Thursday, 8 March 2012


ਬੰਗਲੌਰ, 7 ਮਾਰਚ-ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ. ਐਸ. ਯੇਦੀਯੁਰੱਪਾ ਨੂੰ ਰਾਹਤ ਦਿੰਦਿਆਂ ਗੈਰਕਾਨੂੰਨੀ ਖਾਣਾਂ ਦੇ ਮਾਮਲੇ 'ਚ ਲੋਕਆਯੁਕਤ ਵੱਲੋਂ ਉਨ੍ਹਾਂ ਵਿਰੁੱਧ ਦਾਖਲ ਕੀਤੀ ਐਫ.ਆਈ.ਆਰ. ਅੱਜ ਕਰਨਾਟਕ ਹਾਈਕੋਰਟ ਨੇ ਖਾਰਜ ਕਰ ਦਿੱਤੀ। ਇਸ ਮਾਮਲੇ ਕਾਰਨ ਯੇਦੀਯੁਰੱਪਾ ਨੂੰ 31 ਜੁਲਾਈ 2011 ਨੂੰ ਮੁੱਖ ਮੰਤਰੀ ਦਾ ਪਦ ਤਿਆਗਣਾ ਪਿਆ ਸੀ। ਜਸਟਿਸ ਗੋਵਿੰਦਰਾਜੂ ਅਤੇ ਭਕਤਾਵਤਸਾਲਾ 'ਤੇ ਅਧਾਰਿਤ ਜੱਜਾਂ ਦੇ ਬੈਂਚ ਨੇ ਪਹਿਲਾਂ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਪਰ ਅੱਜ ਉਨ੍ਹਾਂ ਕਿਹਾ ਕਿ ਇਹ ਐਫ.ਆਈ.ਆਰ. ਮਹਿਜ਼ ਲੋਕਆਯੁਕਤ ਦੀ ਰਿਪੋਰਟ ਦੇ ਆਧਾਰ 'ਤੇ ਹੈ। ਰਿਪੋਰਟ 'ਚ ਰਾਜਪਾਲ ਵੱਲੋਂ ਲੋਕਆਯੁਕਤ ਨੂੰ ਐਫ.ਆਈ.ਆਰ. ਦਰਜ ਕਰਨ ਲਈ ਕਿਹਾ ਗਿਆ ਹੈ ਜੋ ਕਿ ਗਲਤ ਹੈ ਕਿਉਂਕਿ ਲੋਕਆਯੁਕਤ ਨੂੰ ਪਹਿਲਾਂ ਖੁਦ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਸੀ। ਰਿਪੋਰਟ 'ਚ ਦੋਸ਼ ਲਗਾਏ ਗਏ ਹਨ ਕਿ ਯੇਦੀਯੁਰੱਪਾ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਆਪਣੇ ਨਿੱਜੀ ਫਾਇਦੇ ਲਈ ਖਾਣਾਂ ਦੀ ਖੁਦਾਈ ਦੇ ਨਿਯਮਾਂ ਦੀ ਅਣਦੇਖੀ ਕੀਤੀ।

