Wednesday, 25 January 2012


ਅਲਾਮਤਾਂ ਤੋਂ ਛੁਟਕਾਰੇ ਲਈ ਕਾਂਗਰਸ ਨੂੰ ਚਲਦਾ ਕਰੋ-ਅਡਵਾਨੀ
ਦੀਨਾਨਗਰ ਵਿਖੇ ਧੁੱਪੜ ਦੇ ਹੱਕ 'ਚ ਚੋਣ ਰੈਲੀ

ਗੁਰਦਾਸਪੁਰ/ਦੀਨਾਨਗਰ, 25 ਜਨਵਰੀ -ਸਾਂਝੇ ਪ੍ਰਗਤੀਸ਼ੀਲ ਗਠਜੋੜ ਵਾਲੀ ਕੇਂਦਰ ਸਰਕਾਰ ਦੇ ਕਾਰਜਕਾਲ ਵਿਚ ਦੇਸ਼ ਦੇ ਲੋਕ ਗ਼ਰੀਬੀ, ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਚੱਕੀ ਵਿਚ ਬੁਰੀ ਤਰ੍ਹਾਂ ਪਿਸਦੇ ਜਾ ਰਹੇ ਹਨ। ਇਹ ਪ੍ਰਗਟਾਵਾ ਅੱਜ ਭਾਜਪਾ ਦੇ ਸੀਨੀਅਰ ਆਗੂ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਦੀਨਾਨਗਰ ਹਲਕੇ ਤੋਂ ਭਾਜਪਾ-ਅਕਾਲੀ ਗੱਠਜੋੜ ਦੇ ਉਮੀਦਵਾਰ ਬੀ. ਡੀ. ਧੁੱਪੜ ਦੇ ਹੱਕ ਵਿਚ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਲੇ ਧਨ ਦੀ ਵਾਪਸੀ ਤੋਂ ਇਲਾਵਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਮਹਿੰਗਾਈ ਨੂੰ ਰੋਕਣ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ, ਜਿਸ ਕਾਰਨ ਦਿਨੋਂ ਦਿਨ ਇਨ੍ਹਾਂ ਵਿਚ ਅਥਾਹ ਵਾਧਾ ਹੁੰਦਾ ਜਾ ਰਿਹਾ ਹੈ। ਸਿੱਟੇ ਵਜੋਂ ਦੇਸ਼ ਦੇ ਗ਼ਰੀਬ ਲੋਕਾਂ ਵਾਸਤੇ 2 ਵਕਤ ਦੀ ਰੋਟੀ ਵੀ ਸਿਰਦਰਦੀ ਦਾ ਕਾਰਨ ਬਣੀ ਪਈ ਹੈ। ਸ੍ਰੀ ਅਡਵਾਨੀ ਨੇ ਕਿਹਾ ਕਿ ਦੇਸ਼ ਅੰਦਰ ਫੈਲੀਆਂ ਉਕਤ ਅਲਾਮਤਾਂ ਲਈ ਮੁੱਖ ਤੌਰ 'ਤੇ ਕਾਂਗਰਸ ਸਰਕਾਰਾਂ ਹੀ ਜ਼ਿੰਮੇਵਾਰ ਹਨ, ਜਿਸ ਲਈ ਇਸ ਪਾਰਟੀ ਨੂੰ ਚਲਦਾ ਕੀਤਾ ਜਾਵੇ। ਸ੍ਰੀ ਅਡਵਾਨੀ ਨੇ ਬੋਲਦਿਆਂ ਅੱਗੇ ਕਿਹਾ ਕਿ ਇਸ ਸਮੇਂ ਦੇਸ਼ ਅੰਦਰ ਗੱਠਜੋੜ ਦੀਆਂ ਸਰਕਾਰਾਂ ਦਾ ਹੀ ਬੋਲਬਾਲਾ ਹੈ ਅਤੇ ਇਸ ਦੀ ਸ਼ੁਰੂਆਤ 1977 ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨ ਸੰਘ ਵੱਲੋਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪਿਛਲੇ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਚੱਲ ਰਹੀ ਸਾਂਝ ਕਦੇ ਵੀ ਨਾ ਟੁੱਟਣ ਵਾਲੀ ਸਾਂਝ ਬਣ ਚੁੱਕੀ ਹੈ। ਸ੍ਰੀ ਅਡਵਾਨੀ ਨੇ ਕਿਹਾ ਕਿ ਅੱਜ ਤੱਕ ਦੇਸ਼ ਨੂੰ ਸ੍ਰੀ ਵਾਜਪਾਈ ਵਰਗਾ ਪ੍ਰਧਾਨ ਮੰਤਰੀ ਅਤੇ ਪੰਜਾਬ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਵਰਗਾ ਮੁੱਖ ਮੰਤਰੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹੋ ਰਹੀਆਂ ਵਿਧਾਨ ਸਭਾ ਦੇ ਨਤੀਜੇ ਭਾਰਤ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਇੰਚਾਰਜ ਸ੍ਰੀ ਸ਼ਾਂਤਾ ਕੁਮਾਰ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ ਅਤੇ ਇਸ ਲਈ ਵੋਟਰਾਂ ਨੂੰ ਆਪਣੀ ਵੋਟ ਸੂਝਬੂਝ ਨਾਲ ਵਰਤਦੇ ਹੋਏ ਦੀਨਾਨਗਰ ਹਲਕੇ ਤੋਂ ਭਾਜਪਾ ਉਮੀਦਵਾਰ ਸ੍ਰੀ ਧੁੱਪੜ ਦੇ ਹੱਕ ਵਿਚ ਫ਼ਤਵਾ ਦੇਣਾ ਚਾਹੀਦਾ ਹੈ। ਇਸ ਮੌਕੇ 'ਤੇ ਭਾਜਪਾ ਆਗੂ ਸਵਰਨ ਸਲਾਰੀਆ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਹੀ ਵੋਟਾਂ ਦੇ ਅਸਲੀ ਹੱਕਦਾਰ ਹਨ ਅਤੇ ਪੰਜਾਬ ਦੇ ਸਮੂਹ ਵੋਟਰਾਂ ਨੂੰ ਆਪਣੀਆਂ ਵੋਟਾਂ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਪਾਉਣੀਆਂ ਚਾਹੀਦੀਆਂ ਹਨ। ਇਸ ਚੋਣ ਰੈਲੀ ਦੌਰਾਨ ਦੀਨਾਨਗਰ ਹਲਕੇ ਤੋਂ ਭਾਜਪਾ ਉਮੀਦਵਾਰ ਬੀ. ਡੀ. ਧੁੱਪੜ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ, ਹਲਕੇ ਦੇ ਨੌਜਵਾਨ ਅਕਾਲੀ ਆਗੂ ਮਨਜੀਤ ਸਿੰਘ ਡਾਲਾ ਅਤੇ ਮਹਿਲਾ ਅਕਾਲੀ ਆਗੂ ਪੁਸ਼ਪਿੰਦਰ ਕੌਰ ਮਜਬੂਰ ਨੇ ਵੀ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਹਲਕੇ ਅੰਦਰ ਭਾਜਪਾ ਅਕਾਲੀ ਗੱਠਜੋੜ ਦੇ ਹੱਕ ਵਿਚ ਹਵਾ ਚੱਲ ਰਹੀ ਹੈ। ਇਸ ਮੌਕੇ 'ਤੇ ਅਕਾਲੀ-ਭਾਜਪਾ ਨੇਤਾਵਾਂ ਨੇ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸ਼ਾਂਤਾ ਕੁਮਾਰ ਨੂੰ ਦੁਸ਼ਾਲੇ ਭੇਟ ਕਰਕੇ ਸਨਮਾਨਿਤ ਕੀਤਾ।

No comments:

Post a Comment