Thursday, 12 April 2012

84 ਦੇ ਦੰਗਿਆ ਦੀ ਅਮਰੀਕਾ 'ਚ ਹੋਵੇਗੀ ਸੁਣਵਾਈ

ਨਿਊਯਾਰਕ : ਅਮਰੀਕਾ ਦੀ ਇਕ ਅਦਾਲਤ 'ਚ ਮਈ ਦੀ ਪਹਿਲੀ ਤਰੀਕ ਤੋਂ 1984 ਦੇ ਸਿੱਖ ਵਿਰੋਧੀ ਦੰਗਿਆ ਸਬੰਧੀ ਮਾਮਲੇ 'ਤੇ ਜਿਰਹਾ ਹੋਵੇਗੀ, ਜਦੋਂ ਕਿ ਭਾਰਤ ਦੀ ਕਾਂਗਰਸ ਪਾਰਟੀ ਨੇ ਇਨ੍ਹਾਂ ਦੰਗਿਆ 'ਚ ਕਥਿਤ ਭੂਮਿਕਾ ਲਈ ਉਸਦਾ ਪੱਖ ਸੁਣੇ ਬਿਨ੍ਹਾਂ ਫੈਸਲਾ ਦੇਣ ਦਾ ਵਿਰੋਧ ਕੀਤਾ ਹੈ। ਅਮਰੀਕਾ ਦੀ ਸੰਘੀ ਅਦਾਲਤ ਨੇ ਜੱਜ ਰਾਬਰਟ ਡਬਲਯੂ. ਸਵੀਟ ਦੇ ਸਾਹਮਣੇ ਕਾਂਗਰਸ ਦੀ ਪਟੀਸ਼ਨ ਦਰਜ ਕਰਦਿਆਂ ਲਾ ਫਾਰਮ 'ਜੋਂਸ ਡੇ' ਨੇ ਕਿਹਾ ਕਿ ਇਹ ਮਾਮਲਾ ਅੰਤਰ ਰਾਸ਼ਟਰੀ ਕਨੂੰਨ ਦੇ ਮਹੱਤਵਪੂਰਨ ਮੁੱਦਿਆਂ ਨਾਲ ਜੁੜਿਆ ਹੈ ਅਤੇ ਇਸ ਦਾ ਫੈਸਲਾ ਦੋਵੇਂ ਪੱਖਾਂ ਨੂੰ ਸੁਣਨ ਬਿਨ੍ਹਾਂ ਨਹੀਂ ਕਰਨਾ ਚਾਹੀਦਾ।
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਨਵੰਬਰ 'ਚ 1984 ਦੇ ਦੰਗੇ ਭਾਰਤ 'ਚ ਹੋਏ ਸੀ ਅਤੇ ਕਾਂਗਰਸ ਵਲੋਂ ਕਥਿਤ ਤੌਰ 'ਤੇ ਜੋ ਸੰਪਤੀਆਂ ਨਸ਼ਟ ਕੀਤੀਆਂ ਅਤੇ ਜਿਨ੍ਹਾਂ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਇਆ ਉਹ ਭਾਰਤ 'ਚ ਹਨ। ਨਿਊਯਾਰਕ ਦੇ ਸਿੱਖ ਸੰਗਠਨ 'ਸਿੱਖ ਫਾਰ ਜਸਟਿਸ' ਵਲੋਂ ਦਰਜ ਪਟੀਸ਼ਨ ਦੇ ਜਵਾਬ 'ਚ ਇਹ ਦਲੀਲ ਦਿੱਤੀ ਗਈ। ਫੋਰਮ ਨੇ ਕਿਹਾ ਕਿ ਕਾਂਗਰਸ ਦੇ ਅਪਰਾਧ ਨੂੰ ਸਿੱਧ ਕਰਨ ਵਾਲੇ ਸਬੂਤ ਅਤੇ ਕਾਗਜਾਤ ਭਾਰਤ 'ਚ ਹਨ ਅਤੇ ਇਸ ਮਾਮਲੇ ਦੇ ਸਥਾਨਕ ਲੋਕਾਂ ਤੋਂ ਕੋਈ ਸਬੰਧ ਨਹੀਂ ਹੈ।
ਕਾਂਗਰਸ ਦੇ ਵਕੀਲ ਥਾਮਸ ਈ. ਲਿੰਚ ਨੇ ਦਲੀਲ 'ਚ ਕਿਹਾ ਕਿ ਇਸ ਮਾਮਲੇ ਦੀ ਸੁਣਵਾਈ
ਅਮਰੀਕੀ ਅਧਿਕਾਰ ਖੇਤਰ ਦੇ ਦਾਇਰੇ ਤੋਂ ਬਾਹਰ ਹੈ। 'ਸਿੱਖ ਫਾਰ ਜਸਟਿਸ' ਨੇ ਸਿੱਖਾਂ ਦੇ ਵਿਰੁਧ ਹਮਲਾ ਕਰਨ, ਸਾਜਿਸ਼ ਘੜਨ, ਉਕਸਾਉਣ, ਲੋਕਾਂ ਨੂੰ ਜਮਾ ਕਰਨ ਅਤੇ ਮਦਦ ਦੇਣ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਦੇ ਦੋਸ਼ਾਂ ਦਾ ਬਚਾਅ ਕਰਨ 'ਚ ਅਸਫਲ ਰਹਿਣ 'ਤੇ ਕਾਂਗਰਸ ਵਿਰੁਧ ਫੈਸਲਾ ਦੇਣ ਲਈ ਪਟੀਸ਼ਨ ਦਰਜ ਕੀਤੀ ਸੀ। ਇਸ ਦੇ ਜਵਾਬ 'ਚ ਕਾਂਗਰਸ ਨੇ ਇਹ ਪਟੀਸ਼ਨ ਦਰਜ ਕੀਤੀ ਹੈ।

No comments:

Post a Comment