿਆਂ ਦੀਆਂ ਅੱਜ ਉਨ੍ਹਾਂ ਦੀ ਸਰਕਾਰੀ ਰਿਹਾਇਸ਼ਗਾਹ ’ਤੇ ਵੱਡੀਆਂ ਕਤਾਰਾਂ ਲੱਗੀਆਂ ਰਹੀਆਂ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ’ਚ ਵਾਪਸੀ ਲਈ ਆਪਣੇ ਪੁੱਤਰ ਸੁਖਬੀਰ ਬਾਦਲ ਵੱਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।

No comments:

Post a Comment