Sunday, 15 April 2012

ਪਾਕਿ 'ਚ ਫਿਰਕੂ ਹਿੰਸਾ-9 ਸ਼ੀਆ ਹਲਾਕ
ਪਾਕਿ ਸਰਹੱਦ ਨੇੜੇ 14 ਤਾਲਿਬਾਨੀ ਮਾਰੇ ਗਏ
ਇਸਲਾਮਾਬਾਦ, 15 ਅਪ੍ਰੈਲ -ਪਾਕਿਸਤਾਨ ਦੇ ਦੱਖਣੀ-ਪੱਛਮੀ ਸ਼ਹਿਰ ਕੁਏਟਾ 'ਚ ਹੋਏ ਵੱਖ-ਵੱਖ ਹਮਲਿਆਂ 'ਚ 9 ਸ਼ੀਆ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ। ਬਰੇਵਰੀ ਰੋਡ 'ਤੇ ਵਾਪਰੀ ਪਹਿਲੀ ਘਟਨਾ 'ਚ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਇਕ ਕਾਰ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ। ਇਸ ਹਮਲੇ 'ਚ ਪੰਜ ਕਾਰ ਸਵਾਰਾਂ ਤੇ ਇਕ ਰਾਹਗੀਰ ਦੀ ਮੌਤ ਹੋ ਗਈ, ਜਦਕਿ ਚਾਰ ਲੋਕ ਜ਼ਖਮੀ ਹੋ ਗਏ। ਪੁਲਿਸ ਮੁਤਾਬਿਕ ਹਮਲਾਵਰ ਭੱਜਣ 'ਚ ਕਾਮਯਾਬ ਹੋ ਗਏ। ਸਬਜਲ ਰੋਡ 'ਤੇ ਹੋਏ ਇਕ ਹੋਰ ਹਮਲੇ 'ਚ ਇਕ ਵਿਅਕਤੀ ਦੀ ਹੱਤਿਆ ਤੇ ਦੋ ਹੋਰ ਜ਼ਖਮੀ ਹੋ ਗਏ। ਤੀਸਰਾ ਹਮਲਾ ਸ਼ਾਲਕੋਟ 'ਚ ਹੋਇਆ, ਜਿਸ 'ਚ ਇਕ ਹਵਾਲਦਾਰ ਨੂੰ ਮਾਰ ਦਿੱਤਾ ਗਿਆ ਤੇ ਦੋ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ਦੇ ਪਿੱਛੇ ਇਕੋ ਫਿਰਕੇ ਦੇ ਲੋਕਾਂ ਦਾ ਹੱਥ ਹੋ ਸਕਦਾ ਹੈ। ਫਿਰਕੂ ਹਿੰਸਾ ਦੀਆਂ ਘਟਨਾਵਾਂ ਵਧਣ ਕਾਰਨ ਸ਼ਹਿਰ 'ਚ ਸਭ ਅਦਾਰੇ ਬੰਦ ਰਹੇ। ਕਈ ਸਥਾਨਾਂ 'ਤੇ ਇਨ੍ਹਾਂ ਘਟਨਾਵਾਂ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਹਮਲਿਆਂ ਦੇ ਸਬੰਧ 'ਚ ਕਈ ਸ਼ੱਕੀ ਖੇਤਰਾਂ ਦੀ ਘੇਰਾਬੰਦੀ ਕਰ ਲਈ ਗਈ ਹੈ ਤੇ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ।
14 ਤਾਲਿਬਾਨੀ ਹਲਾਕ
ਕਾਬਲ, -ਪਾਕਿਸਤਾਨ ਨਾਲ ਲਗਦੇ ਉੱਤਰ-ਪੂਰਬੀ ਸਰਹੱਦ 'ਤੇ ਨਾਟੋ ਹਵਾਈ ਹਮਲਿਆਂ ਦੇ ਸਮਰਥਨ ਨਾਲ ਅਫਗਾਨ ਕਮਾਂਡੋ ਫੋਰਸਾਂ ਵਲੋਂ ਕੀਤੇ ਗਏ ਜ਼ੋਰਦਾਰ ਹਮਲੇ ਵਿਚ 14 ਤਾਲਿਬਾਨੀ ਅੱਤਵਾਦੀ ਮਾਰੇ ਗਏ। ਪਾਕਿਸਤਾਨ ਤੋਂ ਅੱਤਵਾਦੀਆਂ ਲਈ ਸਪਲਾਈ ਰੂਟ ਵਜੋਂ ਜਾਣੇ ਜਾਂਦੇ ਨੁਰਿਸਤਾਨ ਸੂਬੇ ਵਿਚ ਅਫਗਾਨ ਫੌਜਾਂ ਨੇ ਪਿਛਲੇ 3 ਦਿਨਾਂ ਤੋਂ ਵੱਡੀ ਕਾਰਵਾਈ ਆਰੰਭੀ ਹੋਈ ਹੈ। ਉਕਤ ਸੂਬੇ ਦੇ ਕਮਦੇਸ਼ ਜ਼ਿਲ੍ਹੇ ਵਿਚ ਪੈਂਦੇ ਪਹਾੜੀ ਇਲਾਕਿਆਂ ਵਿਚ ਤਾਲਿਬਾਨ ਦੇ ਅੱਡਿਆਂ 'ਤੇ ਵੱਡਾ ਅਪਰੇਸ਼ਨ ਚੱਲ ਰਿਹਾ ਹੈ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਇਸ ਕਾਰਵਾਈ ਵਿਚ 14 ਹਥਿਆਰਬੰਦ ਬਾਗੀ ਮਾਰੇ ਗਏ ਤੇ 34 ਹੋਰ ਜ਼ਖ਼ਮੀ ਹੋ ਗਏ ਤੇ 18 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸੇ ਦੌਰਾਨ ਨਾਟੋ ਦੇ ਇਕ ਬੁਲਾਰੇ ਨੇ ਦਸਿਆ ਕਿ ਪਿਛਲੇ ਕੁਝ ਦਿਨਾਂ ਵਿਚ 32 ਹੋਰ ਅੱਤਵਾਦੀ ਵੀ ਮਾਰੇ ਗਏ ਹਨ। ਸੂਤਰਾਂ ਅਨੁਸਾਰ ਤਾਲਿਬਾਨ ਕਮਾਂਡਰ ਮੌਲਵੀ ਨਾਜ਼ਿਰ ਤੇ ਹੱਕਾਨੀ ਨੈਟਵਰਕ ਦੇ ਗੜ੍ਹ ਵਜੋਂ ਸਮਝੇ ਜਾਂਦੇ ਇਸ ਸੂਬੇ ਵਿਚ ਚਲਾਏ ਗਏ ਅਪਰੇਸ਼ਨ ਵਿਚ ਅਫਗਾਨ ਪੁਲਿਸ ਦੇ 400 ਜਵਾਨ ਅਫਗਾਨ ਕਮਾਂਡੋ ਫੋਰਸਾਂ ਦੀ ਮਦਦ ਕਰ ਰਹੇ ਹਨ।
 
ਮਹਾਰਾਸ਼ਟਰ ਤੇ ਗੁਜਰਾਤ ਵਿਚ ਭੁਚਾਲ ਦੇ ਝਟਕੇ
ਪੁਣੇ / ਅਹਿਮਦਾਬਾਦ, 15 ਅਪ੍ਰੈਲ - ਅੱਜ ਮਹਾਰਾਸ਼ਟਰ, ਗੁਜਰਾਤ ਅਤੇ ਕਰਨਾਟਕ ਦੇ ਕੁਝ ਹਿੱਸਿਆ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਇਸ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਸੂਤਰਾਂ ਅਨੁਸਾਰ ਅੱਜ ਸਵੇਰੇ ਗੁਜਰਾਤ ਦੇ ਕੁਝ ਹਿੱਸਿਆਂ ਵਿਚ ਭੁਚਾਲ ਦੇ ਹਲਕੇ ਝਟਕੇ ਮਹਿਸੂ ਕੀਤੇ ਗਏ, ਜਿਨ੍ਹਾਂ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 4.1 ਮਾਪੀ ਗਈ। ਗੁਜਰਾਤ ਵਿਚ ਭੁਚਾਲ ਦਾ ਕੇਂਦਰ ਕੱਛ ਜ਼ਿਲ੍ਹੇ ਦੀ ਵਮਕਾ ਤਹਿਸੀਲ ਸੀ। ਇਸੇ ਤਰ੍ਹਾਂ ਮਹਾਰਾਸ਼ਟਰ ਵਿੱਚ ਮੁੰਬਈ ਦੇ ਕਈ ਇਲਾਕਿਆਂ, ਸਤਾਰਾ, ਸਾਂਗਲੀ, ਕੋਲਾਪੁਰ, ਪੁਣੇ, ਰਤਨਾਗਿਰੀ ਅਤੇ ਸਿੰਧੂਦੁਰਗ ਵਿਚ ਵੀ ਭੁਚਾਲ ਦੇ ਝਟਕੇ ਆਏ। ਪੁਣੇ ਸਥਿਤ ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰੇ 10.50 ਵਜੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿਚ ਭੁਚਾਲ ਆਇਆ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 5 ਮਾਪੀ ਗਈ ਅਤੇ ਮਹਾਰਾਸ਼ਟਰ 'ਚ ਭੁਚਾਲ ਦਾ ਕੇਂਦਰ ਸਤਾਰਾ ਜ਼ਿਲ੍ਹੇ ਵਿਚ ਕੋਇਨਾ ਡੈਮ ਤੋਂ 10 ਕਿੱਲੋਮੀਟਰ ਦੂਰ ਗੋਸ਼ਤਵਾੜੀ ਪਿੰਡ ਵਿੱਚ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਭੁਚਾਲ ਗ੍ਰਸਤ ਇਲਾਕੇ 'ਚ ਸਥਿਤ ਕੋਇਨਾ ਡੈਮ ਪੂਰੀ ਤਰਾਂ ਸੁਰੱਖਿਅਤ ਹੈ।  ਕੱਛ ਜ਼ਿਲੇ ਤੋਂ ਇਲਾਵਾ ਸੌਰਾਸ਼ਟਰ ਖੇਤਰ ਵਿਚ ਭੁਚਾਲ ਆਉਣ ਦੀ ਰਿਪੋਰਟ ਹੈ। ਭੁਚਾਲ ਨਾਲ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਮੁੰਬਈ ਵਿਚ ਹੋਰਨਾਂ ਤੋਂ ਇਲਾਵਾ ਫਿਲਮ ਅਦਾਕਾਰ ਅਮਿਤਾਭ ਬਚਨ ਨੇ ਜੁਹੂ ਸਥਿਤ ਆਪਣੇ ਘਰ ਵਿਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ ਹੈ ਕਿ ਸ਼ਟਰ ਅਤੇ ਇਮਾਰਤ ਕੁਝ ਸੈਕਿੰਡ ਲਈ ਦੋ ਵਾਰ ਕੰਬੀ ਸੀ। ਮੌਸਮ ਵਿਭਾਗ ਅਨੁਸਾਰ ਗੁਜਰਾਤ ਵਿਚ ਭੁਚਾਲ ਦਾ ਪਹਿਲਾ ਝਟਕਾ ਸਵੇਰੇ 8.53 'ਤੇ ਆਇਆ। ਇਸ ਦਾ ਕੇਂਦਰ ਭੁੱਜ ਵਿਚ ਸੀ। ਇਸ ਤੋਂ ਦੋ ਘੰਟੇ ਬਾਅਦ 11.05 ਵਜੇ ਇਕ ਹੋਰ ਭੁਚਾਲ ਆਇਆ ਜਿਸ ਦਾ ਕੇਂਦਰ ਪੱਛਮੀ ਮਹਾਂਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿਚ ਸੀ। ਕਰਨਾਟਕ ਵਿਚ ਵੀ ਭੁਚਾਲ-ਅੱਜ ਸਵੇਰੇ ਕਰਨਾਟਕ ਦੇ ਦੋ ਜ਼ਿਲ੍ਹਿਆਂ ਬੈਲਗਾਓਂ ਅਤੇ ਧਰਵਾੜ ਵਿਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੌਰਾਨ ਲੋਕ ਆਪਣੇ ਘਰਾਂ ਤੇ ਦਫਤਰਾਂ ਵਿਚੋਂ ਦਹਿਸ਼ਤਜ਼ਦਾ ਹੋ ਕੇ ਬਾਹਰ ਨੂੰ ਦੌੜੇ। ਝਟਕਿਆਂ ਨਾਲ ਖਿੜਕੀਆਂ ਹਿਲ ਗਈਆਂ ਤੇ ਰਸੋਈ ਵਿਚ ਪਏ ਭਾਂਡੇ ਹੇਠਾਂ ਡਿਗ ਪਏ। ਇਹ ਝਟਕੇ ਸਵੇਰੇ 11.00 ਅਤੇ 11.05 ਵਿਚਕਾਰ ਕੁਝ ਸੈਕਿੰਡ ਲਈ ਮਹਿਸੂਸ ਕੀਤੇ ਗਏ। ਹਿੰਦਾਲਗਾ ਜੇਲ੍ਹ ਦੇ ਕੈਦੀ ਵੀ ਜੇਲ੍ਹ ਅਹਾਤੇ ਦੇ ਅੰਦਰ ਹੀ ਖੁਲੀ ਥਾਂ ਵਿਚ ਆ ਗਏ।

No comments:

Post a Comment