Wednesday, 4 April 2012

ਪਿੰਡ ਕੈਲਾ ਦੇ ਨੌਜਵਾਨ ਦੀ  ਆਸਟਰੇਲੀਆ 'ਚ ਡੁੱਬਣ ਨਾਲ ਮੌਤ
ਧਰਮਕੋਟ 4 ਅਪ੍ਰੈਲ -ਜ਼ਿਲ੍ਹਾ ਮੋਗਾ ਦੇ ਪਿੰਡ ਕੈਲਾ (ਧਰਮਕੋਟ) ਤੋਂ ਆਸਟਰੇਲੀਆ ਪੜ੍ਹਾਈ ਕਰਨ ਗਏ 26 ਸਾਲਾ ਨੌਜਵਾਨ ਦੀ ਸਮੁੰਦਰ ਵਿਚ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਸਤਵੰਤ ਸਿੰਘ ਢਿੱਲੋਂ ਪੁੱਤਰ ਕੁਲਵੰਤ ਸਿੰਘ ਪਿੰਡ ਕੈਲਾ ਹਾਲ ਵਾਸੀ ਧਰਮਕੋਟ 2009 ਵਿਚ ਆਸਟਰੇਲੀਆ ਵਿਖੇ ਪੜ੍ਹਾਈ ਕਰਨ ਗਿਆ ਸੀ। ਬੀਤੇ ਐਤਵਾਰ ਉਹ ਆਪਣੇ ਨਾਲ ਰਹਿ ਰਹੇ ਖੰਨੇ ਸ਼ਹਿਰ ਤੋਂ ਸਾਥੀ ਨੂੰ ਨਾਲ ਲੈ ਕੇ ਆਪਣੇ ਕੋਲ ਘੁੰਮਣ ਲਈ ਪਹੁੰਚੇ। ਭੂਆ ਦੇ ਲੜਕੇ ਰਣਧੀਰ ਸਿੰਘ ਵਾਸੀ ਜਲਮਾਨਾ ਜ਼ਿਲ੍ਹਾ ਕਰਨਾਲ ਨੂੰ ਲੈ ਕੇ ਨਿਊ ਸਾਊਥ ਵੇਲਜ਼ ਦੇ ਕਸਬੇ ਬਾਇਰਨ ਬੇਅ ਦੀ ਬਲੋਗੀ ਬੀਚ 'ਤੇ ਨਹਾਉਣ ਲਈ ਚਲੇ ਗਏ ਕਿ ਅਚਾਨਕ ਪਾਣੀ ਦੀ ਤੇਜ਼ ਛੱਲ ਨੇ ਉਨ੍ਹਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਜਿਸ ਤੇ ਇਹ ਤਿੰਨੇ ਨੌਜਵਾਨ ਪਾਣੀ ਵਿਚ ਡੁੱਬ ਗਏ। ਬੀਚ 'ਤੇ ਹਾਜ਼ਰ ਲੋਕਾਂ ਦੇ ਰੌਲਾ ਪਾਉਣ ਤੇ ਬਚਾਓ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਇਨ੍ਹਾਂ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ ਜਿਥੇ ਸਤਵੰਤ ਸਿੰਘ ਢਿੱਲੋਂ ਅਤੇ ਦੂਸਰੇ ਸਾਥੀ ਜੋ ਕਿ ਖੰਨਾ ਸ਼ਹਿਰ ਤੋਂ ਹੈ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਤਵੰਤ ਸਿੰਘ ਦੀ ਲਾਸ਼ ਨੂੰ ਭਾਰਤ ਵਿਚ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਇਕ ਦੋ ਦਿਨਾਂ ਵਿਚ ਹੀ ਲਾਸ਼ ਧਰਮਕੋਟ ਵਿਖੇ ਪਹੁੰਚ ਜਾਵੇਗੀ ਜਦ ਕਿ ਦੂਸਰੇ ਸਾਥੀ ਜੋ ਖੰਨਾ ਸ਼ਹਿਰ ਤੋਂ ਹੈ ਦੀ ਆਸਟਰੇਲੀਆ ਵਿਖੇ ਕੋਰਟ ਮੈਰਿਜ ਹੋਣ ਕਾਰਨ ਲਾਸ਼ ਨੂੰ ਭਾਰਤ ਵਿਚ ਲਿਆਉਣ ਲਈ ਕੁਝ ਅੜਚਨਾਂ ਪੈਦਾ ਹੋ ਰਹੀਆਂ ਹਨ।
ਵਿਆਹ 'ਚ ਜ਼ਹਿਰੀਲਾ ਖਾਣਾ ਖਾਣ ਕਾਰਨ 200 ਤੋਂ ਵੱਧ ਲੋਕ ਬਿਮਾਰ
ਮਾਹਿਲਪੁਰ-4 ਅਪ੍ਰੈਲ  ਪਿੰਡ ਜੀਵਨਪੁਰ ਜੱਟਾਂ ਅਤੇ ਜ਼ੀਵਨਪੁਰ ਗੁਜ਼ਰਾਂ ਦੇ ਇੱਕ ਪੈਲਿਸ ਵਿੱਚ ਵਿਆਹ ਦੌਰਾਨ ਜ਼ਹਿਰੀਲਾ ਖਾਣਾ ਖਾਣ ਕਾਰਨ ਲਗਭਗ 200 ਦੇ ਕਰੀਬ ਬਰਾਤ ਵਿੱਚ ਸ਼ਾਮਿਲ ਲੋਕ ਜਿਨ੍ਹਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਸ਼ਾਮਿਲ ਸਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਮਰੀਜਾਂ ਨੂੰ ਇਲਾਜ਼ ਲਈ ਮਾਹਿਲਪੁਰ ਦੇ ਸਿਵਲ ਹਸਪਤਾਲ, ਚੈਰੀਟੇਬਲ ਹਸਪਤਾਲ ਦਦਿਆਲ, ਫਗਵਾੜਾ, ਰੋਪੜ, ਗੜ੍ਹਸ਼ੰਕਰ , ਹੁਸ਼ਿਆਰਪੁਰ , ਮੌਰਾਂਵਾਲੀ ਅਤੇ ਕੋਟਫਤੂਹੀ ਦੇ ਹਸਪਤਾਲਾਂ, ਮੁੱਢਲੇ ਸਿਹਤ ਕੇਦਰਾਂ ਵਿੱਚ ਦਾਖਿਲ ਕਰਵਾਇਆ ਗਿਆ ਹੈ। ਦਾਖਿਲ ਮਰੀਜਾਂ ਵਿੱਚ 50 ਦੇ ਕਰੀਬ ਬੱਚਿਆਂ, ਔਰਤਾਂ ਅਤੇ ਨੌਜ਼ਵਾਨਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਹਿਲਪੁਰ ਅਤੇ ਦਦਿਆਲ ਦੇ ਹਸਪਤਾਲਾਂ ਵਿੱਚ ਦਾਖਿਲ 15 ਮਰੀਜਾਂ ਵਿੱਚ ਇੱਕ ਲੜਕੀ ਸਮੇਤ ਦੋ ਨੌਜ਼ਵਾਨਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਮਾਮਲਾ ਉਸ ਵਕਤ ਗੰਭੀਰ ਅਤੇ ਚਿੰਤਾ ਵਾਲਾ ਬਣ ਗਿਆ ਜਦ ਪਿੰਡ ਜੀਵਨਪੁਰ ਜੱਟਾਂ ਵਿਖੇ ਇੱਕ ਵਿਆਹ ਵਾਲੇ ਘਰ ਦੇ ਮੈਬਰਾਂ ਸਮੇਤ ਰਿਸ਼ਤੇਦਾਰ,ਵਿਆਂਦੜ ਲੜਕੇ ਦੇ ਪਿੰਡ ਜੀਵਨਪੁਰ ਗੁੱਜ਼ਰਾਂ ਦੇ ਦੇ ਪਰਿਵਾਰਕ ਮੈਬਰ ਅਤੇ ਰਿਸ਼ਤੇਦਾਰ ਵਿਆਹ ਵਿੱਚ ਜ਼ਹਿਰੀਲਾ ਖਾਣਾਂ ਖਾਣ ਕਾਰਨ ਉਲਟੀਆਂ, ਟੱਟੀਆਂ, ਸਿਰ ਦਰਦ , ਕਮਰ ਦਰਦ ਬੇਹੋਸ਼ੀ ਕਾਰਨ ਗੰਭੀਰ ਰੂਪ ਵਿੱਚ ਬਿਮਾਰ ਹੋ ਗਏ। ਸਿਵਲ ਹਸਪਤਾਲ ਮਾਹਿਲਪੁਰ ਵਿੱਚ ਜੇਰੇ ਇਲਾਜ ਕਮਲਜੀਤ ਕੌਰ ਪਤਨੀ ਹਰਬਿਲਾਸ, ਪਰਵੀਨ ਪੁੱਤਰ ਚਮਨ ਲਾਲ, ਦਿਲਬਾਗ ਸਿੰਘ ਪੂੱਤਰ ਸੁੱਖ ਰਾਮ, ਪਰਵੀਨ ਪੁੱਤਰੀ ਹਰਬਿਲਾਸ, ਲਖਵੀਰ ਸਿੰਘ ਪੁੱਤਰ ਬਤਨਾ ਰਾਮ, ਹਰਪ੍ਰੀਤ ਸਿੰਘ ਪੁੱਤਰ ਹਰਬਿਲਾਸ ਸਾਰੇ ਵਾਸੀ ਜ਼ੀਵਨਪੁਰ ਜੱਟਾਂ ਨੇ ਦੱਸਿਆ ਕਿ ਉਹਨਾ ਦੇ ਪਿੰਡ ਦੇ ਸੁੱਖ ਰਾਮ ਪੁੱਤਰ ਗਰੀਬ ਦਾਸ ਦੀ ਲੜਕੀ ਸ਼ੀਲਾ ਦੇਵੀ ਦਾ ਵਿਆਹ ਲਾਗਲੇ ਪਿੰਡ ਜ਼ੀਵਨਪੁਰ ਗੁੱਜ਼ਰਾਂ ਦੇ ਵਾਸੀ ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਨਾਲ ਲਾਗਲੇ ਪਿੰਡ ਦਦਿਆਲ ਦੇ ਇੱਕ ਪੈਲਿਸ ਵਿੱਚ ਹੋ ਰਿਹਾ ਸੀ। ਪਿੰਡ ਦੇ ਲੋਕਾਂ ਨੇ ਨਵ ਵਿਅਹੁਤਾ ਜੋੜੀ ਸ਼ੀਲਾ ਦੇਵੀ ਅਤੇ ਪਵਨ ਕੁਮਾਰ ਸਮੇਤ 20 ਦੇ ਕਰੀਬ ਉਹਨਾ ਦੇ ਰਿਸ਼ਤੇਦਾਰਾਂ ਨੂੰ ਦਦਿਆਲ ਦੇ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ।
ਘਪਲੇ ਦੇ ਦੋਸ਼ 'ਚ ਗੁਰਦਾਸਪੁਰ ਦੇ ਜ਼ਿਲ੍ਹਾ  ਸਿੱਖਿਆ
ਅਫ਼ਸਰ ਸਮੇਤ ਚਾਰ ਮੁਲਾਜ਼ਮ ਮੁਅੱਤਲ
ਅਜੀਤਗੜ੍ਹ 4 ਅਪ੍ਰੈਲ  ਅਕਾਲੀ-ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੇ ਵਾਅਦੇ ਨੂੰ ਪੂਰਾ ਕਰਦਿਆਂ ਸਿੱਖਿਆ ਵਿਭਾਗ ਨੇ ਦਾਗੀ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ ਤੇ ਫਰਨੀਚਰ ਲਈ ਦਿੱਤੇ ਗਏ ਫੰਡਾਂ ਵਿੱਚ ਦੋ ਕਰੋੜ ਰੁਪਏ ਤੋਂ ਵੱਧ ਦੇ ਘਪਲੇ ਦੇ ਦੋਸ਼ ਹੇਠ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿੰਦੋ ਸਾਹਨੀ, ਜ਼ਿਲ੍ਹਾ ਰਿਸੋਰਸ ਪਰਸਨ ਰਾਮ ਲੁਭਾਇਆ, ਏ.ਪੀ.ਸੀ. (ਜਨਰਲ) ਪਵਨ ਮਹਾਜਨ ਤੇ ਕਲਰਕ ਨਰਿੰਦਰ ਕੁਮਾਰ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਮੰਤਰੀ ਸ: ਸਿਕੰਦਰ ਸਿੰਘ ਮਲੂਕਾ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਪੀ.ਆਈ. (ਸੈਕੰਡਰੀ) ਦਫ਼ਤਰ ਵਿੱਚ ਤਾਇਨਾਤ ਡਾਇਰੈਕਟਰ (ਪ੍ਰਸ਼ਾਸਨ) ਮਨਜੀਤ ਕੌਰ ਘੁੰਮਣ ਨੂੰ ਵੀ ਮੁਲਾਜ਼ਮਾਂ ਦੇ ਅਨੁਸ਼ਾਸਨੀ ਕੇਸਾਂ ਵਿੱਚ ਕੁਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਸਿੱਖਿਆ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਿਦਿਆਰਥੀਆਂ ਦੀਆਂ ਵਰਦੀਆਂ ਤੇ ਫਰਨੀਚਰ ਲਈ ਭੇਜੇ ਗਏ ਫੰਡਾਂ ਵਿੱਚ 2 ਕਰੋੜ ਰੁਪਏ ਤੋਂ ਵੱਧ ਦਾ ਘਪਲਾ ਸਾਹਮਣੇ ਆਇਆ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਘਪਲੇ ਲਈ ਜ਼ਿੰਮੇਵਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼ਿੰਦੋ ਸਾਹਨੀ ਨੂੰ ਮੁਅੱਤਲ ਕਰਕੇ ਮੰਡਲ ਸਿੱਖਿਆ ਦਫ਼ਤਰ ਨਾਭਾ ਵਿਖੇ ਡਿਊਟੀ ਲਗਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰਿਸੋਰਸ ਪਰਸਨ ਰਾਮ ਲੁਭਾਇਆ, ਏ.ਪੀ.ਐਸ. (ਜਨਰਲ) ਪਵਨ ਮਹਾਜਨ ਤੇ ਕਲਰਕ ਨਰਿੰਦਰ ਕੁਮਾਰ ਸ਼ਰਮਾ ਨੂੰ ਮੁਅੱਤਲ ਕਰ ਕੇ ਇਨ੍ਹਾਂ ਦੀ ਡਿਊਟੀ ਜ਼ਿਲ੍ਹਾ ਸਿੱਖਿਆ ਦਫ਼ਤਰ ਸੰਗਰੂਰ ਵਿਖੇ ਲਗਾਈ ਗਈ ਹੈ। ਇਨ੍ਹਾਂ ਚਾਰਾਂ ਵਿਰੁੱਧ ਕੇਸ ਦਰਜ ਕਰਨ ਲਈ ਐਸ.ਐਸ.ਪੀ. ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਡੀ.ਪੀ.ਆਈ. (ਸੈਕੰਡਰੀ) ਦਫ਼ਤਰ ਵਿੱਚ ਤਾਇਨਾਤ ਡਾਇਰੈਕਟਰ (ਪ੍ਰਸ਼ਾਸਨ) ਮਨਜੀਤ ਕੌਰ ਘੁੰਮਣ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਇਸ ਅਧਿਕਾਰੀ ਦੀ ਡਿਊਟੀ ਮੰਡਲ ਸਿੱਖਿਆ ਦਫ਼ਤਰ ਫਰੀਦਕੋਟ ਵਿਖੇ ਲਗਾਈ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਖਾੜਕੂ ਸੰਗਠਨ ਵੱਲੋਂ ਧਮਕੀਆਂ
ਅੰਮ੍ਰਿਤਸਰ.4 ਅਪ੍ਰੈਲ  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਗਲੈਂਡ ਦੇ ਇਕ ਖਾੜਕੂ ਸੰਗਠਨ ਵੱਲੋਂ ਐਸ. ਐਮ. ਐਸ. ਰਾਹੀਂ ਧਮਕੀਆਂ ਮਿਲ ਰਹੀਆਂ ਹਨ। ਪਰ ਉਹ ਪ੍ਰਮਾਤਮਾ 'ਤੇ ਭਰੋਸਾ ਰੱਖਦੇ ਹਨ ਤੇ ਅਜਿਹੀਆਂ ਧਮਕੀਆਂ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਕਿਹਾ 'ਅੱਜ ਵੀ ਮੈਨੂੰ ਵਿਦੇਸ਼ ਤੋਂ ਇਕ ਦੋ ਫੋਨ ਆਏ ਹਨ ਪਰ ਮੈਂ ਸੁਣੇ ਨਹੀਂ ਹਨ।' ਸ਼੍ਰੋਮਣੀ ਕਮੇਟੀ ਪ੍ਰਧਾਨ ਦੱਸਿਆ ਕਿ ਜਾਨਲੇਵਾ ਧਮਕੀ ਬਾਰੇ ਉਨ੍ਹਾਂ ਨੇ ਨਾ ਤਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਨਾ ਹੀ ਉਨ੍ਹਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜ਼ਿੰਦਗੀ ਤੇ ਮੌਤ ਪ੍ਰਮਾਤਮਾ ਦੇ ਹੱਥ ਵਸ ਹੈ। ਅਜਿਹੀਆਂ ਧਮਕੀਆਂ ਦੇਣ ਵਾਲੇ ਲੋਕ ਕੁਝ ਨਹੀਂ ਵਿਗਾੜ ਸਕਦੇ। ਸੂਤਰਾਂ ਮੁਤਾਬਿਕ ਭਾਈ ਰਾਜੋਆਣਾ ਦੇ ਮਾਮਲੇ 'ਚ ਯੂ. ਕੇ. ਸਥਿਤ ਸੰਗਠਨ ਦਾ ਦੋਸ਼ ਹੈ ਕਿ ਸ਼੍ਰੋਮਣੀ ਕਮੇਟੀ ਨੇ ਭਾਈ ਰਾਜੋਆਣਾ ਦੇ ਮਾਮਲੇ 'ਚ ਕੋਈ ਡੂੰਘੀ ਦਿਲਚਸਪੀ ਨਹੀਂ ਵਿਖਾਈ।

ਪੰਜਾਬ ਦੀ ਮਿੱਟੀ ਨਾਲ ਜੁੜਿਆ ਰਹਿਣਾ ਚੰਗਾ ਲੱਗਦੈ-ਸੰਜੇ ਦੱਤ

ਫ਼ਿਲਮ ਅਭਿਨੇਤਾ ਸੰਜੇ ਦੱਤ ਤੇ ਰਾਜ ਕੁੰਦਰਾ ਚੰਡੀਗੜ੍ਹ ਵਿਖੇ ਐਸ.ਐਫ.ਐਲ. ਸ਼ੋਅ ਦੀ ਪ੍ਰਮੋਸ਼ਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। 
