ਮਮਤਾ ਵੱਲੋਂ ਬਾਦਲ ਦੇ ਸਹੁੰ ਚੁੱਕ ਸਮਾਗਮ ਵਿਚ
ਆਉਣ ਦਾ ਪ੍ਰੋਗਰਾਮ ਰੱਦ
ਆਉਣ ਦਾ ਪ੍ਰੋਗਰਾਮ ਰੱਦ
ਕਾਂਗਰਸ ਦੀ ਘੁਰਕੀ ਪਿੱਛੋਂ ਬਦਲਿਆ ਫ਼ੈਸਲਾ
ਨਵੀਂ ਦਿੱਲੀ, 11 ਮਾਰਚ -ਕਾਂਗਰਸ ਵੱਲੋਂ ਦਿੱਤੀ ਗਈ ਨਸੀਹਤ ਤੋਂ ਬਾਅਦ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਲਈ 14 ਮਾਰਚ ਨੂੰ ਹੋਣ ਵਾਲੇ ਸਮਾਗਮ ਵਿਚ ਆਉਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਸਹੁੰ ਚੁੱਕ ਸਮਾਗਮਾਂ ਵਿਚ ਖੁਦ ਦੀ ਬਜਾਏ ਬੰਗਾਲ ਦੇ ਸੈਰਸਪਾਟਾ ਮੰਤਰੀ ਰਛਪਾਲ ਸਿੰਘ ਨੂੰ ਪੰਜਾਬ ਤੇ ਕੇਂਦਰੀ ਰਾਜ ਮੰਤਰੀ ਸੁਲਤਾਨ ਅਹਿਮਦ ਨੂੰ ਉੱਤਰ ਪ੍ਰਦੇਸ਼ ਵਿਚ ਆਪਣੇ ਪ੍ਰਤੀਨਿੱਧ ਵਜੋਂ ਭੇਜਣ ਦਾ ਨਿਰਨਾ ਲਿਆ ਹੈ। ਇਸ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਸ: ਪ੍ਰਕਾਸ਼ ਸਿੰਘ ਬਾਦਲ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਦੇ ਫੈਸਲੇ 'ਤੇ ਕਾਂਗਰਸ ਦੇ ਬੁਲਾਰੇ ਅਭੀਸ਼ੇਕ ਸਿੰਘਵੀ ਨੇ ਕਿਹਾ ਸੀ ਕਿ ਮਮਤਾ ਬੈਨਰਜੀ ਲਛਮਣ ਰੇਖਾ ਨਾ ਪਾਰ ਕਰੇ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਨਾਲ ਮੇਲਜੋਲ ਅਨੈਤਿਕਤਾ ਹੈ। ਮਮਤਾ ਬੈਨਰਜੀ ਜਿਨ੍ਹਾਂ ਦੀ ਪਾਰਟੀ ਕੇਂਦਰ 'ਚ ਸੱਤਾਧਾਰੀ ਸਾਂਝਾ ਪ੍ਰਗਤੀਸ਼ੀਲ ਗਠਜੋੜ ਦਾ ਹਿੱਸਾ ਹੈ, ਨੇ ਸ: ਪ੍ਰਕਾਸ਼ ਸਿੰਘ ਬਾਦਲ ਤੇ ਅਖਿਲੇਸ਼ ਯਾਦਵ (ਉੱਤਰਪ੍ਰਦੇਸ਼) ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮੌਕੇ ਸ਼ਾਮਿਲ ਹੋਣ ਦਾ ਨਿਰਨਾ ਲਿਆ ਸੀ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਡਰੇਕ ਓ ਬਰੀਨ ਨੇ ਟਵਿਟਰ 'ਤੇ ਲਿਖਿਆ ਹੈ ਕਿ ਮਮਤਾ ਬੈਨਰਜੀ ਸਹੰ ਚੁੱਕ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਚੰਡੀਗੜ੍ਹ ਤੇ ਲਖਨਊ ਨਹੀਂ ਜਾਣਗੇ। ਸ੍ਰ ਪ੍ਰਕਾਸ਼ ਸਿੰਘ ਬਾਦਲ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਬੈਨਰਜੀ ਨੂੰ ਸਹੁੰ ਚੁੱਕ ਸਮਾਗਮਾਂ ਵਿਚ ਪੁੱਜਣ ਦਾ ਸੱਦਾ ਦਿੱਤਾ ਹੈ। ਸ: ਬਾਦਲ 14 ਮਾਰਚ ਤੇ ਅਖਿਲੇਸ਼ ਯਾਦਵ 15 ਮਾਰਚ ਨੂੰ ਮੁੱਖ ਮੰਤਰੀਆਂ ਵਜੋਂ ਸਹੁੰ ਚੁੱਕਣਗੇ। ਬਾਦਲ ਨੇ ਮਮਤਾ ਤੋਂ ਇਲਾਵਾ ਹੋਰ ਜਿਨ੍ਹਾਂ ਆਗੂਆਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ ਉਨ੍ਹਾਂ ਵਿਚ ਸਾਂਝਾ ਪ੍ਰਗਤੀਸ਼ੀਲ ਗਠਜੋੜ ਦੇ ਭਾਈਵਾਲ ਸ਼ਰਦ ਪਵਾਰ (ਐਨ.ਸੀ.ਪੀ) , ਉਮਰ ਅਬਦੁੱਲਾ (ਨੈਸ਼ਨਲ ਕਾਨਫਰੰਸ) , ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੋਂ ਇਲਾਵਾ ਸਾਰੀਆਂ ਗੈਰ-ਕਾਂਗਰਸੀ ਸਰਕਾਰਾਂ ਦੇ ਮੁੱਖ ਮੰਤਰੀ ਸ਼ਾਮਿਲ ਹਨ। ਤਾਮਿਲਨਾਡੂ ਦੀ ਮੁੱਖ ਮੰਤਰੀ ਜੇ. ਜੈਲਲਿਤਾ ਨੂੰ ਵੀ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਜੈਲਲਿਤਾ ਨੇ ਕਿਹਾ ਹੈ ਕਿ ਉਹ ਆਪਣੀ ਤਰਫੋਂ ਸ਼ਾਮਿਲ ਹੋਣ ਲਈ ਦੋ ਸੰਸਦ ਮੈਂਬਰਾਂ ਨੂੰ ਭੇਜ ਰਹੇ ਹਨ। ਤ੍ਰਿਣਮੂਲ ਕਾਂਗਰਸ ਪਿੱਛਲੇ ਮਹੀਨਿਆਂ ਦੌਰਾਨ ਕਾਂਗਰਸ ਲਈ ਮੁਸ਼ਕਿਲਾਂ ਖੜ੍ਹੀਆਂ ਕਰਦੀ ਆਈ ਹੈ ਤੇ ਤੇਲ ਕੀਮਤਾਂ ਵਿਚ ਵਾਧੇ ਤੇ ਪ੍ਰਚੂਨ ਖੇਤਰ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਸਮੇਤ ਉਸ ਨੇ ਸਾਰੇ ਪ੍ਰਮੁੱਖ ਮੁੱਦਿਆਂ 'ਤੇ ਸਮੱਸਿਆਵਾਂ ਪੈਦਾ ਕਰਨ ਦਾ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਬੀਤੇ ਦਿਨ ਸੀਨੀਅਰ ਕਾਂਗਰਸ ਆਗੂ ਸ਼ਕੀਲ ਅਹਿਮਦ ਜੋ ਪੱਛਮੀ ਬੰਗਾਲ ਬਾਰੇ ਪਾਰਟੀ ਮਾਮਲਿਆਂ ਦੇ ਇੰਚਾਰਜ ਹਨ, ਨੇ ਕੋਲਕਾਤਾ ਵਿਚ ਮਮਤਾ ਬੈਨਰਜੀ ਨੂੰ ਮਿਲਕੇ ਉਨ੍ਹਾਂ ਨੂੰ ਅਕਾਲੀਆਂ ਵੱਲੋਂ ਆਇਆ ਸੱਦਾ ਪ੍ਰਵਾਨ ਨਾ ਕਰਨ ਲਈ ਮਨਾਉਣ ਦਾ ਯਤਨ ਕੀਤਾ ਸੀ।
No comments:
Post a Comment