ਪਾਕਿ ਸਰਬਜੀਤ ਨੂੰ ਰਿਹਾਅ ਕਰੇ
ਨਵੀਂ ਦਿੱਲੀ, 12 ਅਪ੍ਰੈਲ - ਭਾਰਤ ਸਰਕਾਰ ਵੱਲੋਂ ਅਜ਼ਮੇਰ ਦੀ ਜੇਲ੍ਹ 'ਚੋਂ ਪਾਕਿਸਤਾਨੀ ਵਿਗਿਆਨੀ ਖਲੀਲ ਚਿਸ਼ਤੀ ਨੂੰ ਰਿਹਾਅ ਕਰਨ 'ਤੇ ਪ੍ਰਤਿਕਿਰਿਆ ਦਿੰਦਿਆਂ ਕਾਂਗਰਸ ਦੇ ਬੁਲਾਰੇ ਰਾਸ਼ਿਦ ਅਲਵੀ ਨੇ ਆਸ ਪ੍ਰਗਟ ਕੀਤੀ ਹੈ ਕਿ ਭਾਰਤ ਵੱਲੋਂ ਕੀਤੀ ਇਸ ਪਹਿਲ 'ਤੇ ਸਾਰਥਕ ਜਵਾਬ ਦਿੰਦਿਆਂ ਪਾਕਿਸਤਾਨ ਵੀ ਆਪਣੀ ਜੇਲ੍ਹ 'ਚ ਬੰਦ ਭਾਰਤੀ ਸਰਬਜੀਤ ਸਿੰਘ ਨੂੰ ਰਿਹਾਅ ਕਰ ਦੇਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਵੀ ਨੇ ਮੰਗ ਕੀਤੀ ਕਿ ਭਾਰਤ ਵੱਲੋਂ ਬਣਾਏ ਸਾਰਥਕ ਮਾਹੌਲ ਦਾ ਜਵਾਬ ਦਿੰਦਿਆਂ ਪਾਕਿ ਸਰਕਾਰ ਸਰਬਜੀਤ ਨੂੰ ਮਨੁੱਖਤਾ ਦੇ ਅਧਾਰ 'ਤੇ ਰਿਹਾਅ ਕਰੇ। ਬੀਤੇ ਦਿਨੀਂ ਪਾਕਿ ਰਾਸ਼ਟਰਪਤੀ ਦੀ ਭਾਰਤ ਫੇਰੀ ਦੌਰਾਨ ਗੱਲਬਾਤ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿ ਵਿਗਿਆਨੀ ਚਿਸ਼ਤੀ ਨੂੰ ਮਨੁੱਖਤਾ ਦੇ ਅਧਾਰ 'ਤੇ ਜ਼ਮਾਨਤ ਦੇ ਦਿੱਤੀ। ਜ਼ਿਕਰਯੋਗ ਹੈ ਕਿ ਸਰਬਜੀਤ ਸਿੰਘ ਪਿਛਲੇ 22 ਸਾਲਾਂ ਤੋਂ ਪਾਕਿਸਤਾਨ ਦੀ ਜੇਲ੍ਹ 'ਚ ਬੰਦ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਰਿਹਾਈ ਲਈ ਬੀਤੇ ਦਿਨੀਂ ਅਜ਼ਮੇਰ ਵਿਖੇ ਸੂਫੀ ਸੰਤ ਖਵਾਜ਼ਾ ਮੋਈਊਦੀਨ ਚਿਸ਼ਤੀ ਦੀ ਦਰਗਾਹ 'ਤੇ ਦੁਆ ਕੀਤੀ ਸੀ।
ਵਿਸਾਖੀ 'ਤੇ ਕੈਦੀਆਂ ਲਈ ਵਿਸ਼ੇਸ਼ ਸਜ਼ਾ ਮੁਆਫ਼ੀ ਦਾ ਐਲਾਨ
10 ਤੋਂ 20 ਸਾਲ ਦੀ ਸਜ਼ਾ ਵਾਲੇ ਕੈਦੀ ਨੂੰ ਮਿਲੇਗੀ ਇਕ ਸਾਲ ਦੀ ਛੋਟ
ਚੰਡੀਗੜ੍ਹ, 12 ਅਪ੍ਰੈਲ -ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਉਨ੍ਹਾਂ ਕੈਦੀਆਂ ਨੂੰ 13 ਅਪ੍ਰੈਲ, 2012 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ 'ਤੇ ਇੱਕ ਸਾਲ ਤੋਂ ਦੋ ਮਹੀਨੇ ਤੱਕ ਦੀ ਸਜ਼ਾ ਤੋਂ ਵਿਸ਼ੇਸ਼ ਮੁਆਫ਼ੀ ਦੇਣ ਦਾ ਐਲਾਨ ਕੀਤਾ ਹੈ ਜਿਹੜੇ ਫੌਜਦਾਰੀ ਅਦਾਲਤਾਂ ਵੱਲੋਂ ਸੁਣਾਈ ਸਜ਼ਾ ਭੁਗਤ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ 10 ਤੋਂ 20 ਸਾਲ ਦੀ ਸਜ਼ਾ ਵਾਲੇ ਕੈਦੀ ਨੂੰ ਇੱਕ ਸਾਲ ਦੀ ਛੋਟ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸੱਤ ਤੋਂ 10 ਸਾਲ ਲਈ ਕੈਦ ਕੱਟ ਰਹੇ ਕੈਦੀਆਂ ਨੂੰ 9 ਮਹੀਨੇ ਦੀ ਛੋਟ, ਪੰਜ ਤੋਂ ਸੱਤ ਸਾਲ ਦੀ ਸਜ਼ਾ ਵਾਲੇ ਕੈਦੀ ਨੂੰ 6 ਮਹੀਨੇ, ਤਿੰਨ ਤੋਂ ਪੰਜ ਸਾਲ ਦੀ ਸਜ਼ਾ ਵਾਲੇ ਕੈਦੀ ਨੂੰ ਤਿੰਨ ਮਹੀਨੇ ਅਤੇ ਤਿੰਨ ਸਾਲ ਤੱਕ ਦੀ ਸਜ਼ਾ ਵਾਲੇ ਕੈਦੀ ਨੂੰ ਦੋ ਮਹੀਨੇ ਦੀ ਵਿਸ਼ੇਸ਼ ਮੁਆਫ਼ੀ ਮਿਲੇਗੀ। ਹਾਲਾਂ ਕਿ ਇਹ ਵਿਸ਼ੇਸ਼ ਮੁਆਫ਼ੀ ਘਿਨਾਉਣਾ ਅਪਰਾਧ ਦੇ ਦੋਸ਼ 'ਚ ਸਜ਼ਾ ਭੁਗਤ ਰਹੇ ਵਿਅਕਤੀ ਨੂੰ ਨਹੀਂ ਮਿਲੇਗੀ।10 ਤੋਂ 20 ਸਾਲ ਦੀ ਸਜ਼ਾ ਵਾਲੇ ਕੈਦੀ ਨੂੰ ਮਿਲੇਗੀ ਇਕ ਸਾਲ ਦੀ ਛੋਟ
ਭੰਡਾਲ ਬੇਟ, 12 ਅਪ੍ਰੈਲ -ਨਜ਼ਦੀਕੀ ਪਿੰਡ ਖੁਖਰੈਣ ਵਿਖੇ ਬੀਤੀ ਦੇਰ ਰਾਤ ਪਤੀ ਵੱਲੋਂ ਆਪਣੀ ਪਤਨੀ ਦਾ ਬੜੀ ਹੀ ਬੇਰਹਿਮੀ ਨਾਲ ਦਾਤਰ ਮਾਰ ਕੇ ਕਤਲ ਕਰਨ ਦਾ ਸਨਸਨੀਖੇਜ਼ ਸਮਾਚਾਰ ਪ੍ਰਾਪਤ ਹੋਇਆ ਹੈ। ਚਰਨਜੀਤ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਪਿੰਡ ਖੁਖਰੈਣ ਦਾ ਵਿਆਹ ਅਨੂੰ ਪੁੱਤਰੀ ਤਰਸੇਮ ਸਿੰਘ ਵਾਸੀ ਪਿੰਡ ਭੋਡੇ ਸਪਰਾਏ ਜਿਲ੍ਹਾ ਜਲੰਧਰ ਨਾਲ ਕਰੀਬ ਚਾਰ ਸਾਲ ਪਹਿਲਾਂ ਹੋਇਆ ਸੀ ਅਤੇ ਦੋਵਾਂ ਹੀ ਪਤੀ ਪਤਨੀ ਵਿਚਕਾਰ ਵਿਆਹ ਤੋਂ ਕਰੀਬ ਸਾਲ ਬਾਅਦ ਹੀ ਕਲੇਸ਼ ਰਹਿਣ ਲੱਗ ਪਿਆ ਸੀ। ਝਗੜੇ ਕਾਰਨ ਅਨੂੰ ਆਪਣੇ ਪੇਕੇ ਘਰ ਚਲੀ ਗਈ ਅਤੇ ਕਰੀਬ ਮਹੀਨਾ ਪਹਿਲਾਂ ਹੀ ਪਿੰਡ ਦੀ ਪੰਚਾਇਤ ਨੇ ਦੋਵਾਂ ਦਾ ਰਾਜੀਨਾਵਾਂ ਕਰਵਾ ਕੇ ਅਨੂੰ ਨੂੰ ਪਿੰਡ ਖੁਖਰੈਣ ਵਿਖੇ ਲੈ ਆਂਦਾ ਸੀ। ਚਾਰ ਸਾਲ ਬੀਤ ਜਾਣ 'ਤੇ ਵੀ ਕੋਈ ਬੱਚਾ ਨਾ ਹੋਣ ਕਾਰਨ ਅੰਨੂ ਨੂੰ ਪਤੀ ਚਰਨਜੀਤ ਸਿੰਘ ਤਾਹਨੇ ਮੇਹਣੇ ਮਾਰਦਾ ਰਹਿੰਦਾ ਸੀ। ਬੀਤੀ ਦੇਰ ਰਾਤ ਦੋਵਾਂ ਪਤੀ ਪਤਨੀ ਵਿਚਕਾਰ ਫਿਰ ਝਗੜਾ ਹੋਇਆ ਅਤੇ ਚਰਨਜੀਤ ਸਿੰਘ ਨੇ ਲੜਕੀ ਦੇ ਭਰਾ ਜਸਵਿੰਦਰ ਸਿੰਘ ਨੂੰ ਫ਼ੋਨ 'ਤੇ ਝਗੜੇ ਸਬੰਧੀ ਜਾਣਕਾਰੀ ਦਿੱਤੀ। ਜਸਵਿੰਦਰ ਸਿੰਘ ਨੇ ਦੱਸਿਆ ਕੇ ਜਦੋਂ ਅਸੀਂ ਸਵੇਰੇ ਕਰੀਬ 8 ਵਜੇ ਪਿੰਡ ਖੁਖਰੈਣ ਆਏ ਤਾਂ ਅਨੂੰ ਦੀ ਲਾਸ਼ ਬੈੱਡ ਉਤੇ ਪਈ ਸੀ। ਆਸ ਪਾਸ ਦੇ ਲੋਕਾਂ ਨੇ ਦੱਸਿਆ ਕੇ ਅਨੂੰ ਦਾ ਕਤਲ ਪਤੀ ਚਰਨਜੀਤ ਸਿੰਘ ਨੇ ਬੜੀ ਹੀ ਬੇਰਹਿਮੀ ਨਾਲ ਦਾਤਰ ਮਾਰ ਕੇ ਕਰ ਦਿੱਤਾ ਹੈ। ਇਸ ਹੋਈ ਵਾਰਦਾਤ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਸਬ ਇੰਸਪੈਕਟਰ ਕਾਬਲ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ । ਉਨ੍ਹਾਂ ਕਿਹਾ ਕੇ ਇਸ ਕਤਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਸਬੰਧਤ ਦੋਸ਼ੀ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿਚ ਹੋਣਗੇ।
ਕੈਪਟਨ ਵਿਰੋਧੀਆਂ ਵੱਲੋਂ ਲੀਡਰਸ਼ਿਪ ਤਬਦੀਲੀ ਲਈ ਦਿੱਲੀ ਡੇਰੇ
ਜਲੰਧਰ, 12 ਅਪ੍ਰੈਲ-ਪੰਜਾਬ ਪ੍ਰਦੇਸ਼ ਕਾਂਗਰਸ ਲੀਡਰਸ਼ਿਪ ਤਬਦੀਲ ਕਰਨ ਲਈ ਪੰਜਾਬ ਦੇ ਦੂਜੀ ਕਤਾਰ ਦੇ ਆਗੂਆਂ ਨੇ ਵੀ ਲਕੀਰ ਖਿੱਚ ਲਈ ਹੈ ਤੇ ਬਹੁਤ ਸਾਰੇ ਆਗੂ ਕਾਂਗਰਸ ਹਾਈ ਕਮਾਨ ਉੱਪਰ ਦਬਾਅ ਪਾਉਣ ਲਈ ਦਿੱਲੀ ਪਹੁੰਚ ਗਏ ਹਨ। ਇਨ੍ਹਾਂ ਆਗੂਆਂ ਵੱਲੋਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਸਮਾਂ ਮੰਗਿਆ ਜਾ ਰਿਹਾ ਹੈ। ਦਰਜਨ ਦੇ ਕਰੀਬ ਅਜਿਹੇ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਨਿੱਜੀ ਸਕੱਤਰ ਟੀ. ਜਾਰਜ ਨਾਲ ਮਿਲ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾਇਆ ਤੇ ਨਾਲ ਹੀ ਸ੍ਰੀਮਤੀ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਮੁਲਾਕਾਤ ਕਰਨ ਵਾਲੇ ਨੇਤਾਵਾਂ ਵਿਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਰਿਪੁਜੀਤ ਸਿੰਘ ਬਰਾੜ, ਸੁਖਪਾਲ ਸਿੰਘ ਖਹਿਰਾ ਅਤੇ ਸੁਰਿੰਦਰਪਾਲ ਸਿੰਘ ਸਿਬੀਆ ਤੋਂ ਇਲਾਵਾ ਫਤਹਿਗੜ੍ਹ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਭੰਬਰੀ ਤੇ ਅਨਿਲ ਦੱਤਾ ਆਦਿ ਆਗੂ ਸ਼ਾਮਿਲ ਸਨ। ਇਨ੍ਹਾਂ ਆਗੂਆਂ ਵੱਲੋਂ ਕਾਂਗਰਸ ਦੇ ਹਾਰੇ ਹੋਏ 40 ਦੇ ਕਰੀਬ ਉਮੀਦਵਾਰਾਂ ਦੀ ਹਮਾਇਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸ੍ਰੀਮਤੀ ਸੋਨੀਆ ਗਾਂਧੀ ਨੇ ਪੰਜਾਬ ਅੰਦਰ ਪਾਰਟੀ ਦੀ ਹਾਰ ਦੇ ਕਾਰਨਾਂ ਨੂੰ ਜਾਣਨ ਅਤੇ ਪਾਰਟੀ ਅੰਦਰ ਪੈਦਾ ਹੋਏ ਖਿਲਾਰੇ ਨੂੰ ਸਮੇਟਣ ਲਈ ਤਿੰਨ ਮੈਂਬਰੀ ਐਂਟਨੀ ਕਮੇਟੀ ਦਾ ਗਠਨ ਕੀਤਾ ਹੈ ਤੇ ਇਹ ਕਮੇਟੀ ਪੰਜਾਬ ਦੇ ਸਾਰੇ ਸੀਨੀਅਰ ਆਗੂਆਂ ਤੇ ਸੰਸਦ ਮੈਂਬਰਾਂ ਦੇ ਵਿਚਾਰ ਲੈ ਚੁੱਕੀ ਹੈ। ਕਾਂਗਰਸ ਆਗੂ ਪੰਜਾਬ ਅੰਦਰ ਆਪਣੀ ਸਰਕਾਰ ਬਣਾਈ ਬੈਠੇ ਸਨ ਪਰ ਚੋਣ ਨਤੀਜਿਆਂ 'ਚ ਹੋਈ ਹਾਰ ਤੋਂ ਉਹ ਨਾ ਸਿਰਫ ਅਚੰਭਿਤ ਹੋਏ ਹਨ, ਸਗੋਂ ਸਮੁੱਚੀ ਪਾਰਟੀ ਮੂਰਛਤ ਹੋਣ ਵਾਲੀ ਸਥਿਤੀ ਵਿਚ ਪਹੁੰਚੀ ਹੋਈ ਹੈ। ਪਾਰਟੀ ਦਾ ਇਕ ਵੱਡਾ ਹਿੱਸਾ ਖੁੱਲ੍ਹੇਆਮ ਪ੍ਰਦੇਸ਼ ਪ੍ਰਧਾਨ ਵਿਰੁੱਧ ਮੋਰਚਾ ਖੋਲ੍ਹੀ ਬੈਠਾ ਹੈ ਤੇ ਉਹ ਕਹਿ ਰਹੇ ਹਨ ਕਿ ਮੌਜੂਦਾ ਲੀਡਰਸ਼ਿਪ ਹੀ ਪਾਰਟੀ ਨੂੰ ਏਨੀ ਵੱਡੀ ਨਮੋਸ਼ੀ ਵਿਚ ਸੰਕਟ ਦਾ ਕਾਰਨ ਬਣੀ ਹੈ ਤੇ ਹੁਣ ਇਸ ਲੀਡਰਸ਼ਿਪ ਤੋਂ ਇਸ ਖਿਲਾਰੇ ਨੂੰ ਸੰਭਾਲਣ ਦੀ ਕੀ ਆਸ ਕੀਤੀ ਜਾ ਸਕਦੀ ਹੈ। ਪਾਰਟੀ ਦੇ ਸਾਰੇ ਹੀ ਮੈਂਬਰ ਪਾਰਲੀਮੈਂਟ ਇਸ ਸਮੇਂ ਲੀਡਰਸ਼ਿਪ 'ਚ ਤਬਦੀਲੀ ਦੇ ਹੱਕ ਵਿਚ ਦੱਸੇ ਜਾ ਰਹੇ ਹਨ ਤੇ ਉਨ੍ਹਾਂ ਵੱਲੋਂ ਕਮੇਟੀ ਕੋਲ ਖੁੱਲ੍ਹ ਕੇ ਆਪਣੀ ਰਾਇ ਜ਼ਾਹਰ ਕੀਤੀ ਗਈ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਹਮਾਇਤੀ ਵੀ ਪਿਛਲੇ ਦੋ-ਤਿੰਨ ਦਿਨ ਦਿੱਲੀ ਡੇਰੇ ਲਗਾਈ ਬੈਠੇ ਰਹੇ ਹਨ ਤੇ ਉਨ੍ਹਾਂ ਵੱਲੋਂ ਪਾਰਟੀ ਦੀ ਹਾਰ ਲਈ ਕੈਪਟਨ ਅਮਰਿੰਦਰ ਸਿੰਘ ਦੀ ਕਮਜ਼ੋਰ ਤੇ ਸੋਹਲ ਲੀਡਰਸ਼ਿਪ ਦੀ ਥਾਂ ਪਾਰਟੀ ਆਗੂਆਂ ਦੀ ਆਪਸੀ ਖਹਿਬਾਜ਼ੀ ਅਤੇ ਟਿਕਟਾਂ ਦੀ ਗਲਤ ਵੰਡ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਦਿੱਲੀ ਬੈਠੇ ਕੈਪਟਨ ਹਮਾਇਤੀ ਸ: ਗੁਰਜੀਤ ਸਿੰਘ ਰਾਣਾ ਦਾ ਕਹਿਣਾ ਹੈ ਕਿ ਇਸ ਸਮੇਂ ਪਾਰਟੀ ਨੂੰ ਉਭਾਰਨ ਲਈ ਸਭ ਤੋਂ ਯੋਗ ਆਗੂ ਕੈਪਟਨ ਹੀ ਹਨ ਤੇ ਉਨ੍ਹਾਂ ਨੂੰ ਤਬਦੀਲ ਕਰਨ ਦੀ ਕੋਈ ਗੱਲ ਹੀ ਨਹੀਂ। ਉਹ ਆਖਦੇ ਹਨ ਕੋਈ ਦੱਸੇ ਕਿ ਕਾਂਗਰਸ 'ਚ ਉਨ੍ਹਾਂ ਦਾ ਹੋਰ ਕਿਹੜਾ ਬਦਲ ਹੈ। ਕੈਪਟਨ ਹਮਾਇਤੀ ਦਿੱਲੀ ਤੋਂ ਵਾਪਸ ਪਰਤ ਆਏ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿਰੋਧੀ ਹਾਰੇ ਹੋਏ ਉਮੀਦਵਾਰਾਂ ਦਾ ਗਰੁੱਪ ਜਲਦੀ ਹੀ ਸ੍ਰੀਮਤੀ ਸੋਨੀਆ ਗਾਂਧੀ ਤੋਂ ਮੁਲਾਕਾਤ ਲਈ ਸਮਾਂ ਮਿਲਣ ਦੀ ਆਸ ਵਿਚ ਦਿੱਲੀ ਵਿਖੇ ਡਟਿਆ ਬੈਠਾ ਹੈ। ਪਤਾ ਲੱਗਾ ਹੈ ਕਿ ਐਂਟਨੀ ਕਮੇਟੀ ਵੱਲੋਂ 24 ਅਪ੍ਰੈਲ ਨੂੰ ਮੀਟਿੰਗ ਬੁਲਾਏ ਜਾਣ ਦੀ ਸੰਭਾਵਨਾ ਹੈ ਤੇ ਉਸੇ ਸਮੇਂ ਹੀ ਉਹ ਪੰਜਾਬ ਕਾਂਗਰਸ ਬਾਰੇ ਆਪਣੀ ਰਿਪੋਰਟ ਪ੍ਰਧਾਨ ਨੂੰ ਸੌਂਪਣਗੇ।ਵਾਸ਼ਿੰਗਟਨ, 12 ਅਪ੍ਰੈਲ )-ਪਾਕਿਸਤਾਨ ਦੇ ਕੋਲ ਭਾਰਤ ਤੋਂ ਜ਼ਿਆਦਾ ਪ੍ਰਮਾਣੂ ਹਥਿਆਰ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਾਕਿਸਤਾਨ ਕੋਲ ਇਸ ਸਮੇਂ 90 ਤੋਂ 110 ਤੱਕ ਪ੍ਰਮਾਣੂ ਹਥਿਆਰ ਹਨ। ਪਾਕਿਸਤਾਨ ਤੇਜ਼ੀ ਨਾਲ ਪ੍ਰਮਾਣੂ ਹਥਿਆਰਾਂ ਦੀ ਸੰਖਿਆ ਵਧਾ ਰਿਹਾ ਹੈ। ਇਨ੍ਹਾਂ ਹਥਿਆਰਾਂ 'ਤੇ ਪਾਕਿਸਤਾਨ ਵੱਲੋਂ ਹਰ ਸਾਲ 2.5 ਅਰਬ ਡਾਲਰ ਖਰਚ ਕੀਤਾ ਜਾ ਰਿਹਾ ਹੈ। ਇਕ ਰਿਪੋਰਟ ਅਨੁਸਾਰ ਪਾਕਿਸਤਾਨ ਤੇਜ਼ੀ ਨਾਲ ਪ੍ਰਮਾਣੂ ਹਥਿਆਰਾਂ ਦੇ ਜ਼ਖੀਰੇ ਦਾ ਵਿਸਥਾਰ ਕਰ ਰਿਹਾ ਹੈ। ਪਾਕਿਸਤਾਨ ਪਲੂਟੋਨਿਯਮ ਦੇ ਉਤਪਾਦਨ ਦਾ ਵਿਸਥਾਰ ਤਾਕਤ ਵਿਖਾਉਣ ਲਈ ਉਹ ਪ੍ਰਮਾਣੂ ਹਥਿਆਰ ਲੈ ਜਾਣ ਵਾਲੀ ਬਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾ ਟੈਸਟ ਕਰ ਰਿਹਾ ਹੈ। ਰਿਪੋਰਟ ਮੁਤਾਬਿਕ ਪਾਕਿਸਤਾਨ ਵੱਲੋਂ ਯੂਰੇਨੀਅਮ ਦੀ ਜਗ੍ਹਾ ਪਲੂਟੋਨਿਯਮ ਦੇ ਬਣੇ ਹਲਕੇ ਅਤੇ ਜ਼ਿਆਦਾ ਘਾਤਕ ਬੰਬਾਂ ਦੇ ਇਸਤੇਮਾਲ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਮਖੂ, 12 ਅਪ੍ਰੈਲ -ਮਖੂ ਵਿਖੇ ਐਫ਼. ਸੀ. ਆਈ. ਵਰਕਰ ਯੂਨੀਅਨ ਦੇ ਦਫ਼ਤਰ ਵਿਚ ਅਣਮਿੱਥੇ ਸਮੇਂ ਲਈ ਐਫ਼.ਸੀ.ਆਈ. ਵਰਕਰਜ਼ ਯੂਨੀਅਨ ਵੱਲੋਂ ਸਥਾਨਕ ਡਿਪੂ ਵਿਖੇ ਕੇਂਦਰ ਸਰਕਾਰ ਖਿਲਾਫ਼ ਦਿੱਤੇ ਜਾ ਰਹੇ ਰੋਸ ਧਰਨੇ ਦੌਰਾਨ ਨਾਅਰੇ ਲਗਾ ਰਹੇ ਐਫ਼.ਸੀ.ਆਈ. ਮਜ਼ਦੂਰ ਦੇ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਪਿਆਰਾ ਪੁੱਤਰ ਸਰਦਾਰਾ ਵਾਰਸ ਵਾਲਾ ਅਰਾਈਆਂ ਦਾ ਵਸਨੀਕ ਸੀ, ਜੋ ਐਫ਼.ਸੀ.ਆਈ. ਵਿਚ ਕੱਚਾ ਮੁਲਾਜ਼ਮ ਸੀ ਅਤੇ ਆਪਣੇ ਸਾਥੀਆਂ ਵਾਂਗ ਹੀ ਪੱਕੇ ਹੋਣ ਲਈ ਪਿਛਲੀ 24 ਮਾਰਚ ਤੋਂ ਲਗਾਤਾਰ ਧਰਨੇ ਵਿਚ ਸ਼ਾਮਿਲ ਹੋ ਰਿਹਾ ਸੀ। ਜੋ ਅੱਜ ਧਰਨੇ ਸਮੇਂ ਅਚਾਨਕ ਦਿਲ ਦੀ ਧੜਕਣ ਰੁਕਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਇਸ ਧਰਨੇ ਵਿਚ ਮਜ਼ਦੂਰ ਪਿਆਰੇ ਦੀ ਲਾਸ਼ ਕੋਲ ਸੋਗਮਈ ਮਹੌਲ ਵਿਚ ਬੈਠੇ ਮਜ਼ਦੂਰ ਆਗੂ ਚਰਨਜੀਤ ਸਿੰਘ, ਬਲਵਿੰਦਰ ਮਸੀਹ ਪ੍ਰਧਾਨ, ਸੁਖਦੇਵ ਸਿੰਘ, ਬਲਕਾਰ ਸਿੰਘ ਆਦਿ ਵੱਡੀ ਗਿਣਤੀ ਵਿਚ ਮਜ਼ਦੂਰ ਆਗੂਆਂ ਨੇ ਕਿਹਾ ਕਿ ਪਿਆਰੇ ਦੀ ਮੌਤ ਦਾ ਕਾਰਨ ਮਜ਼ਦੂਰਾਂ ਨੂੰ ਪੱਕੇ ਨਾ ਕਰਨ ਵਾਲੀ ਕੇਂਦਰ ਸਰਕਾਰ 'ਤੇ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਮਜ਼ਦੂਰ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ।
ਅੰਮ੍ਰਿਤਸਰ, 12 ਅਪ੍ਰੈਲ -ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਬੀ.ਏ., ਬੀ. ਐਸ. ਸੀ. ਅਤੇ ਬੀ.ਕਾਮ. ਦੀਆਂ ਸਾਲਾਨਾ (ਲਿਖਤੀ) ਪ੍ਰੀਖਿਆਵਾਂ ਜੋ 22 ਅਪ੍ਰੈਲ ਨੂੰ ਹੋਣੀਆਂ ਸਨ, ਕੁਝ ਪ੍ਰਬੰਧਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀਆਂ ਹਨ ਜੋ ਹੁਣ 23, 27 ਤੇ 29 ਅਪ੍ਰੈਲ ਨੂੰ ਹੋਣਗੀਆਂ ਤੇ ਇਨ੍ਹਾਂ ਦਾ ਸਮਾਂ ਤੇ ਕੇਂਦਰ ਸਥਾਨ ਪਹਿਲਾਂ ਵਾਲੇ ਰਹਿਣਗੇ। ਪ੍ਰੋ: ਮੁਖੀ (ਪ੍ਰੀਖਿਆਵਾਂ), ਪ੍ਰੋ: ਆਰ. ਕੇ. ਮਹਾਜਨ ਨੇ ਦੱਸਿਆ ਕਿ ਪਹਿਲਾਂ ਇਹ ਪ੍ਰੀਖਿਆਵਾਂ 28 ਮਾਰਚ ਨੂੰ ਮੁਲਤਵੀ ਕੀਤੀਆਂ ਸਨ। ਨਵੀਂਆਂ ਮਿਤੀਆਂ ਅਨੁਸਾਰ ਬੀ.ਕਾਮ. ਭਾਗ-ਤੀਜਾ ਦਾ (ਦੂਜਾ ਪੇਪਰ ਪੰਜਾਬੀ (ਲਾਜ਼ਮੀ)/ ਪੰਜਾਬ ਹਿਸਟਰੀ ਐਂਡ ਕਲਚਰ, ਬੀ. ਕਾਮ (ਪ੍ਰੋਫੈਸ਼ਨਲ) ਭਾਗ ਦੂਸਰਾ ਦਾ (ਪੇਪਰ ਤੀਸਰਾ ਕੋਸਟ ਅਕਾਊਂਟਿੰਗ), ਬੈਚੂਲਰ ਆਫ ਪ੍ਰਫਾਰਮਿੰਗ ਆਰਟ ਭਾਗ ਚੌਥਾ (ਅਪਲਾਈਡ ਥਿਊਰੀ, ਥੀਏਟਰ ਆਰਟ/ ਮਿਊਜ਼ਿਕ ਵੋਕਲ/ ਕੱਥਕ/ਡਾਂਸ/ਤਬਲਾ), ਬੈਚੂਲਰ ਆਫ ਫਾਈਨ ਆਰਟਸ (ਬੀ.ਐਫ.ਏ.) ਭਾਗ ਤੀਜਾ (ਐਸਥੈਟਿਕਸ), ਬੀ. ਐਸ. ਸੀ. (ਫੈਸ਼ਨ ਡਿਜ਼ਾਈਨਿੰਗ) ਭਾਗ-ਪਹਿਲਾ (ਪੇਪਰ ਤੀਸਰਾ) ਟ੍ਰੈਡੀਸ਼ਨਲ ਟੈਕਸਟਾਈਲਜ਼, ਬੀ. ਐਸ. ਸੀ. (ਹੋਮ ਸਾਇੰਸ) ਭਾਗ ਤੀਸਰਾ (ਟੈਕਸਟਾਈਲ ਸਾਇੰਸ ਐਂਡ ਟ੍ਰੈਡੀਸ਼ਨਲ ਟੈਕਸਟਾਈਲਜ਼) ਅਤੇ ਬੈਚੂਲਰ ਆਫ ਫੂਡ ਸਾਇੰਸ ਐਂਡ ਟੈਕਨਾਲੋਜੀ (ਬੀ.ਐਫ.ਐਸ.ਟੀ.) (ਆਨਰਜ਼) ਭਾਗ-ਪਹਿਲਾ (ਜਨਰਲ ਅੰਗ੍ਰੇਜ਼ੀ) ਦੀਆਂ ਪ੍ਰੀਖਿਆਵਾਂ 23 ਅਪ੍ਰੈਲ (ਸੋਮਵਾਰ) ਨੂੰ ਹੋਣਗੀਆਂ। ਬੀ.ਏ./ਬੀ.ਐਸ.ਸੀ. ਭਾਗ-ਤੀਜਾ ਅੰਗਰੇਜ਼ੀ (ਇਲੈਕਟਿਵ)-ਏ/ਪੰਜਾਬੀ(ਇਲੈਕਟਿਵ)-ਏ/ਹਿੰਦੀ/ਉਰਦੂ-1/ਪਰਸ਼ੀਅਨ-1 / ਰਸ਼ੀਅਨ-1, ਇਲੈਕਟਰੋਨਿਕਸ-ਸੀ, ਕੈਮਿਸਟਰੀ-3 ਦੀਆਂ ਪ੍ਰੀਖਿਆਵਾਂ 27 ਅਪ੍ਰੈਲ, 2012 (ਸ਼ੁੱਕਰਵਾਰ) ਨੂੰ ਲਈਆਂ ਜਾਣਗੀਆਂ ਜਦੋਂਕਿ ਬੀ.ਏ./ ਬੀ.ਐਸ.ਸੀ. ਭਾਗ ਪਹਿਲਾ, ਮੈਥੇਮੈਟਿਕਸ-3 ਤੇ ਜੂਆਲੋਜੀ-ਬੀ. ਦੀਆਂ ਪ੍ਰੀਖਿਆਵਾਂ 29 ਮਈ(ਮੰਗਲਵਾਰ) ਨੂੰ ਹੋਣਗੀਆਂ।
ਬਿਆਸ, 12 ਅਪ੍ਰੈਲ )-ਬਿਆਸ-ਰਈਆ ਜੀ. ਟੀ. ਰੋਡ 'ਤੇ ਅੱਜ ਸ਼ਾਮ ਇੱਕ ਮੋਟਰਸਾਈਕਲ ਟਰੈਕਟਰ ਟਰਾਲੀ ਦੇ ਪਿੱਛੇ ਵੱਜ ਗਿਆ ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਲਵਿੰਦਰ ਕੁਮਾਰ ਛਿੰਦਾ ਸਪੁੱਤਰ ਬਿਹਾਰੀ ਲਾਲ ਵਾਸੀ ਬਾਬਾ ਸਾਵਨ ਸਿੰਘ ਨਗਰ ਨਜ਼ਦੀਕ ਬਿਆਸ ਤੇ ਉਸਦਾ ਸਾਥੀ ਸੁਖਦੇਵ ਸਿੰਘ ਵਾਸੀ ਕਾਦੀਆਂ ਜੋ ਕਿ ਬਿਆਸ ਵਿਖੇ ਇੱਕ ਦੁਕਾਨ 'ਤੇ ਫੋਟੋਗ੍ਰਾਫਰ ਦਾ ਕੰਮ ਕਰਦਾ ਸੀ, ਰਈਆ ਵਿਖੇ ਇਕ ਵਿਆਹ ਤੋਂ ਹੀਰੋ ਹਾਂਡਾ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ. 