Friday, 9 March 2012

 ਰਾਹੁਲ ਦ੍ਰਵਿੜ ਵੱਲੋਂ ਟੈਸਟ ਕ੍ਰਿਕੇਟ ਤੋਂ ਸੰਨਿਆਸ
ਬੰਗਲੌਰ (ਕਰਨਾਟਕ), 9 ਮਾਰਚ : ਟੈਸਟ ਕ੍ਰਿਕੇਟ ਵਿੱਚ ਇੱਕ ਕੰਧ ਬਣ ਕੇ ਭਾਰਤ ਨੂੰ ਕਈ ਵਾਰ ਇਤਿਹਾਸਕ ਜਿੱਤਾਂ ਦਿਵਾਉਣ ਵਾਲ਼ੇ ਸਟਾਰ ਬੱਲੇਬਾਜ਼ ਰਾਹੁਲ ਦ੍ਰਾਵਿੜ ਨੇ ਅੱਜ ਅਲਵਿਦਾ ਆਖ ਦਿੱਤਾ। ਉਹ 16 ਸਾਲ ਭਾਰਤੀ ਟੀਮ ਨਾਲ਼ ਜੁੜੇ ਰਹੇ। ਰਾਹੁਲ ਨੇ ਟੈਸਟ ਕ੍ਰਿਕੇਟ ਵਿੱਚ ਸਚਿਨ ਤੇਂਦੁਲਕਰ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਈਆਂ ਹਨ। ਸ਼ੁੱਕਰਵਾਰ 9 ਮਾਰਚ ਨੂੰ ਭਾਵ ਅੱਜ ਦੁਪਹਿਰ ਸਾਢੇ 12 ਵਜੇ ਇੱਥੋਂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਰਾਹੁਲ ਦ੍ਰਵਿੜ ਅਤੇ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਦੇ ਮੁਖੀ ਸ੍ਰੀਨਿਵਾਸਨ ਮੀਡੀਆ ਨੂੰ ਸੰਬੋਧਤ ਹੋਏ। ਇਸ ਮੌਕੇ ਕਰਨਾਟਕ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਕੁੰਬਲੇ ਵੀ ਮੌਜੂਦ ਸਨ। ਇਸ ਪ੍ਰੈਸ ਕਾਨਫ਼ਰੰਸ ਦੌਰਾਨ ਦ੍ਰਵਿੜ ਨੇ ਟੈਸਟ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਇਹ ਸੰਨਿਆਸ ਲੈਣ ਦਾ ਸਹੀ ਸਮਾਂ ਹੈ। ਉਨ੍ਹਾਂ ਇਹ ਵੀ ਸਫ਼ਾਈ ਦਿੱਤੀ ਕਿ ਇਹ ਫ਼ੈਸਲਾ ਔਖਾ ਸੀ ਪਰ ਉਨ੍ਹਾਂ ਕਿਸੇ ਇੱਕ ਲੜੀ ਨੂੰ ਧਿਆਨ ਵਿੱਚ ਰੱਖ ਕੇ ਇਹ ਫ਼ੈਸਲਾ ਨਹੀਂ ਲਿਆ ਹੈ। ਉਨ੍ਹਾਂ ਬੀਤੇ ਦਿਨੀਂ ਕੁੱਝ ਕੈਚ ਛੁੱਟਣ ਉਤੇ ਅਫ਼ਸੋਸ ਪ੍ਰਗਟਾਇਆ। ਆਸਟਰੇਲੀਆ ਦੌਰੇ ਤੋਂ ਪਰਤਣ ਪਿੱਛੋਂ ਦ੍ਰਵਿੜ ਨੇ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਸਨ। ਦ੍ਰਵਿੜ ਦਾ ਆਸਟਰੇਲੀਆ ਦੌਰਾ ਬਹੁਤ ਹੀ ਖ਼ਰਾਬ ਰਿਹਾ ਸੀ। ਇਸ ਵਿੱਚ ਉਨ੍ਹਾਂ 8 ਪਾਰੀਆਂ ਵਿੱਚ 24.25 ਦੀ ਖ਼ਰਾਬ ਔਸਤ ਨਾਲ਼ ਸਿਰਫ਼ 194 ਦੌੜਾਂ ਬਣਾਈਆਂ ਸਨ। ਸਭ ਤੋਂ ਵੱਧ ਨਿਰਾਸ਼ ਕਰਨ ਵਾਲ਼ੀ ਗੱਲ ਇਹ ਰਹੀ ਕਿ 8 ਵਿਚੋਂ ਉਹ 6 ਵਾਰ ਕਲੀਨ ਬੋਲਡ ਹੋ ਗਏ। ਦ੍ਰਵਿੜ ਪਹਿਲਾਂ ਹੀ ਇੱਕ ਦਿਨਾ ਕ੍ਰਿਕੇਟ ਨੂੰ ਅਲਵਿਦਾ ਆਖ ਚੁੱਕੇ ਹਨ। ਇੰਗਲੈਂਡ ਵਿੱਚ ਟੈਸਟ ਲੜੀ ਦੇ 4 ਮੈਚਾਂ ਵਿੱਚ ਤਿੰਨ ਸੈਂਕੜੇ ਬਣਾਉਣ ਤੋਂ ਬਾਅਦ ਦ੍ਰਵਿੜ ਨੇ ਇੰਗਲੈਂਡ ਦੌਰੇ ਰਾਹੀਂ ¦ਬੇ ਸਮੇਂ ਪਿੱਛੋਂ ਇੱਕ ਦਿਨਾ ਟੀਮ ਵਿੱਚ ਵਾਪਸੀ ਕੀਤੀ ਸੀ। ਭਾਰਤ ਦੇ ਮਹਾਨ ਟੈਸਟ ਖਿਡਾਰੀਆਂ ਵਿੱਚ ਸ਼ਾਮਲ ਦ੍ਰਵਿੜ ਨੇ 164 ਟੈਸਟਾਂ ਵਿੱਚ 52 ਤੋਂ ਵੱਧ ਦੀ ਔਸਤ ਨਾਲ਼ 13,288 ਦੌੜਾਂ ਬਣਾਈਆਂ ਅਤੇ ਉਹ ਸਚਿਨ ਤੇਂਦੁਲਕਰ ਤੋਂ ਬਾਅਦ ਟੈਸਟ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲ਼ਿਆਂ ਦੀ ਸੂਚੀ ਵਿੱਚ ਦੂਜੇ ਸਥਾਨ ’ਤੇ ਹਨ। ਉਨ੍ਹਾਂ ਆਪਣੇ ਕੈਰੀਅਰ ਵਿੱਚ 36 ਸੈਂਕੜੇ ਅਤੇ 63 ਅਰਧ ਸੈਂਕੜੇ ਲਾਏ ਹਨ। ਦ੍ਰਵਿੜ ਨੇ ਪਾਕਿਸਤਾਨ ਖ਼ਿਲਾਫ਼ 270 ਦੌੜਾਂ ਦੀ ਸਰਬੋਤਮ ਪਾਰੀ ਖੇਡੀ ਸੀ। ਰਾਹੁਲ ਦੀ ਦੋਬਾਰਾ ਕ੍ਰਿਕੇਟ ਦੇ ਖੇਤਰ ਵਿੱਚ ਵਾਪਸੀ ਸਚਿਨ ਤੇਂਦੁਲਕਰ ਦੇ ਚਲਦਿਆਂ ਹੀ ਹੋਈ ਸੀ। ਉਨ੍ਹਾਂ ਖੁੱਲ੍ਹ ਕੇ ਇਸ ਦਾ ਸਿਹਰਾ ਸਚਿਨ ਸਿਰ ਬੰਨ੍ਹਿਆ ਸੀ। ਸਚਿਨ ਵੀ ਦ੍ਰਵਿੜ ਦੇ ਸੰਨਿਆਸ ਲੈਣ ਦੀ ਖ਼ਬਰ ਤੋਂ ਬਹੁਤ ਮਾਯੂਸ ਹਨ। ਉਨ੍ਹਾਂ ਵੀਰਵਾਰ ਨੂੰ ਇਸ ਮਹਾਨ ਬੱਲੇਬਾਜ਼ ਨੂੰ ਸਲਾਮ ਕਰਦਿਆਂ ਕਿਹਾ ਸੀ ਕਿ ਰਾਹੁਲ ਦ੍ਰਵਿੜ ਜਿਹਾ ਕੋਈ ਦੂਜਾ ਕ੍ਰਿਕੇਟਰ ਨਹੀਂ ਹੋ ਸਕਦਾ। ਤੇਂਦੁਲਕਰ ਨੇ ਕਿਹਾ ਕਿ ਸਿਰਫ਼ ਅਤੇ ਸਿਰਫ਼ ਹਿੱਕੋ ਹੀ ਰਾਹੁਲ ਦ੍ਰਵਿੜ ਹੋ ਸਕਦਾ ਹੈ, ਹੋਰ ਕੋਈ ਨਹੀਂ। ‘ਮੈਨੂੰ ਡਰੈਸਿੰਗ ਰੂਮ ਅਤੇ ਕ੍ਰੀਜ਼ ਦੋਵਾਂ ਉਤੇ ਰਾਹੁਲ ਦੀ ਕਮੀ ਮਹਿਸੂਸ ਹੋਵੇਗੀ।’ ਕ੍ਰੀਜ਼ ਉਤੇ ਦ੍ਰਵਿੜ ਨਾਲ਼ ਨਿਭਾਈਆਂ ਗਈਆਂ ਸ਼ਾਨਦਾਰ ਭਾਈਵਾਲ਼ੀਆਂ ਬਾਰੇ ਤੇਂਦੁਲਕਰ ਨੇ ਕਿਹਾ ਕਿ ਮੈਂ ਉਨ੍ਹਾਂ ਨਾਲ਼ ਬਿਹਤਰੀਨ ਛਿਣ ਬਿਤਾਏ ਹਨ। ਕਈ ਸੈਂਕੜਿਆਂ ਲਈ ਭਾਈਵਾਲ਼ੀਆਂ ਲਈ ਅਸੀਂ ਕ੍ਰੀਜ਼ ਉਤੇ ਕਈ ਘੰਟੇ ਇਕੱਠੇ ਬਿਤਾਏ ਹਨ। ਜਿਸ ਨੇ 164 ਮੈਚ ਖੇਡੇ ਅਤੇ 13 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹੋਣ, ਉਸ ਲਈ ਸਨਮਾਨ ਦਾ ਕੋਈ ਵੀ ਸ਼ਬਦ ਵਾਜਬ ਨਹੀਂ ਹੋ ਸਕਦਾ। ਰਾਹੁਲ ਬਹੁਤ ਪਹਿਲਾਂ ਅਤੇ ਕਈ ਵਾਰ ਮੀਡੀਆ ਨੂੰ ਆਖ ਚੁੱਕੇ ਹਨ ਕਿ ਉਨ੍ਹਾਂ ਨੇ ਸਾਥੀ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੀ ਜੁਝਾਰੂ ਸਮਰੱਥਾ ਤੋਂ ਪ੍ਰੇਰਣਾ ਲਈ ਅਤੇ ਆਪਣੇ ਕੈਰੀਅਰ ਨੂੰ ਮੁੜ ਲੀਹ ’ਤੇ ਲਿਆ ਸਕੇ। ਪਿਛਲੇ ਸਾਲ ਦਸੰਬਰ ’ਚ ਰਹੁਲ ਦ੍ਰਵਿੜ ਨੇ ਇੱਕ ਆਸਟਰੇਲੀਆਈ ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਖ਼ਰਾਬ ਫ਼ਾਰਮ ਕਾਰਣ ਮੈਨੂੰ ਲੱਗਾ ਕਿ ਕੈਰੀਅਰ ਹੁਣ ਖ਼ਤਮ ਹੋ ਗਿਆ ਹੈ ਅਤੇ ਇਸ ਦੌਰਾਨ ਮੈਂ ਆਪਣੇ ਉਤੇ ਕਾਫ਼ੀ ਦਬਾਅ ਵੀ ਬਣਾ ਲਿਆ। ਨਾਲ਼ ਹੀ ਸੋਚਣ ਲੱਗਾ ਕਿ ਖੇਡ ਨੂੰ ਅਲਵਿਦਾ ਆਖਣ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੋਵੇਗਾ। ਪਰ ਇਸ ਤਰ੍ਹਾਂ ਦੇ ਔਖੇ ਸਮੇਂ ਨਾਲ਼ ਤੇਂਦੁਲਕਰ ਕਿਵੇਂ ਨਿਪਟੇ, ਇਸ ਉਤੇ ਧਿਆਨ ਲਾ ਕੇ ਮੈਂ ਖ਼ੁਦ ਵਿੱਚ ਤਬਦੀਲੀ ਲਿਆਂਦੀ। ਰਾਹੁਲ ਦ੍ਰਵਿੜ ਨੇ ਅੱਜ ਆਪਣੇ ਸਾਥੀ ਤੇ ਸੀਨੀਅਰ ਕ੍ਰਿਕੇਟਰਾਂ, ਕੋਚਾਂ, ਕ੍ਰਿਕੇਟ ਪ੍ਰਸ਼ਾਸਕਾਂ ਅਤੇ ਮੀਡੀਆ ਦਾ ਵੀ ਸ਼ੁਕਰੀਆ ਅਦਾ ਕੀਤਾ। ਟੈਸਟ ਕ੍ਰਿਕੇਟ ਵਿੱਚ ਦੂਜੇ ਸਭ ਤੋਂ ਵੱਡੇ ਸਕੋਰਰ ਰਾਹੁਲ ਦ੍ਰਵਿੜ ਦੇ ਸੰਨਿਆਸ ਦੇ ਨਾਲ਼ ਹੀ ਭਾਰਤੀ ਕ੍ਰਿਕੇਟ ਦਾ ਇੱਕ ਸ਼ਾਨਦਾਰ ਅਧਿਆਇ ਖ਼ਤਮ ਹੋ ਗਿਆ ਹੈ। ਉਂਝ ਇਸ ¦ਬੇ ਕੈਰੀਅਰ ਵਿੱਚ ਕਈ ਵਾਰ ਇੰਝ ਜਾਪਿਆ ਕਿ ਸ਼ਾਹਿਦ ਉਨ੍ਹਾਂ ਨੂੰ ਉਹ ਬਣਦਾ ਮਾਣ ਤੇ ਸਨਮਾਨ ਕਦੇ ਵੀ ਨਹੀਂ ਮਿਲ਼ਿਆ, ਜਿਸ ਦੇ ਉਹ ਹੱਕਦਾਰ ਸਨ। ਰਾਹੁਲ ਦ੍ਰਵਿੜ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਣ ਭਾਰਤੀ ਟੀਮ ਨੇ ਮੈਚ ਜਿੱਤਿਆ ਪਰ ਉਸ ਸਮੇਂ ਉਨ੍ਹਾਂ ਨਾਲ਼ ਮਸ਼ਹੂਰ ਤਿਕੜੀ ਵਿਚੋਂ ਕੋਈ ਨਾ ਕੋਈ ਉਨ੍ਹਾਂ ਤੋਂ ਵੀ ਚੰਗਾ ਪ੍ਰਦਰਸ਼ਨ ਕਰ ਕੇ ਸਿਹਰਾ ਆਪਣੇ ਨਾਂਅ ਲਾ ਗਿਆ। ਉਨ੍ਹਾਂ ਨੇ ਪਹਿਲੇ ਹੀ ਟੈਸਟ ਵਿੱਚ ਜਦੋਂ ਰਾਹੁਲ ਨੇ 95 ਦੌੜਾਂ ਬਣਾਈਆਂ, ਤਾਂ ਸੌਰਭ 131 ਦੌੜਾਂ ਬਣਾ ਕੇ ਸਾਰਾ ਸਿਹਰਾ ਆਪਣੇ ਨਾਂਅ ਲਗਵਾ ਗਿਆ। ਇਸੇ ਤਰ੍ਹਾਂ ਜਦੋਂ ਕੋਲਕਾਤਾ ’ਚ ਰਾਹੁਲ ਨੇ 183 ਦੌੜਾਂ ਬਣਾਈਆਂ, ਤਾਂ ਲਕਸ਼ਮਣ ਨੇ 281 ਦੌੜਾਂ ਬਣਾ ਲਈਆ ਸਨ। ਇਸੇ ਤਰ੍ਹਾਂ ਹੈਡਿੰਗਲੀ ’ਚ ਜਦੋਂ ਰਾਹੁਲ ਨੇ 148 ਦੌੜਾਂ ਬਣਾਈਆਂ, ਤਾਂ ਸਚਿਨ ਨੇ 193 ਦੌੜਾਂ ਬਣਾ ਕੇ ਰਾਹੁਲ ਨੂੰ ਪਿੱਛੇ ਕਰ ਦਿੱਤਾ। ਅਜਿਹੇ ਕਈ ਮੌਕੇ ਅੰਕੜਿਆਂ ਦੀਆਂ ਕਿਤਾਬਾਂ ਨਾਲ਼ ਭਰੇ ਪਏ ਹਨ। ਦਾ ਵਾਲ ਅਤੇ ਮਿਸਟਰ ਡਿਪੈਂਡੇਬਲ ਦੇ ਨਾਂਅ ਨਾਲ਼ ਸਾਰੀ ਦੁਨੀਆ ’ਚ ਮਸ਼ਹੂਰ ਰਾਹੁਲ ਨੇ ਅਨੇਕਾਂ ਵਾਰ ਆਪਣੇ ਗੁਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਜਿਸ ਸ਼ਾਨਦਾਰ ਤਰੀਕੇ ਨਾਲ਼ ਲਾਰਡਜ਼ ਦੇ ਮੈਦਾਨ ਵਿੱਚ 20 ਜੂਨ, 1996 ਨੂੰ ਰਾਹੁਲ ਦਾ ਕੌਮਾਂਤਰੀ ਕੈਰੀਅਰ ਸ਼ੁਰੂ ਹੋਇਆ ਸੀ, ਉਸੇ ਤਰੀਕੇ ਨਾਲ਼ ਖ਼ਤਮ ਹੋ ਰਿਹਾ ਹੈ। ਇਹ ਰਿਟਾਇਰਮੈਂਟ ਵੀ ਉਨ੍ਹਾਂ ਦੀ ਆਪਣੀ ਸ਼ੈਲੀ ਵਿੱਚ ਹੀ ਹੋ ਰਹੀ ਹੈ। ਨਾਗਪੁਰ ’ਚ 2008 ਵਿੱਚ ਸੌਰਭ ਗਾਂਗੁਲੀ ਨੇ ਅਲਵਿਦਾ ਆਖੀ ਸੀ ਅਤੇ ਉਸ ਤੋਂ ਵੀ ਪਹਿਲਾਂ ਦਿੱਲੀ ਦੇ ਫ਼ਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਜਦੋਂ ਅਨਿਲ ਕੁੰਬਲੇ ਨੇ ਜਦੋਂ ‘ਬਾਇ-ਬਾਇ’ ਆਖਿਆ ਸੀ, ਤਦ ਸਟੇਡੀਅਮ ਵਿੱਚ ਮੌਜੂਦ ਲੋਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਸੁਆਗਤ ਕੀਤਾ ਸੀ। 11 ਜਨਵਰੀ, 1973 ਨੂੰ ਇੰਦੌਰ ’ਚ ਜਨਮੇ ਰਾਹੁਲ ਨੇ ਬੰਗਲੌਰ ਦੇ ਸੇਂਟ ਜੋਜ਼ਫ਼ ਕਾਲਜ ਆੱਫ਼ ਕਾਮਰਸ ਤੋਂ ਕਾਮਰਸ ਦੀ ਡਿਗਰੀ ਲਈ ਹੈ। ਉਨ੍ਹਾਂ ਦਾ ਇੱਕ ਛੋਟਾ ਭਰਾ ਵਿਜੇ ਹੈ। ਸਾਲ 2003 ’ਚ ਡਾਕਟਰ ਵਿਜੇਤਾ ਪੇਂਡਾਰਕਰ ਨਾਲ਼ ਰਾਹੁਲ ਦਾ ਵਿਆਹ ਹੋਇਆ। ਉਨ੍ਹਾਂ ਦੇ ਦੋ ਪੁੱਤਰ ਸਮਿਤ ਅਤੇ ਅਨਵਯ ਹਨ। 10 ਸਾਲਾਂ ਦੀ ਉਮਰੇ ਰਾਹੁਲ ਨੇ ਕ੍ਰਿਕੇਟ ਦਾ ਬੱਲਾ ਫੜ ਲਿਆ ਸੀ। ਉਨ੍ਹਾਂ ਉਤੇ ਪਹਿਲੀ ਪਾਰਖੂ ਨਜ਼ਰ ਸਾਬਕਾ ਕ੍ਰਿਕੇਟਰ ਤਾਰਾਪੋਰ ਦੀ ਪਈ ਸੀ ਅਤੇ ਉਨ੍ਹਾਂ ਦੀ ਮਦਦ ਨਾਲ਼ ਉਹ ਖੇਡ ਵਿੱਚ ਅੱਗੇ ਵਧਦੇ ਗਏ। ਅੰਡਰ 15, ਅੰਡਰ 17 ਅਤੇ ਅੰਡਰ 19 ਦਤੋਂ ਬਾਅਦ ਰਣਜੀ ਟੀਮ ਵਿੱਚ 1990 ਵਿੱਚ ਸ਼ਾਮਲ ਹੋਏ ਅਤੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਤੱਕਿਆ। ਉਨ੍ਹਾਂ ਦੇ ਇਸ ਸਫ਼ਰ ਵਿੱਚ ਭਾਰਤੀ ਟੀਮ ਦੀ ਕਪਤਾਨੀ ਵੀ ਸ਼ਾਮਲ ਹੈ ਅਤੇ ਅੱਜ ਕ੍ਰਿਕੇਟ ਦੇ ਮੈਦਾਨ ਦਾ ਇਹ ਸਫ਼ਰ ਖ਼ਤਮ ਹੋ ਗਿਆ। ਬਹੁਤੇ ਕ੍ਰਿਕੇਟ ਪ੍ਰੇਮੀ ਰਾਹੁਲ ਦ੍ਰਵਿੜ ਦੇ ਇਸ ਫ਼ੈਸਲੇ ਤੋਂ ਨਿਰਾਸ਼ ਵੀ ਹਨ।

No comments:

Post a Comment