ਹੈਲੀਕਾਪਟਰ ਦਾ ਅੱਧਾ ਖਰਚਾ ਉਮੀਦਵਾਰ ਨੂੰ ਪਵੇਗਾ
ਪਾਰਟੀਆਂ ਲਈ ਦੂਰਦਰਸ਼ਨ ਤੇ ਰੇਡੀਓ 'ਤੇ ਚੋਣ ਪ੍ਰਚਾਰ ਦਾ ਸਮਾਂ ਮੁਕੱਰਰ
ਪਾਰਟੀਆਂ ਲਈ ਦੂਰਦਰਸ਼ਨ ਤੇ ਰੇਡੀਓ 'ਤੇ ਚੋਣ ਪ੍ਰਚਾਰ ਦਾ ਸਮਾਂ ਮੁਕੱਰਰ
ਚੰਡੀਗੜ੍ਹ, 15 ਜਨਵਰੀ -ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਲਈ ਏਅਰ ਕਰਾਫਟ ਤੇ ਹੈਲੀਕਾਪਟਰ ਦੀ ਵਰਤੋਂ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅੱਜ ਇਥੇ ਦਫਤਰ ਮੁੱਖ ਚੋਣ ਅਧਿਕਾਰੀ ਪੰਜਾਬ ਦੇ ਇਕ ਬੁਲਾਰੇ ਨੇ ਦੱਸਿਆ ਕਿ ਜੇਕਰ ਕੋਈ ਉਮੀਦਵਾਰ ਹੈਲੀਕਾਪਟਰ/ਏਅਰ ਕਰਾਫਟ 'ਚ ਸਟਾਰ ਕੰਪੇਨਰ ਨਾਲ ਸਫਰ ਕਰਦਾ ਹੈ ਤਾਂ ਹੈਲੀਕਾਪਟਰ ਆਦਿ ਦਾ 50 ਫੀਸਦੀ ਖਰਚਾ ਸੰਬੰਧਿਤ ਉਮੀਦਵਾਰ ਦੇ ਚੋਣ ਖਰਚ 'ਚ ਜੋੜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਸਟਾਰ ਕੰਪੇਨਰ ਦੇ ਨਾਲ ਉਸ ਦਾ ਕੋਈ ਸੁਰੱਖਿਆ ਗਾਰਡ ਜਾਂ ਮੈਡੀਕਲ ਸਹਾਇਕ ਯਾਤਰਾ ਕਰਦਾ ਹੈ ਤੇ ਉਸ ਦਾ ਚੋਣ ਪ੍ਰਚਾਰ ਨਾਲ ਕੋਈ ਸਬੰਧ ਨਹੀਂ ਤਾਂ ਉਸ ਹਾਲਤ 'ਚ ਕਿਸੇ ਉਮੀਦਾਵਰ ਨੂੰ ਉਨ੍ਹਾਂ ਦਾ ਕੋਈ ਖਰਚਾ ਨਹੀਂ ਪਾਇਆ ਜਾਵੇਗਾ। ਬੁਲਾਰੇ ਨੇ ਹੋਰ ਅੱਗੇ ਦੱਸਿਆ ਕਿ ਜੇਕਰ ਬਿਜਲਈ ਜਾਂ ਪ੍ਰਿੰਟ ਮੀਡੀਆ ਦਾ ਕੋਈ ਪ੍ਰਤੀਨਿਧੀ ਸਟਾਰ ਕੰਪੇਨਰ ਨਾਲ ਹੈਲੀਕਾਪਟਰ/ਏਅਰ ਕਰਾਫਟ 'ਚ ਸਫਰ ਕਰਦਾ ਹੈ ਤਾਂ ਉਸ ਦੇ ਯਾਤਰਾ ਖਰਚ ਦਾ 50 ਫੀਸਦੀ ਹਿੱਸਾ ਸੰਬੰਧਿਤ ਉਮੀਦਵਾਰ ਦੇ ਚੋਣ ਖਰਚ 'ਚ ਸ਼ਾਮਿਲ ਹੋਵੇਗਾ। ਅੱਜ ਇਥੇ ਪੰਜਾਬ ਦੀ ਵਿਸ਼ੇਸ਼ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਊਸ਼ਾ ਆਰ ਸ਼ਰਮਾ ਨੇ ਦੱਸਿਆ ਕਿ ਭੁਲੱਥ ਵਿਖੇ ਸ਼ਰਾਬ ਦਾ ਟੈਂਪੂ ਫੜਨ ਸਬੰਧੀ ਦੇਰੀ ਨਾਲ ਕਾਰਵਾਈ ਕਰਨ ਕਰਕੇ ਭੁਲੱਥ ਤੇ ਬੇਗੋਵਾਲ (ਜ਼ਿਲ੍ਹਾ ਕਪੂਰਥਲਾ) ਥਾਣਿਆਂ ਦੇ ਐਸ. ਐਚ. ਓ. ਨੂੰ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਥਾਣਾ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਤੇ ਥਾਣਾ ਚਾਟੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਦੇ ਐਸ. ਐਚ. ਓਜ਼. ਨੂੰ ਵੀ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਚਮਕੌਰ ਸਾਹਿਬ ਤੇ ਰਾਜਪੁਰਾ ਦੇ ਬੀ.ਡੀ.ਪੀ.