ਬਾਦਲ ਨੇ ਗੁਰਦੁਆਰਾ ਨਾਨਕ ਝੀਰਾ ਵਿਖੇ ਮੱਥਾ ਟੇਕਿਆ
ਬਿਦਰ (ਕਰਨਾਟਕ), 15 ਅਪ੍ਰੈਲ-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰੇ ਨਾਨਕ ਝੀਰਾ ਸਾਹਿਬ ਵਿਖੇ ਮੱਥਾ ਟੇਕਿਆ। ਉਹ ਹਵਾਈ ਫ਼ੌਜ ਦੇ ਵਿਸ਼ੇਸ਼ ਜਹਾਜ਼ ਰਾਹੀਂ ਗੁਰਦੁਆਰਾ ਸਾਹਿਬ ਪੁੱਜੇ। ਇਸ ਤੋਂ ਇਲਾਵਾ ਸ: ਬਾਦਲ ਨੇ ਪਵਿੱਤਰ ਅ੍ਰਮਿੰਤ ਕੁੰਡ ਦੇ ਦਰਸ਼ਨ ਵੀ ਕੀਤੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾਂ ਨੂੰ ਸ਼ਾਲ ਅਤੇ ਯਾਦਗਰੀ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਕਮੇਟੀ ਨੇ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਝੀਰਾ ਯਾਤਰਾ ਦੇ 500 ਸਾਲ ਪੂਰੇ ਹੋਣ ਦੇ ਸੰਬੰਧ 'ਚ ਹੋਣ ਵਾਲੇ ਆਗਾਮੀ ਸਮਾਗਮਾਂ 'ਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਇਹ ਸਮਾਗਮ 26 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਹਨ।
ਨਵੀਂ ਦਿੱਲੀ, 15 ਅਪ੍ਰੈਲ -ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੰਦਰੂਨੀ ਸੁਰੱਖਿਆ ਬਾਰੇ ਮੁੱਖ ਮੰਤਰੀਆਂ ਦੀ ਕਾਨਫਰੰਸ ਦਾ ਸੋਮਵਾਰ 16 ਅਪ੍ਰੈਲ ਨੂੰ ਉਦਘਾਟਨ ਕਰਨਗੇ। ਇਕ ਸਰਕਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਇਕ ਦਿਨਾ ਕਾਨਫਰੰਸ ਦੀ ਸ਼ੁਰੂਆਤ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਭਾਸ਼ਣ ਨਾਲ ਹੋਵੇਗੀ। ਕਾਨਫਰੰਸ ਵਿਚ ਹੋਰ ਮੁੱਦਿਆਂ ਤੋਂ ਇਲਾਵਾ ਦੇਸ਼ ਦੀ ਅੰਦਰੂਨੀ ਸੁਰੱਖਿਆ ਤੇ ਪੁਲਿਸ ਸੁਧਾਰਾਂ ਬਾਰੇ ਵਿਚਾਰ ਵਟਾਂਦਰਾ ਹੋਵੇਗਾ। ਇਥੇ ਮਹੱਤਵਪੂਰਨ ਹੈ ਕਿ ਪਹਿਲਾਂ ਕੇਂਦਰ ਸਰਕਾਰ ਨੇ ਸੰਕੇਤ ਦਿੱਤਾ ਸੀ ਕਿ ਮੁੱਖ ਮੰਤਰੀਆਂ ਦੀ ਇਸ ਇਕ ਦਿਨਾ ਕਾਨਫਰੰਸ ਨੂੰ ਅੱਤਵਾਦ ਵਿਰੋਧੀ ਕੌਮੀ ਕੇਂਦਰਾਂ ਦੀ ਸਥਾਪਨਾ ਬਾਰੇ ਵਿਚਾਰ ਕਰਨ ਲਈ ਇਕ ਹੋਰ ਦਿਨ ਲਈ ਵਧਾਇਆ ਵੀ ਜਾ ਸਕਦਾ ਹੈ, ਪਰ ਬਾਅਦ ਵਿਚ ਗੈਰ-ਕਾਂਗਰਸੀ ਸਰਕਾਰਾਂ ਵਾਲੇ ਰਾਜਾਂ ਵੱਲੋਂ ਹੋਏ ਜ਼ੋਰਦਾਰ ਵਿਰੋਧ ਕਾਰਨ ਸਰਕਾਰ ਵੱਲੋਂ ਆਪਣਾ ਇਹ ਇਰਾਦਾ ਤਿਆਗ ਦਿੱਤਾ ਗਿਆ ਸੀ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਸਮੇਤ ਕਈ ਹੋਰ ਗੈਰ ਕਾਂਗਰਸੀ ਮੁੱਖ ਮੰਤਰੀਆਂ ਨੇ ਇਸ ਕੇਂਦਰ ਦੀ ਕਾਇਮੀ ਨੂੰ ਰਾਜਾਂ ਦੇ ਅਧਿਕਾਰਾਂ 'ਤੇ ਛਾਪਾ ਕਰਾਰ ਦਿੰਦਿਆਂ ਇਸ ਮੁੱਦੇ 'ਤੇ ਵਿਚਾਰ ਕਰਨ ਲਈ ਵੱਖਰੀ ਮੀਟਿੰਗ ਸੱਦਣ ਦੀ ਮੰਗ ਕੀਤੀ ਸੀ।
ਵਾਸ਼ਿੰਗਟਨ, 15 ਅਪ੍ਰੈਲ-ਭਾਰਤ ਤੇ ਅਮਰੀਕਾ ਵਿਚਕਾਰ ਲਗਭਗ 6 ਸਾਲ ਤੋਂ ਬਾਅਦ ਸਿਆਸੀ-ਫੌਜੀ ਵਾਰਤਾ ਅਗਲੇ ਹਫਤੇ ਨਵੀਂ ਦਿੱਲੀ ਵਿਚ ਹੋਵੇਗੀ। ਸਾਲ 2006 ਵਿਚ ਹੋਈ ਭਾਰਤ-ਅਮਰੀਕਾ ਸਿਆਸੀ ਫੌਜੀ ਵਾਰਤਾ ਤੋਂ ਬਾਅਦ ਇਸ ਤਰਾਂ ਦੀ ਇਹ ਪਹਿਲੀ ਵਾਰਤਾ ਹੋਵੇਗੀ। ਵਾਰਤਾ ਵਿਚ ਅਮਰੀਕੀ ਵਫਦ ਦੀ ਅਗਵਾਈ ਸਿਆਸੀ ਫੌਜੀ ਮਾਮਲਿਆਂ ਦੇ ਸਹਾਇਕ ਵਿਦੇਸ਼ ਮੰਤਰੀ ਐਂਡਰਿਊ ਜੇ ਸ਼ਾਪਿਰੋ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਇਕ ਬਿਆਨ ਅਨੁਸਾਰ ਸ਼ਾਪਿਰੋ ਸੀਨੀਅਰ ਗੈਰ ਫੌਜੀ ਅਧਿਕਾਰੀਆਂ ਦੇ ਨਾਲ ਰੱਖਿਆ ਸੌਦੇ, ਸਮੁੰਦਰੀ ਲੁਟੇਰਿਆਂ ਨਾਲ ਨਜਿੱਠਣ ਦੇ ਉਪਾਅ ਅਤੇ ਖੇਤਰੀ ਸਿਆਸੀ ਫੌਜੀ ਮੁੱਦਿਆਂ 'ਤੇ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਲਾਪਤਾ ਹੋਏ ਅਮਰੀਕੀ ਮੈਂਬਰਾਂ ਦੀ ਖੋਜ ਅਤੇ ਉਨ੍ਹਾਂ ਨੂੰ ਵਾਪਸ ਭੇਜੇ ਜਾਣ 'ਤੇ ਵੀ ਚਰਚਾ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਹਾਲ ਦੇ ਸਾਲਾਂ ਵਿਚ ਭਾਰਤ ਤੇ ਅਮਰੀਕਾ ਨੇ ਰੱਖਿਆ ਦੇ ਖੇਤਰ ਵਿਚ ਸਹਿਯੋਗ ਦਾ ਵਿਸਥਾਰ ਕੀਤਾ ਹੈ ਅਤੇ ਸਾਲ 2008 ਤੋਂ ਲਗਭਗ 9 ਅਰਬ ਡਾਲਰ ਦੇ ਰੱਖਿਆ ਸੌਦੇ ਹੋਏ ਹਨ। ਸੂਤਰਾਂ ਦਾ ਕਹਿਣਾ ਹੈ ਕਿ 6 ਸਾਲਾਂ ਤੋਂ ਬਾਅਦ ਹੋਣ ਵਾਲੀ ਇਸ ਵਾਰਤਾ ਨਾਲ ਦੋਵਾਂ ਦੇਸ਼ਾਂ ਨੂੰ ਸਿਆਸੀ ਅਤੇ ਫੌਜੀ ਮੁੱਦਿਆਂ 'ਤੇ ਇਕ ਮੰਚ 'ਤੇ ਚਰਚਾ ਕਰਨ ਦਾ ਮੌਕਾ ਮਿਲੇਗਾ।