ਲਖਨਊ, 7 ਮਾਰਚ -ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਸਪਸ਼ੱਟ ਬਹੁਮਤ ਪ੍ਰਾਪਤ ਕਰਨ ਵਾਲੀ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਅੱਜ ਰਾਜਪਾਲ ਬੀ. ਐਲ. ਜੋਸ਼ੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਰਾਜਪਾਲ ਦੇ ਮੁੱਖ ਸਕੱਤਰ ਜੀ. ਬੀ. ਪਟਨਾਇਕ ਨੇ ਦੱਸਿਆ ਕਿ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਨੇ ਰਾਜਪਾਲ ਬੀ. ਐਲ. ਜੋਸ਼ੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਰਸਮੀ ਤੌਰ 'ਤੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਰਾਜਪਾਲ ਨੇ ਮੁਲਾਇਮ ਸਿੰਘ ਦਾ ਦਾਅਵਾ ਸਵੀਕਾਰ ਕਰਦਿਆ ਉਨ੍ਹਾਂ ਨੂੰ ਸਹੁੰ ਚੁੱਕਣ ਲਈ ਢੁਕਵੀਂ ਮਿਤੀ ਦੱਸਣ ਲਈ ਕਿਹਾ ਹੈ। ਮੁਲਾਇਮ ਵਿਧਾਨਕਾਰ ਦਲ ਦੇ ਨੇਤਾ ਚੁਣੇ ਸਮਾਜਵਾਦੀ ਪਾਰਟੀ ਸੰਸਦੀ ਬੋਰਡ ਦੀ ਹੋਈ ਬੈਠਕ ਵਿਚ ਵਿਧਾਨਕਾਰ ਦਲ ਦਾ ਨੇਤਾ ਚੁਣ ਲਏ ਜਾਣ ਬਾਅਦ ਪਾਰਟੀ ਪ੍ਰਧਾਨ ਮੁਲਾਇਮ ਸਿੰਘ ਯਾਦਵ ਦਾ ਯੂ. ਪੀ. ਦੇ ਨਵੇਂ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਜਦਕਿ ਵਿਧਾਨਕਾਰ ਪਾਰਟੀ ਦੀ ਮੀਟਿੰਗ ਜੋ ਹੋਲੀ ਤੋਂ ਬਾਅਦ ਹੋਵੇਗੀ, ਵਿਚ ਇਸ ਸਬੰਧੀ ਰਸਮੀ ਐਲਾਨ ਕੀਤਾ ਜਾਵੇਗਾ। ਇਹ ਜਾਣਕਾਰੀ ਸਪਾ ਦੇ ਰਾਸ਼ਟਰੀ ਸਕੱਤਰ ਕਿਰਨਮਾਏ ਨੰਦਾ ਨੇ ਦਿੱਤੀ। ਸ੍ਰੀ ਨੰਦਾ ਨੇ ਕਿਹਾ ਕਿ ਜਿੱਤ ਦੀ ਖੁਸ਼ੀ ਤੇ ਹੋਲੀ ਕਾਰਨ ਕਈ ਵਿਧਾਇਕ ਮੀਟਿੰਗ ਵਿਚ ਪੁੱਜ ਨਹੀਂ ਸਕੇ। ਵਿਧਾਨਕਾਰ ਦਲ ਦੀ ਬੈਠਕ 10 ਮਾਰਚ ਨੂੰ ਹੋਣ ਦੀ ਪੂਰੀ ਸੰਭਾਵਨਾ ਹੈ। ਇਸ ਦੌਰਾਨ ਵਰਕਰਾਂ ਨੇ ਅਖਿਲੇਸ਼ ਯਾਦਵ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਪਰ ਅਖਿਲੇਸ਼ ਨੇ ਸਾਰੀਆਂ ਅਟਕਲਾਂ ਰੋਕਦਿਆਂ ਕਿਹਾ ਕਿ 'ਨੇਤਾ ਜੀ (ਮੁਲਾਇਮ) ਹੀ ਮੁੱਖ ਮੰਤਰੀ ਹੋਣਗੇ।
ਹਿਸਾਰ, 7 ਮਾਰਚ -ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ 18 ਦਿਨਾਂ ਤੋਂ ਹਰਿਆਣਾ ਰਾਜ ਅੰਦਰ ਚੱਲ ਰਿਹਾ ਜਾਟਾਂ ਦਾ ਅੰਦੋਲਨ ਹਿੰਸਕ ਰੂਪ ਧਾਰਨ ਕਰ ਗਿਆ ਹੈ, ਜਿਸ ਨੂੰ ਠੱਲ੍ਹਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਫ਼ੌਜ ਦੀ ਮਦਦ ਮੰਗ ਲਈ ਹੈ। ਬੀਤੀ ਰਾਤ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ ਵਿਚ ਇਕ ਵਿਅਕਤੀ ਤੋਂ ਮੌਤ ਹੋ ਜਾਣ ਤੋਂ ਬਾਅਦ ਜਾਟ ਭਾਈਚਾਰੇ ਦੇ ਲੋਕਾਂ ਦਾ ਗੁੱਸਾ ਚਰਮ ਸੀਮਾ ਤੱਕ ਪੁੱਜ ਗਿਆ। ਜਾਟਾਂ ਨੇ ਜਿਥੇ ਰਾਤ ਜ਼ਿਲ੍ਹਾ ਸੈਸ਼ਨ ਜੱਜ ਰਮਿੰਦਰ ਜੈਨ ਦੀ ਕਾਰ ਵੀ ਲੂਹ ਦਿੱਤੀ, ਉਥੇ ਹਿਸਾਰ ਛਾਉਣੀ ਵਿਚ ਇਕ ਪੁਲਿਸ ਚੌਕੀ ਨੂੰ ਵੀ ਅੱਗ ਲਾ ਦਿੱਤੀ। ਇਸ ਦੇ ਨਾਲ ਹੀ ਇਕ ਐੱਸ. ਬੀ. ਆਈ ਬੈਂਕ ਦਾ ਏ.ਟੀ.ਐੱਮ ਵੀ ਤਬਾਹ ਕਰ ਦਿੱਤਾ। ਹਾਲਾਤ ਵਿਗੜ ਜਾਣ ਕਾਰਨ ਅੱਜ ਇਸ ਜ਼ਿਲ੍ਹੇ ਵਿਚ ਕੋਈ ਵੀ ਬੱਸ ਨਾ ਚੱਲ ਸਕੀ ਅਤੇ ਅਗਲੇ ਤਿੰਨ ਦਿਨਾਂ ਲਈ ਸਾਰੇ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿੱਤ ਅਗਰਵਾਲ ਨੇ ਦੱਸਿਆ ਕਿ ਹਾਲਾਤ ਨੂੰ ਕਾਬੂ ਵਿਚ ਕਰਨ ਲਈ ਫ਼ੌਜ ਬੁਲਾ ਲਈ ਗਈ ਹੈ।
ਮੌਤ ਤੋਂ ਭੜਕਿਆ ਮਾਮਲਾ