ਓਜ਼. ਤੇ ਨਵਾਂਸ਼ਹਿਰ ਦੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਬਦਲ ਦਿੱਤਾ ਗਿਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵਧੀਕ ਐਸ. ਈ. ਸਿਟੀ ਡਵੀਜ਼ਨ ਕਪੂਰਥਲਾ ਸਵਰਨ ਸਿੰਘ ਨੂੰ ਵੀ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਿਸਆ ਕਿ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ 'ਤੇ ਚੋਣ ਪ੍ਰਚਾਰ ਲਈ ਸਿਆਸੀ ਪਾਰਟੀਆਂ ਨੂੰ ਸਮਾਂ ਡਰਾਅ ਕੱਢ ਕੇ ਅਲਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣ ਖਰਚਾ ਨਿਗਰਾਨ ਟੀਮਾਂ ਵੱਲੋਂ ਹੁਣ ਤੱਕ 21 ਕਰੋੜ 00 ਲੱਖ 82 ਹਜ਼ਾਰ 205 ਰੁਪਏ ਬਰਾਮਦ ਕੀਤੇ ਗਏ ਹਨ।
ਨਵੀਂ ਦਿੱਲੀ, 15 ਜਨਵਰੀ -ਪਾਕਿਸਤਾਨ ਦੇ ਸਾਬਕਾ ਸੈਨਾ ਸ਼ਾਸਕ ਪਰਵੇਜ਼ ਮੁਸ਼ੱਰਫ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਸੈਨਾ ਦੇਸ਼ ਦੀ ਲੋਕਤੰਤਰਿਕ ਸਰਕਾਰ ਨੂੰ ਨਹੀਂ ਹਟਾਏਗੀ ਪਰ ਜੇ ਅਜਿਹਾ ਹੁੰਦਾ ਹੈ ਤਾਂ ਮੈਂ ਸੈਨਾ ਦਾ ਸਾਥ ਦੇਵਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਦੇ ਨਾਲ ਭਾਈਵਾਲੀ ਕਰਨ 'ਚ ਉਨ੍ਹਾਂ ਨੂੰ ਕੋਈ ਪਰਹੇਜ਼ ਨਹੀਂ ਪਰ ਜੇ ਸਰਕਾਰ ਬਣੀ ਤਾਂ ਉਹ ਇਮਰਾਨ ਦੇ ਹੇਠਾਂ ਰਹਿ ਕੇ ਕੰਮ ਨਹੀਂ ਕਰਨਗੇ। ਮੁਸ਼ੱਰਫ ਅਨੁਸਾਰ ਇਮਰਾਨ ਦੀ ਪਾਰਟੀ 'ਚ ਕੁਝ ਲੋਕ ਅਜਿਹੇ ਹਨ ਜੋ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੁਸ਼ੱਰਫ ਦਾ ਸਾਥ ਮਨਜ਼ੂਰ ਨਹੀਂ ਪਰ ਉਨ੍ਹਾਂ ਲੋਕਾਂ ਨੂੰ ਨਹੀਂ ਪਤਾ ਕਿ ਉਹ ਕੀ ਕਹਿ ਰਹੇ ਹਨ। ਜਦੋਂ ਉਹ ਚੋਣ ਮੈਦਾਨ 'ਚ ਜਾ ਕੇ ਹਾਰ ਜਾਣਗੇ ਤਾਂ ਉਹ ਉਸ ਪਾਰਟੀ ਨੂੰ ਚੁਣਨਗੇ ਜਿਸ ਨਾਲ ਪਾਕਿਸਤਾਨ ਨੁਕਸਾਨ ਉਠਾ ਰਿਹਾ ਹੈ। ਟੈਲੀਵਿਜ਼ਨ ਚੈਨਲ ਸੀ. ਐਨ. ਐਨ.-ਆਈ. ਬੀ. ਐਨ. ਦੇ ਇਕ ਸ਼ੋਅ 'ਚ ਗੱਲਬਾਤ ਕਰਦਿਆਂ ਮੁਸੱਰਫ ਨੇ ਕਿਹਾ ਕਿ ਪਾਕਿਸਤਾਨ ਦੀ ਸੈਨਾ ਅਜਿਹਾ ਕੁਝ ਨਹੀਂ ਕਰੇਗੀ ਪਰ ਤਖ਼ਤਾ ਪਲਟਣ ਦੀ ਸੂਰਤ 'ਚ ਮੈਂ ਸੈਨਾ ਦੇ ਨਾਲ ਹੋਵਾਂਗਾ ਕਿਉਂਕਿ ਮੈਂ ਵੀ ਇਕ ਸੈਨਿਕ ਰਿਹਾ ਹਾਂ ਤੇ ਮੈਂ ਕਿਸੇ ਹਾਲਤ 'ਚ ਵੀ ਸੈਨਾ ਦੇ ਉਲਟ ਨਹੀਂ ਜਾ ਸਕਦਾ।
ਨਵੀਂ ਦਿੱਲੀ, 15 ਜਨਵਰੀ - ਏ. ਐੱਨ. ਐੱਮ. ਭੰਵਰੀ ਦੇਵੀ ਦੀ ਹੱਤਿਆ ਦੇ ਮਾਮਲੇ 'ਚ ਅਮਰੀਕੀ ਜਾਂਚ ਏਜੰਸੀ ਐੱਫ. ਬੀ. ਆਈ. ਦੀ ਮਦਦ ਲਈ ਜਾਵੇਗੀ। ਸੀ. ਬੀ. ਆਈ. ਦੇ ਸੂਤਰਾਂ ਅਨੁਸਾਰ ਜਾਲੋੜਾ ਦੇ ਨੇੜੇ ਰਾਜੀਵ ਗਾਂਧੀ ਲਿਫਟ ਕੈਨਾਲ ਤੋਂ ਮਿਲੀਆਂ ਹੱਡੀਆਂ ਦੀ ਡੀ. ਐਨ. ਏ. ਜਾਂਚ ਐਫ. ਬੀ. ਆਈ. ਤੋਂ ਕਰਵਾਈ ਜਾਵੇਗੀ। ਇਸ ਸਬੰਧੀ ਐਫ. ਬੀ. ਆਈ. ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਹੈ। ਐਫ. ਬੀ. ਆਈ. ਨੇ ਜਾਂਚ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਜਲਦੀ ਹੀ ਜਾਂਚ ਦੇ ਨਤੀਜੇ ਸਾਹਮਣੇ ਆ ਜਾਣਗੇ। ਸੀ. ਬੀ. ਆਈ. ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਫ. ਬੀ. ਆਈ. ਇਹ ਦੱਸੇਗੀ ਕਿ ਨਹਿਰ 'ਚੋਂ ਮਿਲੇ ਦੰਦ .ਅਤੇ ਟੁੱਟੀਆਂ ਹੱਡੀਆਂ ਭੰਵਰੀ ਦੀਆਂ ਹਨ ਜਾਂ ਨਹੀਂ। ਦਿੱਲੀ ਦੀ ਸੀ. ਐਫ. ਐਲ. ਵੀ ਭੰਵਰੀ ਦੀਆਂ ਮਿਲੀਆਂ ਹੱਡੀਆਂ ਦੀ ਜਾਂਚ ਕਰ ਰਹੀ ਹੈ ਪਰ ਸੀ. ਬੀ. ਆਈ. ਇਸ ਮਾਮਲੇ 'ਚ ਕੋਈ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦੀ। ਇਸ ਲਈ ਹੱਡੀਆਂ ਦੀ ਐਫ. ਬੀ. ਆਈ. ਤੋਂ ਵੀ ਜਾਂਚ ਕਰਾਈ ਜਾਵੇਗੀ। ਇਸ ਦਰਮਿਆਨ ਭੰਵਰੀ ਦੇ ਡਰਾਈਵਰ ਫਾਰੂਕ ਦਾ ਬਿਆਨ ਦਰਜ ਕਰ ਲਿਆ ਗਿਆ ਹੈ। ਉਸਦਾ ਬਿਆਨ ਮਾਮਲੇ ਦੇ ਦੋਸ਼ੀਆਂ ਦੇ ਖਿਲਾਫ਼ ਅਹਿਮ ਸਬੂਤ ਹੋ ਸਕਦਾ ਹੈ।
ਨਵੀਂ ਦਿੱਲੀ, 15 ਜਨਵਰੀ -ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਫਰਜ਼ੀ ਲਾਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਫਰਜ਼ੀ ਲਾਟਰੀ ਦਾ ਧੰਦਾ ਪਾਕਿਸਤਾਨੀ ਤੇ ਭਾਰਤੀ ਮਿਲ ਕੇ ਚਲਾ ਰਹੇ ਸਨ ਤੇ ਇਸ ਤੋਂ ਮਿਲੀ ਰਾਸ਼ੀ ਨੂੰ ਹਵਾਲਾ ਦੇ ਜ਼ਰੀਏ ਪਾਕਿਸਤਾਨ ਭੇਜਿਆ ਕਰਦੇ ਸਨ। ਹਾਲਾਂਕਿ ਮਾਮਲੇ 'ਚ ਅਪਰਾਧ ਸ਼ਾਖਾ ਨੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਹੈ। ਹਾਲ ਹੀ 'ਚ ਉਸ ਨੂੰ ਜਾਣਕਾਰੀ ਮਿਲੀ ਕਿ ਕੁਝ ਪਾਕਿਸਤਾਨੀ ਭਾਰਤੀਆਂ ਨਾਲ ਮਿਲ ਕੇ ਲੋਕਾਂ ਨੂੰ ਲਾਟਰੀ 'ਚ ਲੱਖਾਂ ਰੁਪਏ ਜਿੱਤਣ ਦੀ ਸੂਚਨਾ ਦਿੰਦੇ ਸਨ ਤੇ ਉਸ ਰਕਮ ਨੂੰ ਦਿਵਾਉਣ ਲਈ ਇਕ ਵਿਸ਼ੇਸ਼ ਬੈਂਕ ਖਾਤੇ 'ਚ ਕੁਝ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਹਿੰਦੇ ਸਨ। ਪਿਛਲੇ ਸਾਲ ਅਪਰਾਧ ਸ਼ਾਖਾ ਨੇ ਕਈ ਲਾਟਰੀ ਗਿਰੋਹਾਂ ਦਾ ਪਰਦਾਫਾਸ਼ ਕਰ ਕੇ 15 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਵਿਚ 9 ਵਿਅਕਤੀ ਵਿਦੇਸ਼ੀ ਸਨ। ਉਨ੍ਹਾਂ 'ਚ ਜ਼ਿਆਦਾਤਰ ਨਾਈਜੀਰੀਆਈ ਸਨ। ਦੋਸ਼ੀਆਂ ਨੇ ਪਿਛਲੇ ਸਾਲ ਲੋਕਾਂ ਤੋਂ 1.76 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਫਰਜੀ ਲਾਟਰੀ ਗਿਰੋਹ 'ਚ ਇਕ ਸੰਚਾਲਕ ਲੁਧਿਆਣਾ 'ਚ ਨਾਜਾਇਜ਼ ਤੌਰ 'ਤੇ ਰਹਿਣ ਵਾਲਾ ਇਕ ਪਾਕਿਸਤਾਨੀ ਨਾਗਰਿਕ, ਅੰਮ੍ਰਿਤਸਰ ਦੇ ਦੋ ਵਪਾਰੀ, ਨੋਇਡਾ ਦਾ ਇਕ ਚਾਹ ਵਾਲਾ ਤੇ ਦਿੱਲੀ ਦੇ ਵਜੀਰਪੁਰ 'ਚ ਰਹਿਣ ਵਾਲੇ ਇਕ ਵਿਅਕਤੀ ਸਮੇਤ ਹੋਰ ਸ਼ਾਮਿਲ ਹਨ। ਅਪਰਾਧ ਸ਼ਾਖਾ ਨੂੰ ਅਜਿਹੀ ਖ਼ਬਰ ਮਿਲੀ ਕਿ ਦਿੱਲੀ ਤੇ ਹੋਰ ਥਾਵਾਂ 'ਤੇ ਲੋਕਾਂ ਨੂੰ ਪਾਕਿਸਤਾਨ ਤੋਂ ਅਜਿਹੇ ਫੋਨ ਆ ਰਹੇ ਸਨ ਕਿ ਉਨ੍ਹਾਂ ਨੇ ਲਾਟਰੀ 'ਚ ਲੱਖਾਂ ਰੁਪਏ ਦੀ ਰਕਮ ਦਿੱਤੀ ਹੈ ਪਰ ਇਸ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ ਇਕ ਵਿਸ਼ੇਸ਼ ਬੈਂਕ ਖਾਤੇ 'ਚ ਇਕ ਖਾਸ ਰਾਸ਼ੀ ਜਮ੍ਹਾਂ ਕਰਨ ਲਈ ਕਿਹਾ ਜਾਂਦਾ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲੋਕ ਬੈਂਕ ਖਾਤੇ 'ਚ ਰਾਸ਼ੀ ਜਮ੍ਹਾਂ ਕਰਦੇ ਜਿਸ ਨੂੰ ਹਵਾਲਾ ਤੇ ਡਿਸ਼ ਟੀ ਵੀ ਕੂਪਨ ਰਿਚਾਰਜ਼ ਦੇ ਜ਼ਰੀਏ ਪਾਕਿਸਤਾਨ ਭੇਜ ਦਿੱਤਾ ਜਾਂਦਾ। ਜਾਂਚ ਕਰਤਾਵਾਂ ਨੇ ਦੱਸਿਆ ਕਿ ਦਿੱਲੀ ਦੇ ਵਜੀਰਪੁਰ ਤੇ ਨੋਇਡਾ 'ਚ ਰਹਿਣ ਵਾਲੇ ਵਿਅਕਤੀਆਂ ਨਾਲ ਪਾਕਿਸਤਾਨ ਤੋਂ ਫੋਨ ਦੇ ਮਾਧਿਅਮ ਨਾਲ ਸੰਪਰਕ ਕੀਤਾ ਜਾ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਚਾਹ ਦੀ ਦੁਕਾਨ ਚਲਾਉਣ ਵਾਲਾ ਵਿਅਕਤੀ ਸ਼ੱਕ ਦੇ ਦਾਇਰੇ 'ਚ ਆਇਆ ਕਿਉਂਕਿ ਉਸ ਨੂੰ ਨੋਇਡਾ 'ਚ ਕਈ ਬੈਂਕ ਸ਼ਾਖਾਵਾਂ ਦੇ ਚੱਕਰ ਲਾਉਂਦੇ ਦੇਖਿਆ ਗਿਆ।
ਨਵੀਂ ਦਿੱਲੀ, 15 ਜਨਵਰੀ -ਦੂਰ ਸੰਚਾਰ ਘੁਟਾਲੇ ਦੇ ਸਬੰਧ 'ਚ ਸਾਬਕਾ ਕੇਂਦਰੀ ਮੰਤਰੀ ਸੁਖਰਾਮ ਦੀ ਜ਼ਮਾਨਤ ਅਰਜ਼ੀ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ। ਜਸਟਿਸ ਪੀ. ਸਥਾਸਿਵਮ ਦੀ ਅਗਵਾਈ ਵਾਲੀ ਬੈਂਚ ਬਜ਼ੁਰਗ ਸਿਆਸਤਦਾਨ ਅਤੇ ਸੁਖਰਾਮ ਨਾਲ ਸਹਿ ਦੋਸ਼ੀ ਰੂਨੂ ਘੋਸ਼ ਅਤੇ ਹੈਦਰਾਬਾਦ ਦੇ ਕਾਰੋਬਾਰੀ ਪੀ.ਰਾਮਾ ਰਾਓ ਦੀ ਜ਼ਮਾਨਤ ਅਰਜ਼ੀ 'ਤੇ ਵੀ ਅੱਜ ਸੁਣਵਾਈ ਕਰੇਗੀ। ਅਦਾਲਤ ਅੱਗੇ ਆਤਮਸਮਰਪਣ ਕਰ ਚੁੱਕੇ ਸੁਖਰਾਮ ਨੂੰ 9 ਜਨਵਰੀ ਨੂੰ ਅਦਾਲਤ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਘੋਸ਼ ਅਤੇ ਰੂਨੂ ਵੀ 16 ਜਨਵਰੀ ਤਕ ਅੰਤਰਿਮ ਜ਼ਮਾਨਤ 'ਤੇ ਹਨ।
ਲਾਹੌਰ, 15 ਜਨਵਰੀ -ਪਾਕਿਸਤਾਨ ਦੇ ਪੰਜਾਬ ਸੂਬੇ 'ਚ ਐਤਵਾਰ ਨੂੰ ਇਕ ਸ਼ੀਆ ਭਾਈਚਾਰੇ ਦੇ ਜਲੂਸ ਦੇ ਕੋਲ ਹੋਏ ਧਮਾਕੇ 'ਚ 20 ਲੋਕਾਂ ਦੀ ਮੌਤ ਹੋ ਗਈ ਤੇ ਘੱਟੋ-ਘੱਟ 30 ਜ਼ਖਮੀ ਹੋ ਗਏ। ਖਾਨਪੁਰ ਸ਼ਹਿਰ 'ਚ ਵਿਸਫੋਟ ਚੇਹੱਲੁਮ ਜਲੂਸ ਦੇ ਸ਼ੀਆ ਇਮਾਮਬਾੜੇ ਤੋਂ ਨਿਕਲਣ ਦੇ ਤੁਰੰਤ ਬਾਅਦ ਹੋਇਆ। ਪੁਲਿਸ ਅਜੇ ਇਹ ਨਹੀਂ ਜਾਣ ਸਕੀ ਕਿ ਇਹ ਬੰਬ ਧਮਾਕਾ ਹੈ ਜਾਂ ਨਹੀਂ। ਇਸ ਜਲੂਸ 'ਚ ਲਗਭਗ 150 ਲੋਕ ਸ਼ਾਮਿਲ ਸਨ। ਉਧਰ ਸੂਬਾ ਪੁਲਿਸ ਮੁਖੀ ਜ਼ਹੀਰ ਆਬਿਦ ਕਾਦਰੀ ਦਾ ਕਹਿਣਾ ਹੈ ਕਿ ਇਸ ਜਲੂਸ 'ਚ ਲਿਜਾਏ ਜਾ ਰਹੇ ਅਲਮ ਜਾਂ ਝੰਡੇ ਦੇ ਬਿਜਲੀ ਦੀਆਂ ਤਾਰਾਂ ਦੇ ਸੰਪਰਕ 'ਚ ਆਉਣ ਦੇ ਬਾਅਦ ਹੋਏ ਸ਼ਾਰਟ ਸਰਕਟ ਨਾਲ ਇਹ ਹਾਦਸਾ ਵਾਪਰਿਆ। ਕਾਦਰੀ ਨੇ ਦੱਸਿਆ ਕਿ ਇਸ ਦੇ ਬਾਅਦ ਕੋਲ ਦੇ ਇਕ ਟਰਾਂਸਫਾਰਮਰ 'ਚ ਧਮਾਕਾ ਵੀ ਹੋਇਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਜਾਂਚ ਕਰ ਰਹੇ ਹਨ ਕਿ ਇਹ ਬੰਬ ਧਮਾਕਾ ਹੈ ਜਾਂ ਹਾਦਸਾ।
