ਆਗੂ ਕੁੜੱਤਣ ਵਾਲੀ ਰਾਜਨੀਤੀ ਛੱਡ ਕੇ ਉਸਾਰੂ ਪਹੁੰਚ ਅਪਣਾਉਣ-ਅਸ਼ਵਨੀ ਕੁਮਾਰ ਕੇਂਦਰ ਸਰਕਾਰ ਦੀ ਸਥਿਰਤਾ ਨੂੰ ਖ਼ਤਰਾ ਨਹੀਂ ਜਲੰਧਰ, 12 ਅਪ੍ਰੈਲ-ਭਾਰਤ ਨੂੰ ਅੱਜ ਜਿੱਥੇ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਅੱਤਵਾਦ, ਖੇਤਰੀਵਾਦ, ਨਸ਼ੇ ਅਤੇ ਪ੍ਰਦੂਸ਼ਣ ਆਦਿ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਸੌੜੀ ਰਾਜਨੀਤੀ ਤਹਿਤ ਜਾਤਾਂ ਅਤੇ ਧਰਮਾਂ ਦੇ ਨਾਂ 'ਤੇ ਵੰਡੀਆਂ ਪਾਉਣ ਕਾਰਨ ਵੀ ਦੇਸ਼ ਪਿਛਾਂਹ ਵੱਲ ਨੂੰ ਜਾ ਰਿਹਾ ਹੈ। ਇਹ ਸਮੇਂ ਦਾ ਤਕਾਜ਼ਾ ਹੈ ਕਿ ਅਸੀਂ ਕੁੜੱਤਣ ਤੇ ਕੜਵਾਹਟ ਵਾਲੀ ਰਾਜਨੀਤੀ ਤੋਂ ਤੌਬਾ ਕਰਦੇ ਹੋਏ ਆਪਣੀ ਰਾਜਨੀਤਕ ਸ਼ੈਲੀ ਨੂੰ ਇਸ ਤਰ੍ਹਾਂ ਢਾਲੀਏ ਕਿ ਬੁਨਿਆਦੀ ਮੁੱਦਿਆਂ ਉੱਪਰ ਆਮ ਸਹਿਮਤੀ ਬਣਾ ਕੇ ਦੇਸ਼ ਦੇ ਨਵ-ਨਿਰਮਾਣ 'ਚ ਯੋਗਦਾਨ ਪਾਈਏ। ਇਹ ਵਿਚਾਰ ਯੋਜਨਾ, ਸਾਇੰਸ ਅਤੇ ਤਕਨਾਲੋਜੀ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ 'ਅਜੀਤ' ਵਲੋਂ ਉਨ੍ਹਾਂ ਨਾਲ ਵੱਖ-ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ। ਜਿਸ ਦੇ ਅਹਿਮ ਅੰਸ਼ ਹੇਠਾਂ ਪੇਸ਼ ਕੀਤੇ ਜਾ ਰਹੇ ਹਨ। ? ਪਿੱਛੇ ਜਿਹੇ ਦੇਸ਼ 'ਚ ਮੱਧਕਾਲੀ ਚੋਣਾਂ ਦੀ ਚਰਚਾ ਚਲਦੀ ਰਹੀ ਹੈ। ਕੀ ਅਜਿਹੀਆਂ ਅਟਕਲਾਂ 'ਚ ਕੋਈ ਸੱਚਾਈ ਹੈ? -ਨਹੀਂ। ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ। ਹਾਲਾਂ ਕਿ ਸਹਿਯੋਗੀ ਦਲਾਂ 'ਚ ਕੁੱਝ ਮੁੱਦਿਆਂ 'ਤੇ ਮਤਭੇਦ ਜ਼ਰੂਰ ਹਨ ਪਰ ਜਿੱਥੋਂ ਤੱਕ ਕੇਂਦਰ ਸਰਕਾਰ ਦੀ ਸਥਿਰਤਾ ਦੀ ਗੱਲ ਹੈ, ਉਸ ਨੂੰ ਕੋਈ ਖਤਰਾ ਨਹੀਂ ਹੈ। ? ਦੇਸ਼ ਦੇ ਵਿਕਾਸ ਲਈ ਕੇਂਦਰ ਸਰਕਾਰ ਦੀ ਸੋਚ ਕੀ ਹੈ? -ਦੇਸ਼ ਦੇ ਸਰਬਪੱਖੀ ਵਿਕਾਸ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਅੱਜ ਭਾਰਤ ਦੁਨੀਆਂ ਦੇ ਮੋਹਰੀ ਦੇਸ਼ਾਂ 'ਚ ਗਿਣਿਆ ਜਾਂਦਾ ਹੈ। ਜਿਸ ਦਾ ਸਿਹਰਾ ਪਿਛਲੇ 8 ਸਾਲਾਂ ਤੋਂ ਚੱਲ ਰਹੀ ਯੂ. ਪੀ. ਏ. ਸਰਕਾਰ ਦੀ ਅਗਵਾਈ ਕਰ ਰਹੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੂ. ਪੀ. ਏ. ਦੀ ਸੁਚੱਜੀ ਲੀਡਰਸ਼ਿਪ ਨੂੰ ਹੀ ਜਾਂਦਾ ਹੈ। ? ਗਰੀਬੀ ਰੇਖਾ ਨੂੰ ਲੈ ਕੇ ਉੱਠੇ ਵਿਵਾਦ ਸਬੰਧੀ ਤੁਹਾਡਾ ਕੀ ਕਹਿਣਾ ਹੈ? -ਯੋਜਨਾ ਕਮਿਸ਼ਨ ਵਲੋਂ ਪ੍ਰਧਾਨ ਮੰਤਰੀ ਦੀਆਂ ਹਦਾਇਤਾਂ 'ਤੇ ਇਸ ਮਸਲੇ ਦੇ ਹੱਲ ਲਈ ਇਕ ਤਕਨੀਕੀ ਗਰੁੱਪ ਸਥਾਪਿਤ ਕੀਤਾ ਗਿਆ ਹੈ ਜੋ ਗਰੀਬੀ ਰੇਖਾ ਦੇ ਮਸਲੇ ਉੱਪਰ ਮੁੜ ਵਿਚਾਰ ਕਰਕੇ ਸਹੀ ਮਾਅਨਿਆਂ 'ਚ ਗਰੀਬਾਂ ਦੀ ਗਿਣਤੀ ਦਾ ਪਤਾ ਲਗਾਏਗਾ। ਗਰੀਬਾਂ ਦੀ ਸਹੀ ਗਿਣਤੀ ਦਾ ਪਤਾ ਲਗਾ ਕੇ ਹੀ ਉਨ੍ਹਾਂ ਨੂੰ ਸਰਕਾਰ ਵਲੋਂ ਜਾਰੀ ਸਕੀਮਾਂ ਦਾ ਲਾਭ ਮੁਹੱਈਆ ਕਰਵਾਇਆ ਜਾ ਸਕੇਗਾ। ? ਪੰਜਾਬ ਦੇ ਸਾਹਮਣੇ ਇਸ ਸਮੇਂ ਕਿਹੜੀਆਂ ਵੱਡੀਆਂ ਚੁਣੌਤੀਆਂ ਹਨ ਤੇ ਇਨ੍ਹਾਂ ਦੇ ਹੱਲ ਲਈ ਕੇਂਦਰ ਸਰਕਾਰ ਵਲੋਂ ਕੀ ਕਦਮ ਚੁੱਕੇ ਜਾ ਰਹੇ ਹਨ? -ਪੰਜਾਬ ਆਰਥਿਕ ਵਿਕਾਸ ਦੇ ਨਾਲ-ਨਾਲ ਹੋਰਨਾਂ ਖੇਤਰਾਂ 'ਚ ਵੀ ਕਾਫੀ ਪਛੜ ਗਿਆ ਹੈ ਤੇ ਬਦਕਿਸਮਤੀ ਨਾਲ ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਅਸੀਂ ਆਪਣੀਆਂ ਪੀੜੀਆਂ ਨੂੰ ਪੂਰਾ ਲਾਭ ਨਹੀਂ ਦੁਆ ਸਕੇ। ਨਤੀਜੇ ਵਜੋਂ ਪੰਜਾਬ ਦੇ ਨੌਜਵਾਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਰਾਹੀਂ ਵੱਡੀਆਂ ਕੰਪਨੀਆਂ 'ਚ ਨੌਕਰੀਆਂ ਹਾਸਿਲ ਕਰਨ ਤੋਂ ਵਾਂਝੇ ਰਹਿ ਗਏ ਹਨ। ਅੱਜ ਪੰਜਾਬ 'ਚ ਜਿੱਥੇ ਵੱਡੀ ਪੱਧਰ 'ਤੇ ਉਦਯੋਗੀਕਰਨ ਦੀ ਲੋੜ ਹੈ ਉਥੇ ਨਾਲ ਹੀ ਫਸਲੀ ਵਿਭਿੰਨਤਾ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਪੰਜਾਬ ਇਕ ਸਰਹੱਦੀ ਸੂਬਾ ਹੈ ਤੇ ਸਰਹੱਦੀ ਜ਼ਿਲ੍ਹਿਆਂ ਦਾ ਵੀ ਤੇਜ਼ੀ ਨਾਲ ਵਿਕਾਸ ਕਰਵਾਉਣ ਦੀ ਲੋੜ ਹੈ ਤੇ ਇਸ ਪਾਸੇ ਪੰਜਾਬ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਕੰਮ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਇਸ ਮਾਮਲੇ 'ਤੇ ਪੰਜਾਬ ਸਰਕਾਰ ਦੀਆਂ ਜਾਇਜ਼ ਮੰਗਾਂ ਤੇ ਲੋੜਾਂ ਨੂੰ ਸਮਝਦੀ ਹੋਈ ਹਰ ਸੰਭਵ ਮਦਦ ਲਈ ਤਿਆਰ ਹੈ। ਇਸ ਸਬੰਧੀ ਉਹ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸੁਝਾਅ ਦੇ ਚੁੱਕੇ ਹਨ ਕਿ ਉਹ ਸਾਫ-ਸੁਥਰਾ ਪ੍ਰਸ਼ਾਸਨ ਮੁਹੱਈਆ ਕਰਵਾਉਣ ਤਾਂ ਹੀ ਰਾਜ 'ਚ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾ ਸਕੇਗਾ। ? ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਫੇਰੀ ਨਾਲ ਦੋਵਾਂ ਮੁਲਕਾਂ ਦੇ ਸਬੰਧਾਂ 'ਤੇ ਕੀ ਅਸਰ ਪਵੇਗਾ? -ਪਾਕਿ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਦੀ ਭਾਰਤ ਫੇਰੀ ਦਾ ਲਾਹਾ ਲੈਂਦੇ ਹੋਏ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੁਵੱਲੇ ਮਸਲਿਆਂ 'ਤੇ ਪਾਕਿਸਤਾਨ ਦੇ ਰਾਸ਼ਟਰਪਤੀ ਨਾਲ ਚਰਚਾ ਕੀਤੀ ਹੈ। ਉਨ੍ਹਾਂ ਨੂੰ ਮੁੰਬਈ 'ਤੇ ਹਮਲਾ ਕਰਵਾਉਣ ਵਾਲੇ ਹਾਫਿਜ਼ ਸਈਦ ਤੇ ਹੋਰਨਾਂ ਦੋਸ਼ੀਆਂ ਵਿਰੁੱਧ ਕਾਰਵਾਈ ਲਈ ਕਿਹਾ ਹੈ। ਇਸ ਦੇ ਨਾਲ ਹੀ 13 ਅਪ੍ਰੈਲ ਨੂੰ ਅਟਾਰੀ ਵਿਖੇ ਸੰਯੁਕਤ ਚੈੱਕ ਪੋਸਟ ਦਾ ਉਦਘਾਟਨ ਹੋਣ ਜਾ ਰਿਹਾ ਹੈ। ਜਿਸ ਨਾਲ ਦੋਵਾਂ ਮੁਲਕਾਂ ਵਿਚਕਾਰ ਸਬੰਧ ਸੁਖਾਵੇਂ ਕਰਨ ਵਾਲੇ ਯਤਨਾਂ ਨੂੰ ਹੋਰ ਬਲ ਮਿਲੇਗਾ। ਇਥੇ ਹੀ ਬੱਸ ਨਹੀਂ ਇਸ ਦਾ ਸਿੱਧਾ ਤੇ ਵੱਡਾ ਲਾਭ ਪੰਜਾਬ ਦੀ ਅਰਥ ਵਿਵਸਥਾ ਮਿਲੇਗਾ। ? ਪੰਜਾਬ ਦੇ ਵਿਕਾਸ ਲਈ ਕੋਈ ਖਾਸ ਯੋਜਨਾ ਬਣਾਈ ਗਈ ਹੈ? ਪੰਜਾਬ ਦੇ ਵਿਕਾਸ ਲਈ ਸਾਲ 2012-13 ਵਾਸਤੇ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ ਤੇ ਇਸ ਯੋਜਨਾ ਨੀਤੀ ਸਬੰਧੀ ਯੋਜਨਾ ਕਮਿਸ਼ਨ ਵਲੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਵਿਚਾਰ ਜਾਨਣ ਲਈ ਸੱਦਾ ਦਿੱਤਾ ਗਿਆ ਹੈ। ਪੰਜਾਬ 'ਚ ਮੁੱਢਲੇ ਢਾਂਚੇ ਤਹਿਤ ਸੀਵਰੇਜ ਅਤੇ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਜਿਸ ਲਈ ਯੋਜਨਾ ਕਮਿਸ਼ਨ ਆਪਣੇ ਵਿੱਤੀ ਅਨੁਸ਼ਾਸਨਿਕ ਦਾਇਰੇ 'ਚ ਰਹਿੰਦੇ ਹੋਏ ਪੰਜਾਬ ਸਰਕਾਰ ਦੀ ਹਰ ਸੰਭਵ ਮਦਦ ਕਰੇਗਾ। ਸਿੱਖਿਆ ਅਤੇ ਸਿਹਤ ਦੇ ਖੇਤਰ 'ਚ ਵੀ ਪੰਜਾਬ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ ਤੇ ਉਮੀਦ ਹੈ ਕਿ ਪੰਜਾਬ ਸਰਕਾਰ ਇਨ੍ਹਾਂ ਖੇਤਰਾਂ ਵੱਲ ਪਹਿਲ ਦੇ ਆਧਾਰ 'ਤੇ ਤਵੱਜੋਂ ਦੇਵੇਗੀ। ? ਪੰਜਾਬ ਕਾਂਗਰਸ 'ਚ ਚੱਲ ਰਹੇ ਵਿਵਾਦ ਸਬੰਧੀ ਕੀ ਕਹਿਣਾ ਚਾਹੋਗੇ। -ਇਸ ਮਾਮਲੇ 'ਤੇ ਸ੍ਰੀ ਏ. ਕੇ. ਐਂਟਨੀ ਦੀ ਅਗਵਾਈ ਹੇਠ ਬਣੀ ਕਮੇਟੀ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਆਗੂਆਂ ਨਾਲ ਗੱਲਬਾਤ ਕਰ ਰਹੀ ਹੈ ਤੇ ਸੂਬੇ 'ਚ ਪਾਰਟੀ ਦੀ ਹਾਰ ਦੇ ਕਾਰਨਾਂ ਦੀ ਘੋਖ ਕੀਤੀ ਜਾ ਰਹੀ ਹੈ। ਇਹ ਕਮੇਟੀ ਬਹੁਤ ਜਲਦੀ ਆਪਣੀ ਰਿਪੋਰਟ ਕੁਲ ਹਿੰਦ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਸੌਂਪ ਦੇਵੇਗੀ। ਕਮੇਟੀ ਦੀ ਰਿਪੋਰਟ ਉਪਰੰਤ ਹੀ ਪਾਰਟੀ ਹਾਈਕਮਾਨ ਪੰਜਾਬ 'ਚ ਪਾਰਟੀ ਸਬੰਧੀ ਕੋਈ ਫੈਸਲਾ ਕਰੇਗੀ। ਪੰਜਾਬ 'ਚ ਪਾਰਟੀ ਦੀ ਅਗਵਾਈ ਸਬੰਧੀ ਮੇਰੀ ਨਿੱਜੀ ਰਾਏ ਹੈ ਕਿ ਪੰਜਾਬ 'ਚ ਪਾਰਟੀ ਦੀ ਕਮਾਨ ਕਿਸੇ ਅਜਿਹੇ ਊਰਜਾਵਾਨ ਅਤੇ ਸਾਫ-ਸੁਥਰੇ ਅਕਸ ਵਾਲੇ ਆਗੂ ਨੂੰ ਸੌਂਪੀ ਜਾਵੇ, ਜੋ ਪਾਰਟੀ 'ਚ ਏਕਤਾ ਤੇ ਅਨੁਸ਼ਾਸ਼ਨ ਕਾਇਮ ਕਰ ਸਕਦਾ ਹੋਵੇ। ਪੰਜਾਬ 'ਚ ਲੋਕਾਂ ਨੇ ਪਾਰਟੀ ਨੂੰ ਨਹੀਂ ਠੁਕਰਾਇਆ ਬਲਕਿ ਕੁਝ ਸੰਗਠਨਾਤਮਿਕ ਕਮੀਆਂ ਦੇਖਣ ਨੂੰ ਮਿਲੀਆਂ ਹਨ ਤੇ ਇਨ੍ਹਾਂ ਦਾ ਹੱਲ ਹਾਈਕਮਾਨ ਜਲਦ ਕਰੇਗੀ। |
ਮੈਂ ਪ੍ਰਮਾਤਮਾ ਦਾ ਧੰਨਵਾਦੀ ਹਾਂ-ਯੁਵਰਾਜ ਸਿੰਘ ਗੁੜਗਾਉਂ, 12 ਅਪ੍ਰੈਲ -''ਮੈਂ ਪ੍ਰਮਾਤਮਾ ਦਾ ਧੰਨਵਾਦੀ ਹਾਂ ਕਿ ਮੈਨੂੰ ਆਪਣਾ ਜੀਵਨ ਵਾਪਿਸ ਮਿਲਿਆ ਹੈ।'' ਇਹ ਸ਼ਬਦ ਵਿਦੇਸ਼ ਵਿਚੋਂ ਇਕ ਖਾਸ ਕਿਸਮ ਦੇ ਕੈਂਸਰ ਦਾ ਇਲਾਜ ਕਰਵਾਕੇ ਵਾਪਿਸ ਪਰਤੇ ਕ੍ਰਿਕਟਰ ਯੁਵਰਾਜ ਸਿੰਘ ਨੇ ਆਪਣੇ ਪਹਿਲੇ ਪੱਤਰਕਾਰ ਸੰਮੇਲਨ ਵਿਚ ਕਹੇ। ਯੁਵਰਾਜ ਸਿੰਘ ਨੇ ਕਿਹਾ ਕਿ ਮੈਦਾਨ ਵਿਚ ਉਤਰਨ ਲਈ ਅਜੇ ਘੱਟੋ-ਘੱਟ 2 ਮਹੀਨੇ ਹੋਰ ਲੱਗਣਗੇ। ਗੱਲਬਾਤ ਦੌਰਾਨ ਉਨ੍ਹਾਂ ਦੇ ਭਾਰਤੀ ਡਾਕਟਰ ਨਿਤੇਸ਼ ਰੋਹਤਗੀ ਵੀ ਮੌਜੂਦ ਸਨ। ਯੁਵਰਾਜ ਜਿਨ੍ਹਾਂ ਨੂੰ ਗੱਲਬਾਤ ਦੌਰਾਨ ਕਈ ਵਾਰ ਖਾਂਸੀ ਵੀ ਆਈ, ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਤੇ ਹਰ ਇਕ ਦਾ ਧੰਨਵਾਦੀ ਹਾਂ ਕਿ ਮੈਂ ਬਿਮਾਰੀ 'ਤੇ ਨਿਜਾਤ ਪਾ ਲਈ ਹੈ। 30 ਸਾਲਾ ਯੁਵਰਾਜ ਜੋ ਪਿਛਲੇ ਸਾਲ ਹੋਏ ਵਿਸ਼ਵ ਕੱਪ ਵਿਚ 'ਮੈਨ ਆਫ ਦ ਟੂਰਨਾਮੈਂਟ' ਬਣਿਆ ਸੀ, ਨੇ ਆਪਣੇ ਜੀਵਨ ਦੇ ਸਭ ਤੋਂ ਵੱਧ ਸਖ਼ਤ ਪੜਾਅ ਦੀ ਗੱਲ ਕਰਦਿਆਂ ਮੰਨਿਆ ਕਿ ਇਕ ਸਮੇਂ ਉਹ ਟੁੱਟ ਗਿਆ ਸੀ। ਉਨ੍ਹਾਂ ਕਿਹਾ ਕਿ ਮੇਰੇ ਸਾਰੇ ਪ੍ਰਸ਼ੰਸਕ ਚਾਹੁੰਦੇ ਹਨ ਕਿ ਮੈਂ ਛੇਤੀ ਮੈਦਾਨ 'ਤੇ ਪਰਤਾਂ, ਮੈਂ ਜਿੰਨੀ ਛੇਤੀ ਸੰਭਵ ਹੋ ਸਕਿਆ ਵਾਪਿਸੀ ਕਰਨ ਦਾ ਯਤਨ ਕਰਾਂਗਾ। ਯੁਵਰਾਜ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਮੇਰੀ ਮਾਂ ਸ਼ਬਨਮ ਮੇਰਾ ਸਭ ਤੋਂ ਵੱਡਾ ਆਸਰਾ ਰਹੀ ਹੈ ਤੇ ਮੈਂ ਨਹੀਂ ਸੋਚਦਾ ਕਿ ਉਨ੍ਹਾਂ ਤੋਂ ਬਿਨਾਂ ਮੈਂ ਇਹ ਸਫ਼ਰ ਤਹਿ ਕਰ ਸਕਦਾ ਸੀ। ਯੁਵਰਾਜ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਸਾਇਕਲਿਸਟ ਲਾਂਸ ਆਰਮਸਟਰਾਂਗ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ। 5-6 ਸਾਲ ਪਹਿਲਾਂ ਮੈਂ ਉਸ ਦੀ ਕਿਤਾਬ ਕਿਸੇ ਕਾਰਨ ਅੱਧਵਾਟੇ ਹੀ ਛੱਡ ਦਿੱਤੀ ਸੀ। ਸ਼ਾਇਦ ਮੈਂ ਇਹ ਕਿਤਾਬ ਇਸ ਤਰ੍ਹਾਂ ਹੀ ਪੂਰੀ ਪੜ੍ਹਨੀ ਸੀ। ਉਸ ਨੂੰ ਵੀ ਇਸ ਕਿਸਮ ਦਾ ਹੀ ਕੈਂਸਰ ਸੀ ਪਰ ਉਹ ਆਖਰੀ ਪੱਧਰ 'ਤੇ ਸੀ ਜਦ ਕਿ ਮੇਰੀ ਬਿਮਾਰੀ ਬਾਰੇ ਆਰੰਭਕ ਪੱਧਰ 'ਤੇ ਹੀ ਪਤਾ ਲੱਗ ਗਿਆ ਸੀ। ਉਸ ਨੇ ਕਿਹਾ ਕਿ 6 ਮਹੀਨੇ ਇਹ ਪਤਾ ਲਾਉਣ ਵਿਚ ਹੀ ਲੱਗ ਗਏ ਕਿ ਮੈਨੂੰ ਕੈਂਸਰ ਹੈ। ਉਸ ਨੇ ਆਪਣੇ ਗੁਜ਼ਰੇ ਦਿਨਾਂ ਬਾਰੇ ਚੇਤੇ ਕਰਦਿਆਂ ਕਿਹਾ ਕਿ ਮੈਨੂੰ ਸਾਹ ਲੈਣ 'ਚ ਕੁਝ ਮੁਸ਼ਕਿਲ ਆਉਂਦੀ ਸੀ। ਮੈਂ ਅਕਸਰ ਖੰਘਦਾ ਸੀ ਤੇ ਜਿਸ ਨਾਲ ਖੂਨ ਆਉਂਦਾ ਸੀ ਪਰ ਮੈਂ ਇਸ ਬਾਰੇ ਕਿਸੇ ਨੂੰ ਵੀ ਨਹੀਂ ਸੀ ਦੱਸਿਆ ਤੇ ਨਾ ਹੀ ਕਿਸੇ ਨੂੰ ਇਹ ਅਹਿਸਾਸ ਹੋਣ ਦਿੱਤਾ ਸੀ ਕਿ ਮੈਂ ਕਿਸ ਦੌਰ ਵਿਚੋਂ ਗੁਜਰ ਰਿਹਾ ਹਾਂ। ਯੁਵਰਾਜ ਨੇ ਕਿਹਾ ਕਿ ਇਸ ਸਭ ਕੁਝ ਦੇ ਬਾਵਜੂਦ ਮੈਂ ਹਮੇਸ਼ਾਂ ਆਸ਼ਾਵਾਦੀ ਰਿਹਾ। ਉਸ ਨੇ ਭਵਿੱਖ ਵਿਚ ਕੈਂਸਰ ਪੀੜਤਾਂ ਲਈ ਕੁਝ ਕਰਨ ਦਾ ਸੰਕੇਤ ਦਿੰਦਿਆਂ ਕਿਹਾ ਕਿ ਮੈਂ ਨਿਸ਼ਚਤ ਤੌਰ 'ਤੇ ਲੋਕਾਂ ਲਈ ਕੁਝ ਕਰਾਂਗਾ। |
1 |
ਆਰੂਸ਼ੀ ਮਾਮਲੇ 'ਚ ਨੁਪੁਰ ਤਲਵਾੜ ਵਿਰੁੱਧ ਗਾਜ਼ੀਆਬਾਦ, 12 ਅਪ੍ਰੈਲ -ਇਕ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਅੱਜ ਆਰੂਸ਼ੀ-ਹੇਮਰਾਜ ਕਤਲ ਮਾਮਲੇ 'ਚ ਡਾਕਟਰ ਨੁਪੁਰ ਤਲਵਾੜ ਵਿਰੁੱਧ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਵਿਸ਼ੇਸ਼ ਜੱਜ ਪ੍ਰੀਤੀ ਸਿੰਘ ਨੇ ਮਾਮਲੇ ਦੀ ਅਗਲੀ ਸੁਣਵਾਈ 18 ਅਪ੍ਰੈਲ ਨਿਸ਼ਚਤ ਕੀਤੀ ਹੈ। ਸੀ.ਬੀ.ਆਈ ਨੇ ਦਾਇਰ ਦਰਖਾਸਤ ਵਿਚ ਬੇਨਤੀ ਕੀਤੀ ਸੀ ਕਿ ਨੁਪੁਰ ਤਲਵਾੜ ਵਿਰੁੱਧ ਵਾਰੰਟ ਜਾਰੀ ਕੀਤੇ ਜਾਣ ਕਿਉਂਕਿ ਉਹ ਆਦੇਸ਼ਾਂ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਹੀਂ ਹੋਈ। ਇਥੇ ਵਰਣਨਯੋਗ ਹੈ ਕਿ ਦੰਦਾਂ ਦੇ ਡਾਕਟਰ ਰਾਜੇਸ਼ ਤੇ ਨੁਪੁਰ ਤਲਵਾੜ ਦੀ ਇਕੋ ਇਕ 14 ਸਾਲਾ ਧੀ ਆਰੂਸ਼ੀ ਪਰਿਵਾਰ ਦੇ ਨੋਇਡਾ ਸਥਿਤ ਘਰ ਵਿਚ 15 ਤੇ 16 ਮਈ 2008 ਦੀ ਦਰਮਿਆਨੀ ਰਾਤ ਨੂੰ ਮ੍ਰਿਤਕ ਪਾਈ ਗਈ ਸੀ। ਇਸ ਤੋਂ ਅਗਲੇ ਦਿਨ ਉਨ੍ਹਾਂ ਦੇ ਨੌਕਰ ਹੇਮਰਾਜ ਦੀ ਲਾਸ਼ ਘਰ ਦੀ ਛੱਤ ਤੋਂ ਮਿਲੀ ਸੀ।ਗ਼ੈਰ ਜ਼ਮਾਨਤੀ ਵਾਰੰਟ ਜਾਰੀ |
Thursday, 12 April 2012
Subscribe to:
Post Comments (Atom)
No comments:
Post a Comment