ਭਾਜਪਾ ਕਿਸਾਨ ਮੋਰਚੇ ਨੇ ਪੰਜਾਬ
ਸਮੇਤ 8 ਰਾਜਾਂ 'ਚ ਰੇਲਾਂ ਰੋਕੀਆਂ
ਚੰਡੀਗੜ੍ਹ, 4 ਅਪ੍ਰੈਲ - ਭਾਜਪਾ ਕਿਸਾਨ ਮੋਰਚੇ ਦੀ ਅਗਵਾਈ ਵਿਚ ਆਰੰਭੇ ਗਏ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਤਹਿਤ ਪੰਜਾਬ ਸਮੇਤ ਦੇਸ਼ ਦੇ 8 ਸੂਬਿਆਂ ਵਿਚ 76 ਤੋਂ ਵੱਧ ਥਾਵਾਂ 'ਤੇ ਧਰਨੇ ਦੇ ਕੇ ਕਿਸਾਨਾਂ ਨੇ ਰੇਲ ਗੱਡੀਆਂ ਦੇ ਚੱਕੇ ਜਾਮ ਕੀਤੇ। ਭਾਜਪਾ ਕਿਸਾਨ ਮੋਰਚੇ ਦੇ ਮੀਡੀਆ ਪ੍ਰਮੁੱਖ ਸ੍ਰੀ ਵਨੀਤ ਜੋਸ਼ੀ ਨੇ ਦੱਸਿਆ ਕਿ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਕਰਨ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਉਪਾਅ ਕਰਨ ਅਤੇ ਕਣਕ ਤੇ ਘੱਟੋ ਘੱਟ 500 ਰੁਪਏ ਬੌਨਸ ਦੇਣ ਦੀ ਮੰਗ ਨੂੰ ਲੈ ਕੇ ਭਾਜਪਾ ਕਿਸਾਨ ਮੋਰਚੇ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਨਾਲ ਲੈ ਕੇ ਇਹ ਸੰਘਰਸ਼ ਵਿੱਢਿਆ ਹੈ, ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਕੋਈ ਕਦਮ ਨਾ ਚੁੱਕਿਆ ਤਾਂ ਤਿੱਖਾ ਸੰਘਰਸ਼ ਛੇੜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਦੇ ਅੰਦੋਲਨ ਦੌਰਾਨ ਪੰਜਾਬ ਵਿਚ ਸਾਹਨ੍ਹੇਵਾਲ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਹੁਸ਼ਿਆਰਪੁਰ ਅਤੇ ਫਗਵਾੜਾ ਵਿਚ ਰੇਲਾਂ ਰੋਕੀਆਂ ਗਈਆਂ। ਹਰਿਆਣਾ ਵਿਚ ਅੰਬਾਲਾ, ਪਾਣੀਪਤ, ਟੋਹਾਣਾ, ਫਰੀਦਾਬਾਦ ਅਤੇ ਭਿਵਾਨੀ ਵਿਚ ਰੇਲਾਂ ਰੋਕੀਆਂ ਗਈਆਂ ਜਦਕਿ ਉੱਤਰ ਪ੍ਰਦੇਸ਼ ਵਿਚ 8 ਥਾਵਾਂ 'ਤੇ ਰਾਜਸਥਾਨ ਵਿਚ 10 ਥਾਵਾਂ 'ਤੇ, ਉਤਰਾਖੰਡ ਵਿਚ 4 ਥਾਵਾਂ 'ਤੇ, ਹਿਮਾਚਲ ਪ੍ਰਦੇਸ਼ ਵਿਚ 2 ਥਾਵਾਂ 'ਤੇ, ਜੰਮੂ ਕਸ਼ਮੀਰ ਵਿਚ 1 ਥਾਂ 'ਤੇ ਅਤੇ ਮੱਧ ਪ੍ਰਦੇਸ਼ ਵਿਚ 40 ਸਥਾਨਾਂ 'ਤੇ ਰੇਲ ਪਟੜੀਆਂ ਉੱਪਰ ਧਰਨੇ ਦੇ ਕੇ ਰੇਲਾਂ ਦੇ ਚੱਕੇ ਜਾਮ ਕੀਤੇ ਗਏ। ਇਸ ਅੰਦੋਲਨ ਦੀ ਅਗਵਾਈ ਭਾਜਪਾ ਕਿਸਾਨ ਮੋਰਚੇ ਦੇ ਸੁਖਮੰਦਰਪਾਲ ਸਿੰਘ ਗਰੇਵਾਲ ਅਤੇ ਓਮ ਪ੍ਰਕਾਸ਼ ਧੰਨਖੜ ਵੱਲੋਂ ਕੀਤੀ ਗਈ। ਸਮੇਤ 8 ਰਾਜਾਂ 'ਚ ਰੇਲਾਂ ਰੋਕੀਆਂ
ਅੰਮ੍ਰਿਤਸਰ, -ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਸੈੱਲ ਵੱਲੋਂ ਕੇਂਦਰ ਤੋਂ ਮੰਗੇ 1800 ਰੁਪਏ ਪ੍ਰਤੀ ਕੁਇੰਟਲ ਕਣਕ ਦੇ ਸਮਰਥਨ ਮੁੱਲ ਦੇ ਇਵਜ਼ 'ਚ ਕੇਂਦਰ ਵੱਲੋਂ ਕਿਸਾਨਾਂ ਨਾਲ ਖਿਲਵਾੜ ਕਰਦਿਆਂ ਪੁਰਾਣੇ ਮੁੱਲ 'ਚ ਕੇਵਲ 20 ਰੁਪਏ ਦਾ ਮਾਮੂਲੀ ਜਿਹਾ ਵਾਧਾ ਕਰਕੇ 1285 ਰੁਪਏ ਪ੍ਰਤੀ ਕੁਇੰਟਲ ਮਿਥਣ ਦੇ ਵਿਰੋਧ 'ਚ ਅੱਜ ਕੌਮੀ ਪੱਧਰ 'ਤੇ ਸੰਕੇਤਕ ਰੇਲ-ਰੋਕੂ ਧਰਨੇ ਲਗਾਏ ਗਏ, ਜਿਸ ਦੌਰਾਨ ਸਥਾਨਕ ਸ਼ਿਵਾਲਾ ਫਾਟਕ 'ਤੇ ਕਬਜ਼ਾ ਕਰਦਿਆਂ ਅੰਮ੍ਰਿਤਸਰ ਦੇ ਕਿਸਾਨਾਂ ਨੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਸ੍ਰੀ ਸੋਮ ਦੇਵ ਸ਼ਰਮਾ ਤੇ ਮੀਤ ਪ੍ਰਧਾਨ ਨਿਰਮਲ ਸਿੰਘ ਵਾਹਲਾ ਦੀ ਅਗਵਾਈ ਹੇਠ ਤਕਰੀਬਨ ਇਕ ਘੰਟੇ ਲਈ ਰੇਲ ਆਵਾਜਾਈ ਠੱਪ ਰੱਖੀ।
ਇਸ ਮੌਕੇ ਹਾਜ਼ਰ ਕਿਸਾਨਾਂ ਵੱਲੋਂ ਪਠਾਨਕੋਟ ਜਾ ਰਹੀ ਡੀ. ਐਮ. ਯੂ. ਰੇਲ ਨੂੰ ਰੋਕਣ ਤੋਂ ਇਲਾਵਾ, ਦਰਭੰਗਾ (ਬਿਹਾਰ) ਜਾਣ ਵਾਲੀ ਫਲਾਇੰਗ ਮੇਲ ਨੂੰ ਵੀ ਰੋਕ ਲਿਆ ਜਿਸ ਨੂੰ ਰੇਲ ਵਿਭਾਗ ਵੱਲੋਂ ਵਾਪਸ ਰੇਲਵੇ ਸਟੇਸ਼ਨ 'ਤੇ ਲਿਜਾਇਆ ਗਿਆ। ਇਨ੍ਹਾਂ ਤੋਂ ਛੁੱਟ ਕਿਸਾਨ ਮੋਰਚੇ ਦੇ ਦਿਹਾਤੀ ਵਿੰਗ ਵੱਲੋਂ ਅੰਮ੍ਰਿਤਸਰ ਆਉਣ ਵਾਲੀ ਕਟਿਹਾਰ ਮੇਲ ਨੂੰ ਵੀ ਰੋਕਿਆ ਗਿਆ। ਕਿਸਾਨ ਆਗੂਆਂ ਮੁਤਾਬਕ ਅੱਜ ਦਾ ਧਰਨਾ ਸੰਕੇਤਕ ਸੀ, ਜਿਸ ਕਾਰਨ ਕੇਵਲ ਇਕ ਘੰਟੇ ਲਈ ਆਵਾਜਾਈ ਰੋਕੀ ਗਈ। ਉਨ੍ਹਾਂ ਅਨੁਸਾਰ ਜੇਕਰ ਹੁਣ ਵੀ ਕੇਂਦਰ ਸਰਕਾਰ ਦੀਆਂ ਅੱਖਾਂ ਨਾ ਖੁੱਲ੍ਹੀਆਂ ਤਾਂ ਵੱਡੇ ਪੱਧਰ 'ਤੇ ਅੰਦੋਲਨ ਵਿੱਢਿਆ ਜਾਵੇਗਾ। ਇਸ ਮੌਕੇ ਸ੍ਰੀ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨ ਮਾਰੂ ਨੀਤੀਆਂ 'ਤੇ ਉਤਰਦਿਆਂ ਪਿਛਲੇ ਵਰ੍ਹੇ ਦੌਰਾਨ 4 ਵਾਰ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਪਰ ਕਣਕ ਦਾ ਸਮਰਥਨ ਮੁੱਲ ਨਾਂਹ ਬਰਾਬਰ ਵਧਾਇਆ। ਉਨ੍ਹਾਂ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਸਮਰਥਨ ਮੁੱਲ 1800 ਨਹੀਂ ਮਿਥਣਾਂ ਤਾਂ ਕਿਸਾਨਾਂ ਨੂੰ ਕਣਕ 'ਤੇ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮਹਿੰਗੇ ਸੰਦਾਂ ਅਤੇ ਟਿਊਬਵੈੱਲਾਂ ਦਾ ਖਰਚਾ ਝਲਦਿਆਂ ਕਿਸਾਨ ਦਿਨੋ-ਦਿਨ ਕਰਜ਼ਾਈ ਹੋ ਕੇ ਖੁਦਕੁਸ਼ੀਆਂ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਦੇਸ਼ ਬਾਸਮਤੀ, ਹਲਦੀ ਆਦਿ ਭਾਰਤੀ ਉਪਜਾਂ ਦੇ ਪੇਟੈਂਟ ਕਰਵਾ ਰਹੇ ਹਨ ਪਰ ਦੇਸ਼ ਦੀ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕੇਂਦਰੀ ਸਰਕਾਰ ਨੂੰ ਕਮਿਸ਼ਨ ਏਜੰਟਾਂ ਦੀ ਸਰਕਾਰ ਦੱਸਿਆ। ਧਰਨੇ 'ਚ ਰਾਹੁਲ ਮਹੇਸ਼ਵਰੀ, ਅਵਤਾਰ ਸਿੰਘ ਤਾਰੀ, ਮਹਿੰਦਰ ਸ਼ਰਮਾ, ਵਿਨੋਦ ਸ਼ਰਮਾ, ਬਲਵਿੰਦਰ ਬੌਬੀ, ਗੁਰਪ੍ਰਤਾਪ ਸਿੰਘ ਗੋਲਡੀ, ਹਰਪ੍ਰੀਤ ਸਿੰਘ ਸੇਖੋਂ, ਜਥੇ: ਬਲਵਿੰਦਰ ਸਿੰਘ, ਜੋਗਿੰਦਰ ਸਿੰਘ ਵੱਲ੍ਹਾ, ਦਿਲਬਾਗ ਸਿੰਘ ਸੁਲਤਾਨਵਿੰਡ, ਜਸਵੰਤ ਸਿੰਘ ਗੁੰਮਟਾਲਾ ਆਦਿ ਸ਼ਾਮਿਲ ਹੋਏ।
ਉਪ ਕੁਲਪਤੀ ਡਾ: ਬਰਾੜ ਦੇ ਸੇਵਾ ਕਾਲ 'ਚ ਵਾਧਾ
ਅੰਮ੍ਰਿਤਸਰ, 4 ਅਪ੍ਰੈਲ -ਪੰਜਾਬ ਦੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਕੁਲਪਤੀ ਸ੍ਰੀ ਸ਼ਿਵਰਾਜ ਵੀ. ਪਾਟਿਲ ਨੇ ਅੱਜ ਸ਼ਾਮੀ ਇਕ ਹੁਕਮ ਜਾਰੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ, ਪ੍ਰੋਫੈਸਰ ਅਜਾਇਬ ਸਿੰਘ ਬਰਾੜ ਦੇ ਕਾਰਜਕਾਲ 'ਚ 14 ਜੁਲਾਈ 2012 ਤੋਂ 14 ਜੁਲਾਈ 2015 ਤਕ ਤਿੰਨ ਸਾਲ ਦਾ ਵਾਧਾ ਕਰ ਦਿੱਤਾ ਹੈ। ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਐਮ. ਪੀ. ਸਿੰਘ ਵੱਲੋਂ ਜਾਰੀ ਪੱਤਰ ਨੰਬਰ ਪੀ. ਆਰ. ਬੀ.-2ਜੀ.-2002/ਜੀ. ਐਨ. ਡੀ. ਯੂ./2232 ਰਾਹੀਂ 'ਵਰਸਿਟੀ ਨੂੰ ਇਹ ਜਾਣਕਾਰੀ ਭੇਜੀ ਗਈ। ਪ੍ਰੋ: ਬਰਾੜ ਨੇ 15 ਜੁਲਾਈ, 2009 ਨੂੰ ਜੀ. ਐਨ. ਡੀ. ਯੂ. ਦੇ ਉਪ ਕੁਲਪਤੀ ਵਜੋਂ ਅਹੁਦਾ ਸੰਭਾਲਿਆ ਸੀ ਜਿਸ ਤੋਂ ਪਹਿਲਾਂ, ਉਹ ਲਖਨਊ ਯੂਨੀਵਰਸਿਟੀ ਦੇ ਉਪ ਕੁਲਪਤੀ ਰਹਿ ਚੁੱਕੇ ਸਨ। ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਵਿਚ ਕਮਿਸਟਰੀ ਦੇ ਅਸਿਸਟੈਂਟ ਪ੍ਰੋਫੈਸਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਪ੍ਰੋ. ਬਰਾੜ 25 ਪੀ.ਐਚ.ਡੀ. ਅਤੇ 20 ਐਮ.ਟੈਕ. ਵਿਦਿਆਰਥੀਆਂ ਦੇ ਗਾਇਡ ਰਹਿ ਚੁੱਕੇ ਹਨ। ਦੇਸ਼ ਦੀ ਰਾਸ਼ਟਰਪਤੀ, ਸ੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਵੱਲੋਂ 23 ਸਤੰਬਰ, 2008 ਨੂੰ ਪ੍ਰੋਫੈਸਰ ਬਰਾੜ ਨੂੰ ਡੀ. ਲਿਟ (ਆਨਰਜ਼ ਕਾਜ਼ਾ) ਦੀ ਡਿਗਰੀ ਨਾਲ ਸਨਮਾਨਿਤ ਕੀਤਾ ਅਤੇ ਇਸ ਤੋਂ ਇਲਾਵਾ ਸਿਖਿਆ ਦੇ ਖੇਤਰ 'ਚ ਅਹਿਮ ਯੋਗਦਾਨ ਸਦਕਾ ਉਹ ਯੂ. ਪੀ. ਰਤਨ ਅਵਾਰਡ ਅਤੇ ਸਰਸਵਤੀ ਸਨਮਾਨ ਵੀ ਪ੍ਰਾਪਤ ਕਰ ਚੁੱਕੇ ਹਨ।ਪਟਿਆਲਾ, 4 ਅਪ੍ਰੈਲ-ਐਸ.ਐਸ.ਪੀ. ਪਟਿਆਲਾ ਸ: ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਲ ਹੋਈ ਜਦੋਂ ਐਂਟੀ ਗੁੰਡਾ ਸਟਾਫ਼ ਪਟਿਆਲਾ ਦੀ ਟੀਮ ਵੱਲੋਂ 2 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਲਿਆ। ਸ: ਗਿੱਲ ਅਤੇ ਐਸ.ਪੀ. (ਡੀ) ਸ: ਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਐਂਟੀ ਗੁੰਡਾ ਸਟਾਫ਼ ਪਟਿਆਲਾ ਦੇ ਇੰਚਾਰਜ ਸ: ਹਰਬਿੰਦਰ ਸਿੰਘ ਨੇ ਐਂਟੀ ਗੁੰਡਾ ਸਟਾਫ਼ ਦੀ ਪੁਲਿਸ ਪਾਰਟੀ ਸਮੇਤ ਮੁਖ਼ਬਰੀ ਦੇ ਆਧਾਰ 'ਤੇ ਘਲੌੜੀ ਗੇਟ ਨੇੜੇ ਨਦੀ ਦੇ ਪੁਲ 'ਤੇ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਵਿਅਕਤੀ ਜੋ ਪੈਦਲ ਨਦੀ ਵੱਲ ਜਾ ਰਿਹਾ ਸੀ, ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਲੱਗਾ ਅਤੇ ਪੁਲਿਸ ਪਾਰਟੀ ਵੱਲੋਂ ਜਦੋਂ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ਵਿਚੋਂ 1000-1000 ਦੇ ਨੋਟਾਂ ਵਾਲੀਆਂ ਜਾਅਲੀ ਕਰੰਸੀ ਦੀਆਂ ਦੋ ਗੁੱਥੀਆਂ ਬਰਾਮਦ ਹੋਈਆਂ ਜੋ ਕਿ ਕੁੱਲ ਰਕਮ 2 ਲੱਖ ਰੁਪਏ ਬਣਦੀ ਹੈ ਬਰਾਮਦ ਹੋਈ । ਉਨ੍ਹਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਸੁਖਵੀਰ ਸਿੰਘ ਉਰਫ ਰਾਜਾ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 640/2 ਘੇਰ ਸੋਢੀਆਂ ਪਟਿਆਲਾ ਵਜੋਂ ਹੋਈ ਅਤੇ ਉਸ ਵਿਰੁੱਧ ਥਾਣਾ ਕੋਤਵਾਲੀ ਵਿਖੇ ਆਈ.ਪੀ.ਸੀ. ਦੀ ਧਾਰਾ 489-ਬੀ, 489-ਸੀ ਅਤੇ 420 ਅਧੀਨ ਮੁਕੱਦਮਾ ਦਰਜ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੇ ਦੱਸਿਆ ਕਿ ਇਹ ਜਾਅਲੀ ਕਰੰਸੀ ਉਸ ਨੂੰ ਬਿਹਾਰ ਤੋਂ ਸ਼ਿਵ ਨਾਂਅ ਦਾ ਵਿਅਕਤੀ ਸਪਲਾਈ ਕਰਦਾ ਸੀ ਅਤੇ ਇਸ ਨੂੰ ਉਹ ਅੱਗੇ ਵੇਚ ਦਿੰਦਾ ਸੀ।
ਚੰਡੀਗੜ੍ਹ, 4 ਅਪ੍ਰੈਲ - ਪੰਜਾਬ ਦੇ ਤਕਨੀਕੀ ਸਿੱਖਿਆ ਵਿਭਾਗ ਨੇ ਆਈ.ਟੀ.ਆਈ. ਇੰਸਟ੍ਰਕਟਰਾਂ ਦਾ ਤਨਖ਼ਾਹ ਸਕੇਲ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਮਹਿਕਮੇ ਵੱਲੋਂ ਅੱਜ ਜਾਰੀ ਪੱਤਰ ਅਨੁਸਾਰ ਹੁਣ ਆਈ.ਟੀ.ਆਈ. ਇੰਸਟ੍ਰਕਟਰਾਂ ਨੂੰ 10300-34800+4600 ਦਾ ਤਨਖ਼ਾਹ ਸਕੇਲ ਮਿਲੇਗਾ। ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਸ: ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਲਈ ਉਹ ਵਿਭਾਗ ਦੇ ਮੰਤਰੀ ਸ੍ਰੀ ਅਨਿਲ ਜੋਸ਼ੀ, ਨਿਰਦੇਸ਼ਕ ਸ੍ਰੀਮਤੀ ਊਸ਼ਾ ਆਰ ਸ਼ਰਮਾ ਅਤੇ ਉਪ ਨਿਰਦੇਸ਼ਕ ਸ੍ਰੀਮਤੀ ਦਲਜੀਤ ਕੌਰ ਦੇ ਵਿਸ਼ੇਸ਼ ਤੌਰ 'ਤੇ ਧੰਨਵਾਦੀ ਹਨ, ਕਿਉਂਕਿ ਉਨ੍ਹਾਂ ਨੇ 29 ਮਾਰਚ ਨੂੰ ਤਨਖ਼ਾਹ ਸਕੇਲ ਵਧਾਉਣ ਲਈ ਮੰਗ-ਪੱਤਰ ਦਿੱਤਾ ਸੀ ਅਤੇ ਅੱਜ ਇਸ ਸਬੰਧੀ ਪੱਤਰ ਜਾਰੀ ਕਰਕੇ ਉਕਤ ਅਧਿਕਾਰੀਆਂ ਨੇ ਆਪਣਾ ਕੀਤਾ ਹੋਇਆ ਵਾਅਦਾ ਪੁਗਾ ਦਿੱਤਾ ਹੈ।
ਪੋਰਬੰਦਰ, 4 ਅਪ੍ਰੈਲ-ਪਾਕਿਸਤਾਨ ਦੇ ਜਲ ਸੈਨਿਕਾਂ ਨੇ ਅੱਜ ਭਾਰਤ ਦੇ 23 ਮਛੇਰਿਆਂ ਨੂੰ ਗ੍ਰਿਫਤਾਰ ਕਰ ਲਿਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਭਾਰਤੀ ਮਛੇਰੇ ਅਰਬ ਸਾਗਰ ਵਿਚ ਯਾਕੂ ਤੱਟ 'ਤੇ ਮੱਛੀਆਂ ਫੜ ਰਹੇ ਸਨ। ਗੁਜਰਾਤ ਮੱਛੀ ਵਿਭਾਗ ਅਤੇ ਭਾਰਤੀ ਤੱਟ ਰੱਖਿਅਕਾਂ ਅਨੁਸਾਰ ਪਾਕਿਸਤਾਨ ਜਲ ਸੈਨਿਕਾਂ ਨੇ 23 ਭਾਰਤੀਆਂ ਮਛੇਰਿਆਂ ਨੂੰ ਉਨ੍ਹਾਂ ਦੀਆਂ 4 ਕਿਸ਼ਤੀਆਂ ਸਮੇਤ ਕਰਾਚੀ ਲੈ ਗਏ।
ਅੰਮ੍ਰਿਤਸਰ, 4 ਅਪ੍ਰੈਲ -ਜੁਗੋ-ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ, ਪੰਜ ਤਖਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੌਜੂਦਗੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਲਾਨਾ ਬਜਟ ਇਜਲਾਸ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪੂਰੇ ਜਮਹੂਰੀ ਢੰਗ ਅਤੇ ਸਿੱਖੀ ਸਿੱਧਾਂਤਾਂ ਮੁਤਾਬਕ ਅਰਦਾਸ ਕਰਕੇ ਅਰੰਭਤਾ ਤੇ ਸਮਾਪਤੀ ਹੁੰਦੀ ਸੀ, ਪਰ ਅੱਜ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਇਤਿਹਾਸ 'ਚ ਸਿੱਖ ਪਰੰਪਰਾ ਦੇ ਉਲਟ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਬਹੁਸੰਮਤੀ ਨਾਲ ਬਜਟ ਪੇਸ਼ ਕਰਕੇ ਪਾਸ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ, ਕੇਸਗੜ੍ਹ ਸਾਹਿਬ, ਦਮਦਮਾ ਸਾਹਿਬ ਤੇ ਹੋਰ ਪ੍ਰਸਿੱਧ ਗੁਰਧਾਮਾਂ, ਪਿੰਗਲਵਾੜਾ, ਸਿੱਖ ਧਰਮ ਪ੍ਰਚਾਰ, ਸਰਾਵਾਂ ਤੇ ਸ੍ਰੀ ਗੁਰੂ ਰਾਮ ਦਾਸ ਲੰਗਰ ਘਰ ਬਾਰੇ ਵਿਸਥਾਰ ਨਾਲ ਹੋਣ ਵਾਲੇ ਖਰਚਿਆਂ, ਤਕਨੀਕੀ ਤੇ ਵਿਦਿਅਕ ਅਦਾਰਿਆਂ, ਸਿੱਖ ਸ਼ਰਧਾਲੂਆਂ, ਸੰਗਤਾਂ ਲਈ ਵੱਖ-ਵੱਖ ਪ੍ਰਾਜੈਕਟ ਲਾਉਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਕਾਇਦਾ 'ਬਜਟ-ਸਪੀਚ' ਦਾ ਕਿਤਾਬਚਾ ਜਾਰੀ ਹੁੰਦਾ ਸੀ, ਜਿਸ ਨੂੰ ਸੰਗਤਾਂ ਬੜੀ ਉਤਸੁਕਤਾ ਨਾਲ ਅਖਬਾਰਾਂ ਰਾਹੀਂ ਪੜ੍ਹਦੀਆਂ ਸਨ ਜੋ ਅੱਜ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਕ ਤਰ੍ਹਾਂ ਕੰਮ ਹੀ ਸਾਰਿਆ ਹੈ।
ਇਹ ਜ਼ਿਕਰਯੋਗ ਹੈ ਕਿ ਸਿੱਖਾਂ ਦੀ ਮਿੰਨੀ ਸੰਸਦ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਥਾਹ ਕੁਰਬਾਨੀਆਂ ਬਾਅਦ ਸੰਨ 1920 'ਚ ਹੋਂਦ 'ਚ ਆਈ, ਜਿਸ ਦੇ ਪਹਿਲੇ ਪ੍ਰਧਾਨ ਸਰ ਸੁੰਦਰ ਸਿੰਘ ਮਜੀਠੀਆ ਸਨ। ਸੰਨ 1925 'ਚ ਜਦੋਂ ਗੁਰਦੁਆਰਾ ਐਕਟ ਬਣਿਆਂ ਉਸ ਸਮੇਂ ਅੰਗਰੇਜ਼ ਸਾਮਰਾਜ ਦਾ ਸੂਰਜ ਨਹੀਂ ਸੀ ਡੁੱਬਦਾ। ਉਸ ਵੇਲੇ ਆਜ਼ਾਦੀ ਘੁਲਾਟੀਆਂ ਨੇ ਕਿਹਾ ਸੀ ਕਿ ਆਜ਼ਾਦੀ ਦੀ ਅੱਧੀ ਜੰਗ ਜਿੱਤ ਲਈ ਹੈ ਪਰ ਅਫ਼ਸੋਸ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਤੋਂ ਇਲਾਵਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਕੇਂਦਰ ਸਰਕਾਰ ਤੋਂ ਨਿਆਂ ਨਾ ਮਿਲਣ ਕਾਰਨ ਮਾਣਯੋਗ ਅਦਾਲਤਾਂ ਦਾ ਆਸਰਾ ਲੈ ਰਹੇ ਹਨ। ਸਿੱਖ ਹਲਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਕਿ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਸੰਕਟ 'ਚ ਘਿਰੀ ਹੋਈ ਹੈ। ਚਰਚਾ ਅਨੁਸਾਰ ਕੁਝ ਸਿੱਖ ਹਲਕੇ ਇਸ ਨੂੰ ਰਾਜਨੀਤੀ ਨਾਲ ਜੋੜ ਕੇ ਵੀ ਵੇਖ ਰਹੇ ਹਨ ਕਿ ਸਿਆਸਤਦਾਨ ਸਿਆਸੀ ਰੋਟੀਆਂ ਸੇਕ ਰਹੇ ਹਨ।
No comments:
Post a Comment