ਜਲੰਧਰ, 15 ਜਨਵਰੀ -ਪੰਜਾਬ ਦੇ ਵੱਡੇ ਹਿੱਸੇ 'ਚ ਬੀਤੀ ਰਾਤ ਤੋਂ ਲਗਾਤਾਰ ਪੈ ਰਹੀ ਬਾਰਿਸ਼ ਅਤੇ ਕੜਾਕੇ ਦੀ ਠੰਢ ਨੇ ਪਹਿਲਾਂ ਹੀ ਮੱਧਮ ਰਫ਼ਤਾਰ ਨਾਲ ਚਲ ਰਹੀ ਚੋਣ ਮੁਹਿੰਮ ਨੂੰ ਆਪਣੀ ਜਕੜ ਵਿਚ ਲੈ ਲਿਆ ਹੈ। ਐਤਵਾਰ ਸਾਰਾ ਦਿਨ ਬਾਰਿਸ਼ ਪੈਂਦੇ ਰਹਿਣ ਨਾਲ ਲਗਭਗ ਸਾਰਾ ਹੀ ਜਨ-ਜੀਵਨ ਠੱਪ ਰਿਹਾ। ਉਮੀਦਵਾਰਾਂ ਤੇ ਉਨ੍ਹਾਂ ਦੇ ਹਮਾਇਤੀਆਂ ਦੀ ਸਰਗਰਮੀ ਵੀ ਇਸੇ ਕਰਕੇ ਜਾਮ ਹੋ ਕੇ ਰਹਿ ਗਈ। ਮਾਝਾ, ਦੁਆਬਾ ਤੇ ਮਾਲਵੇ ਦੇ ਲੁਧਿਆਣਾ, ਬਰਨਾਲਾ, ਪਟਿਆਲਾ ਤੇ ਚੰਡੀਗੜ੍ਹ ਦੇ ਖੇਤਰਾਂ ਵਿਚ ਲਗਾਤਾਰ ਬਾਰਿਸ਼ ਰਹਿਣ ਕਾਰਨ ਨਾ ਕਿਧਰੇ ਰੈਲੀਆਂ ਹੋਈਆਂ, ਨਾ ਚੋਣ ਮੀਟਿੰਗਾਂ ਤੇ ਨਾ ਹੀ ਘਰ-ਘਰ ਜਾ ਕੇ ਵੋਟਰਾਂ ਨੂੰ ਮਿਲਣ ਦਾ ਸਿਲਸਿਲਾ ਹੀ ਜਾਰੀ ਰਹਿ ਸਕਿਆ। ਸਿਰਫ ਮਾਨਸਾ, ਬਠਿੰਡਾ ਤੇ ਇਸ ਤੋਂ ਉੱਪਰਲੇ ਜ਼ਿਲ੍ਹਿਆਂ ਵਿਚ ਬਾਰਿਸ਼ ਘੱਟ ਹੋਣ ਕਾਰਨ ਜਨ-ਜੀਵਨ ਥੋੜ੍ਹਾ-ਬਹੁਤ ਸਰਗਰਮੀ ਵਾਲਾ ਸੀ, ਪਰ ਠੰਢ ਤੇ ਬੱਦਲਬਾਈ ਦੇ ਮਾਹੌਲ ਨੇ ਇਨ੍ਹਾਂ ਖੇਤਰਾਂ 'ਚ ਵੀ ਚੋਣ ਮੁਹਿੰਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਵਰਨਣਯੋਗ ਹੈ ਕਿ ਇਸ ਵਾਰ ਇਕ ਤਾਂ ਚੋਣ ਅਮਲ ਸਿਰਫ 21 ਦਿਨਾਂ ਦਾ ਹੈ, 16 ਜਨਵਰੀ ਨੂੰ ਕਾਗਜ਼ ਵਾਪਸ ਲੈਣ ਦੀ ਆਖਰੀ ਤਾਰੀਖ ਹੈ ਤੇ 28 ਜਨਵਰੀ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਇਸ ਹਿਸਾਬ ਚੋਣ ਪ੍ਰਚਾਰ ਦੇ ਮਹਿਜ਼ 12 ਦਿਨ ਹੀ ਬਾਕੀ ਰਹਿ ਗਏ ਹਨ। ਏਨੇ ਥੋੜ੍ਹੇ ਸਮੇਂ ਵਿਚ ਉਮੀਦਵਾਰਾਂ ਵੱਲੋਂ ਸਾਰੇ ਵੋਟਰਾਂ ਤੱਕ ਪਹੁੰਚ ਕਰ ਸਕਣ ਬਾਰੇ ਭਾਰੀ ਚਿੰਤਾ ਪਾਈ ਜਾ ਰਹੀ ਹੈ। ਖ਼ਾਸ ਕਰ ਕਾਂਗਰਸ ਅੰਦਰ ਇਹ ਚਿੰਤਾ ਵਧੇਰੇ ਇਸ ਲਈ ਹੈ ਕਿ ਇਕ ਤਾਂ ਉਸ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ 'ਚ ਕਾਫੀ ਦੇਰੀ ਹੋਈ ਤੇ ਦੂਜਾ ਉਨ੍ਹਾਂ ਨੂੰ ਪਾਰਟੀ ਅੰਦਰਲੇ ਬਾਗੀਆਂ ਨਾਲ ਅਜੇ ਨਜਿੱਠਣਾ ਪੈ ਰਿਹਾ ਹੈ ਤੇ ਕਾਂਗਰਸ ਦੇ ਦਾਅਵੇਦਾਰ ਪਹਿਲਾਂ ਕਰੀਬ 15 ਦਿਨ ਦਿੱਲੀ ਡੇਰੇ ਲਗਾਈ ਬੈਠੇ ਰਹੇ ਹਨ ਤੇ ਚੋਣ ਪ੍ਰਚਾਰ ਤੋਂ ਟੁੱਟੇ ਰਹੇ ਹਨ। ਕਾਂਗਰਸ ਉਮੀਦਵਾਰ ਅਜੇ ਤੱਕ ਆਪਣੀ ਚੋਣ ਸਰਗਰਮੀ ਜ਼ੋਰ ਨਾਲ ਆਰੰਭ ਨਹੀਂ ਕਰ ਸਕੇ। ਪਰ ਦੂਜੇ ਪਾਸੇ ਅਕਾਲੀ-ਭਾਜਪਾ ਗਠਜੋੜ ਦੀ ਸਥਿਤੀ ਇਸ ਮਾਮਲੇ 'ਚ ਕੁਝ ਬਿਹਤਰ ਹੈ ਕਿਉਂਕਿ ਉਨ੍ਹਾਂ ਦੀ ਚੋਣ ਸੂਚੀ ਕਾਫੀ ਪਹਿਲਾਂ ਜਾਰੀ ਹੋ ਗਈ ਸੀ ਤੇ ਆਪਣੇ ਅੰਦਰਲੀ ਵਿਰੋਧਾਂ ਨੂੰ ਸੰਤੁਸ਼ਟ ਕਰਾਉਣ 'ਚ ਉਹ ਕਾਫੀ ਹੱਦ ਤੱਕ ਕਾਮਯਾਬ ਰਹੇ ਹਨ। ਉਂਝ ਵੀ ਅਕਾਲੀ ਦਲ ਦੀ ਚੋਣ ਮੁਹਿੰਮ ਕਾਫੀ ਅਗੇਤੀ ਸ਼ੁਰੂ ਹੋ ਗਈ ਸੀ। ਅਕਾਲੀ ਖੇਮਿਆਂ 'ਚ ਅੱਜ ਦੀ ਬਾਰਿਸ਼ ਉੱਪਰ ਇਹ ਕਹਿ ਕੇ ਸੰਤੁਸ਼ਟੀ ਜ਼ਾਹਿਰ ਕੀਤੀ ਜਾ ਰਹੀ ਸੀ ਕਿ ਉਹ ਤਾਂ ਆਪਣੀ ਮੁਹਿੰਮ ਪਹਿਲਾਂ ਹੀ ਭਖਾ ਚੁੱਕੇ ਹਨ ਤੇ ਇੰਦਰ ਦੇਵਤਾ ਨੇ ਤਾਂ ਕਾਂਗਰਸ ਦੀ ਮੁਹਿੰਮ 'ਚ ਰੁਕਾਵਟ ਪਾ ਕੇ ਉਨ੍ਹਾਂ ਉੱਪਰ ਮਿਹਰ ਹੀ ਕੀਤੀ ਹੈ। ਕੁਝ ਵੀ ਹੋਵੇ, ਜਿਸ ਤਰ੍ਹਾਂ ਕਿਸਾਨਾਂ ਲਈ ਇਹ ਬਾਰਿਸ਼ ਕਾਫੀ ਲਾਹੇਵੰਦ ਮੰਨੀ ਜਾ ਰਹੀ ਹੈ, ਉਸੇ ਤਰ੍ਹਾਂ ਇਸ ਦਾ ਸਿਆਸੀ ਅਸਰ ਵੀ ਜ਼ਰੂਰ ਨਜ਼ਰ ਆਵੇਗਾ।
ਰਾਏਪੁਰ, 15 ਜਨਵਰੀ-ਰਾਏਪੁਰ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਸਰਹੱਦੀ ਸੁਰੱਖਿਆ ਬਲ (ਬੀ. ਐੱਸ. ਐੱਫ.) ਦਾ ਇਕ ਹੈਲੀਕਾਪਟਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਜਿਸ 'ਚ ਸਵਾਰ ਇਕ ਪਾਇਲਟ, ਇਕ ਸਹਿ-ਪਾਇਲਟ ਅਤੇ ਤਿੰਨ ਇੰਜੀਨੀਅਰ ਜ਼ਖ਼ਮੀ ਹੋ ਗਏ। ਪੁਲਿਸ ਦੇ ਵਧੀਕ ਡੀ. ਜੀ. ਰਮਨ ਨਿਵਾਸ ਨੇ ਦੱਸਿਆ ਕਿ ਇਹ ਹੈਲੀਕਾਪਟਰ ਨਕਸਲ ਪ੍ਰਭਾਵਿਤ ਇਲਾਕੇ ਬਸਤਰ 'ਚ ਜਾਣ ਤੋਂ ਪਹਿਲਾਂ ਇਕ ਪਰਖ ਉਡਾਣ 'ਤੇ ਸੀ। ਸਾਰੇ ਜ਼ਖ਼ਮੀਆਂ ਨੂੰ ਰਾਮ ਕ੍ਰਿਸ਼ਨ ਕੇਅਰ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾਂਦਾ ਹੈ ਕਿ ਸਿਰਾਂ 'ਚ ਸੱਟ ਲੱਗਣ ਕਾਰਨ ਸਾਰਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਸਮੇਤ ਪੁਲਿਸ ਅਤੇ ਬੀ.ਐਸ.ਐਫ. ਦੇ ਸੀਨੀਅਰ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਹਨ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੁਰਘਟਨਾਗ੍ਰਸਤ ਹੋਇਆ ਹੈਲੀਕਾਪਟਰ ਹਵਾਈ ਪੱਟੀ 'ਤੇ ਹੀ ਡਿੱਗਣ ਕਾਰਨ ਬਹੁਤ ਸਾਰੀਆਂ ਉਡਾਣਾਂ ਪ੍ਰਭਾਵਿਤ ਹੋਈਆਂ। ਰਾਏਪੁਰ ਦੀਆਂ ਕਈ ਉਡਾਣਾਂ ਦੇ ਰੂਟ ਨਾਗਪੁਰ ਅਤੇ ਹੋਰ ਹਵਾਈ ਅੱਡਿਆਂ ਨੂੰ ਤਬਦੀਲ ਕਰ ਦਿੱਤੇ ਗਏ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਹਵਾਈ ਪੱਟੀ ਨੂੰ ਸਾਫ ਕੀਤਾ ਜਾ ਰਿਹਾ ਹੈ ਅਤੇ ਬਹੁਤ ਜਲਦੀ ਇਥੋਂ ਉਡਾਣਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।