18 ਪੀ 4654 'ਤੇ ਵਾਪਸ ਆ ਰਹੇ ਸਨ ਤੇ ਜਦੋਂ ਇਹ ਬਿਆਸ ਨਜ਼ਦੀਕ ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਸਾਹਮਣੇ ਪੁੱਜੇ ਤਾਂ ਅੱਗੇ ਜਾ ਰਹੇ ਇੱਕ ਟਰੈਕਟਰ ਟਰਾਲੀ ਦੇ ਪਿੱਛੇ ਇਨ੍ਹਾਂ ਦਾ ਮੋਟਰਸਾਈਕਲ ਜਾ ਵੱਜਾ, ਜਿਸ ਨਾਲ ਸਲਵਿੰਦਰ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਸੁਖਦੇਵ ਸਿੰਘ ਦੀ ਹਸਪਤਾਲ ਜਾਣ ਉਪਰੰਤ ਮੌਤ ਹੋ ਗਈ।
ਅਹਿਮਦਾਬਾਦ, 12 ਅਪ੍ਰੈਲ - ਗੁਜਰਾਤ ਹਾਈ ਕੋਰਟ 'ਚ ਇਕ ਪਟੀਸ਼ਨਕਰਤਾ ਨੇ ਆਪਣੀ ਅਰਜ਼ੀ ਜੱਜ ਵਲੋਂ ਨਾ -ਮਨਜ਼ੂਰ ਕਰਨ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਜੱਜ ਵੱਲ ਆਪਣਾ ਜੁੱਤਾ ਵਗਾਹ ਕੇ ਮਾਰਿਆ। ਦੋਸ਼ੀ ਰਾਮਾਜੀ ਠਾਕੁਰ ਨੇ ਕਿਹਾ ਕਿ ਜੱਜ ਐਮ. ਡੀ. ਸ਼ਾਹ ਨੇ ਬਿਨਾਂ ਉਸ ਦੇ ਪੱਖ ਸੁਣੇ ਅਰਜ਼ੀ ਨੂੰ ਖਾਰਜ ਕੀਤਾ ਹੈ। ਪੁਲਿਸ ਨੇ ਦੋਸ਼ੀ ਰਾਮਾਜੀ ਠਾਕੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਬੈਂਕਾਕ-ਇੰਡੋਨੇਸ਼ੀਆ ਵਿਚ ਆਏ ਜ਼ਬਰਦਸਤ ਭੁਚਾਲ ਨਾਲ ਜਾਰੀ ਕੀਤੀ ਗਈ ਸੁਨਾਮੀ ਦੀ ਚਿਤਾਵਨੀ ਤੋਂ ਬਾਅਦ ਥਾਈਲੈਂਡ ਦੇ ਸੈਲਾਨੀ ਟਾਪੂ ਫੁਕੇਤ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ। ਹਵਾਈ ਅੱਡੇ ਦੇ ਡਾਇਰੈਕਟਰ ਨੇ ਦਸਿਆ ਕਿ ਸੁਨਾਮੀ ਦੀ ਚਿਤਾਵਨੀ ਤੋਂ ਬਾਅਦ ਅਸੀ ਹਵਾਈ ਅੱਡੇ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਫੁਕੇਤ ਤੇ ਨਾਲ ਲਗਦੇ ਸਮੁੰਦਰੀ ਤੱਟ ਦੇ ਇਲਾਕਿਆਂ ਵਿਚ ਲੋਕਾਂ ਨੂੰ ਉਚੀਆਂ ਥਾਵਾਂ 'ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ।
ਨਵੀਂ ਦਿੱਲੀ, 12 ਅਪ੍ਰੈਲ -ਭੰਵਰੀ ਦੇਵੀ ਕਤਲ ਕੇਸ ਦੀ ਦੋਸ਼ੀ ਭਗੌੜੀ ਇੰਦਰਾ ਬਿਸ਼ਨੋਈ ਦੀ ਸੂਚਨਾ ਦੇਣ ਵਾਲੇ ਲਈ ਸੀ. ਬੀ. ਆਈ. ਨੇ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਧਾਇਕ ਮਲਖਾਨ ਸਿੰਘ ਦੀ ਭੈਣ ਬਿਸ਼ਨੋਈ ਜੋ ਕਿ ਇਸ ਕਤਲ ਮਾਮਲੇ ਦੀ ਪ੍ਰਮੁੱਖ ਦੋਸ਼ੀ ਹੈ ਦਸੰਬਰ ਮਹੀਨੇ ਤੋਂ ਭਗੌੜੀ ਹੈ।
No comments:
Post a Comment