ਜਲੰਧਰ ਸਨਅਤੀ ਹਾਦਸੇ 'ਚ ਮਰਨ ਵਾਲਿਆਂ ਦੀ
ਗਿਣਤੀ 21 ਹੋਈ-ਠੇਕੇਦਾਰ ਗ੍ਰਿਫ਼ਤਾਰ
ਮਲਬੇ 'ਚੋਂ ਇਕ ਮਜ਼ਦੂਰ ਦੀ ਲਾਸ਼ ਕੱਢ ਕੇ ਲਿਆ ਰਹੇ
ਰਾਹਤ ਦਸਤਿਆਂ ਦੇ ਕਰਮਚਾਰੀ।
ਜਲੰਧਰ, 22 ਅਪ੍ਰੈਲ - ਸਥਾਨਕ ਫੋਕਲ ਪੁਆਇੰਟ ਵਿਖੇ ਸਥਿਤ ਸ਼ੀਤਲ ਫੈਬਰਿਕ ਫੈਕਟਰੀ ਵਿਖੇ 15 ਅਪ੍ਰੈਲ ਨੂੰ ਵਾਪਰੇ ਹਾਦਸੇ ਦੌਰਾਨ ਢਹਿ ਢੇਰੀ ਹੋਣ ਵਾਲੀ ਇਮਾਰਤ ਦੇ ਠੇਕੇਦਾਰ ਨੂੰ ਵੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਦੌਰਾਨ ਪ੍ਰਭਾਵਿਤ ਫੈਕਟਰੀ ਦਾ ਮਲਬਾ ਹਟਾਉਣ ਦੀ ਪ੍ਰਕਿਰਿਆ ਅੱਜ ਵੀ ਜਾਰੀ ਰਹੀ ਅਤੇ ਮਲਬੇ ਵਿਚੋਂ 4 ਹੋਰ ਲਾਸ਼ਾਂ ਬਾਹਰ ਕੱਢੇ ਜਾਣ ਕਾਰਨ ਇਸ ਹਾਦਸੇ ਵਿਚ ਮਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਏ.ਡੀ.ਸੀ.ਪੀ. (ਸਥਾਨਕ) ਨਵਜੋਤ ਸਿੰਘ ਮਾਹਲ ਅਤੇ ਏ. ਸੀ. ਪੀ. (ਉੱਤਰੀ) ਬਲਕਾਰ ਸਿੰਘ ਨੇ ਥਾਣਾ ਮੁਖੀ ਡਵੀਜ਼ਨ 8 ਜਸਤਿੰਦਰ ਸਿੰਘ ਰਾਣਾ ਅਤੇ ਥਾਣਾ ਡਿਵੀਜ਼ਨ 3 ਮਨਮੋਹਨ ਸਿੰਘ ਦੀ ਮੌਜੂਦਗੀ ਵਿਚ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਸ਼ੀਤਲ ਵਿੱਜ ਵਗੈਰਾ ਦੇ ਖ਼ਿਲਾਫ਼ ਮੁਕੱਦਮਾਂ ਨੰਬਰ 63 ਅਧੀਨ 304, 120 ਬੀ. ਆਈ ਪੀ ਸੀ ਅਤੇ 7-8-9-13 (1) ਡੀ. ਪ੍ਰੀਵੈਨਸ਼ਨ ਆਫ਼ ਕਰਪਸ਼ਨ ਐਕਟ ਤਹਿਤ ਥਾਣਾ ਡਿਵੀਜ਼ਨ 8 ਵਿਖੇ ਦਰਜ ਕੀਤਾ ਸੀ। ਇਸ ਮਾਮਲੇ ਵਿਚ ਫੈਕਟਰੀ ਮਾਲਕ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਇਮਾਰਤ ਤਿਆਰ ਕਰਨ ਵਾਲੇ ਠੇਕੇਦਾਰ ਸਰਵਨ ਸਿੰਘ ਪੁੱਤਰ ਰੱਖਾ ਸਿੰਘ ਵਾਸੀ 26 ਜਿਉਤੀ ਨਗਰ ਜਲੰਧਰ ਨੂੰ ਅੱਜ ਦੁਪਹਿਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਫੌਜ ਦੀ ਟੁਕੜੀ, ਐਨ. ਡੀ. ਆਰ.ਐਫ. , ਪੀ. ਏ. ਪੀ. ਅਤੇ ਡੇਰਾ ਸਿਰਸਾ ਦੇ ਪ੍ਰੇਮੀਆਂ ਦੇ ਵਿਸ਼ੇਸ਼ ਦਸਤਿਆਂ ਵਲੋਂ ਰਾਹਤ ਕਾਰਜ ਵੱਡੀ ਪੱਧਰ 'ਤੇ ਜਾਰੀ ਰਹੇ। ਇਸ ਦੌਰਾਨ ਬੇਹੱਦ ਭਾਰੀ ਮਲਬੇ ਨੂੰ ਹਟਾਉਣ ਲਈ ਵੱਡੇ-ਵੱਡੇ ਪੁਲਾਂ ਆਦਿ ਦੀ ਉਸਾਰੀ ਲਈ ਵਰਤੀਆਂ ਜਾਣ ਵਾਲੀਆਂ ਵਿਸ਼ੇਸ਼ ਕਰੇਨਾਂ ਦੀ ਮਦਦ ਲਈ ਜਾ ਰਹੀ ਹੈ। ਵੱਡੀਆਂ ਡਿੱਚ ਮਸ਼ੀਨਾਂ ਦੀ ਮਦਦ ਨਾਲ ਰਾਹਤ ਕਰਮੀਆਂ ਨੇ ਅੱਜ 4 ਹੋਰ ਲਾਸ਼ਾਂ ਨੂੰ ਮਲਬੇ ਵਿਚੋਂ ਬਾਹਰ ਕੱਢਣ ਵਿਚ ਸਫਲਤਾ ਪ੍ਰਾਪਤ ਕੀਤੀ। ਐਨ. ਡੀ. ਆਰ. ਐਫ. ਦੇ ਅਧਿਕਾਰੀਆਂਵਲੋਂ ਆਧੁਨਿਕ ਸਾਜੋ ਸਾਮਾਨ ਰਾਹੀਂ ਕੀਤੀ ਗਈ ਜਾਂਚ ਉਪਰੰਤ ਮਲਬੇ ਹੇਠੋਂ ਹੋਰ ਕਿਸੇ ਵਿਅਕਤੀ ਦੇ ਜਿੰਦਾ ਬਾਹਰ ਨਿਕਲਣ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਮਲਬੇ ਵਿਚੋਂ ਬਾਹਰ ਕੱਢੀਆਂ ਗਈਆਂ ਲਾਸ਼ਾਂ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਵਿਸ਼ਵਾਨਾਥ ਵਾਸੀ ਮੀਨਾਪੁਰ ਸਹਾਰਨ ਛਪਰਾ ਬਿਹਾਰ, ਰਾਹੁਲ ਪੁੱਤਰ ਹਰੀ ਸਿੰਘ ਵਾਸੀ ਅਰੋਹਾ, ਮਹਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਰਾਮ ਨਗਰ ਜਲੰਧਰ ਅਤੇ ਪ੍ਰਮੋਦ ਪੁੱਤਰ ਰਾਮ ਬਖਸ਼ ਵਜੋਂ ਕੀਤੀ ਗਈ ਹੈ। ਗਿਣਤੀ 21 ਹੋਈ-ਠੇਕੇਦਾਰ ਗ੍ਰਿਫ਼ਤਾਰ
ਮਲਬੇ 'ਚੋਂ ਇਕ ਮਜ਼ਦੂਰ ਦੀ ਲਾਸ਼ ਕੱਢ ਕੇ ਲਿਆ ਰਹੇ
ਰਾਹਤ ਦਸਤਿਆਂ ਦੇ ਕਰਮਚਾਰੀ।
ਲਹਿਰਾ ਮੁਹੱਬਤ ਤਾਪ ਬਿਜਲੀ ਘਰ ਦੀਆਂ
ਝੀਲਾਂ 'ਚ ਪਾਣੀ ਦਾ ਭੰਡਾਰ ਘਟਿਆ
ਪਾਣੀ ਦੀ ਘਾਟ ਕਾਰਨ ਬਿਜਲੀ ਉਤਪਾਦਨ ਬੰਦ ਹੋਣ ਦਾ ਖ਼ਤਰਾ
ਬਠਿੰਡਾ, 22 ਅਪ੍ਰੈਲ - 920 ਮੈਗਾਵਾਟ ਰੋਜ਼ਾਨਾ ਬਿਜਲੀ ਪੈਦਾਵਾਰ ਕਰਨ ਦੀ ਸਮਰੱਥਾ ਵਾਲਾ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਦੀਆਂ ਝੀਲਾਂ ਵਿਚ ਪਾਣੀ ਦਾ ਭੰਡਾਰ ਖ਼ਤਰਨਾਕ ਹੱਦ ਤੱਕ ਘਟਣ ਕਰਕੇ ਇਸ ਦੇ ਕਿਸੇ ਵੇਲੇ ਵੀ ਬੰਦ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਪਲਾਂਟ ਦੇ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਇਸ ਪਲਾਂਟ 'ਚ ਪਾਣੀ ਦਾ ਭੰਡਾਰ ਸਿਰਫ਼ ਇਕ ਹਫ਼ਤੇ ਦੀਆਂ ਲੋੜਾਂ ਲਈ ਮੌਜੂਦ ਹੈ, ਜਿਸ ਕਰਕੇ ਸਮੁੱਚੇ ਮਾਲਵੇ ਵਿਚ ਪਾਣੀ ਦੀ ਘਾਟ ਕਾਰਨ ਹਾਹਾਕਾਰ ਮੱਚ ਗਈ ਹੈ। ਇਥੋਂ ਤੱਕ ਪਿੰਡਾਂ ਅਤੇ ਸ਼ਹਿਰਾਂ ਦੀਆਂ ਜਲ ਸਪਲਾਈ ਸਕੀਮਾਂ ਵੀ ਠੱਪ ਹੋ ਕੇ ਰਹਿ ਗਈਆਂ ਹਨ। ਪਲਾਂਟ ਦੇ ਅਧਿਕਾਰੀਆਂ ਅਨੁਸਾਰ ਨਹਿਰ ਦੀ ਇਸ ਲੰਬੀ ਬੰਦੀ ਬਾਰੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਪੇਸ਼ਗੀ ਸੂਚਿਤ ਨਹੀਂ ਕੀਤਾ, ਜਦੋਂਕਿ ਪਲਾਂਟ ਦੀਆਂ ਝੀਲਾਂ ਵਿਚ ਪਾਣੀ ਦੀ ਸਪਲਾਈ ਆਉਣੀ ਬੰਦ ਹੋ ਗਈ ਤਾਂ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਅਦ ਹੀ ਉਨ੍ਹਾਂ ਨੂੰ ਲੰਬੀ ਨਹਿਰ ਬੰਦੀ ਬਾਰੇ ਪਤਾ ਲੱਗਿਆ। ਉਨ੍ਹਾਂ ਜੇ ਪਲਾਂਟ ਨੂੰ ਪਾਣੀ ਦੀ ਤੁਰੰਤ ਸਪਲਾਈ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਇਸ ਪਲਾਂਟ ਦੇ ਬੰਦ ਹੋਣ ਨਾਲ ਪੰਜਾਬ ਵਿਚ ਵੱਡਾ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਪਲਾਂਟ ਵਿਚ ਪਾਣੀ ਦੀ ਵਰਤੋਂ ਕੋਇਲੇ ਦੀ ਅੱਗ ਤੋਂ ਭਾਫ਼ ਬਣਾਉਣ ਲਈ ਕੀਤੀ ਜਾਂਦੀ, ਜਿਸ ਦੀ ਸ਼ਕਤੀ ਨਾਲ ਪਲਾਂਟ ਦਾ ਜਨਰੇਟਰ ਚਲਦਾ ਹੈ। ਪਲਾਂਟ ਦੀਆਂ ਝੀਲਾਂ ਵਿਚ 16 ਲੱਖ ਕਿਊਸਕ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੈ, ਜਿਸ ਨਾਲ ਪਲਾਂਟ ਲਈ ਪਾਣੀ ਦੀਆਂ ਲੋੜਾਂ 17-18 ਦਿਨਾਂ ਤੱਕ ਪੂਰੀਆਂ ਹੋ ਸਕਦੀਆਂ ਹਨ। ਪਲਾਂਟ ਦੀਆਂ ਪਾਣੀ ਦੀਆਂ ਰੋਜ਼ਾਨਾ ਲੋੜਾਂ 90 ਹਜ਼ਾਰ ਤੋਂ ਇਕ ਲੱਖ ਕਿਊਸਕ ਹਨ। ਇਸ ਸਮੇਂ ਪਲਾਂਟ ਦੇ ਸਾਰੇ ਯੂਨਿਟ ਆਪਣੀ ਸਮਰੱਥਾ ਮੁਤਾਬਿਕ ਬਿਜਲੀ ਉਤਪਾਦਨ ਕਰ ਰਹੇ ਹਨ। ਪਾਣੀ ਦੀ ਸਪਲਾਈ ਬੰਦ ਹੋਣ ਵਾਲੇ ਦਿਨ ਯਾਨੀ 13 ਅਪ੍ਰੈਲ ਤੱਕ ਝੀਲਾਂ ਵਿਚ ਪਾਣੀ ਪੂਰੀ ਸਮਰੱਥਾ ਮੁਤਾਬਿਕ ਸੀ। ਹੁਣ ਇਹ ਪਾਣੀ ਦਾ ਭੰਡਾਰ ਸਿਰਫ਼ 28 ਅਪ੍ਰੈਲ ਤੱਕ ਦਾ ਰਹਿ ਗਿਆ ਹੈ, ਜਦੋਂਕਿ ਨਹਿਰ ਤੋਂ ਪਾਣੀ ਦੀ ਸਪਲਾਈ 1 ਜਾਂ 2 ਮਈ ਤੋਂ ਪਹਿਲਾਂ ਨਹੀਂ ਹੋ ਸਕੇਗੀ। ਝੀਲਾਂ 'ਚ ਪਾਣੀ ਦਾ ਭੰਡਾਰ ਘਟਿਆ
ਪਾਣੀ ਦੀ ਘਾਟ ਕਾਰਨ ਬਿਜਲੀ ਉਤਪਾਦਨ ਬੰਦ ਹੋਣ ਦਾ ਖ਼ਤਰਾ
ਇਸ ਤਰ੍ਹਾਂ ਪਾਣੀ ਦੀ ਘਾਟ ਕਾਰਨ ਇਹ ਪਲਾਂਟ 5-6 ਦਿਨ ਬੰਦ ਰਹਿ ਸਕਦਾ ਹੈ, ਜਿਸ ਨਾਲ ਬਿਜਲੀ ਉਤਪਾਦਨ ਨਾ ਹੋਣ ਕਰਕੇ ਬਿਜਲੀ ਨਿਗਮ ਨੂੰ 7-8 ਕਰੋੜ ਰੁਪਏ ਰੋਜ਼ਾਨਾ ਦਾ ਘਾਟਾ ਸਹਿਣ ਕਰਨਾ ਪਵੇਗਾ। ਅਧਿਕਾਰੀਆਂ ਨੇ ਪਾਣੀ ਦੀ ਬੱਚਤ ਲਈ ਪਲਾਂਟ ਅੰਦਰ ਜੰਗਲਾਤ ਅਤੇ ਹੋਰ ਮੰਤਵਾਂ ਲਈ ਪਾਣੀ ਦੀ ਵਰਤੋਂ ਤਕਰੀਬਨ ਬੰਦ ਕਰ ਦਿੱਤੀ ਹੈ ਅਤੇ ਕਾਲੋਨੀ ਵਿਚ ਵੀ ਪੀਣ ਦੇ ਪਾਣੀ ਦੀ ਵਰਤੋਂ 'ਤੇ ਕਟੌਤੀ ਲਗਾਈ ਗਈ ਹੈ ਤਾਂ ਜੋ ਵੱਧ ਤੋਂ ਵੱਧ ਪਾਣੀ ਬਚਾ ਕੇ ਪਲਾਂਟ ਨੂੰ ਚਲਦਾ ਰੱਖਿਆ ਜਾ ਸਕੇ।
ਖਾੜਕੂ ਭੂਤਨਾ, ਭਾਈ ਬਿੱਟੂ ਤੇ ਹੋਰਨਾਂ ਦੀ ਪੇਸ਼ੀ ਪਹਿਲੀ ਮਈ 'ਤੇ ਪਈ
ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸਿੱਖ ਨੌਜਵਾਨ ਮੱਖਣ ਸਿੰਘ ਸਮਾਉਂ ਤੇ ਹੋਰਾਂ ਨੂੰ ਅਦਾਲਤ 'ਚੋਂ ਬਾਹਰ ਲਿਆਉਂਦੇ ਹੋਏ ਪੁਲਿਸ ਮੁਲਾਜ਼ਮ।
