ਸ਼੍ਰੋਮਣੀ ਕਮੇਟੀ ਦਾ 6 ਅਰਬ 65 ਕਰੋੜ 46 ਲੱਖ ਤੋਂ ਵੱਧ ਦਾ ਬਜਟ ਪਾਸ
ਅੰਮ੍ਰਿਤਸਰ, 4 ਅਪ੍ਰੈਲ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰੀਬ 92 ਸਾਲਾ ਇਤਿਹਾਸ 'ਚ ਅੱਜ ਪਹਿਲੀ ਵਾਰੀ ਸਹਿਜਧਾਰੀਆਂ ਦੇ ਮਾਮਲੇ 'ਚ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਤੇ ਜਨਰਲ ਹਾਊਸ ਦੀ ਥਾਂ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ 6 ਅਰਬ 65 ਕਰੋੜ 46 ਲੱਖ 23 ਹਜ਼ਾਰ 8 ਸੌ 34 ਰੁਪਏ ਦਾ ਅਨੁਮਾਨਿਤ ਬਜਟ ਜੈਕਾਰਿਆਂ ਦੀ ਗੂੰਜ 'ਚ ਬਹੁਸੰਮਤੀ ਨਾਲ ਪਾਸ ਕੀਤਾ ਜੋ ਪਿਛਲੇ ਸਾਲ ਤੋਂ 94 ਕਰੋੜ 48 ਲੱਖ 6 ਹਜ਼ਾਰ 9 ਸੌ 13 ਰੁਪਏ ਵੱਧ ਹੈ। ਬੀਤੇ ਵਰ੍ਹੇ 5 ਅਰਬ 79 ਕਰੋੜ 98 ਲੱਖ 16 ਹਜ਼ਾਰ 3 ਸੌ 27 ਰੁਪਏ ਦਾ ਬਜਟ ਪਾਸ ਹੋਇਆ ਸੀ। ਇਹ ਬਜਟ ਸਾਲ 2012-13 ਦਾ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ: ਸੁਖਦੇਵ ਸਿੰਘ ਭੌਰ ਤੇ ਸਕੱਤਰ ਦਿਲਮੇਘ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਅੰਤ੍ਰਿੰਗ ਕਮੇਟੀ ਵੱਲੋਂ ਪਾਸ ਕੀਤੇ ਗਏ ਅਨੁਮਾਨਿਤ ਬਜਟ ਵਿਚੋਂ ਕੇਵਲ 31 ਜੁਲਾਈ ਤੱਕ ਦੇ ਖਰਚਿਆਂ ਨੂੰ ਬਹੁਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਦੋ ਮੈਂਬਰਾਂ ਭਜਨ ਸਿੰਘ ਸ਼ੇਰਗਿੱਲ ਹਲਕਾ ਖਰੜ ਤੇ ਮੰਗਲ ਸਿੰਘ ਸੰਧੂ ਮਹਾਂਰਾਸ਼ਟਰ ਨੇ ਵਾਕ-ਆਊਟ ਕਰਦਿਆਂ ਇਸ ਬਜਟ ਪ੍ਰਤੀ ਅਸਹਿਮਤੀ ਪ੍ਰਗਟ ਕੀਤੀ।
ਨਵੇਂ ਬਣੇ ਪ੍ਰਬੰਧਕੀ ਬਲਾਕ ਦੇ ਮੀਟਿੰਗ ਹਾਲ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਚੱਲੀ ਇਕ ਘੰਟਾ ਮੀਟਿੰਗ ਵਿਚ ਸ: ਰਘੂਜੀਤ ਸਿੰਘ ਵਿਰਕ ਸੀਨੀ: ਮੀਤ ਪ੍ਰਧਾਨ, ਸ: ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ: ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਸੂਬਾ ਸਿੰਘ ਡੱਬਵਾਲੀ, ਰਜਿੰਦਰ ਸਿੰਘ ਮਹਿਤਾ, ਦਿਆਲ ਸਿੰਘ ਕੋਲਿਆਂਵਾਲੀ, ਨਿਰਮੈਲ ਸਿੰਘ ਜੌਹਲਾਂ ਕਲਾਂ, ਕਰਨੈਲ ਸਿੰਘ ਪੰਜੌਲੀ, ਮੋਹਨ ਸਿੰਘ ਬੰਗੀ, ਗੁਰਬਚਨ ਸਿੰਘ ਕਰਮੂੰਵਾਲਾ, ਰਾਮਪਾਲ ਸਿੰਘ ਬਹਿਣੀਵਾਲ ਸ਼ਾਮਿਲ ਹੋਏ। ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੇਸ਼ ਦੀ ਸਰਬਉਚ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਇਸ ਵਾਰੀ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਚਾਰ ਮਹੀਨਿਆਂ 31 ਜੁਲਾਈ 2012 ਤੱਕ ਦੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 26 ਜੁਲਾਈ ਨੂੰ ਅਦਾਲਤ ਨੇ ਅਗਲੀ ਤਰੀਕ ਨਿਸ਼ਚਿਤ ਕੀਤੀ ਹੈ। ਉਨ੍ਹਾਂ ਨਵੇਂ ਹਾਊਸ ਦੇ ਗਠਨ, ਇਸ ਦੇ ਅਹੁਦੇਦਾਰਾਂ ਦੀ ਚੋਣ ਨਾ ਕਰਵਾਉਣ ਲਈ ਕੇਂਦਰ ਸਰਕਾਰ ਖਾਸ ਕਰਕੇ ਗ੍ਰਹਿ ਮੰਤਰਾਲੇ ਨੂੰ ਕੋਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨਵੇਂ ਹਾਊਸ ਦੀ ਚੋਣ 18 ਸਤੰਬਰ 2011 ਨੂੰ ਹੋਈ ਸੀ। ਚੋਣ ਬਾਅਦ ਨਾਮਜ਼ਦਗੀਆਂ ਦੇਰੀ ਨਾਲ 5 ਦਸੰਬਰ 2011 ਨੂੰ ਹੋਈਆਂ। ਇਸ ਪਿੱਛੋਂ ਕੇਂਦਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਇਕ ਮਹੀਨੇ ਦੇ ਅੰਦਰ-ਅੰਦਰ ਜਾਰੀ ਕੀਤਾ ਜਾਣਾ ਸੀ ਪਰ ਅਜਿਹਾ ਨਹੀਂ ਹੋ ਸਕਿਆ ਜਿਸ ਕਾਰਨ ਪ੍ਰਧਾਨ, ਅੰਤ੍ਰਿੰਗ ਕਮੇਟੀ ਮੈਂਬਰ ਤੇ ਹੋਰ ਅਹੁਦੇਦਾਰ ਚੁਣੇ ਨਹੀਂ ਜਾ ਸਕੇ। ਸ਼੍ਰੋਮਣੀ ਕਮੇਟੀ ਦੇ ਕੰਮ ਕਾਜ ਨੂੰ ਚੱਲਦਾ ਰੱਖਣ ਤੇ 31 ਮਾਰਚ ਤੋਂ ਪਹਿਲਾਂ ਬਜਟ ਪਾਸ ਕਰਵਾਉਣ ਲਈ ਮਾਣਯੋਗ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ, ਜਿਸ 