ਇਸਲਾਮਾਬਾਦ, 15 ਜਨਵਰੀ -ਪਾਕਿਸਤਾਨ 'ਚ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਸਮੇਤ ਸੰਕਟਗ੍ਰਸਤ ਨੇਤਾਵਾਂ ਦੀ ਕਿਸਮਤ ਦਾ ਫ਼ੈਸਲਾ ਸੋਮਵਾਰ ਨੂੰ ਹੋਵੇਗਾ, ਜਦ ਸੁਪਰੀਮ ਕੋਰਟ ਮੇਮੋ ਮਾਮਲੇ 'ਤੇ ਅਤੇ ਰਸੂਖ ਵਾਲੇ ਲੋਕਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਸਬੰਧੀ ਇਕ ਪਟੀਸ਼ਨ 'ਤੇ ਸੁਣਵਾਈ ਕਰੇਗਾ। ਪ੍ਰੇਸ਼ਾਨੀਆਂ 'ਚ ਘਿਰੀ ਸਰਕਾਰ ਨੇ ਸਮਰਥਨ ਲਈ ਸੰਸਦ ਦਾ ਰੁਖ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੈਂਬਲੀ 'ਚ ਉਸ ਪ੍ਰਸਤਾਵ 'ਤੇ ਸੋਮਵਾਰ ਨੂੰ ਵੋਟਾਂ ਪੈਣਗੀਆਂ, ਜਿਸ ਵਿਚ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਰਾਜਨੀਤਕ ਅਗਵਾਈ ਵੱਲੋਂ ਕੀਤੇ ਗਏ ਯਤਨਾਂ 'ਤੇ ਮਨਜ਼ੂਰੀ ਅਤੇ ਸਮਰਥਨ ਮੰਗਿਆ ਗਿਆ ਹੈ। ਇਕ ਪਾਸੇ ਸੰਸਦ ਇਸ ਪ੍ਰਸਤਾਵ 'ਤੇ ਵਿਚਾਰ ਕਰੇਗੀ ਉਥੇ ਦੂਜੇ ਪਾਸੇ ਸੁਪਰੀਮ ਕੋਰਟ ਦਾ 17 ਮੈਂਬਰੀ ਬੈਂਚ ਰਸੂਖ ਵਾਲੇ ਲੋਕਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਸਬੰਧੀ ਇਕ ਪਟੀਸ਼ਨ 'ਤੇ ਸੁਣਵਾਈ ਫਿਰ ਤੋਂ ਸ਼ੁਰੂ ਕਰੇਗਾ। ਰਸੂਖ ਵਾਲੇ ਲੋਕਾਂ ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਸਾਲ 2007 'ਚ ਤਤਕਾਲੀਨ ਸੈਨਿਕ ਸ਼ਾਸਕ ਪ੍ਰਵੇਜ਼ ਮੁਸ਼ੱਰਫ ਨੇ ਐਨ ਆਰ ਓ ਤਹਿਤ ਬੰਦ ਕਰ ਦਿੱਤਾ ਸੀ। ਪਾਕਿਸਤਾਨ 'ਚ ਪਿਛਲੇ ਸਾਲ ਸ਼ੱਕੀ ਸੈਨਿਕ ਵਿਦਰੋਹ ਨੂੰ ਰੋਕਣ ਲਈ ਅਮਰੀਕਾ ਤੋਂ ਮਦਦ ਮੰਗਣ ਸਬੰਧੀ ਰਹਿੱਸਮਈ ਮੇਮੋ ਦੀ ਜਾਂਚ ਲਈ ਪ੍ਰਮੁੱਖ ਅਦਾਲਤ ਵਲੋਂ ਗਠਿਤ ਇਕ ਨਿਆਂਇਕ ਕਮਿਸ਼ਨ ਸੋਮਵਾਰ ਨੂੰ ਵੀ ਸੁਣਵਾਈ ਜਾਰੀ ਰੱਖੇਗਾ।
ਨਵੀਂ ਦਿੱਲੀ, 15 ਜਨਵਰੀ -ਕੱਲ੍ਹ ਯੋਗਾ ਗੁਰੂ ਬਾਬਾ ਰਾਮਦੇਵ 'ਤੇ ਕਾਲੀ ਸਿਆਹੀ ਸੁੱਟਣ ਵਾਲੇ ਕਾਮਰਾਨ ਸਿੱਦੀਕੀ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। ਕਾਮਰਾਨ ਨੇ ਬਾਬਾ ਰਾਮਦੇਵ 'ਤੇ ਇਕ ਪੱਤਰਕਾਰ ਸੰਮੇਲਨ ਦੌਰਾਨ ਸਿਆਹੀ ਸੁੱਟੀ ਸੀ। ਸੂਤਰਾਂ ਨੇ ਦੱਸਿਆ ਕਿ ਕਾਮਰਾਨ ਨੂੰ ਬੀਤੀ ਦੇਰ ਰਾਤ ਰਿਹਾਅ ਕੀਤਾ ਗਿਆ। ਬਾਬਾ ਰਾਮਦੇਵ ਨੇ ਕਿਹਾ ਕਿ ਉਹ ਅਜਿਹੇ ਹਮਲਿਆਂ ਤੋਂ ਡਰਨ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਾਲਾ ਧਨ ਤੇ ਭ੍ਰਿਸ਼ਟਾਚਾਰ ਬਾਰੇ ਗੱਲ ਕੀਤੀ ਸੀ ਅਤੇ ਇਸ ਦੇ ਬਦਲੇ 'ਚ ਉਨ੍ਹਾਂ ਨੂੰ ਇਹ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਉਨ੍ਹਾਂ 'ਤੇ ਸਿਆਹੀ ਸੁੱਟ ਕੇ ਉਨ੍ਹਾਂ ਦੇ ਚਰਿੱਤਰ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।
