Sunday, 22 April 2012


ਵਾਸ਼ਿੰਗਟਨ, 22 ਅਪ੍ਰੈਲ - ਸਰਹੱਦ ਪਾਰ ਵਿੱਤੀ ਲੈਣ ਦੇਣ ਤੇ ਟੈਕਸ ਚੋਰੀ 'ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਨੇ ਅੱਜ ਇਸ ਸਮੱਸਿਆ ਨਾਲ ਜੂਝ ਰਹੇ ਦੇਸ਼ਾਂ ਵਿਚਾਲੇ ਇਸ ਤਰਾਂ ਦੀ ਵਿਵਸਥਾ ਕਾਇਮ ਕਰਨ 'ਤੇ ਜ਼ੋਰ ਦਿੱਤਾ ਜਿਸ ਨਾਲ ਇਸ ਸਬੰਧੀ ਆਪਣੇ ਆਪ ਜਾਣਕਾਰੀ ਦਾ ਵਟਾਂਦਰਾ ਹੁੰਦਾ ਰਹੇ। ਵਿੱਤ ਮੰਤਰੀ ਪ੍ਰਣਾਬ ਮੁੱਖਰਜੀ ਨੇ ਜੀ-20 ਦੇਸ਼ਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦਾ ਵਿਸ਼ਵਾਸ ਹੈ ਕਿ ਸਵੈਇੱਛਤ ਟੈਕਸ ਅਦਾਇਗੀ 'ਚ ਸੁਧਾਰ ਕਰਨ ਤੇ ਟੈਕਸ ਚੋਰੀ ਘਟਾਉਣ ਲਈ ਖੁਦਬਖੁਦ ਜਾਣਕਾਰੀ ਦੇਣਾ ਇਕ ਬੇਹੱਦ ਅਸਰਦਾਇਕ ਢੰਗ ਤਰੀਕਾ ਹੈ। ਉਨ੍ਹਾਂ ਕਿਹਾ ਕਿ ਇਸ ਢੰਗ-ਤਰੀਕੇ ਨੂੰ ਲਾਜ਼ਮੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਨਿਵੇਸ਼ ਬਾਰੇ ਨੀਤੀਆਂ ਵਿਚ ਢਿੱਲ ਦੇਣ ਕਾਰਨ ਸਰਹੱਦ ਪਾਰ ਵਿੱਤੀ ਲੈਣ ਦੇਣ ਵਿਚ ਭਾਰੀ ਵਾਧਾ ਹੋਇਆ ਹੈ ਜਿਸ ਕਾਰਨ ਟੈਕਸ ਚੋਰੀ ਤੇ ਗੈਰ ਕਾਨੂੰਨੀ ਵਿੱਤੀ ਵਹਾਅ ਅਹਿਮ ਮੁੱਦੇ ਬਣ ਗਏ ਹਨ ਜਿਨ੍ਹਾਂ ਕਾਰਨ ਵਿਸ਼ਵ ਅਰਥ ਵਿਵਸਥਾ ਨੂੰ ਗੰਭੀਰ ਚੁਣੌਤੀਆਂ ਪੈਦਾ ਹੋ ਗਈਆਂ ਹਨ।
ਜਲੰਧਰ, 22 ਅਪ੍ਰੈਲ- ਓਡੀਸ਼ਾ ਦੀ ਰਾਜਸਮਿਤਾ ਪਾਟਿਲ ਜ਼ੀ. ਟੀਵੀ. ਵੱਲੋਂ ਕਰਵਾਏ ਗਏ ਰਿਆਲਿਟੀ ਸ਼ੋਅ 'ਡਾਂਸ ਇੰਡੀਆ ਡਾਂਸ-3' ਦੀ ਚੈਂਪੀਅਨ ਬਣੀ ਹੈ। ਓਡੀਸ਼ਾ ਦੇ ਰੋੜਕਿਲ੍ਹਾ ਦੀ ਰਹਿਣ ਵਾਲੀ ਗੀਤਾ ਗੈਂਗ ਨਾਲ ਸਬੰਧਿਤ ਰਾਜਸਮਿਤਾ ਨੂੰ 45 ਲੱਖ 83 ਹਜਾਰ 030 ਵੋਟ ਮਿਲੇ, ਜਦਕਿ ਗੁਹਾਟੀ (ਆਸਾਮ) ਦੇ ਵਾਸੀ ਟੈਰੇਂਸ ਗੈਂਗ ਦੇ ਪ੍ਰਦੀਪ 34 ਲੱਖ 94 ਹਜਾਰ 361 ਵੋਟ ਲੈ ਕੇ ਦੂਸਰੇ ਸਥਾਨ 'ਤੇ ਰਹੇ। ਮੁਕਾਬਲੇ ਦੌਰਾਨ ਦੇਹਰਾਦੂਨ ਦੇ ਰਾਘਵ ਤੀਜੇ ਅਤੇ ਦਿੱਲੀ ਦੇ ਸਨਮ ਚੌਥੇ ਸਥਾਨ 'ਤੇ ਰਹੇ। ਰਾਜਸਮਿਤਾ ਨੂੰ 3 ਲੱਖ ਰੁਪਏ ਨਕਦ, ਇਕ ਮਾਰੂਤੀ ਐਰਟਿਗਾ ਕਾਰ ਅਤੇ ਜ਼ੀ. ਟੀਵੀ. ਨਾਲ ਕੰਮ ਕਰਨ ਲਈ 2 ਸਾਲ ਦਾ ਇਕਰਾਰਨਾਮਾ ਇਨਾਮ ਵਜੋਂ ਹਾਸਿਲ ਹੋਇਆ ਹੈ। ਰਾਜਸਮਿਤਾ ਰੋੜਕਿਲ੍ਹਾ ਕਾਲਜ 'ਚ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਬਾਲੀਵੁੱਡ ਅਦਾਕਾਰਾ ਸ੍ਰੀਦੇਵੀ ਉਸ ਦਾ ਡਾਂਸ ਪ੍ਰੇਰਨਾ ਸ੍ਰੋਤ ਹੈ। ਉਹ ਆਪਣਾ ਡਾਂਸ ਸਕੂਲ ਖੋਲ੍ਹਣ ਦੀ ਚਾਹਵਾਨ ਹੈ। ਬਾਲੀਵੁੱਡ ਅਦਾਕਾਰ ਮਿਥੁਨ ਚੱਕਰਵਰਤੀ ਨੇ ਰਾਜਸਮਿਤਾ ਦੇ ਸਿਰ ਚੈਂਪੀਅਨ ਦਾ ਤਾਜ ਸਜਾਇਆ।
ਫ਼ਤਹਿਗੜ੍ਹ ਸਾਹਿਬ, 22 ਅਪ੍ਰੈਲ -ਸ਼ੇਰ ਸਾਹ ਸੂਰੀ ਮਾਰਗ 'ਤੇ ਸਰਹਿੰਦ ਦੇ ਮਾਧੋਪੁਰ ਚੌਂਕ ਨੇੜਿਓ ਇੱਕ ਵਿਅਕਤੀ ਪਾਸੋਂ ਤਿੰਨ ਕਾਰ ਸਵਾਰ ਲੁਟੇਰਿਆਂ ਵਲੋਂ 20 ਲੱਖ ਰੁਪਏ ਲੁੱਟਣ ਦਾ ਸਮਾਚਾਰ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਬਾਬੂ ਲਾਲ ਮੀਨਾ ਨੇ ਦੱਸਿਆ ਕਿ ਈਸ਼ਵਰ ਬਾਈ-ਸੋਮ ਬਾਈ ੇਅਹਿਮਦਾਬਾਦ ਦੀ ਇੱਕ ਕੰਪਨੀ ਦਾ ਮਨੋਜ ਕੁਮਾਰ ਕਮੀਜ਼ ਥੱਲੇ ਪਾਈ ਜਾਕਟ ਦੀਆਂ ਜੇਬਾਂ ਵਿਚ 20 ਲੱਖ ਰੁਪਏ ਲੈ ਕੇ ਬੱਸ ਰਾਹੀਂ ਲੁਧਿਆਣਾ ਤੋਂ ਯਮੁਨਾਨਗਰ ਜਾ ਰਿਹਾ ਸੀ ਕਿ ਜਦੋਂ ਬੱਸ 9:30 ਵਜੇ ਦੇ ਕਰੀਬ ਮਾਧੋਪੁਰ ਚੌਂਕ ਨੇੜੇ ਪਹੁੰਚੀ ਤਾਂ ਪਿੱਛੋਂ ਆ ਰਹੀ ਇੰਡੀਕਾ ਕਾਰ ਵਿਚ ਸਵਾਰ ਤਿੰਨ ਵਿਅਕਤੀਆਂ, ਜਿਨ੍ਹਾਂ ਵਿਚ ਇੱਕ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ, ਨੇ ਬੱਸ ਰੁਕਵਾ ਕੇ ਮਨੋਜ ਕੁਮਾਰ ਨੂੂੰ ਬੱਸ ਚੋਂ ਲਾਹ ਕੇ ਉਸ ਦੀਆਂ ਜੇਬਾਂ ਵਿਚ ਪਾਏ 20 ਲੱਖ ਲੈ ਕੇ ਫ਼ਰਾਰ ਹੋ ਗਏ।