ਮਾਨਸਾ, 22 ਅਪ੍ਰੈਲ - ਸਥਾਨਕ ਅਦਾਲਤ ਨੇ ਡੇਰਾ ਪ੍ਰੇਮੀ ਲਿੱਲੀ ਕਤਲ ਕਾਂਡ 'ਚ ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਸਮੇਤ ਹੋਰ ਸਿੰਘਾਂ ਦੀ ਮੁੜ ਪੇਸ਼ੀ 1 ਮਈ 'ਤੇ ਪਾ ਦਿੱਤੀ ਹੈ। ਉਪਰੋਕਤ ਤੋਂ ਇਲਾਵਾ ਸਿੱਖ ਨੌਜਵਾਨ ਮੱਖਣ ਸਿੰਘ ਸਮਾਉਂ, ਪ੍ਰੋ: ਗੁਰਬੀਰ ਸਿੰਘ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਧੀਰ ਸਿੰਘ, ਗੁਰਦੀਪ ਸਿੰਘ ਰਾਜੂ ਲੁਧਿਆਣਾ, ਗਮਦੂਰ ਸਿੰਘ ਝੰਡੂਕਾ, ਕਰਨ ਸਿੰਘ ਝੰਡੂਕਾ, ਰਾਜ ਸਿੰਘ ਕੋਟਧਰਮੂ, ਅੰਮ੍ਰਿਤਪਾਲ ਸਿੰਘ ਆਦਿ ਨੂੰ ਇਥੇ ਵਧੀਕ ਸੈਸ਼ਨ ਜੱਜ ਸ: ਬਲਦੇਵ ਸਿੰਘ ਸੋਢੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਉਪਰੋਕਤ ਕਤਲ ਕਾਂਡ ਦੀ ਪਹਿਲੀ ਐਫ. ਆਈ. ਆਰ. ਵਿਚ ਨਾਮਜ਼ਦ ਜ਼ਿਲ੍ਹੇ ਦੇ ਪਿੰਡ ਆਲਮਪੁਰ ਮੰਦਰਾਂ ਦੇ 3 ਸਿੱਖ ਨੌਜਵਾਨਾਂ ਦਲਜੀਤ ਸਿੰਘ ਟੈਣੀ, ਮਿੱਠੂ ਸਿੰਘ, ਡਾ: ਛਿੰਦਾ ਸਿੰਘ ਨੂੰ ਵੀ ਇਸੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਕੀਲ ਅਜੀਤ ਸਿੰਘ ਭੰਗੂ ਨੇ ਦੱਸਿਆ ਕਿ ਅੱਜ ਇੱਕ ਪੁਲਿਸ ਅਫ਼ਸਰ ਦੀ ਗਵਾਹੀ ਵਿਚ ਪਿੰਡ ਆਲਮਪੁਰ ਮੰਦਰਾਂ ਦੇ 3 ਨੌਜਵਾਨਾਂ ਨੂੰ ਬੇਕਸੂਰ ਦੱਸਿਆ ਗਿਆ ਜਦਕਿ 2 ਹੋਰ ਗਵਾਹਾਂ ਜੋਗਿੰਦਰ ਸਿੰਘ ਤੇ ਮਲਕੀਤ ਸਿੰਘ ਨੇ ਉਨ੍ਹਾਂ ਨੂੰ ਕਸੂਰਵਾਰ ਦੱਸਦਿਆਂ ਖਾੜਕੂ ਭੂਤਨਾ ਤੇ ਦੂਸਰੇ ਸਾਥੀਆਂ ਨੂੰ ਬੇਕਸੂਰ ਕਿਹਾ। ਅਦਾਲਤ ਨੇ ਗਵਾਹੀਆਂ ਲੈਣ ਉਪਰੰਤ ਬਾਅਦ ਦੁਪਹਿਰ ਇਨ੍ਹਾਂ ਸਾਰਿਆਂ ਦੀ ਪੇਸ਼ੀ 1 ਮਈ 'ਤੇ ਪਾਈ ਹੈ।ਬੱਬਰ ਖਾਲਸਾ ਦੇ ਖਾੜਕੂ ਭਾਈ ਬਲਵੀਰ ਸਿੰਘ ਭੂਤਨਾ, ਸਿੱਖ ਨੌਜਵਾਨ ਮੱਖਣ ਸਿੰਘ ਸਮਾਉਂ ਤੇ ਹੋਰਾਂ ਨੂੰ ਅਦਾਲਤ 'ਚੋਂ ਬਾਹਰ ਲਿਆਉਂਦੇ ਹੋਏ ਪੁਲਿਸ ਮੁਲਾਜ਼ਮ।
ਸਰਕਾਰ ਦੀ ਸਵੱਲੀ ਨਜ਼ਰ ਦੀ ਉਡੀਕ 'ਚ ਹਨ ਸਿੱਖਿਆ ਕਰਮੀ
ਅਬੋਹਰ, 22 ਅਪ੍ਰੈਲ- ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਸਿੱਖਿਆ ਅਤੇ ਪ੍ਰਬੰਧਕੀ ਢਾਂਚੇ 'ਚ ਭਰਪੂਰ ਸੁਧਾਰ ਕਰਨ ਵਾਲੇ ਸਿੱਖਿਆ ਕਰਮੀ (ਸਿੱਖਿਆ ਪ੍ਰੋਵਾਈਡਰ) ਸਰਕਾਰ ਦੀ ਸਵੱਲੀ ਨਜ਼ਰ ਤੋਂ ਸੱਖਣੇ ਹਨ। ਸਿੱਖਿਆ ਵਿਭਾਗ 'ਚ ਪੰਚਾਇਤੀ ਪੱਧਰ 'ਤੇ ਮੈਰਿਟ ਅਨੁਸਾਰ ਕਈ ਸਾਲ ਪਹਿਲਾ ਪ੍ਰਾਇਮਰੀ ਪੱਧਰ ਤੱਕ ਪੜਾਉਣ ਲਈ ਸਿੱਖਿਆ ਕਰਮੀਆਂ ਦੀ ਨਿਯੁਕਤੀ ਹੋਈ ਸੀ। ਲੰਮੇ ਸਮੇਂ ਤੋਂ ਪੜੇ ਲਿਖੇ ਸਿੱਖਿਆ ਕਰਮੀ ਘੱਟ ਤਨਖਾਹਾਂ 'ਤੇ ਪੱਕੇ ਅਧਿਆਪਕਾਂ ਵਾਂਗ ਕੰਮ ਕਰਨ ਦੇ ਨਾਲ-ਨਾਲ ਹੱਕੀ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਹਨ। ਡੀ. ਜੀ. ਐਸ. ਈ. ਵੱਲੋਂ ਜਾਰੀ ਹੋਏ ਹੁਕਮਾਂ ਨੂੰ ਵੀ ਤਿੰਨ ਮਹੀਨੇ ਬੀਤਣ ਬਾਅਦ ਜ਼ਿਲ੍ਹਾ ਸਿੱਖਿਆ ਅਫਸਰਾਂ ਨੇ ਲਾਗੂ ਕਰਨਾ ਜ਼ਰੂਰੀ ਨਹੀਂ ਸਮਝਿਆ। ਸਿੱਖਿਆ ਕਰਮੀਆਂ ਨੂੰ ਪੱਕੇ ਅਧਿਆਪਕਾਂ ਵਾਂਗ ਛੁੱਟੀਆਂ ਦੇਣ ਸਬੰਧੀ 11 ਨਵੰਬਰ, 2011 ਨੂੰ ਪੱਤਰ ਜਾਰੀ ਕੀਤਾ। ਇਸ ਤੋਂ ਇਲਾਵਾ ਇਨ੍ਹਾਂ ਦੀਆਂ ਸਰਵਿਸ ਬੁੱਕਾਂ ਲਾਉਣ ਅਤੇ ਸਿੱਖਿਆ ਕਰਮੀਆਂ ਨੂੰ ਇਕ ਅਧਿਆਪਕ ਸਮਝਣ ਸਬੰਧੀ ਵੀ ਪੱਤਰ ਜਾਰੀ ਹੋਇਆ। ਭਾਵੇਂ ਇਹ ਪੱਤਰ ਜ਼ਿਲ੍ਹਾ ਸਿੱਖਿਆ ਦਫ਼ਤਰਾਂ 'ਚ ਕਾਫ਼ੀ ਸਮਾਂ ਪਹਿਲਾ ਪੁੱਜ ਗਏ ਪਰ ਅਗਾਂਹ ਜ਼ਿਲ੍ਹਾ ਅਧਿਕਾਰੀਆਂ ਨੇ ਇਨ੍ਹਾਂ ਪੱਤਰਾਂ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਇਨ੍ਹਾਂ ਨੂੰ ਅੱਗੇ ਭੇਜਣਾ ਜ਼ਰੂਰੀ ਨਹੀਂ ਸਮਝਿਆ। ਇਸ ਤੋਂ ਇਲਾਵਾ ਸਿੱਖਿਆ ਕਰਮੀਆਂ ਦੀ ਤਨਖਾਹ ਦਸੰਬਰ 2011 ਤੋਂ 1 ਹਜ਼ਾਰ ਵਧਾਉਣ ਅਤੇ ਹੋਰ ਮੰਗਾਂ 19 ਨਵੰਬਰ ਦੀ ਕੈਬਨਿਟ ਬੈਠਕ 'ਚ ਸੂਤਰਾਂ ਮੁਤਾਬਿਕ ਪਾਸ ਵੀ ਹੋਈਆਂ ਪਰ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਸਿੱਖਿਆ ਕਰਮੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਤੇ ਹੱਕੀ ਮੰਗਾਂ ਲਈ ਤਕੜਾ ਸੰਘਰਸ਼ ਕਰਨ ਵਾਲੇ ਸ: ਅਜਮੇਰ ਸਿੰਘ ਔਲਖ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਾਅਦੇ ਪੂਰੇ ਕਰਕੇ ਉਨ੍ਹਾਂ ਨੂੰ ਪੱਕੇ ਕਰੇ। ਸ: ਔਲਖ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਛੇਤੀ ਨਾ ਕੀਤਾ ਤਾਂ ਦੁਬਾਰਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਪਹਿਲਾ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਅਧਿਕਾਰੀਆਂ ਤੋਂ ਮੰਗ ਵੀ ਕੀਤੀ ਹੈ।ਪ੍ਰਿੰਸੀਪਲਾਂ ਦੀ ਨਿਯੁਕਤੀ ਪ੍ਰੀਖਿਆ 'ਚੋਂ ਗੁਰਪ੍ਰੀਤ ਕੌਰ ਪਹਿਲੇ ਨੰਬਰ 'ਤੇ
ਬਠਿੰਡਾ, 22 ਅਪ੍ਰੈਲ - ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਉਦਯੋਗਿਕ ਸਿਖਲਾਈ ਸੰਸਥਾ ਦੇ ਸਹਾਇਕ ਡਾਇਰੈਕਟਰ, ਪ੍ਰਿੰਸੀਪਲ ਅਤੇ ਮੈਨੇਜਰ ਦੀ ਲਈ ਗਈ ਪ੍ਰੀਖਿਆ ਦੇ ਹਾਲ ਵਿਚ ਹੀ ਐਲਾਨੇ ਨਤੀਜੇ ਵਿਚ ਬਠਿੰਡਾ ਦੀ ਗੁਰਪ੍ਰੀਤ ਕੌਰ ਗਿੱਲ ਪਤਨੀ ਗੁਰਮੀਤ ਸਿੰਘ ਨਿਊ ਗਿੱਲ ਮੋਟਰਜ਼ ਨੇ 72.60 ਫੀਸਦੀ ਅੰਕ ਲੈ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਅਹੁਦੇ ਲਈ ਰਾਜ ਭਰ ਦੇ ਕਰੀਬ 289 ਉਮੀਦਵਾਰਾਂ ਨੇ ਇਹ ਪ੍ਰੀਖਿਆ ਦਿੱਤੀ ਸੀ। ਦੂਜੇ ਨੰਬਰ 'ਤੇ 70.36 ਫੀਸਦੀ ਅੰਕ ਲੈ ਕੇ ਜੁਪਜੀਤ ਸਿੰਘ ਧਵਨ ਪੁੱਤਰ ਜੋਗਿੰਦਰ ਸਿੰਘ ਧਵਨ ਅਤੇ 70.36 ਫੀਸਦੀ ਅੰਕ ਲੈ ਕੇ ਸਤਵਿੰਦਰ ਸਿੰਘ ਪੁੱਤਰ ਗੁਰਮੁੱਖ ਸਿੰਘ ਤੀਜੇ ਸਥਾਨ 'ਤੇ ਰਿਹਾ। ਉਦਯੋਗਿਕ ਸਿਖ਼ਲਾਈ ਸੰਸਥਾ ਦੇ ਪ੍ਰਿੰਸੀਪਲਾਂ/ਸਹਾਇਕ ਡਾਇਰੈਕਟਰ ਅਤੇ ਮੈਨੇਜਰਾਂ ਦੀ ਪ੍ਰੀਖਿਆ ਦੇ ਨਤੀਜੇ ਦਾ ਐਲਾਨ ਕੱਲ੍ਹ ਕੀਤਾ ਗਿਆ ਹੈ। ਗੁਰਪ੍ਰੀਤ ਕੌਰ ਦੇ ਸਹਾਇਕ ਡਾਇਰੈਕਟਰ ਕਮ ਪ੍ਰਿੰਸੀਪਲ ਦੇ ਅਹੁਦੇ ਲਈ ਪੰਜਾਬ ਭਰ 'ਚੋਂ ਪਹਿਲੇ ਨੰਬਰ 'ਤੇ ਆਉਣ ਕਾਰਨ ਉਨ੍ਹਾਂ ਦੇ ਘਰ ਖੁਸ਼ੀ ਵਾਲਾ ਮਾਹੌਲ ਬਣਿਆ ਹੈ।
ਸਿੱਖਿਆ ਵਿਭਾਗ ਵੱਲੋਂ ਵਿੱਤੀ ਸ਼ਕਤੀਆਂ ਪੱਕੇ ਪ੍ਰਿੰਸੀਪਲਾਂ ਨੂੰ ਦੇਣ ਦਾ ਫੈਸਲਾ
ਫ਼ਿਰੋਜ਼ਪੁਰ, 22 ਅਪ੍ਰੈਲ - ਪੰਜਾਬ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀਆਂ ਵਿੱਤੀ ਸ਼ਕਤੀਆਂ ਸਿਰਫ਼ ਪੱਕੇ ਪ੍ਰਿੰਸੀਪਲਾਂ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਆਪਣੇ ਪੱਤਰ ਨੰਬਰ 13/181/-2010 ਅਮਲਾ 1 (6) ਮਿਤੀ 18-4-12 ਰਾਹੀਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜੇ ਆਦੇਸ਼ ਵਿਚ ਆਖਿਆ ਕਿ ਰਾਜ ਦੇ 1395 ਤੋਂ ਵੱਧ ਸੈਕੰਡਰੀ ਸਕੂਲਾਂ ਦੀਆਂ ਵਿੱਤੀ ਸ਼ਕਤੀਆਂ (ਡੀ. ਡੀ. ਪਾਵਰਾਂ) ਸਿਰਫ਼ ਪੱਕੇ ਪ੍ਰਿੰਸੀਪਲਾਂ ਨੂੰ ਹੀ ਦਿੱਤੀਆਂ ਜਾਣ। ਵਰਨਣਯੋਗ ਹੈ ਕਿ ਸੂਬੇ ਦੇ 60 ਫੀਸਦੀ ਤੋਂ ਵੱਧ ਸਕੂਲ ਬਿਨ੍ਹਾਂ ਪੱਕੇ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ। ਹੁਣ ਸਿੱਖਿਆ ਵਿਭਾਗ ਦੇ ਨਵੇਂ ਆਦੇਸ਼ ਅਨੁਸਾਰ ਹਰੇਕ ਪ੍ਰਿੰਸੀਪਲ ਨੂੰ ਘੱਟੋ-ਘੱਟ 5 ਸਕੂਲਾਂ ਦਾ ਵਿੱਤੀ ਪ੍ਰਬੰਧ ਸੰਭਾਲਣਾ ਪਵੇਗਾ ਅਤੇ ਇਸ ਨਾਲ ਜਿਥੇ ਮੌਜੂਦਾ ਸਕੂਲਾਂ ਦੇ ਬੱਚਿਆਂ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ, ਉਥੇ ਸਿੱਖਿਆ ਦੇ ਮੰਦਰਾਂ ਵਿਚ ਅਨੁਸ਼ਾਸਨ ਦੀ ਘਾਟ ਵੀ ਰੜਕੇਗੀ। ਵਿਜੀਲੈਂਸ 'ਚ ਭਰਤੀ ਬਦਲੇ ਲਈ 2 ਲੱਖ ਰਿਸ਼ਵਤ
ਚੰਡੀਗੜ੍ਹ, 22 ਅਪ੍ਰੈਲ - ਲੋਕਾਂ ਨੂੰ ਰਿਸ਼ਵਤਖੋਰੀ ਤੋਂ ਨਿਜਾਤ ਦਿਵਾਉਣ ਲਈ ਬਣਾਏ ਗਏ ਵਿਜੀਲੈਂਸ ਵਿਭਾਗ ਵਿਚ ਸਿਪਾਹੀ ਭਰਤੀ ਕਰਾਉਣ ਬਦਲੇ ਹੀ ਜ਼ਿਲ੍ਹਾ ਮੋਹਾਲੀ ਦੇ ਪਿੰਡ ਗੋਬਿੰਦਗੜ੍ਹ ਨਿਵਾਸੀ ਦੋ ਭਰਾਵਾਂ ਪ੍ਰਕਾਸ਼ ਪੂਰੀ ਅਤੇ ਮੁਕੇਸ਼ ਪੂਰੀ ਨੇ ਆਪਣੇ ਹੀ ਪਿੰਡ ਦੇ ਓਮ ਪ੍ਰਕਾਸ਼ ਤੋਂ 2 ਲੱਖ ਰੁਪਏ ਰਿਸ਼ਵਤ ਲੈ ਲਈ। ਇਹ ਰਿਸ਼ਵਤ ਓਮ ਪ੍ਰਕਾਸ਼ ਦੇ ਬੇਟੇ ਨੂੰ ਪੰਜਾਬ ਵਿਜੀਲੈਂਸ ਵਿਚ ਭਰਤੀ ਕਰਾਉਣ ਬਦਲੇ ਲਈ ਗਈ ਸੀ, ਪਰ ਨਾ ਤਾਂ ਉਹ ਭਰਤੀ ਹੀ ਕਰਵਾ ਸਕੇ ਅਤੇ ਨਾ ਹੀ ਉਨ੍ਹਾਂ ਲਏ ਹੋਏ ਪੈਸੇ ਵਾਪਿਸ ਕੀਤੇ। ਜਿਸ 'ਤੇ ਓਮ ਪ੍ਰਕਾਸ਼ ਦੀ ਸ਼ਿਕਾਇਤ 'ਤੇ ਪੁਲਿਸ ਨੇ ਦੋਵਾਂ ਭਰਾਵਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਓਮ ਪ੍ਰਕਾਸ਼ ਅਨੁਸਾਰ ਉਸ ਨੇ ਇਹ ਪੈਸੇ ਦੋਸ਼ੀਆਂ ਨੂੰ ਪਿਛਲੇ ਸਾਲ ਸੈਕਟਰ 43 ਦੇ ਬੱਸ ਅੱਡੇ 'ਤੇ ਆ ਕੇ ਦਿੱਤੇ ਸਨ। ਪੇਂਡੂ ਖੇਤਰਾਂ ਦੇ ਪ੍ਰੀਖਿਆ ਕੇਂਦਰ 'ਚ ਪ੍ਰੀਖਿਆਰਥੀਆਂ ਦੀ ਗਿਣਤੀ 75 ਹੋਵੇਗੀ
ਅਜੀਤਗੜ੍ਹ, 22 ਅਪ੍ਰੈਲ - ਮਾਨਤਾ ਪ੍ਰਾਪਤ ਅਤੇ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਸਿੱਖਿਆ ਬੋਰਡ ਦੇ ਚੇਅਰਮੈਨ ਡਾ: ਦਲਬੀਰ ਸਿੰਘ ਢਿੱਲੋਂ ਨਾਲ ਹੋਈ। ਇਸ ਮੀਟਿੰਗ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਸ਼ਰਮਾ, ਸਿੱਖਿਆ ਬੋਰਡ ਦੇ ਮੀਤ ਪ੍ਰਧਾਨ ਪ੍ਰੋ: ਸੁਰੇਸ਼ ਟੰਡਨ ਅਤੇ ਸਕੱਤਰ ਡਾ: ਬਲਵਿੰਦਰ ਸਿੰਘ ਤੇ ਹੋਰ ਬੋਰਡ ਅਧਿਕਾਰੀ ਹਾਜ਼ਰ ਸਨ। ਸ੍ਰੀ ਰਾਏ ਨੇ ਦੱਸਿਆ ਕਿ ਅਗਲੀਆਂ ਪ੍ਰੀਖਿਆਵਾਂ ਦੌਰਾਨ ਪੇਂਡੂ ਪ੍ਰੀਖਿਆ ਕੇਂਦਰਾਂ ਵਿਚ 100 ਦੀ ਥਾਂ 75 ਪ੍ਰੀਖਿਆਰਥੀ ਹੋਣਗੇ। ਉਨ੍ਹਾਂ ਦੱਸਿਆ ਕਿ ਐਫੀਲੀਏਟਿਡ ਸਕੂਲਾਂ 'ਚੋਂ ਬੋਰਡ ਮੈਂਬਰ ਤੇ ਅਕੈਡਮਿਕ ਕੌਂਸਲ ਦੇ ਮੈਂਬਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਸਿੱਖਿਆ ਬੋਰਡ ਨਾਲ ਸਬੰਧਿਤ ਕੰਮਾਂ ਲਈ ਸਕੂਲ ਪ੍ਰਬੰਧਕਾਂ ਨੂੰ ਅਜੀਤਗੜ੍ਹ ਨਹੀਂ ਆਉਣਾ ਪਵੇਗਾ, ਸਗੋਂ ਖੇਤਰੀ ਦਫ਼ਤਰ ਪੱਧਰ 'ਤੇ ਹੀ ਕੰਮ ਨਿਪਟਾਏ ਜਾਣਗੇ। ਇਸ ਤੋਂ ਇਲਾਵਾ ਓਪਨ ਸਕੂਲ ਦਸਵੀਂ ਤੇ ਬਾਰ੍ਹਵੀਂ ਦੇ ਪਿਛਲੇ ਬਕਾਏ ਇਸੇ ਮਹੀਨੇ ਤੋਂ ਮਿਲਣੇ ਸ਼ੁਰੂ ਹੋ ਜਾਣਗੇ। ਇਸ ਮੌਕੇ ਪ੍ਰੇਮ ਭਾਰਦਵਾਜ, ਗੁਰਵਿੰਦਰ ਸਿੰਘ, ਐਸ. ਐਸ. ਬੇਦੀ, ਵਿਜੇ ਤਿਵਾੜੀ, ਮਧੂ ਸ਼ਰਮਾ, ਕਰਮਜੀਤ ਸਿੰਘ, ਅਸ਼ੋਕ ਕੁਮਾਰ, ਸ਼ਿਵ ਕੁਮਾਰ ਅਤੇ ਕ੍ਰਿਸ਼ਨ ਵਸ਼ਿਸ਼ਟ ਹਾਜ਼ਰ ਸਨ। ਪੰਜਾਬ ਦੀਆਂ ਮੰਡੀਆਂ 'ਚ 16.31 ਲੱਖ ਟਨ ਕਣਕ ਦੀ ਆਮਦ-ਲੱਖੋਵਾਲ
ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ 'ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਸ: ਅਜਮੇਰ ਸਿੰਘ ਲੱਖੋਵਾਲ। ਨਾਲ ਖੜੇ ਪ੍ਰਦੁਮਣ ਬੇਗਾਵਾਲੀ, ਕਿਸਾਨ ਆਗੂ ਅਤੇ ਹੋਰ।