ਲੁਧਿਆਣਾ, 15 ਜਨਵਰੀ -ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿਚ ਠੰਢ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਮਰਾਲਾ ਚੌਕ ਨੇੜੇ ਠੰਢ ਕਾਰਨ ਇਕ ਰਿਕਸ਼ਾ ਚਾਲਕ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਸ਼ਿਵ ਸ਼ੰਕਰ ਵਜੋਂ ਕੀਤੀ ਗਈ ਹੈ। ਸ਼ਿਵ ਸ਼ੰਕਰ ਮੂਲਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਸੀ ਅਤੇ ਬੀਤੀ ਰਾਤ ਉਹ ਸੜਕ 'ਤੇ ਹੀ ਰਿਕਸ਼ੇ 'ਤੇ ਸੁੱਤਾ ਸੀ ਕਿ ਠੰਢ ਕਾਰਨ ਉਸਦੀ ਮੌਤ ਹੋ ਗਈ। ਸਵੇਰੇ ਕੁਝ ਲੋਕਾਂ ਨੇ ਲਾਸ਼ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਦੂਜੇ ਮਾਮਲੇ ਵਿਚ ਤਾਜਪੁਰ ਸੜਕ 'ਤੇ ਵੀ ਠੰਢ ਲੱਗਣ ਕਾਰਨ ਇਕ 40 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਦੇਰ ਸ਼ਾਮ ਤੱਕ ਮ੍ਰਿਤਕ ਦੀ ਸ਼ਨਾਖਤ ਨਹੀਂ ਹੋ ਸਕੀ। ਤੀਜੇ ਮਾਮਲੇ ਵਿਚ ਰੇਲਵੇ ਪੁਲਿਸ ਨੇ ਲੋਕੋ ਸ਼ੈੱਡ ਨੇੜਿਉਂ ਵੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ ਜਿਸ ਦੀ ਮੌਤ ਦਾ ਕਾਰਨ ਵੀ ਠੰਢ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਤਿੰਨੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।
ਕੋਲੰਬੋ, 15 ਜਨਵਰੀ- ਭਾਰਤ ਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਐਸ.ਐਮ. ਕ੍ਰਿਸ਼ਨਾ ਦੇ ਸ੍ਰੀ ਲੰਕਾ ਦੌਰੇ ਤੋਂ ਪਹਿਲਾਂ ਦੋਵਾਂ ਦੇਸ਼ਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਇਕ ਦੂਜੇ ਦੇ ਪਾਣੀਆਂ 'ਚ ਪਹੁੰਚਣ 'ਤੇ ਗ੍ਰਿਫ਼ਤਾਰ ਕੀਤੇ ਗਏ ਮਛੇਰਿਆਂ ਦੀ ਜਲਦੀ ਰਿਹਾਈ ਯਕੀਨੀ ਬਣਾਉਣ ਦੇ ਮੁੱਦੇ 'ਤੇ ਗੱਲਬਾਤ ਕਰਨ ਨੂੰ ਸਹਿਮਤੀ ਦੇ ਦਿੱਤੀ ਹੈ। ਭਾਰਤੀ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਦੇ ਸੰਯੁਕਤ ਸਕੱਤਰ ਹਰਸ਼ ਸਰਿੰਗਲਾ ਅਤੇ ਸ੍ਰੀ ਲੰਕਾ ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ ਕਸ਼ੇਨੂਕਾ ਸੇਨੇਵਿਥਰਨੇ ਦੀ ਅਗਵਾਈ ਹੇਠ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਇਥੋ ਹੋਈ ਦੋ ਦਿਨਾਂ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਇਕ ਸਾਂਝਾ ਬਿਆਨ 'ਚ ਕਿਹਾ ਗਿਆ ਹੈ ਕਿ ਗ੍ਰਿਫ਼ਤਾਰ ਮਛੇਰਿਆਂ ਦੀ ਜਲਦੀ ਰਿਹਾਈ ਯਕੀਨੀ ਬਣਾਈ ਜਾਵੇਗੀ। ਅੱਜ ਐੱਸ. ਐੱਮ. ਕ੍ਰਿਸ਼ਨਾ ਆਪਣੇ ਚਾਰ ਦਿਨਾਂ ਦੌਰੇ 'ਤੇ ਇਥੇ ਪਹੁੰਚ ਰਹੇ ਹਨ।
No comments:
Post a Comment