ਚੰਡੀਗੜ੍ਹ, 22 ਅਪ੍ਰੈਲ - ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਦੀ ਸ਼ੀਤਲ ਫਾਈਬਰਜ਼ ਫੈਕਟਰੀ ਦੇ ਢਹਿ ਢੇਰੀ ਹੋਣ ਕਾਰਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਦੀ ਰਾਸ਼ੀ 2 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਹੈ। ਅੱਜ ਜਾਰੀ ਪ੍ਰੈਸ ਬਿਆਨ ਵਿਚ ਮੁੱਖ ਮੰਤਰੀ ਨੇ ਰਾਹਤ ਕਾਰਜਾਂ 'ਚ ਲੱਗੇ ਸੈਨਾ ਦੇ ਜਵਾਨਾਂ, ਸਮਾਜ ਸੇਵੀ ਸੰਸਥਾਵਾਂ ਦੇ ਕਾਰਕੁੰਨਾਂ ਅਤੇ ਹੋਰ ਰਾਹਤ ਕਰਮਚਾਰੀਆਂ ਦੀ ਪ੍ਰਸੰਸ਼ਾ ਕੀਤੀ।
ਝਾਰਖੰਡ 'ਚ ਰਾਜ ਸਭਾ ਚੋਣਾਂ ਦੌਰਾਨ ਖਰੀਦੋ
ਫਰੋਖਤ ਦਾ ਮਾਮਲਾ
ਸੀ. ਬੀ. ਆਈ. ਵੱਲੋਂ ਇੱਕੋ ਸਮੇਂ 6 ਥਾਵਾਂ 'ਤੇ ਛਾਪੇਮਾਰੀ
ਰਾਂਚੀ, 22 ਅਪ੍ਰੈਲ - ਕੇਂਦਰੀ ਝਾਂਚ ਬਿਊਰੋ ਨੇ ਅੱਜ ਝਾਰਖੰਡ ਰਾਜ ਸਭਾ ਚੋਣਾਂ ਦੇ ਦੌਰਾਨ ਮੈਂਬਰਾਂ ਦੀ ਖਰੀਦੋ-ਫਰੋਖਤ ਦੇ ਮਾਮਲੇ 'ਚ ਝਾਰਖੰਡ ਦੇ ਵਿਧਾਇਕਾਂ ਕੇ ਐੱਨ ਤ੍ਰਿਪਾਠੀ (ਕਾਂਗਰਸ), ਸੁਰੇਸ਼ ਪਾਸਵਾਨ (ਰਾਸ਼ਟਰੀ ਜਨਤਾ ਦਲ), ਵਿਸ਼ਨੂੰ ਭਈਆ ਭਾਜਪਾ) ਅਤੇ ਰਾਜ ਸਭਾ ਚੋਣ ਲਈ ਅਜ਼ਾਦ ਉਮੀਦਵਾਰ ਅਤੇ ਉਦਯੋਗਪਤੀ ਆਰ ਕੇ ਅਗਰਵਾਲ ਦੇ ਝਾਰਖੰਡ ਅਤੇ ਬਿਹਾਰ ਵਿਖੇ ਸਥਿਤ ਛੇ ਟਿਕਾਣਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੇ ਸੂਤਰਾਂ ਅਨੁਸਾਰ ਅਗਰਵਾਲ ਦੇ ਜਵਾਈ ਸੋਮਿਤਰ ਸਾਹਾ ਅਤੇ ਅਗਰਵਾਲ ਦੇ ਇੱਕ ਹੋਰ ਰਿਸ਼ਤੇਦਾਰ ਆਰ ਕੇ ਸਾਹਾ ਦੇ ਜਮਸ਼ੇਦਪੁਰ ਅਤੇ ਛਾਇਆਬਾਸਾ ਵਿਖੇ ਸਥਿਤ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ। ਸੀ. ਬੀ. ਆਈ. ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਬਾਰੇ ਹੋਰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਜ਼ਿਕਰਯੋਗ ਹੈ ਕਿ 30 ਮਾਰਚ ਨੂੰ ਰਾਜ ਸਭਾ ਚੋਣਾਂ ਦੌਰਾਨ ਇਕ ਕਾਰ 'ਚੋਂ 2.15 ਕਰੋੜ ਰੁਪਏ ਬਰਾਮਦ ਹੋਏ ਸਨ। ਇਹ ਕਾਰ ਅਜ਼ਾਦ ਉਮੀਦਵਾਰ ਆਰ ਕੇ ਅਗਰਵਾਲ ਦੇ ਭਰਾ ਸੁਰੇਸ਼ ਦੀ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਝਾਰਖੰਡ ਦੀਆਂ ਰਾਜ ਸਭਾ ਚੋਣਾਂ ਨੂੰ ਰੱਦ ਕਰਦਿਆਂ ਇਸ ਮਾਮਲੇ 'ਚ ਸੀ. ਬੀ. ਆਈ ਜਾਂਚ ਦਾ ਆਦੇਸ਼ ਦਿੱਤਾ ਸੀ। ਜ਼ਿਕਰਯੋਗ ਹੈ ਕਿ ਝਾਰਖੰਡ 'ਚ ਰਾਜ ਸਭਾ ਚੋਣਾਂ ਫਿਰ ਦੁਬਾਰਾ 3 ਮਈ ਨੂੰ ਹੋਣਗੀਆਂ।
ਨਵੀਂ ਦਿੱਲੀ, 22 ਅਪ੍ਰੈਲ - ਅੰਨਾ ਹਜ਼ਾਰੇ ਦੇ ਟੀਮ ਮੈਂਬਰ ਬਾਬਾ ਰਾਮਦੇਵ ਤੋਂ ਨਾਰਾਜ਼ ਹਨ। ਟੀਮ ਅੰਨਾ ਦੇ ਮੈਂਬਰ ਬਾਬਾ ਰਾਮਦੇਵ ਦਾ ਹਰੇਕ ਫੈਸਲਾ ਇਕੱਲਿਆਂ ਕਰਨ ਤੇ ਬਿਨਾਂ ਸਹਿਮਤੀ ਲਿਆਂ ਅੱਗੇ ਜਾਣ ਦੇ ਸੁਭਾਅ ਕਰਕੇ ਨਾਰਾਜ਼ ਹਨ। ਅੰਨਾ ਹਜ਼ਾਰੇ ਬੀਤੇ ਦਿਨੀ ਬਾਬਾ ਰਾਮਦੇਵ ਨੂੰ ਮਿਲੇ ਸਨ ਤੇ ਉਨ੍ਹਾਂ ਪ੍ਰੈੱਸ ਕਾਨਫਰੰਸ 'ਚ ਤਿੰਨ ਜੁਲਾਈ ਨੂੰ ਜੰਤਰ ਮੰਤਰ ਤੋਂ ਭ੍ਰਿਸ਼ਟਾਚਾਰ ਵਿਰੁੱਧ ਰਲ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ। ਟੀਮ ਅੰਨਾ ਨੇ ਵੀ ਆਪਣੇ ਆਪ ਨੂੰ ਇਸ ਦੌਰਾਨ ਨਜ਼ਰਅੰਦਾਜ਼ ਕੀਤੇ ਜਾਣ ਦਾ ਦੋਸ਼ ਲਾਇਆ ਸੀ।
ਕੋਲਕਾਤਾ, 22 ਅਪ੍ਰੈਲ -ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਪੱਛਮੀ ਬੰਗਾਲ ਲਈ ਅਗਲੇ ਤਿਨ ਸਾਲਾਂ ਤਕ ਟੈਕਸ ਚੁਕਾਉਣ ਦੀ ਕਾਨੂੰਨੀ ਮੋਹਲਤ ਦੀ ਮੰਗ ਨੂੰ ਸਵੀਕਾਰ ਕਰਨਾ ਹੋਵੇਗਾ। ਇਸ ਲਈ ਉਨ੍ਹਾਂ ਨੇ ਸਰਕਾਰ ਨੂੰ 15 ਦਿਨਾਂ ਦਾ ਅਲਟੀਮੇਟਮ ਦੇ ਦਿੱਤਾ ਹੈ। ਬੈਨਰਜੀ ਨੇ ਕਿਹਾ ਕਿ ਸਾਡੇ ਕੋਲ ਵਿਕਾਸ ਕਾਰਜ ਲਈ ਪੈਸਾ ਨਹੀਂ ਹੈ ਅਤੇ ਕੇਂਦਰ ਸਰਕਾਰ ਖੱਬੇਪੱਖੀ ਸ਼ਾਸਨ ਦੇ ਦੌਰਾਨ ਲਏ ਗਏ ਭਾਰੀ ਕਰਜ਼ੇ 'ਤੇ ਵਿਆਜ ਵਸੂਲ ਰਹੀ ਹੈ। ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ। ਅਸੀ ਤਿਨ ਸਾਲਾਂ ਲਈ ਟੈਕਸ ਦੇਣ ਤੋਂ ਛੋਟ ਦੀ ਮੰਗ ਕੀਤੀ ਹੈ ਤੇ ਇਹ ਮੰਗ ਕਈ ਵਾਰ ਦੁਹਰਾਈ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ ਇਕ ਸਾਲ ਤੋਂ ਇਹ ਮੰਗ ਕਰਦੀ ਆ ਰਹੀ ਹਾਂ ਤੇ ਹੁਣ ਉਨ੍ਹਾਂ ਨੂੰ ਸਾਡੀ ਇਹ ਮੰਗ ਸਵੀਕਾਰ ਕਰਨੀ ਹੋਵੇਗੀ ਤੇ ਇਸ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਾਰਾ ਪੈਸਾ ਲੈ ਲਵੇਗਾ ਤੇ ਅਸੀ ਰਾਜ ਦਾ ਕੰਮ ਕਾਜ ਕਿਵੇਂ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲਕੇ ਆਪਣੀ ਮੰਗ ਉਨ੍ਹਾਂ ਦੇ ਸਾਹਮਣੇ ਰੱਖੇਗੀ।

ਕਾਬੁਲ, 22 ਅਪ੍ਰੈਲ - ਅਫ਼ਗਾਨਿਸਤਾਨ ਦੀ ਸੁਰੱਖਿਆ ਫ਼ੌਜ ਨੇ ਕਾਬੁਲ 'ਚੋਂ ਪੰਜ ਬਾਗੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ 'ਚ ਧਮਾਰਾਖੇਜ ਸਮੱਗਰੀ ਬਰਾਮਦ ਕੀਤੀ ਹੈ। ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਾਗੀਆਂ ਕੋਲੋਂ 10 ਹਜ਼ਾਰ ਕਿਲੋਗ੍ਰਾਮ ਮਾਤਰਾ 'ਚ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ ਗਈ ਹੈ। ਅਧਿਕਾਰੀ ਨੇ ਸ਼ੱਕ ਜਤਾਇਆ ਹੈ ਕਿ ਇਸ ਧਮਾਕਾਖੇਜ ਸਮੱਗਰੀ ਦੀ ਵਰਤੋ ਭੀੜ ਵਾਲੇ ਖੇਤਰਾਂ 'ਚ ਹਮਲਾ ਕਰਨ ਲਈ ਕੀਤੀ ਜਾਣੀ ਸੀ ਤੇ ਜੇਕਰ ਇਸ ਧਮਾਕਾਖੇਜ ਸਮੱਗਰੀ ਦੀ ਵਰਤੋ ਹੋ ਜਾਣੀ ਸੀ ਤਾਂ ਬਹੁਤ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਣਾ ਸੀ। ਧਮਾਕਾਖੇਜ ਸਮੱਗਰੀ ਨੂੰ ਇਕ ਟਰੱਕ 'ਚ 400 ਦੇ ਕਰੀਬ ਥੈਲਿਆਂ 'ਚ ਆਲੂਆਂ ਦੀਆਂ ਬੋਰੀਆਂ ਥੱਲੇ ਲੁਕੋ ਕੇ ਰੱਖਿਆ ਹੋਇਆ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ 'ਚੋਂ ਤਿੰਨ ਪਾਕਿਸਤਾਨ ਦੇ ਅੱਤਵਾਦੀ ਹਨ ਤੇ ਦੋ ਉਨ੍ਹਾਂ ਦੇ ਅਫ਼ਗਾਨ ਸਾਥੀ ਹਨ। ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਮੰਨਿਆ ਹੈ ਕਿ ਉਨ੍ਹਾਂ ਪਾਕਿਸਤਾਨ ਦੇ ਤਾਲਿਬਾਨ ਮੈਂਬਰਾਂ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਗ੍ਰਿਫ਼ਤਾਰੀ ਕੀਤੇ ਵਿਅਕਤੀਆਂ ਅੱਤਵਾਦੀਆਂ ਦੇ ਸਬੰਧ ਪਾਕਿਸਤਾਨ ਨਾਲ ਜੁੜਨ ਨਾਲ ਪਾਕਿਸਤਾਨ 'ਤੇ ਅੱਤਵਾਦ ਵਿਰੁੱਧ ਕਾਰਵਾਈ ਕਰਨ ਦਾ ਦਬਾਅ ਹੋਰ ਵੱਧ ਗਿਆ ਹੈ। ਅਮਰੀਕੀ ਰਾਜਦੂਤ ਰਿਆਨ ਕਰੋਕਰ ਨੇ ਕਿਹਾ ਕਿ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਅੱਤਵਾਦੀ ਕਾਰਵਾਈ ਨੂੰ ਰੋਕੇ ਨਹੀਂ ਤਾਂ ਇਸ ਨਾਲ ਆਪਸੀ ਰਿਸ਼ਤੇ ਪ੍ਰਭਾਵਿਤ ਹੋਣਗੇ ਕਿਉਂਕਿ ਪਾਕਿਸਤਾਨ 'ਚ ਅੱਤਵਾਦੀ ਕਾਰਵਾਈਆਂ ਚੱਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਈ 'ਚ ਪਾਕਿਸਤਾਨ ਦੀ ਧਰਤੀ 'ਤੇ ਓਸਾਮਾ-ਬਿਨ-ਲਾਦੇਨ ਨੂੰ ਅਮਰੀਕੀ ਫੌਜ ਨੇ ਮਾਰ ਦਿੱਤਾ ਸੀ।

No comments:

Post a Comment