Wednesday, 25 January 2012

 ਕੈਪਟਨ ਹੀ ਹੋਣਗੇ ਅਗਲੇ ਮੁੱਖ ਮੰਤਰੀ : ਰਾਹੁਲ
ਫਿਰੋਜ਼ਪੁਰ, 25 ਜਨਵਰੀ- ਪੂਰਾ ਦੇਸ਼ ਪੰਜਾਬ ਦਾ ਹਮੇਸ਼ਾ ਰਿਣੀ ਰਹੇਗਾ ਜਿਸ ਨੇ ਹਰੇਕ ਹਿੰਦੋਸਤਾਨੀ ਦੇ ਖਾਧੀਆਂ ਜਾਣ ਵਾਲੀਆਂ ਦੋ ਵਿਚੋਂ ਇਕ ਰੋਟੀ ਤੇ ਹਰ ਤੀਸਰੇ ਆਦਮੀ ਲਈ ਪੇਟ ਭਰਨ ਲਈ ਚਾਵਲ ਪੈਦਾ ਕੀਤੇ ਅਤੇ ਸ. ਮਨਮੋਹਨ ਸਿੰਘ ਵਰਗਾ ਕਾਬਲ ਪ੍ਰਧਾਨ ਮੰਤਰੀ ਦਿੱਤਾ।
ਇਹ ਪ੍ਰਗਟਾਵਾ ਅੱਜ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਵਿਖੇ ਕਰਵਾਈ ਗਈ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਤੇ ਯੂਥ ਸ਼ਕਤੀ ਵਜੋਂ ਜਾਣੇ ਜਾਂਦੇ ਰਾਹੁਲ ਗਾਂਧੀ ਨੇ ਫਿਰੋਜ਼ਪੁਰ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਪਰਮਿੰਦਰ ਸਿੰਘ ਪਿੰਕੀ ਦੇ ਸੱਦੇ 'ਤੇ ਪਹੁੰਚੇ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਭਵਿੱਖ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣਗੇ। ਉਨ੍ਹਾਂ ਕਿਹਾ ਕਿ ਸਾਡੀਆਂ ਵਿਰੋਧੀ ਪਾਰਟੀਆਂ ਹਨੇਰੇ ਭਰੀਆਂ ਰਾਹਾਂ 'ਤੇ ਹੀ ਸ਼ਾਈਨ ਇੰਡੀਆ ਆਖ ਕੇ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰਦੀਆਂ ਰਹੀਆਂ।
ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਵਿਰੋਧੀ ਧਿਰਾਂ ਦੀ ਖਿਚਾਈ ਕਰਦਿਆਂ ਕਿਹਾ ਕਿ ਬਾਕੀ ਰਾਜਾਂ ਵਿਚ ਗੱਲ ਕਰਨ ਮੌਕੇ ਇਨ੍ਹਾਂ ਨੂੰ ਕਰਨਾਟਕ, ਛੱਤੀਸਗੜ੍ਹ, ਗੁਜਰਾਤ, ਪੰਜਾਬ ਅਤੇ ਉਤਰਾਖੰਡ ਵਿਚ ਕੁਝ ਨਜ਼ਰ ਨਹੀਂ ਆਉਂਦਾ।
ਇਨ੍ਹਾਂ ਨੇ ਇਕ ਚੰਗੇ ਲੋਕ ਪਾਲ ਬਿੱਲ ਦੇ ਵਿਰੋਧ ਵਿਚ ਵੋਟ ਦੇ ਕੇ ਭ੍ਰਿਸ਼ਟਾਚਾਰ ਨੂੰ ਬੜਾਵਾ ਦਿੱਤਾ ਹੈ ਅਤੇ ਨੌਜਵਾਨ ਪੀੜ੍ਹੀ ਤੋਂ ਭਵਿੱਖ ਚੋਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਹਿੰਦੋਸਤਾਨ ਦੀ ਅਸਲ ਤਾਕਤ ਹੈ, ਜਿਸ ਨੇ 70 ਸਾਲ ਦੀ ਸਖਤ ਮਿਹਨਤ ਨਾਲ ਦੇਸ਼ ਨੂੰ ਖੜਾ ਕੀਤਾ ਹੈ। ਸਾਡੀਆਂ ਵਿਰੋਧੀ ਧਿਰਾਂ ਕਿਸਾਨ ਤੇ ਮਜ਼ਦੂਰ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ 'ਤੇ ਪੁੱਛਦੀਆਂ ਹਨ ਕਿ ਇਸ ਲਈ ਪੈਸਾ ਕਿਥੋਂ ਆਵੇਗਾ ਪਰ ਉਨ੍ਹਾਂ ਦੀਆਂ ਜ਼ਮੀਨਾਂ ਹੜੱਪਣ ਲੱਗੇ ਕਦੇ ਵੀ ਕੋਈ ਗੱਲ ਨਹੀਂ ਕਰਦੇ। ਸ਼੍ਰੀ ਗਾਂਧੀ  ਨੇ ਦੱਸਿਆ ਕਿ ਮਨਰੇਗਾ ਤਹਿਤ ਹਰੇਕ ਮਜ਼ਦੂਰ ਨੂੰ ਬਾਰਾਂ ਹਜ਼ਾਰ ਰੁਪਏ ਸਾਲਾਨਾ ਮਿਲ ਰਹੇ ਹਨ।