ਰਾਖਵੇਂਕਰਨ ਨੂੰ ਲੈ ਕੇ ਹਿਸਾਰ ਜ਼ਿਲ੍ਹੇ ਦੇ ਪਿੰਡ ਰਾਮਾਇਣ ਵਿਖੇ ਜਾਟ ਭਾਈਚਾਰੇ ਦੇ ਲੋਕ ਅੰਦੋਲਨ ਕਰ ਰਹੇ ਸਨ ਤਾਂ ਉਨ੍ਹਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ। ਪੁਲਿਸ ਵੱਲੋਂ ਚਲਾਈ ਗੋਲੀ ਨਾਲ ਸੰਦੀਪ ਨਾਂਅ ਦੇ ਇਕ ਵਿਅਕਤੀ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਜਾਟਾਂ ਦਾ ਵਿਦਰੋਹ ਹਿੰਸਕ ਹੋ ਗਿਆ। ਹਰਿਆਣਾ ਦੇ ਡੀ. ਜੀ. ਪੀ ਸ੍ਰੀ ਰਜੀਵ ਦਲਾਲ ਨੇ ਇਸ ਸਬੰਧੀ ਦੱਸਿਆ ਕਿ ਸੰਦੀਪ ਦੀ ਮੌਤ ਪ੍ਰਦਰਸ਼ਨਕਾਰੀਆਂ ਵੱਲੋਂ ਚਲਾਈ ਗਈ ਗੋਲੀ ਨਾਲ ਹੋਈ ਹੈ। ਉਨ੍ਹਾਂ ਆਖਿਆ ਕਿ ਪ੍ਰਦਰਸ਼ਕਾਰੀਆਂ ਨੇ ਪੁਲਿਸ ਦੇ ਜਵਾਨਾਂ ਨੂੰ ਵੀ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾਅਵਾ ਕੀਤਾ ਕਿ ਰੇਲ ਤੇ ਸੜਕਾਂ 'ਤੇ ਛੇਤੀ ਵੀ ਆਮ ਵਾਂਗ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਆਖਿਆ ਕਿ ਖਾਪ ਆਗੂ ਸਥਿਤੀ ਨੂੰ ਸਮਝ ਗਏ ਹਨ ਤੇ ਉਨ੍ਹਾਂ ਨੇ ਅੰਦੋਲਨ ਤੋਂ ਆਪਣੇ ਆਪ ਨੂੰ ਪਾਸੇ ਕਰ ਲਿਆ ਹੈ ਪਰ ਸਮਾਜ ਵਿਰੋਧੀ ਅਨਸਰ ਸਥਿਤੀ ਵਿਗਾੜ ਰਹੇ ਹਨ।

No comments:

Post a Comment