Tuesday, 17 January 2012

 ਕੀ ਇਨ੍ਹਾਂ 'ਤੇ ਟ੍ਰੈਫਿਕ ਪੁਲਸ ਕਾਰਵਾਈ ਕਰੇਗੀ?
ਝਾਂਸੀ, 17 ਜਨਵਰੀ— ਚੋਣਾਂ ਦਾ ਦਿਨ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਰੈਲੀਆਂ ਅਤੇ ਜਨ ਸੰਪਰਕ ਮੀਟਿੰਗਾਂ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ। ਚੋਣਾਂ ਦੀ ਗਰਮਾ-ਗਰਮੀ 'ਚ ਕਈ ਨੇਤਾ ਕਾਨੂੰਨ ਦੀਆਂ ਧੱਜੀਆਂ ਉਡਾਉਣ ਤੋ ਵੀ ਪਿੱਛੇ ਨਹੀਂ ਰਹਿੰਦੇ। ਜਾਨੇ-ਅਣਜਾਣੇ ਉਹ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਨ ਜਿਨ੍ਹਾਂ ਕਾਰਨ ਉਨ੍ਹਾਂ 'ਤੇ ਸਵਾਲੀਆ ਨਿਸ਼ਾਨ ਖੜੇ ਹੋ ਜਾਂਦੇ ਹਨ। ਕੁਝ ਅਜਿਹਾ ਹੀ ਦ੍ਰਿਸ਼ ਝਾਂਸੀ ਵਿਖੇ ਦੇਖਣ ਨੂੰ ਮਿਲਿਆ ਜਦੋਂ ਕਾਂਗਰਸੀ ਸੰਸਦ ਅਤੇ ਫਿਲਮ ਅਭਿਨੇਤਾ ਰਾਜ ਬੱਬਰ ਅਤੇ ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਪ੍ਰਦੀਪ ਜੈਨ ਆਦਿਤਯ ਰਾਹੁਲ ਗਾਂਧੀ ਦੀ ਝਾਂਸੀ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬਿਨਾ ਹੈਲਮੇਟ ਦੇ ਸਕੂਟਰ 'ਤੇ ਨਿਕਲ ਪਏ। ਇਸ ਦੌਰਾਨ ਉਨ੍ਹਾਂ ਨੂੰ ਕੈਮਰੇ 'ਚ ਕੈਦ ਕਰ ਲਿਆ ਗਿਆ। ਰਾਹੁਲ ਗਾਂਧੀ ਦੀ ਅੱਜ ਝਾਂਸੀ ਵਿਖੇ ਚੋਣ ਰੈਲੀ ਹੈ ਇਸੇ ਦੇ ਮੱਦੇਨਜ਼ਰ ਤਿਆਰੀਆਂ ਜੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ।  ਇਨ੍ਹਾਂ ਨੇਤਾਵਾਂ ਨੇ ਕਾਨੂੰਨ ਨੂੰ ਛਿੱਕੇ 'ਤੇ ਟੰਗਦੇ ਹੋਏ ਬਿਨਾਂ ਹੈਲਮੇਟ ਡ੍ਰਾਈਵਿੰਗ ਕੀਤੀ ਪਰ ਟ੍ਰੈਫਿਕ ਪੁਲਸ ਵਾਲਿਆਂ ਨੇ ਇਨ੍ਹਾਂ ਵੱਲ ਧਿਆਨ ਵੀ ਨਹੀਂ ਦਿੱਤਾ।  ਇਹੀ ਸਥਿਤੀ ਜੇ ਕਿਸੇ ਆਮ ਨਾਗਰਿਕ ਦੀ ਹੁੰਦੀ ਤਾਂ ਕੀ ਉਨ੍ਹਾਂ ਨੂੰ ਬਖਸ਼ਿਆ ਜਾਂਦਾ। ਕੀ ਰਾਜ ਨੇਤਾ ਕਾਨੂੰਨ ਤੋਂ ਵੱਡੇ ਹਨ। ਅਜਿਹੇ ਹੀ ਕਈ ਸਵਾਲ ਇਸ ਖਬਰ ਨੂੰ ਪੜ੍ਹਨ ਤੋਂ ਬਾਅਦ ਆਮ ਆਦਮੀ ਦੇ ਦਿਲੋ-ਦਿਮਾਗ 'ਚ ਘੁੰਮ ਰਹੇ ਹੋਣਗੇ। ਹਰ ਕੋਈ ਇਹੀ ਸੋਚ ਰਿਹਾ ਹੋਵੇਗਾ ਕੀ ਇਨ੍ਹਾਂ ਉੱਤੇ ਕੋਈ ਕਾਰਵਾਈ ਹੋਵੇਗੀ?

No comments:

Post a Comment