ਵਾਸ਼ਿੰਗਟਨ, 15 ਅਪ੍ਰੈਲ - ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੂੰ ਨਿਊਯਾਰਕ ਹਵਾਈ ਅੱਡੇ 'ਤੇ ਦੋ ਵਾਰ ਹਿਰਾਸਤ 'ਚ ਲੈਣ ਕਾਰਨ ਨਸਲੀ ਵਿਤਕਰੇ ਦੇ ਦੋਸ਼ਾਂ 'ਚ ਫਸੀ ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਹ ਨਸਲੀ ਵਿਤਕਰੇ ਦਾ ਮਾਮਲਾ ਨਹੀ ਹੈ। ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਮਾਰਕ ਟੋਨਰ ਨੇ ਕਿਹਾ ਕਿ ਸ਼ਾਹਰੁਖ ਨੂੰ ਹਿਰਾਸਤ 'ਚ ਨਹੀਂ ਲਿਆ ਗਿਆ, ਸਗੋਂ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਰੋਕਿਆ ਗਿਆ ਸੀ। ਉਨ੍ਹਾਂ ਨੇ ਸ਼ਾਹਰੁਖ ਨੂੰ ਹਿਰਾਸਤ 'ਚ ਲਏ ਜਾਣ ਦੀ ਗੱਲ ਤੋਂ ਇਨਕਾਰ ਕੀਤਾ। ਟੋਨਰ ਨੇ ਇਸ ਨੂੰ ਨਸਲੀ ਵਿਤਕਰੇ ਦਾ ਮਾਮਲਾ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਇਸ ਪੱਖ 'ਚ ਦਲੀਲ ਦਿੰਦਿਆਂ ਕਿਹਾ ਕਿ ਅਮਰੀਕਾ 'ਚ ਰੋਜ਼ਾਨਾ ਹਜ਼ਾਰਾਂ ਮੁਸਲਮਾਨ ਆਉਂਦੇ-ਜਾਂਦੇ ਹਨ ਅਤੇ ਨਾ ਤਾਂ ਉਨ੍ਹਾਂ ਨੂੰ ਕਦੇ ਹਿਰਾਸਤ 'ਚ ਲਿਆ ਜਾਂਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਯਾਤਰਾ 'ਚ ਦੇਰੀ ਕੀਤੀ ਜਾਂਦੀ ਹੈ।
ਚੰਡੀਗੜ੍ਹ, 15 ਅਪ੍ਰੈਲ -ਵਿਆਹ ਦੀ ਰਜਿਸਟਰੇਸ਼ਨ ਕਰਵਾਉਣ ਵੇਲੇ ਰਜਿਸਟਰਾਰ ਮਾਂ-ਪਿਓ ਦੀ ਸਹਿਮਤੀ ਜਾਂ ਉਨ੍ਹਾਂ ਦੀ ਲਾਜ਼ਮੀ ਹਾਜ਼ਰੀ ਲਈ ਨਹੀਂ ਕਹਿ ਸਕਦਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਕੇ. ਕਾਨਨ ਨੇ ਵਿਆਹ ਰਜਿਸਟਰੇਸ਼ਨ ਅਫਸਰ-ਕਮ-ਤਹਿਸੀਲਦਾਰ ਸ਼ਾਹਬਾਦ ਹਰਿਆਣਾ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਮਾਪਿਆਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਵਾਉਣ ਵਾਲੇ ਪਟੀਸ਼ਨਰਾਂ ਦਾ ਵਿਆਹ ਤੁਰੰਤ ਰਜਿਸਟਰ ਕੀਤਾ ਜਾਵੇ ਅਤੇ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹ ਵਿਆਹ ਰਜਿਸਟਰ ਕਰਨ ਵਾਲੀ ਸਰਕਾਰੀ ਮਸ਼ੀਨਰੀ ਨੂੰ ਤੇਜ਼ ਕਰਨ ਅਤੇ ਬੇਲੋੜੀਆਂ ਅੜਚਨਾਂ ਲਾਉਣ ਤੋਂ ਬਾਜ ਆਉਣ। ਜ਼ਿਕਰਯੋਗ ਹੈ ਕਿ ਜਿੱਥੇ ਵਿਆਹ ਹੋਇਆ ਹੋਵੇ ਜਾਂ ਜਿੱਥੇ ਪਤੀ ਜਾਂ ਪਤਨੀ ਵਿਚੋਂ ਕੋਈ ਇੱਕ ਪੱਕੇ ਤੌਰ 'ਤੇ ਰਹਿ ਰਿਹਾ ਹੋਵੇ ਉਥੇ ਵਿਆਹ ਰਜਿਸਟਰ ਕਰਵਾਇਆ ਜਾ ਸਕਦਾ ਹੈ।