ਕਿਸਾਨਾਂ ਦਾ ਸੱਠ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ ਤੇ ਨਵੀਂ ਯੋਜਨਾ ਤਹਿਤ ਹਰੇਕ ਗਰੀਬ ਨੂੰ 35 ਕਿਲੋ ਮਹੀਨੇ ਦਾ ਅਨਾਜ ਮੁਫਤ ਦਿੱਤਾ ਜਾਵੇਗਾ।
ਇਸ ਰੈਲੀ ਦੌਰਾਨ ਪਰਮਿੰਦਰ ਸਿੰਘ ਪਿੰਕੀ ਵਲੋਂ ਹਲਕੇ ਵਿਚ ਪੀ. ਜੀ. ਆਈ. ਦੇ ਬਰਾਬਰ ਦਾ ਹਸਪਤਾਲ ਖੋਲ੍ਹੇ ਜਾਣ ਦੇ ਕੀਤੇ ਐਲਾਨਾਂ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਉਨ੍ਹਾਂ ਇਥੇ ਇਹ ਵੀ ਐਲਾਨ ਕੀਤਾ ਕਿ ਮਾਲਵਾ 'ਚ ਤਿੰਨ ਕੈਂਸਰ ਦੇ ਇਲਾਜ ਵਾਲੇ ਹਸਪਤਾਲ, ਪੰਜ ਮੈਡੀਕਲ ਕਾਲਜ ਅਤੇ ਗਰੀਬਾਂ ਲਈ ਤਿੰਨ ਵੱਡੇ ਹਸਪਤਾਲ ਖੋਲ੍ਹੇ ਜਾਣਗੇ।
ਇਸ ਮੌਕੇ ਗੁਲਚੈਨ ਸਿੰਘ ਚਾੜਕ ਨੇ ਕਿਹਾ ਕਿ ਲੋਕਾਂ 'ਤੇ ਹੋਏ ਜ਼ੁਲਮਾਂ ਸੰਬੰਧੀ ਕਮਿਸ਼ਨ ਬਣੇਗਾ ਅਤੇ 50 ਹਜ਼ਾਰ ਲੋਕਾਂ 'ਤੇ ਸਿਆਸੀ ਕਿੜਾਂ ਕਾਰਨ ਦਰਜ ਹੋਏ ਕੇਸ ਖਤਮ ਹੋਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਡੀ ਜਿੱਤ ਨਾਲ ਅਕਾਲੀ ਭਾਜਪਾ ਨੂੰ ਮਾਂਜਾ ਫਿਰ ਜਾਣੈ।
ਪੰਜਾਬ ਵਿਚ ਨਵਾਂ ਸਵੇਰਾ ਲਿਆਉਣ ਲਈ ਕਿਸਾਨੀ ਵਪਾਰ ਤੇ ਰੁਜ਼ਗਾਰ ਨੂੰ ਸਮੇਂ ਦਾ ਹਾਣੀ ਬਣਾਵਾਂਗੇ। ਇਸ ਮੌਕੇ ਰਾਜੀਵ ਸਾਤਵ ਕੌਮੀ ਪ੍ਰਧਾਨ ਯੂਥ ਕਾਂਗਰਸ, ਜ਼ਿਲਾ ਪ੍ਰਧਾਨ ਅਨੂਪ ਸਿੰਘ, ਵਿਧਾਇਕ ਨਰੇਸ਼ ਕਟਾਰੀਆ, ਸਾਬਕਾ ਜ਼ਿਲਾ ਪ੍ਰਧਾਨ ਗੁਰਨੈਬ ਸਿੰਘ ਬਰਾੜ, ਹਰਿੰਦਰ ਢੀਂਡਸਾ, ਅਜੀਤ ਸਿੰਘ ਭੱਲਾ, ਚੇਅਰਮੈਨ ਵਿਜੈ ਕਾਲੜਾ, ਰਣਬੀਰ ਭੁੱਲਰ, ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ, ਲਾਲ ਸਿੰਘ ਸੁਲਹਾਣੀ, ਅਜੇ ਜੋਸ਼ੀ, ਸੰਜੇ ਗੁਪਤਾ, ਜਗੀਰ ਸਿੰਘ ਬਲਾਕ ਪ੍ਰਧਾਨ, ਲਖਵਿੰਦਰ ਸਿੰਘ ਠੇਕੇਦਾਰ, ਸ਼ੇਰ ਸਿੰਘ, ਭਜਨ ਸਿੰਘ ਸਿਆਣ, ਜੈ ਪ੍ਰਕਾਸ਼, ਅਮਰਿੰਦਰ ਸਿੰਘ ਟਿੱਕਾ, ਰੂਪ ਲਾਲ ਤਲਵੰਡੀ ਭਾਈ, ਗੋਗੀ ਪਿਆਰੇਆਣਾ ਨੀਟਾ ਸੋਢੀ, ਗੁਰੀ ਮੋਗਾ, ਰਜਿੰਦਰ ਛਾਬੜਾ, ਸੁਖਵਿੰਦਰ ਸਿੰਘ ਅਟਾਰੀ, ਇਕਬਾਲ ਸਿੰਘ ਗੈਂਧਰ, ਬਲਬੀਰ ਬਾਠ, ਜਸਮੇਲ ਸਿੰਘ ਲਾਡੀ, ਨੀਲ ਸਾਈਆਂਵਾਲਾ, ਮੁਖਤਿਆਰ ਸਿੰਘ ਮੁੱਤੀ, ਚਮਕੌਰ ਸਿੰਘ ਢੀਂਡਸਾ, ਗੁਰਪਿਆਰ ਸਿੰਘ ਆਦਿ ਹਾਜ਼ਰ ਸਨ।

No comments:

Post a Comment