ਫ਼ਾਜ਼ਿਲਕਾ, 22 ਅਪ੍ਰੈਲ - ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਸ: ਅਜਮੇਰ ਸਿੰਘ ਲੱਖੋਵਾਲ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੇ ਖ਼ਰੀਦ ਪ੍ਰਧੰਬਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿਚ ਕਣਕ ਦੀ ਖ਼ਰੀਦ ਲਈ 1769 ਕੇਂਦਰ ਬਣਾਏ ਗਏ ਹਨ। ਪੰਜਾਬ ਦੀਆਂ ਮੰਡੀਆਂ 'ਚ 16.31 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਜਦੋਂ ਕਿ ਪਿਛਲੇ ਸਾਲ ਅੱਜ ਦੇ ਦਿਨ ਤੱਕ 19.96 ਲੱਖ ਟਨ ਕਣਕ ਦੀ ਆਮਦ ਹੋਈ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਇੱਕੋ ਦਿਨ 5.67 ਲੱਖ ਟਨ ਕਣਕ ਦੀ ਆਮਦ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਖ਼ਰੀਦ ਏਜੰਸੀਆਂ ਵੱਲੋਂ 12.31 ਲੱਖ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਜਦੋਂ ਕਿ ਸਿਰਫ਼ 0.3 ਟਨ ਕਣਕ ਵਾਰੀਆਂ ਵੱਲੋਂ ਖ਼ਰੀਦੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੌਸਮ ਵਿਚ ਖ਼ਰਾਬੀ ਕਾਰਨ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਸਾਰੀਆਂ ਮੰਡੀਆਂ ਵਿਚ ਮੀਂਹ ਹਨੇਰੀ ਤੋਂ ਬਚਾਉਣ ਲਈ ਤਿਰਪਾਲਾਂ ਆਦਿ ਦੇ ਪ੍ਰਬੰਧ ਕੀਤੇ ਜਾਣ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਮੰਡੀ ਅਫ਼ਸਰ ਮਨਜੀਤ ਸਿੰਘ ਸੰਧੂ, ਵਿਜੇ ਮਦਾਨ ਸਕੱਤਰ, ਸੁਖਪਾਲ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਬੀ.ਕੇ.ਯੂ ਫ਼ਿਰੋਜ਼ਪੁਰ, ਪ੍ਰਦੁਮਣ ਕੁਮਾਰ ਬੇਗਾਵਾਲੀ ਜ਼ਿਲ੍ਹਾ ਪ੍ਰਧਾਨ ਬੀਕੇਯੂ, ਪੂਰਨ ਸਿੰਘ ਸ਼ਾਹਕੋਟ, ਮਾਸਟਰ ਅਜਮੇਰ ਸਿੰਘ, ਜਗਤਾਰ ਸਿੰਘ ਚੋਟੀਆਂ, ਗੁਰਪ੍ਰੀਤ ਸਿੰਘ ਲੱਖੋਵਾਲ, ਗੁਲਜ਼ਾਰ ਸਿੰਘ, ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਸ੍ਰੀ ਨਿਵਾਸ ਬਿਹਾਣੀ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ ਫ਼ਾਜ਼ਿਲਕਾ ਆਦਿ ਤੋਂ ਇਲਾਵਾ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।ਫ਼ਾਜ਼ਿਲਕਾ ਦੀ ਮੁੱਖ ਅਨਾਜ ਮੰਡੀ 'ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਸ: ਅਜਮੇਰ ਸਿੰਘ ਲੱਖੋਵਾਲ। ਨਾਲ ਖੜੇ ਪ੍ਰਦੁਮਣ ਬੇਗਾਵਾਲੀ, ਕਿਸਾਨ ਆਗੂ ਅਤੇ ਹੋਰ।
No comments:
Post a Comment