ਸ਼ਿਮਲਾ, 15 ਅਪ੍ਰੈਲ -ਹਿਮਾਚਲ ਪ੍ਰਦੇਸ਼ ਵਿਚ ਅੱਜ ਬਾਅਦ ਦੁਪਹਿਰ ਹੋਈ ਬਾਰਿਸ਼ ਅਤੇ ਬਰਫ਼ਬਾਰੀ ਕਾਰਨ ਦਿਨ ਦੇ ਤਾਪਮਾਨ 'ਚ ਕਾਫੀ ਗਿਰਾਵਟ ਆ ਗਈ। ਪ੍ਰਦੇਸ਼ ਵਿਚ ਚੰਬਾ ਜ਼ਿਲ੍ਹੇ ਦੇ ਸਾਲੋਨੀ ਵਿਚ ਸਭ ਤੋਂ ਵੱਧ 18 ਮਿਲੀਮੀਟਰ ਬਾਰਿਸ਼ ਹੋਈ। ਇਸ ਤੋਂ ਇਲਾਵਾ ਮੰਡੀ, ਧਰਮਸ਼ਾਲਾ, ਮਨਾਲੀ, ਕਾਂਗੜਾ, ਸ਼ਿਮਲਾ, ਸੋਲਨ, ਡੇਰਾ ਗੋਪੀਪੁਰ ਆਦਿ ਥਾਵਾਂ 'ਤੇ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਖ਼ਬਰ ਹੈ, ਜਦਕਿ ਸੂਬੇ ਦੇ ਉੱਚ ਪਹਾੜੀ ਇਲਾਕਿਆਂ ਚੰਬਾ, ਕਾਂਗੜਾ, ਸ਼ਿਮਲਾ, ਕਿਨੌਰ, ਕੁੱਲੂ ਅਤੇ ਲਾਹੌਲ ਸਪਿਤੀ 'ਚ ਬਰਫ਼ਬਾਰੀ ਹੋਈ। ਸ਼ਿਮਲਾ ਅਤੇ ਨੇੜਲੇ ਇਲਾਕਿਆਂ 'ਚ ਦਿਨ ਭਰ ਰੁਕ-ਰੁਕ ਕੇ ਹੋਈ ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ ਰਿਹਾ। ਮਾਹਿਰਾਂ ਦਾ ਮੰਨਣਾ ਹੈ ਕਿ ਬਾਰਿਸ਼ ਹਾੜ੍ਹੀ ਦੀ ਫਸਲ ਲਈ ਲਾਹੇਵੰਦ ਰਹੇਗੀ, ਜਦਕਿ ਇਸ ਨਾਲ ਰਾਜ ਵਿਚ ਸੇਬ ਦੀ ਪੈਦਾਵਾਰ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਵੀ ਕਈ ਥਾਈਂ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਕਾਰਨ ਕਣਕ ਦੀ ਵਾਢੀ ਪਛੜਨ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਤੇਜ਼ ਹਵਾਵਾਂ ਚੱਲਣ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ।
ਕੋਲਕਾਤਾ, 15 ਅਪ੍ਰੈਲ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਕਾਰਟੂਨ ਬਣਾਉਣ ਵਾਲੇ ਜਾਦਵਪੁਰ ਯੁਨੀਵਰਸਿਟੀ ਦੇ ਪ੍ਰੋਫੈਸਰ ਅੰਬੀਕੇਸ਼ ਮਹਾਪਾਤਰਾ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਸੁਰੱਖਿਆ ਦੀ ਮੰਗ ਕੀਤੀ ਹੈ। ਉਧਰ ਪ੍ਰੋਫੈਸਰ ਦੀ ਗ੍ਰਿਫਤਾਰ ਦੀ ਨਾ ਕੇਵਲ ਵਿਰੋਧੀ ਪਾਰਟੀਆਂ ਨੇ ਨਿੰਦਾ ਕੀਤੀ ਹੈ ਬਲਕਿ ਤ੍ਰਿਣਮੂਲ ਪਾਰਟੀ ਵਿਚੋਂ ਵੀ ਇਸ ਦਾ ਵਿਰੋਧ ਕੀਤਾ ਗਿਆ ਹੈ। ਬਾਗੀ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਕਬੀਰ ਸੁਮਨ ਨੇ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੈਨੂੰ ਵੀ ਕਾਰਟੂਨ ਮਿਲਿਆ ਹੈ, ਪਰੰਤੂ ਇਹ ਮੇਰੀ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਇਹ ਸਾਈਬਰ ਅਪਰਾਧ ਕਿਵੇਂ ਹੋ ਗਿਆ। ਇਹ ਚੰਗੀ ਭਾਵਨਾ ਨਾਲ ਬਣਾਇਆ ਗਿਆ ਹੈ। ਜੇਕਰ ਅੱਜ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਤਾਂ ਕੌਣ ਜਾਣਦਾ ਹੈ ਕਿ ਕੱਲ੍ਹ ਸਾਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸੁਮਨ ਨੇ ਦੁੱਖ ਪ੍ਰਗਟ ਕੀਤਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਮਮਤਾ ਬਦਲ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮਮਤਾ ਬੈਨਰਜੀ ਵਿਰੋਧੀ ਧਿਰ ਵਿਚ ਹੁੰਦੀ ਤਾਂ ਉਹ ਵੀ ਇਸ ਗ੍ਰਿਫਤਾਰੀ ਦਾ ਵਿਰੋਧ ਕਰਦੀ। ਇਸੇ ਦੌਰਾਨ ਪੁਲਿਸ ਨੇ 12 ਅਪ੍ਰੈਲ ਨੂੰ ਪ੍ਰੋਫੈਸਰ ਨਾਲ ਕੁੱਟਮਾਰ ਕਰਨ ਵਾਲੇ ਤ੍ਰਿਣਮੂਲ ਕਾਂਗਰਸ ਦੇ 2 ਵਰਕਰਾਂ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੋਫੈਸਰ 'ਤੇ ਮਹਾਪਾਤਰਾ ਹਾਊਸਿੰਗ ਸੁਸਾਇਟੀ ਦੇ ਸਕੱਤਰ ਸੁਬਤਰਾ ਸੇਨਗੁਪਤਾ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਜਿਨ੍ਹਾਂ ਨੂੰ ਬਾਅਦ ਵਿਚ ਜੁਡੀਸ਼ੀਅਲ ਮੈਜਿਸਟ੍ਰੇਟ ਅਲੀਪੁਰ ਨੇ ਜ਼ਮਾਨਤ ਦੇ ਦਿੱਤੀ ਸੀ।
ਨਵੀਂ ਦਿੱਲੀ, 15ਅਪ੍ਰੈਲ -ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਮਿਲੇ, ਜਿਸ ਦੌਰਾਨ ਉਨ੍ਹਾਂ ਨੇ ਰਾਜ ਦੇ ਵਿਕਾਸ ਵਿਚ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਬਾਅਦ ਵਿਚ ਉਹ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੂੰ ਵੀ ਮਿਲੇ। ਦੇਸ਼ ਦੀ ਸਭ ਤੋਂ ਵਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਅਖਿਲੇਸ਼ ਦੀ ਮਨਮੋਹਨ ਸਿੰਘ ਨਾਲ ਇਹ ਪਹਿਲੀ ਮੁਲਾਕਾਤ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਰਾਜ ਵਿਚ ਚੱਲ ਰਹੀਆਂ ਵੱਖ-ਵੱਖ ਕੇਂਦਰ ਦੀਆਂ ਸਕੀਮਾਂ ਲਈ ਪੈਸਾ ਜਾਰੀ ਕਰਨ 'ਚ ਤੇਜ਼ੀ ਲਿਆਂਦੀ ਜਾਵੇ। ਮੁੱਖ ਮੰਤਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਿਕਾਸ ਪ੍ਰਾਜੈਕਟਾਂ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਵੱਲੋਂ ਦਲਿਤ ਆਗੂਆਂ ਦੇ ਬੁੱਤਾਂ ਨਾਲ ਛੇੜਛਾੜ ਕਰਨ ਵਿਰੁੱਧ ਦਿੱਤੀ ਗਈ ਚਿਤਾਵਨੀ ਸਬੰਧੀ ਪੁੱਛੇ ਗਏ ਇਕ ਪ੍ਰਸ਼ਨ ਦੇ ਉੱਤਰ ਵਿਚ ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਸਾਬਕਾ ਮੁੱਖ ਮੰਤਰੀ ਵੱਲੋਂ ਬਣਾਈਆਂ ਗਈਆਂ ਯਾਦਗਾਰਾਂ ਨੂੰ ਨਸ਼ਟ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਰਕਾਂ ਦੀ ਜ਼ਮੀਨ ਦਾ ਵੱਡਾ ਹਿੱਸਾ ਸਕੂਲਾਂ ਤੇ ਹਸਪਤਾਲਾਂ ਦੇ ਨਿਰਮਾਣ ਲਈ ਵਰਤਿਆ ਜਾਵੇਗਾ।
ਭੀਲਵਾੜਾ, 145 ਅਪ੍ਰੈਲ - ਵਾਤਾਵਰਨ ਪ੍ਰੇਮੀ ਬੀ. ਐੱਲ. ਜਾਜੂ ਨੇ ਮੰਗ ਕੀਤੀ ਹੈ ਕਿ ਪ੍ਰਸਿੱਧ ਪੱਤਰਕਾਰ ਤੇ ਉੱਘੇ ਕਾਲਮ ਨਵੀਸ ਖੁਸ਼ਵੰਤ ਸਿੰਘ ਦੇ ਵਿਰੁੱਧ ਇਕ ਸ਼ਿਕਾਰ ਕੀਤਾ ਹੋਇਆ ਹਿਰਨ ਖਾਣ ਦੇ ਜ਼ੁਰਮ ਅਧੀਨ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ। ਉੱਘੇ ਲੇਖਕ ਨੇ ਆਪਣੀ ਇਕ ਅਖ਼ਬਾਰ 'ਚ ਛਪੀ ਰਚਨਾ 'ਚ ਮੰਨਿਆ ਹੈ ਕਿ ਉਨ੍ਹਾਂ ਨੇ ਭੋਪਾਲ 'ਚ ਆਪਣੇ ਦੋਸਤਾਂ ਵਲੋਂ ਸ਼ਿਕਾਰ ਕੀਤੇ ਇਕ ਹਿਰਨ ਦਾ ਮਾਸ ਖਾਧਾ ਸੀ। ਜਾਜੂ ਜੰਗਲੀ ਜੀਵਾਂ ਲਈ ਬਣੀ ਸੰਸਥਾ ਦੇ ਰਾਜ ਮੁਖੀ ਵੀ ਹਨ। ਉਨ੍ਹਾਂ ਨੇ ਕਿਹਾ ਕਿ ਇਸ ਰਚਨਾ ਦੇ ਅਧਾਰ 'ਤੇ ਖੁਸ਼ਵੰਤ ਸਿੰਘ ਦੇ ਵਿਰੁੱਧ ਮਾਮਲਾ ਦਰਜ ਹੋਣਾ ਚਾਹੀਦਾ ਹੈ।
No comments:
Post a Comment