Thursday, 3 October 2013



 ਲਾਲੂ ਹਮੇਸ਼ਾ ਨਾਇਕ ਹੀ ਰਹਿਣਗੇ- ਰਾਬੜੀ ਦੇਵੀ

ਪਟਨਾ, 3 ਅਕਤੂਬਰ - ਚਾਰਾ ਘੁਟਾਲੇ 'ਚ ਰਾਂਚੀ ਦੀ ਵਿਸ਼ੇਸ਼ ਅਦਾਲਤ ਵੱਲੋਂ ਜਨਤਾ ਦਲ (ਰਾਜਦ) ਦੇ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੇ ਇਸ ਨੂੰ ਰਾਜਨੀਤਕ ਸਾਜਿਸ਼ ਦੱਸਦੇ ਹੋਏ ਕਿਹਾ ਹੈ ਕਿ ਲਾਲੂ ਪ੍ਰਸਾਦ ਨਾਇਕ ਹਨ ਅਤੇ ਹਮੇਸ਼ਾ ਰਹਿਣਗੇ। ਰਾਜਦ ਦੇ ਪ੍ਰਮੱਖ ਆਗੂ ਰਾਮਕ੍ਰਿਪਾਲ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਲੱਗਦਾ ਸੀ ਕਿ ਗਰੀਬਾਂ ਅਤੇ ਦਲਿਤਾਂ ਦੀ ਅਵਾਜ਼ ਬਣਨ ਵਾਲੇ ਅਤੇ ਧਰਮਨਿਰਪੇਖ ਤਾਕਤਾਂ ਨੂੰ ਮਜ਼ਬੂਤ ਕਰਨ ਵਾਲੇ ਨੂੰ ਇਹੀ ਭੁਗਤਣਾ ਪਵੇਗਾ। ਸੀ. ਬੀ. ਆਈ. ਅਦਾਲਤ ਨੇ ਇਸ ਮਾਮਲੇ 'ਚ ਲਾਲੂ ਨੂੰ ਪੰਜ ਸਾਲ ਦੀ ਕੈਦ ਅਤੇ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਸਬੰਧੀ ਰਾਮਕ੍ਰਿਪਾਲ ਨੇ ਕਿਹਾ ਹੈ ਕਿ ਲਾਲੂ ਰਾਜਨੀਤਕ ਸਾਜਿਸ਼ ਦਾ ਸ਼ਿਕਾਰ ਬਣੇ ਹਨ। ਇਸ ਸਾਜਿਸ਼ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਭਾਜਪਾ ਦਾ ਮੁੱਖ ਹੱਥ ਹੈ।

ਥਾਈਲੈਂਡ ਹਾਦਸੇ 'ਚ ਭਾਰਤੀ ਔਰਤ ਦੀ ਮੌਤ

 ਬੈਂਕਾਕ, 3 ਅਕਤੂਬਰ -ਇਕ 36 ਸਾਲਾ ਭਾਰਤੀ ਔਰਤ ਦੀ ਥਾਈਲੈਂਡ ਦੀ ਮਸ਼ਹੂਰ ਪਤਾਇਆ ਬੀਚ 'ਤੇ ਪੈਰਾਸੈਲਿੰਗ ਕਰਦਿਆਂ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਉਹ ਆਪਣੇ ਵਿਆਹ ਦੀ ਵਰ੍ਹੇਗੰਢ ਮਨਾਉਣ ਲਈ ਆਈ ਸੀ। ਪੁਲਿਸ ਨੇ ਦੱਸਿਆ ਕਿ ਸ਼ਿਲਪੀ ਅਗਰਵਾਲ (36) ਤੇ ਉਸ ਦੇ ਪਤੀ ਨੇ ਪੈਰਾਸੇਲ ਕਰਨ ਲਈ ਇਕ ਤੇਜ਼ ਰਫਤਾਰ ਵਾਲੀ ਕਿਸ਼ਤੀ ਕਿਰਾਏ 'ਤੇ ਕੀਤੀ। ਜਦੋਂ ਸ਼ਿਲਪੀ ਪੈਰਾਸੇਲ ਕਰਨ ਲੱਗੀ ਤਾਂ ਉਹ ਚੜ੍ਹਣ 'ਚ ਨਾਕਾਮ ਰਹੀ ਤੇ ਉਹ ਪਾਣੀ 'ਚ ਡਿੱਗ ਪਈ। ਕਿਸ਼ਤੀ ਚਾਲਕ ਨੇ ਉਸ ਨੂੰ ਬਚਾਉਣ ਲਈ ਕਿਸ਼ਤੀ ਨੂੰ ਘੁਮਾਇਆ ਪਰ ਸ਼ਿਲਪੀ ਕਿਸ਼ਤੀ ਦੇ ਘੁੰਮਣ ਵਾਲੇ ਬਲੈਡਾਂ 'ਚ ਆ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਇਸ ਲਾਪਰਵਾਹੀ ਲਈ ਕਿਸ਼ਤੀ ਚਾਲਕ ਨੂੰ 10 ਸਾਲ ਸਜ਼ਾ ਤੇ 638 ਡਾਲਰ ਜ਼ੁਰਮਾਨਾ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਦੀ ਬੀਮਾ ਕੰਪਨੀ ਮ੍ਰਿਤਕ ਔਰਤ ਦੇ ਪਰਿਵਾਰ ਨੂੰ 6,383 ਡਾਲਰ ਮੁਆਵਜ਼ੇ ਵਜੋਂ ਦੇਵੇਗੀ।

No comments:

Post a Comment