'ਤੇ 17 ਫਰਵਰੀ 2012 ਨੂੰ ਹੋਏ ਫੈਸਲੇ 'ਚ ਨਵੇਂ ਹਾਊਸ ਨੂੰ ਪ੍ਰਵਾਨਗੀ ਦਿੱਤੀ ਗਈ ਤੇ ਕੇਂਦਰ ਸਰਕਾਰ ਨੂੰ 6 ਹਫਤਿਆਂ ਵਿਚ ਅਗਲੀ ਕਾਰਵਾਈ ਕਰਨ ਲਈ ਕਿਹਾ ਗਿਆ। ਕੇਂਦਰ ਸਰਕਾਰ ਵੱਲੋਂ ਦੇਰੀ ਕਰਨ 'ਤੇ ਫਿਰ ਪਟੀਸ਼ਨ ਸੁਪਰੀਮ ਕੋਰਟ 'ਚ ਪਾਈ ਗਈ ਜਿਸ 'ਤੇ 30 ਮਾਰਚ 2012 ਨੂੰ ਨਵੇਂ ਨਿਰਦੇਸ਼ ਦਿੱਤੇ ਗਏ, ਜਿਨ੍ਹਾਂ 'ਤੇ ਅਮਲ ਕਰਦਿਆਂ ਬਜਟ ਮਾਮਲੇ 'ਚ ਅੱਜ ਮੀਟਿੰਗ ਅੰਤ੍ਰਿੰਗ ਕਮੇਟੀ ਦੀ ਹੋਈ ਅਤੇ ਬਜਟ ਪਾਸ ਕੀਤਾ ਗਿਆ ਤਾਂ ਜੋ ਗੁਰਧਾਮਾਂ ਤੇ ਹੋਰ ਕਾਰਜਾਂ 'ਤੇ ਖਰਚ ਕੀਤਾ ਜਾ ਸਕੇ। ਜਥੇ: ਅਵਤਾਰ ਸਿੰਘ ਨੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਮਾਮਲਾ ਸੁਲਝਾਉਣ ਲਈ ਧਰਮ ਯੁੱਧ ਵਰਗਾ ਮੋਰਚਾ ਲਾਉਣ ਦੇ ਅਧਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਕੋਲ ਹਨ।
ਅੰਤ੍ਰਿੰਗ ਕਮੇਟੀ ਦੀ ਮੀਟਿੰਗ 'ਚ ਬਜਟ ਦਾ ਬਾਈਕਾਟ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਕਾਲੀ ਦਲ 1920 ਨਾਲ ਸੰਬੰਧਿਤ ਅੰਤ੍ਰਿੰਗ ਕਮੇਟੀ ਮੈਂਬਰ ਸ: ਭਜਨ ਸਿੰਘ ਸ਼ੇਰਗਿੱਲ ਅਤੇ ਮੰਗਲ ਸਿੰਘ ਸੰਧੂ ਤੇ ਦਲਜੀਤ ਸਿੰਘ ਸੰਧੂ। ਦੋ ਮੈਂਬਰਾਂ ਅਸਹਿਮਤੀ ਪ੍ਰਗਟਾਈ-ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਭਜਨ ਸਿੰਘ ਸ਼ੇਰਗਿੱਲ ਤੇ ਮੰਗਲ ਸਿੰਘ ਸੰਧੂ ਨੇ ਵੱਖਰੀ ਪ੍ਰੈੱਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਪਾਸ ਕੀਤੇ ਗਏ ਬਜਟ ਪ੍ਰਤੀ ਅਸਹਿਮਤ ਹਨ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਅੰਤ੍ਰਿੰਗ ਕਮੇਟੀ ਨੂੰ ਕੰਮਕਾਜ ਚਲਾਉਣ ਲਈ ਕਿਹਾ ਸੀ। ਜੇਕਰ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਕੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਅਦਾਲਤ ਦੀ ਮਾਨਹਾਨੀ ਹੋ ਸਕਦੀ ਹੈ ਕਿਉਂਕਿ ਅਗਲੇ ਹੁਕਮ 26 ਜੁਲਾਈ 2012 ਤੋਂ ਲਾਗੂ ਹੋ ਸਕਦੇ ਹਨ। ਹਾਊਸ ਦਾ 17-12-2011 ਵਾਲਾ ਨੋਟੀਫਿਕੇਸ਼ਨ ਕਾਨੂੰਨੀ ਘੇਰੇ ਵਿਚ ਆ ਗਿਆ ਸੀ ਜਿਸ ਤਹਿਤ ਇਹ ਕਾਰਜਸ਼ੀਲ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਕਿਸੇ ਵਿਵਾਦ 'ਚ ਪੈਣ ਦੀ ਥਾਂ ਸ਼੍ਰੋਮਣੀ ਕਮੇਟੀ ਦੇ ਖਰਚੇ ਦਾ ਪ੍ਰਬੰਧ ਯੋਗ ਢੰਗ ਨਾਲ ਚਲਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਅਕਾਲੀ ਦਲ 1920 ਦੇ ਆਗੂ ਦਲਜੀਤ ਸਿੰਘ ਸੰਧੂ ਵੀ ਮੌਜੂਦ ਸਨ।
ਖਰਚਿਆਂ ਦਾ ਵੇਰਵਾ-ਸ੍ਰੀ ਹਰਿਮੰਦਰ ਸਾਹਿਬ -ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ 1 ਅਰਬ 68 ਕਰੋੜ ਰੁਪਏ ਰੱਖੇ ਗਏ ਹਨ, ਜੋ ਪਿਛਲੇ ਸਾਲ ਨਾਲੋਂ 22 ਕਰੋੜ 85 ਲੱਖ ਰੁਪਏ ਵੱਧ ਹਨ।
ਜਨਰਲ ਬੋਰਡ ਫੰਡ -ਜਨਰਲ ਬੋਰਡ ਫੰਡ ਲਈ ਸ਼੍ਰੋਮਣੀ ਕਮੇਟੀ ਨੇ ਸਾਲ 2012-13 ਲਈ 43 ਕਰੋੜ 40 ਲੱਖ ਰੁਪਏ ਰੱਖੇ ਹਨ ਜੋ ਪਿਛਲੇ ਸਾਲ ਨਾਲੋਂ 8 ਕਰੋੜ 56 ਲੱਖ 50 ਹਜ਼ਾਰ ਰੁਪਏ ਵੱਧ ਹਨ।
ਟਰੱਸਟ ਫੰਡ-ਇਸ ਸਾਲ ਟਰੱਸਟ ਫੰਡ ਲਈ ਸ਼੍ਰੋਮਣੀ ਕਮੇਟੀ ਨੇ 23 ਕਰੋੜ 61 ਲੱਖ 28 ਹਜ਼ਾਰ 1 ਸੌ ਰੁਪਏ ਰੱਖੇ ਹਨ ਜੋ ਪਿਛਲੇ ਸਾਲ ਨਾਲੋਂ ਚਾਰ ਕਰੋੜ 32 ਲੱਖ 37 ਹਜ਼ਾਰ ਰੁਪਏ ਵੱਧ ਹੈ।
ਵਿੱਦਿਆ ਫੰਡ-ਇਸ ਸਾਲ ਵਿੱਦਿਆ ਫੰਡ ਲਈ 18 ਕਰੋੜ 40 ਲੱਖ ਰੁਪਏ ਰੱਖੇ ਹਨ , ਜੋ ਪਿਛਲੇ ਸਾਲ ਨਾਲੋਂ 1 ਕਰੋੜ 4 ਲੱਖ ਰੁਪਏ ਵੱਧ ਹਨ।
ਪ੍ਰਿੰਟਿੰਗ ਪ੍ਰੈੱਸਾਂ-ਇਸ ਸਾਲ ਪ੍ਰਿੰਟਿੰਗ ਪ੍ਰੈੱਸਾਂ ਲਈ 6 ਕਰੋੜ 49 ਲੱਖ 55 ਹਜ਼ਾਰ ਰੁਪਏ ਹੈ ਜੋ ਪਿਛਲੇ ਸਾਲ ਤੋਂ 13 ਲੱਖ 43 ਹਜ਼ਾਰ ਰੁਪਏ ਵੱਧ ਹਨ।
ਧਰਮ ਪ੍ਰਚਾਰ ਕਮੇਟੀ-ਧਰਮ ਪ੍ਰਚਾਰ ਕਮੇਟੀ ਲਈ ਇਸ ਸਾਲ 43 ਕਰੋੜ ਰੁਪਏ ਰੱਖੇ ਹਨ, ਜੋ ਪਿਛਲੇ ਸਾਲ ਤੋਂ 3 ਕਰੋੜ ਵੱਧ ਹਨ।
ਗੁਰਦੁਆਰੇ ਸਾਹਿਬਾਨ ਦਫ਼ਾ 85-ਗੁਰਦੁਆਰੇ ਸਾਹਿਬਾਨ ਦਫ਼ਾ 85 ਲਈ 4 ਅਰਬ 21 ਕਰੋੜ 26 ਲੱਖ 20 ਹਜ਼ਾਰ ਰੁਪਏ ਰੱਖੇ ਹਨ ਜੋ ਪਿਛਲੇ ਸਾਲ ਨਾਲੋਂ 52 ਕਰੋੜ 46 ਲੱਖ 86 ਹਜ਼ਾਰ 4 ਸੌ ਰੁਪਏ ਵੱਧ ਹਨ।
ਵਿੱਦਿਅਕ ਅਦਾਰੇ-ਵਿੱਦਿਅਕ ਅਦਾਰਿਆਂ ਲਈ 1 ਅਰਬ 9 ਕਰੋੜ 29 ਲੱਖ 20 ਹਜ਼ਾਰ 7 ਸੌ 34 ਰੁਪਏ ਰੱਖੇ ਹਨ ਜੋ ਪਿਛਲੇ ਸਾਲ ਨਾਲੋਂ 24 ਕਰੋੜ 94 ਲੱਖ 90 ਹਜ਼ਾਰ 5 ਸੌ 13 ਰੁਪਏ ਵੱਧ ਹਨ।
ਇਹ ਜ਼ਿਕਰਯੋਗ ਹੈ ਕਿ ਉਕਤ ਵਰਣਨ ਕੀਤੇ ਗਏ ਖਰਚਿਆਂ ਦੇ ਤੀਸਰੇ ਹਿੱਸੇ ਨੂੰ 31 ਜੁਲਾਈ 2012 ਤੱਕ ਪਾਸ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।
ਇਸ ਮੌਕੇ ਵਧੀਕ ਸਕੱਤਰ ਸ: ਤਰਲੋਚਨ ਸਿੰਘ, ਸ: ਸਤਬੀਰ ਸਿੰਘ, ਸ: ਮਨਜੀਤ ਸਿੰਘ ਤੇ ਸ: ਮਹਿੰਦਰ ਸਿੰਘ ਆਹਲੀ, ਹਰਿਮੰਦਰ ਸਾਹਿਬ ਦੇ ਮੈਨੇਜਰ ਸ: ਹਰਬੰਸ ਸਿੰਘ ਮੱਲ੍ਹੀ, ਮੀਤ ਸਕੱਤਰ ਸ: ਦਿਲਜੀਤ ਸਿੰਘ ਬੇਦੀ, ਸ: ਰਣਜੀਤ ਸਿੰਘ ਤੇ ਸ: ਬਲਵਿੰਦਰ ਸਿੰਘ ਜੌੜਾ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ: ਕੁਲਵਿੰਦਰ ਸਿੰਘ ਰਮਦਾਸ, ਸ: ਗੁਰਦਿੱਤ ਸਿੰਘ, ਸੁਪਰਡੈਂਟ ਸ: ਹਰਮਿੰਦਰ ਸਿੰਘ ਮੂਧਲ, ਸ/ਸੁਪਰਡੈਂਟ ਸ: ਮਲਕੀਤ ਸਿੰਘ, ਮੀਤ ਮੈਨੇਜਰ ਸ: ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।
ਇਹ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪੇਸ਼ ਹੋਏ ਸਾਲਾਨਾ ਅਨੁਮਾਨਿਤ ਬਜਟ 6 ਅਰਬ 65 ਕਰੋੜ 46 ਲੱਖ 23 ਹਜ਼ਾਰ 8 ਸੌ 34 ਰੁਪਏ 'ਚੋਂ 31 ਜੁਲਾਈ 2012 ਤੱਕ 1 ਅਰਬ 66 ਕਰੋੜ 36 ਲੱਖ 55 ਹਜ਼ਾਰ 9 ਸੌ 58 ਰੁਪਏ 50 ਪੈਸੇ ਖਰਚ ਹੋ ਸਕਣਗੇ। |
No comments:
Post a Comment