ਚੰਡੀਗੜ੍ਹ 4 ਅਪ੍ਰੈਲ  ਬਾਲੀਵੁੱਡ ਅਦਾਕਾਰ ਸੰਜੇ ਦੱਤ ਨੇ ਅੱਜ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਭਾਵੇਂ ਉਹ ਮੁੰਬਈ ਫ਼ਿਲਮੀ ਨਗਰੀ 'ਚ ਰਹਿ ਰਹੇ ਹਨ ਪ੍ਰੰਤੂ ਪੰਜਾਬ ਨਾਲ ਉਸ ਦਾ ਬੇਹੱਦ ਲਗਾਓ ਹੈ... ਤੇ ਪੰਜਾਬ ਦੀ ਮਿੱਟੀ ਨਾਲ ਜੁੜਿਆ ਰਹਿਣਾ ਉਸ ਨੂੰ ਵਧੇਰੇ ਚੰਗਾ ਲੱਗਦੈ। ਅਭਿਨੇਤਾ ਸੰਜੇ ਦੱਤੇ ਅੱਜ ਇਥੇ ਸੁਪਰ ਫਾਈਟ ਲੀਗ (ਐਸ.ਐਫ.ਐਲ.) ਦੀ ਪ੍ਰਮੋਸ਼ਨ ਦੇ ਸਬੰਧ ਵਿਚ ਪੁੱਜੇ ਸਨ। ਇਸ ਮੌਕੇ 'ਤੇ ਉਨ੍ਹਾਂ ਦੇ ਨਾਲ ਪ੍ਰਸਿੱਧ ਅਭਿਨੇਤਰੀ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਸਮੇਤ ਹੋਰ ਵੀ ਸਖਸ਼ੀਅਤਾਂ ਨੇ ਸ਼ਿਰਕਤ ਕੀਤੀ। ਸੰਜੇ ਦੱਤ ਨੇ ਕਿਹਾ ਕਿ ਸੁਪਰ ਫਾਈਟ ਲੀਗ ਇਕ ਮਿਕਸਡ ਮਾਰਸਲ ਆਰਟ ਦੇ ਅਧਾਰਤ ਸ਼ੋਅ ਹੈ ਜਿਸ ਵਿਚ ਜ਼ਬਰਦਸਤ ਇੰਟਰਟੇਨਮੈਂਟ ਅਸਲੀ ਫਾਈਟ ਲੋਕਾਂ ਨੂੰ ਮਾਣਨ ਨੂੰ ਮਿਲੇਗੀ। ਸੰਜੇ ਦੱਤ ਨੇ ਇਕ ਸਵਾਲ ਦੇ ਜੁਆਬ ਵਿਚ ਕਿਹਾ ਕਿ ਉਹ ਇਨੀਂ ਦਿਨੀਂ ਫ਼ਿਲਮ 'ਸਨ ਆਫ ਸਰਦਾਰ' ਦੀ ਸ਼ੂਟਿੰਗ ਦੇ ਸਿਲਸਿਲੇ 'ਚ ਪੰਜਾਬ ਆਏ ਹਨ ਤੇ ਇਥੇ ਆ ਕੇ ਉਨ੍ਹਾਂ ਇਸ ਮੌਸਮ ਵਿਚ ਮੱਕੀ ਦੀ ਰੋਟੀ ਤੇ ਸਾਗ ਦਾ ਖੂਬ ਆਨੰਦ ਲਿਆ ਹੈ। ਸੰਜੇ ਦੱਤ ਨੇ ਕਿਹਾ ਕਿ ਉਹ ਆਪਣੇ ਪਿਤਾ ਮਰਹੂਮ ਅਭਿਨੇਤਾ ਸੁਨੀਲ ਦੱਤ ਨਾਲ ਬਹੁਤ ਵਾਰੀ ਛੋਟੇ ਹੁੰਦੇ ਤੋਂ ਹੀ ਪੰਜਾਬ ਆਉਂਦੇ ਰਹੇ ਹਨ ਤੇ ਉਸ ਨੂੰ ਇਥੇ ਆਉਣਾ ਹਮੇਸ਼ਾ ਹੀ ਚੰਗਾ ਲੱਗਿਆ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਦੇ ਖੁੱਲ੍ਹੇ-ਡੁੱਲੇ ਸੁਭਾਅ ਤੋਂ ਬੇਹੱਦ ਪ੍ਰਭਾਵਤ ਹਨ। ਇਸ ਮੌਕੇ 'ਤੇ ਉਦਯੋਗਪਤੀ ਰਾਜ ਕੁੰਦਰਾ ਨੇ ਕਿਹਾ ਕਿ ਐਸ.ਐਫ.ਐਲ. ਦੇ ਜ਼ਰੀਏ ਖਿਡਾਰੀਆਂ ਨੂੰ ਅਜਿਹਾ ਮੰਚ ਪ੍ਰਦਾਨ ਕਰਨਾ ਹੈ ਜਿਸ ਨਾਲ ਉਹ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਚੰਗੀ ਪਛਾਣ ਬਣਾ ਸਕਣ।

No comments:

Post a Comment