Sunday, 22 April 2012

ਖਰਾਬ ਮੌਸਮ ਦੇ ਬਾਵਜੂਦ ਪੰਜਾਬ 'ਚ ਹੋਵੇਗਾ
ਕਣਕ ਦਾ ਰਿਕਾਰਡ ਉਤਪਾਦਨ

 
ਆਮਦ ਵਿਚ ਇਕਦ
ਜਲੰਧਰ, 22 ਅਪ੍ਰੈਲ-ਵਾਢੀ ਦੇ ਦਿਨਾਂ 'ਚ ਪਏ ਬੇਮੌਸਮੀ ਮੀਂਹ ਅਤੇ ਚੱਲੀ ਹਨੇਰੀ ਨੇ ਹਾਲਾਂਕਿ ਕਈ ਥਾਵਾਂ 'ਤੇ ਕਣਕ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਕਣਕਾਂ ਲੰਮੀਆਂ ਪੈ ਗਈਆਂ ਹਨ ਪਰ ਇਸ ਦੇ ਬਾਵਜੂਦ ਇਸ ਵਾਰ ਪੰਜਾਬ 'ਚ ਕਣਕ ਦੀ ਭਰਪੂਰ ਤੇ ਰਿਕਾਰਡ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਆਸ ਹੈ ਕਿ ਉਹ ਇਸ ਵਾਰ 165 ਲੱਖ ਟਨ ਕਣਕ ਦੀ ਪੈਦਾਵਾਰ ਦਾ ਟੀਚਾ ਹਾਸਲ ਕਰ ਲੈਣਗੇ, ਕਿਉਂਕਿ ਇਸ ਵਾਰ ਸਰਦੀ ਲੰਬਾਂ ਸਮਾਂ ਰਹਿਣ ਕਾਰਨ ਕਣਕ ਦੀ ਫਸਲ ਨੂੰ ਵੱਧਣ-ਫੁੱਲਣ ਦਾ ਵਧੀਆ ਮੌਕਾ ਮਿਲਿਆ ਹੈ ਤੇ ਇਸ ਤਰ੍ਹਾਂ 4700 ਕਿਲੋ ਗ੍ਰਾਮ ਪ੍ਰਤੀ ਹੈਕਟੇਅਰ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਓਧਰ ਹਾਲਾਂਕਿ ਮੌਸਮ ਦੀ ਬੇਰੁਖੀ ਕਾਰਨ ਅਜੇ ਮੰਡੀਆਂ 'ਚ ਕਣਕ ਦੀ ਆਮਦ ਘੱਟ ਹੈ ਤੇ ਪੰਜਾਬ ਦੀਆਂ ਮੰਡੀਆਂ 'ਚ ਅਜੇ ਕੁੱਲ 16 ਲੱਖ ਟਨ ਕਣਕ ਹੀ ਪੁੱਜੀ ਹੈ, ਜੋ ਪਿਛਲੇ ਸਾਲ ਨਾਲੋਂ 30 ਫੀਸਦੀ ਘੱਟ ਹੈ ਪਰ ਆਉਂਦੇ ਦਿਨਾਂ 'ਚ ਵਾਢੀ ਦੇ ਕੰਮ 'ਚ ਇਕਦਮ ਤੇਜ਼ੀ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਆਉਣ ਵਾਲੇ 3-4 ਦਿਨਾਂ 'ਚ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਤੇ ਇਸ ਸਮੇਂ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਂਦੇ ਹੋਏ ਵਾਢੀ ਦਾ ਕੰਮ ਮੁਕਾ ਲੈਣਾ ਚਾਹੀਦਾ ਹੈ। ਮੌਸਮ ਵਿਭਾਗ ਪੰਜਾਬ ਦੇ ਡਾਇਰੈਕਟਰ ਸ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਹਾਲਾਂਕਿ ਆਉਣ ਵਾਲੇ ਤਿੰਨ-ਚਾਰ ਦਿਨ ਮੌਸਮ ਪੂਰੀ ਤਰ੍ਹਾਂ ਸਾਫ ਰਹਿਣ ਦੀ ਸੰਭਾਵਨਾ ਹੈ ਪਰ ਉਸ ਪਿੱਛੋਂ ਮੌਸਮ 'ਚ ਕੁੱਝ ਤਬਦੀਲੀ ਆਉਣ 'ਤੇ ਤੇਜ਼ ਹਵਾਵਾਂ ਚੱਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਜਲਦੀ ਤੋਂ ਜਲਦੀ ਕਣਕ ਦੀ ਵਾਢੀ ਦਾ ਕੰਮ ਮੁਕਾ ਲੈਣ। ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਮੰਗਲ ਸਿੰਘ ਸੰਧੂ ਨੇ ਕਿਹਾ ਹੈ ਕਿ ਹਾਲਾਂਕਿ ਕਈ ਥਾਈਂ ਤੇਜ ਹਵਾਵਾਂ ਚੱਲਣ ਤੇ ਮੀਂਹ ਪੈਣ ਕਾਰਨ ਕਣਕਾਂ ਵਿਛ ਗਈਆਂ ਹਨ ਪਰ ਇਸ ਦੇ ਬਾਵਜੂਦ ਪੰਜਾਬ 'ਚ ਇਸ ਵਾਰ ਰਿਕਾਰਡ ਕਣਕ ਦੀ ਪੈਦਾਵਾਰ ਹੋਵੇਗੀ ਤੇ ਪਿਛਲੇ ਵਰ੍ਹੇ ਨਾਲੋਂ ਇਕ ਲੱਖ ਟਨ ਕਣਕ ਵਾਧੂ ਪੈਦਾ ਹੋਣ ਤੇ 165 ਲੱਖ ਟਨ ਕਣਕ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਪੰਜਾਬ ਵਿਚ ਕੁੱਲ 35.15 ਲੱਖ ਹੈਕਟੇਅਰ 'ਚ ਕਣਕ ਦੀ ਬਿਜਾਈ ਕੀਤੀ ਗਈ ਸੀ ਤੇ ਕੁਝ ਥਾਵਾਂ ਨੂੰ ਛੱਡ ਕੇ ਇਸ ਉੱਪਰ ਮੌਸਮ ਦੀ ਖਰਾਬੀ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਤੇ ਨਾ ਹੀ ਕਣਕ ਦੇ ਮਿਆਰ ਨੂੰ ਕੋਈ ਫਰਕ ਪਿਆ ਹੈ।  ਪੰਜਾਬ ਮੰਡੀ ਬੋਰਡ ਦੇ ਸਹਾਇਕ ਡਾਇਰੈਕਟਰ ਸ. ਸ਼ਮਸ਼ੇਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਦੀਆਂ 1770 ਮੰਡੀਆਂ 'ਚ ਹੁਣ ਤੱਕ 16 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ। ਜਿਸ ਵਿਚੋਂ 12 ਲੱਖ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਮੌਸਮ ਸਾਫ ਹੋਣ ਕਾਰਨ ਆਉਂਦੇ ਦਿਨਾਂ 'ਚ ਮੰਡੀਆਂ 'ਚ ਕਣਕ ਦੀ ਆਮਦ ਤੇਜ਼ ਹੋਣ ਦੀ ਸੰਭਾਵਨਾ ਹੈ। ਜਲੰਧਰ 'ਚ ਵਾਢੀ ਨੇ ਫੜੀ ਰਫਤਾਰ-ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈਂਦੇ ਰਹੇ ਬੇਮੌਸਮੀ ਮੀਂਹ ਤੇ ਚੱਲੀ ਹਨੇਰੀ ਨੇ ਜ਼ਿਲ੍ਹੇ 'ਚ ਵਾਢੀ ਦਾ ਕੰਮ ਕਾਫੀ ਪਛਾੜ ਦਿੱਤਾ ਹੈ ਪਰ ਅੱਜ ਧੁੱਪ ਲੱਗਣ 'ਤੇ ਵਾਢੀ ਦੇ ਕੰਮ 'ਚ ਇਕ ਦਮ ਤੇਜ਼ੀ ਆਈ ਤੇ ਕਿਸਾਨਾਂ ਵਲੋਂ ਜਲਦੀ ਨਾਲ ਆਪਣੀ ਕਣਕ ਦੀ ਕਟਾਈ ਕਰਕੇ ਮੰਡੀਆਂ 'ਚ ਪਹੁੰਚਾਈ ਗਈ। ਇਹੀ ਵਜ੍ਹਾ ਹੈ ਕਿ ਜਿੱਥੇ ਬੀਤੇ ਕੱਲ੍ਹ ਕੇਵਲ 15 ਹਜ਼ਾਰ ਟਨ ਦੇ ਕਰੀਬ ਹੀ ਕਣਕ ਮੰਡੀਆਂ 'ਚ ਪੁੱਜੀ ਸੀ ਉਥੇ ਅੱਜ ਇਕ ਦਿਨ 'ਚ ਜ਼ਿਲ੍ਹੇ ਦੀਆਂ ਮੰਡੀਆਂ 'ਚ ਰਿਕਾਰਡ ਆਮਦ ਦਰਜ ਕੀਤੀ ਗਈ। ਹਾਲਾਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੰਡੀਆਂ 'ਚ ਕਣਕ ਦੀ ਆਮਦ ਕਾਫੀ ਘੱਟ ਹੈ। ਪਿਛਲੇ ਸਾਲ ਜਿੱਥੇ ਇਸ ਸਮੇਂ ਤੱਕ 5 ਲੱਖ 45 ਹਜ਼ਾਰ 739 ਕੁਇੰਟਲ ਕਣਕ ਦੀ ਆਮਦ ਹੋ ਚੁੱਕੀ ਸੀ ਉਥੇ ਇਸ ਵਾਰ ਅਜੇ ਕੇਵਲ 4 ਲੱਖ ਕੁਇੰਟਲ ਦੇ ਕਰੀਬ ਹੀ ਕਣਕ ਮੰਡੀਆਂ 'ਚ ਪੁੱਜੀ ਹੈ। ਜ਼ਿਲ੍ਹੇ 'ਚ ਕਣਕ ਦੀ ਖਰੀਦ ਲਈ ਕੁੱਲ 77 ਖਰੀਦ ਕੇਂਦਰ ਬਣਾਏ ਗਏ ਹਨ। ਇਨ੍ਹਾਂ ਵਿਚੋਂ ਮੰਡੀ ਫੈਂਟਨਗੰਜ ਵਿਚ ਅਜੇ ਤੱਕ ਕਣਕ ਦਾ ਇਕ ਵੀ ਦਾਣਾ ਨਹੀਂ ਪਹੁੰਚਿਆ। ਜਦ ਕਿ 8 ਮੰਡੀਆਂ 'ਚ ਅਜੇ ਕਣਕ ਦੀ ਸਰਕਾਰੀ ਖਰੀਦ ਵੀ ਸ਼ੁਰੂ ਨਹੀਂ ਹੋ ਸਕੀ। ਹੁਣ ਤੱਕ ਪਨਸਪ ਵਲੋਂ 69, 590 ਕੁਇੰਟਲ, ਮਾਰਕਫੈਡ ਵਲੋਂ 41, 761 ਕੁਇੰਟਲ, ਐਫ. ਸੀ. ਆਈ. ਵਲੋਂ 28, 618 ਕੁਇੰਟਲ ਤੇ ਪਨਗਰੇਨ ਵਲੋਂ 36, 479 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ ਜਦਕਿ 105 ਕੁਇੰਟਲ ਕਣਕ ਦੀ ਖਰੀਦ ਨਿੱਜੀ ਏਜੰਸੀਆਂ ਵਲੋਂ ਕੀਤੀ ਗਈ ਹੈ।
 
ਬੋਸਟਨ 'ਚ ਭਾਰਤੀ ਵਿਦਿਆਰਥੀ ਦੀ ਹੱਤਿਆ
ਨਿਊਯਾਰਕ, 22 ਅਪ੍ਰੈਲ- ਅਮਰੀਕਾ ਦੀ ਬੋਸਟਨ ਯੂਨੀਵਰਸਿਟੀ ਦੇ ਇਕ ਭਾਰਤੀ ਵਿਦਿਆਰਥੀ ਕੇ. ਸ਼ੇਸ਼ਾਧਰੀ ਰਾਓ (24) ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਾਲਾਂਕਿ ਬੋਸਟਨ ਪੁਲਿਸ ਵਿਭਾਗ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਅਜੇ ਤਕ ਨੌਜਵਾਨ ਦਾ ਨਾਂਅ ਜ਼ਾਹਰ ਨਹੀਂ ਕੀਤਾ ਹੈ ਅਤੇ ਪੋਸਟ ਮਾਰਟਮ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਧਰ ਹਾਈ ਕਮਿਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਾ ਭਾਰਤ ਦਾ ਨਾਗਰਿਕ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਯੂਨੀਵਰਸਿਟੀ ਦੇ ਪ੍ਰਬੰਧਨ ਸਕੂਲ ਦਾ ਵਿਦਿਆਰਥੀ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ 19 ਅਪ੍ਰੈਲ ਨੂੰ ਤੜਕੇ ਸਵੇਰੇ ਲਗਭਗ 3 ਵਜੇ ਉਨ੍ਹਾਂ ਨੂੰ ਫੋਨ 'ਤੇ ਬ੍ਰਿਗਟਨ ਸਥਿਤ ਯੂਨੀਵਰਸਿਟੀ ਦੇ ਬਰਾਂਡੇ ਤੋਂ ਲਗਭਗ ਇਕ ਮੀਲ ਦੂਰ ਇਕ ਘਰ ਦੇ ਸਾਹਮਣੇ ਲਾਸ਼ ਪਈ ਹੋਣ ਦੀ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁਲਿਸ ਦੇ ਪਹੁੰਚਣ ਦੇ ਸਮੇਂ ਬੋਸਟਨ ਅੱਗ ਬੁਝਾਉਣ ਵਾਲੇ ਵਿਭਾਗ ਦੇ ਲੋਕ ਨੌਜਵਾਨ ਦਾ ਮੁੱਢਲਾ ਇਲਾਜ ਕਰ ਰਹੇ ਸਨ। ਗੋਲੀ ਮਾਰਨ ਵਾਲੇ ਦੇ ਬਾਰੇ 'ਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
 
ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਵਿਚ ਕਿਸੇ ਨੂੰ ਨਿਸ਼ਾਨਾ
ਨਹੀਂ ਬਣਾਇਆ ਜਾਵੇਗਾ-ਪ੍ਰਧਾ
ਨ ਮੰਤਰੀ
ਅਫਸਰਸ਼ਾਹ ਫ਼ੈਸਲੇ ਲੈਣ ਵਿਚ ਦ੍ਰਿੜ੍ਹਤਾ ਵਿਖਾਉਣ : ਲੋਕ ਸੇਵਕ ਦਿਵਸ ਮੌਕੇ ਸੰਬੋਧਨ
ਨਵੀਂ ਦਿੱਲੀ, 22 ਅਪ੍ਰੈਲ -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਹੈ ਕਿ ਸਰਕਾਰੀ ਅਧਿਕਾਰੀਆਂ ਨੂੰ ਸਖ਼ਤ ਫੈਸਲੇ ਲੈਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਅੱਜ ਇੱਥੇ ਲੋਕ ਸੇਵਕ ਦਿਵਸ (ਸਿਵਲ ਸਰਵਿਸਜ਼ ਡੇਅ) ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਇਮਾਨਦਾਰ ਅਫਸਰਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ ਤੇ ਅਫਸਰਾਂ ਨੂੰ ਫੈਸਲੇ ਨਾ ਲੈਣ ਦੇ ਰੁਝਾਨ ਨੂੰ ਛੱਡਣਾ ਚਾਹੀਦਾ ਹੈ। ਸਰਕਾਰ ਵਿਚ ਨੀਤੀਆਂ ਦੇ ਅਮਲ ਨਾ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਅਫਸਰਸ਼ਾਹੀ ਨੂੰ ਫੈਸਲੇ ਲੈਣ ਵਿਚ ਦ੍ਰਿੜ੍ਹਤਾ ਦਿਖਾਉਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੇ ਨਾਂਅ 'ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਅਫਸਰਾਂ ਨੂੰ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਜੋ ਡਰ ਬੈਠਿਆ ਹੈ ਕਿ ਜੇਕਰ ਕੋਈ ਗੜਬੜ ਹੋ ਗਈ ਤਾਂ ਉਨ੍ਹਾਂ ਨੂੰ ਉਸ ਦੀ ਸਜ਼ਾ ਮਿਲ ਸਕਦੀ ਹੈ ਅਤੇ ਉਹ ਇਸ ਡਰ ਕਾਰਨ ਕੋਈ ਫੈਸਲਾ ਨਹੀਂ ਲੈ ਰਹੇ ਹਨ, ਜੋ ਕਿ ਠੀਕ ਨਹੀਂ ਹੈ ਉਨ੍ਹਾਂ ਨੂੰ ਇਸ ਰੁਝਾਨ ਨਾਲ ਲੜਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਇਹੀ ਯਤਨ ਹੋਣਾ ਚਾਹੀਦਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਦੇ ਨਾਂਅ 'ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਇਹ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਹੈ ਕਿ ਅਜਿਹੀ ਵਿਵਸਥਾ ਅਤੇ ਮਾਹੌਲ ਤਿਆਰ ਕੀਤਾ ਜਾਵੇ ਜਿਸ ਵਿਚ ਸਾਡੇ ਅਫਸਰਸ਼ਾਹ ਨਿਰਣਾਇਕ ਬਣਨ ਲਈ ਉਤਸ਼ਾਹਿਤ ਹੋਣ ਅਤੇ ਕਿਸੇ ਨੂੰ ਵੀ ਫੈਸਲਾ ਲੈਣ 'ਤੇ ਬਿਨਾਂ ਕਿਸੇ ਮੰਦਭਾਵਨਾ ਦੇ ਭੁੱਲ ਹੋ ਜਾਣ 'ਤੇ ਵੀ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪਤਾ ਨਹੀਂ ਇਹ ਗਲਤ ਹੈ ਜਾਂ ਸਹੀ ਪਰ ਇਹ ਧਾਰਨਾ ਵਧਦੀ ਜਾ ਰਹੀ ਹੈ ਕਿ ਆਮ ਤੌਰ 'ਤੇ ਅਫਸਰਸ਼ਾਹਾਂ ਤੇ ਜਨਸੇਵਕਾਂ ਦੀ ਨੈਤਿਕ ਸ਼ਕਤੀ ਹੁਣ ਓਨੀ ਮਜ਼ਬੂਤ ਨਹੀਂ ਰਹੀ ਜਿੰਨੀ ਕੁਝ ਦਹਾਕੇ ਪਹਿਲਾਂ ਹੋਇਆ ਕਰਦੀ ਸੀ ਅਤੇ ਹੁਣ ਅਫਸਰਸ਼ਾਹਾਂ ਦੇ ਆਪਣੇ ਕੰਮਕਾਜ ਦੇ ਦੌਰਾਨ ਬਾਹਰੀ ਦਬਾਅ ਦੇ ਸਾਹਮਣੇ ਝੁਕਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਧਾਰਨਾ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ ਹੋਵੇ ਪਰ ਮੈਨੂੰ ਲਗਦਾ ਹੈ ਕਿ ਇਸ ਵਿਚ ਥੋੜ੍ਹੀ ਬਹੁਤੀ ਸਚਾਈ ਜ਼ਰੂਰ ਹੈ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਅਫਸਰਸ਼ਾਹ ਜੋ ਫੈਸਲੇ ਲੈਂਦੇ ਹਨ ਉਹ ਨਿਰਪੱਖ ਅਤੇ ਯਥਾਰਥਕ ਹੋਣ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਉਨ੍ਹਾਂ ਇਮਾਨਦਾਰ ਅਤੇ ਸਾਰਥਿਕ ਅਫਸਰਸ਼ਾਹਾਂ ਦੀ ਸੁਰੱਖਿਆ ਲਈ ਪ੍ਰਤੀਬੱਧ ਹੈ ਜਿਨ੍ਹਾਂ ਤੋਂ ਹੋ ਸਕਦਾ ਹੈ ਕਿ ਆਪਣੇ ਕੰਮ-ਕਾਜ ਦੌਰਾਨ ਸਹੀ ਮਾਅਨੇ ਵਿਚ ਕਿਸੇ ਤਰ੍ਹਾਂ ਦੀ ਕੋਈ ਭੁੱਲ ਹੋ ਗਈ ਹੋਵੇ।
ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਅਜਿਹੀ ਅਫਸਰਸ਼ਾਹੀ ਨਹੀਂ ਹੋ ਸਕਦੀ ਜੋ ਖਤਰਾ ਮੁੱਲ ਲੈਣ ਦੇ ਮਾਮਲੇ ਵਿਚ ਸੌ ਫੀਸਦੀ ਖਰੀ ਉਤਰਦੀ ਹੋਵੇ। ਅਸਲ ਵਿਚ ਸਾਨੂੰ ਫੈਸਲੇ ਲੈਣ ਵਿਚ ਦ੍ਰਿੜ੍ਹਤਾ ਨੂੰ ਬੜ੍ਹਾਵਾ ਦੇਣਾ ਚਾਹੀਦਾ ਹੈ, ਬਸ਼ਰਤੇ ਕਿ ਫੈਸਲੇ ਸਹੀ ਤੇ ਕਾਨੂੰਨ ਦੇ ਅਨੁਸਾਰ ਹੋਣ। ਉਨ੍ਹਾਂ ਨੇ ਕਿਹਾ ਕਿ ਕੋਈ ਅਫਸਰਸ਼ਾਹ ਜੋ ਫੈਸਲੇ ਨਾ ਲੈਂਦਾ ਹੋਵੇ ਹੋ ਸਕਦਾ ਹੈ ਕਿ ਉਹ ਹਮੇਸ਼ਾ ਸੁਰੱਖਿਅਤ ਰਹੇ ਪਰ ਅੰਤ ਵਿਚ ਸਮਾਜ ਤੇ ਦੇਸ਼ ਪ੍ਰਤੀ ਉਸ ਦਾ ਯੋਗਦਾਨ ਕੁਝ ਵੀ ਨਹੀਂ ਹੋਵੇਗਾ। ਉਨ੍ਹਾਂ ਇਸ ਮੌਕੇ 'ਤੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਕੇਂਦਰ ਨੇ ਪਿਛਲੇ ਇਕ ਸਾਲ ਵਿਚ ਵਿਧਾਨਕ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਵਿਚ ਜਾਨ ਫੂਕਣ ਦੇ ਮੋਰਚੇ 'ਤੇ ਸ਼ਲਾਘਾਯੋਗ ਪ੍ਰਗਤੀ ਕੀਤੀ ਹੈ, ਤਾਂ ਜੋ ਜਨਤਕ ਜੀਵਨ ਵਿਚ ਭ੍ਰਿਸ਼ਟਾਚਾਰ ਨਾਲ ਬੇਹਤਰ ਤਰੀਕੇ ਨਾਲ ਲੜਿਆ ਜਾ ਸਕੇ। ਇਸ ਗੱਲ 'ਤੇ ਜ਼ੋਰ ਦਿੰਦਿਆਂ ਕਿ ਆਪਣੀਆਂ ਅਸਫਲਤਾਵਾਂ ਅਤੇ ਕਮੀਆਂ ਨੂੰ ਸਵੀਕਾਰ ਕਰਨ ਵਿਚ ਇਮਾਨਦਾਰ ਬਣਨ ਦੀ ਲੋੜ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਅਫਸਰਸ਼ਾਹ ਜੋ ਫੈਸਲੇ ਲੈਂਦੇ ਹਨ ਉਹ ਨਿਰਪੱਖ ਤੇ ਯਥਾਰਥਕ ਹੋਣ ਅਤੇ ਸਮੁੱਚੇ ਸਬੂਤਾਂ ਅਤੇ ਡੂੰਘੇ ਵਿਸ਼ਲੇਸ਼ਣ 'ਤੇ ਆਧਾਰਿਤ ਹੋਣ ਅਤੇ ਦੇਸ਼ ਦੇ ਸਰਬੋਤਮ ਹਿੱਤਾਂ ਨੂੰ ਪੂਰਾ ਕਰਨ ਦੇ ਲਾਇਕ ਹੋਣ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਫੈਸਲੇ ਅਤੇ ਉਨ੍ਹਾਂ ਦੀ ਸਲਾਹ ਸਿਆਸੀ ਲੀਡਰਸ਼ਿਪ ਦੇ ਸੁਭਾਅ ਅਤੇ ਰੰਗ-ਢੰਗ ਤੋਂ ਪ੍ਰਭਾਵਿਤ ਨਹੀਂ ਹੋਣੀ ਚਾਹੀਦੀ। ਇਸ ਗੱਲ ਦਾ ਜ਼ਿਕਰ ਕਰਦਿਆਂ ਕਿ ਲੋਕਾਂ ਵਿਚ ਇਹ ਧਾਰਨਾ ਵਧਦੀ ਜਾ ਰਹੀ ਹੈ ਕਿ ਕੰਮਕਾਜ ਵਿਚ ਯਥਾਰਥਵਾਦੀ ਸੋਚ ਘਟ ਰਹੀ ਹੈ, ਉਨ੍ਹਾਂ ਨੇ ਕਿਹਾ ਕਿ ਉਹ ਇਸ ਗੱਲ ਨੂੰ ਅਫਸਰਸ਼ਾਹਾਂ 'ਤੇ ਛੱਡਦੇ ਹਨ ਕਿ ਉਹ ਇਸ 'ਤੇ ਵਿਚਾਰ ਕਰਨ ਕਿ ਇਹ ਧਾਰਨਾ ਕਿਸ ਹੱਦ ਤੱਕ ਸਹੀ ਹੈ ਅਤੇ ਇਸ ਨੂੰ ਦੂਰ ਕਰਨ ਲਈ ਉਹ ਸਾਰੇ ਮਿਲ ਕੇ ਕੀ ਕਰ ਸਕਦੇ ਹਨ। ਪੁਰਸਕਾਰ ਪਾਉਣ ਵਾਲੇ ਅਫਸਰਸ਼ਾਹਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਕਈ ਅਫਸਰਸ਼ਾਹ ਇਮਾਨਦਾਰੀ ਤੇ ਦਿਆਨਤਦਾਰੀ ਦੀ ਮਿਸਾਲ ਹਨ ਅਤੇ ਉਹ ਨਿਰਸਵਾਰਥ ਭਾਵਨਾ ਨਾਲ ਆਮ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਧੁਨਿਕ ਯੁਗ ਵਿਚ ਦੇਸ਼ 12ਵੀਂ ਯੋਜਨਾਕਾਲ ਵਿਚ ਪ੍ਰਵੇਸ਼ ਕਰ ਰਿਹਾ ਹੈ, ਅਜਿਹੇ ਵਿਚ ਇਹੋ ਜਿਹੇ ਸਮਾਜ ਅਤੇ ਦੇਸ਼ ਬਣਾਉਣ ਲਈ ਦੋਗੁਣੇ ਯਤਨਾਂ ਦੀ ਲੋੜ ਹੈ ਜਿਥੇ ਵਿਕਾਸ ਦੇ ਫਲ ਹਰ ਨਾਗਰਿਕ ਤੱਕ ਪੁਹੰਚਣ।

No comments:

Post a Comment