ਬਦਲਾ ਨਹੀਂ ਵਿਕਾਸ ਹੀ ਰਹੇਗਾ ਅਕਾਲੀ-ਭਾਜਪਾ ਸਰਕਾਰ ਦਾ ਮੁੱਖ ਏਜੰਡਾ-ਬਾਦਲ
ਆਨੰਦਪੁਰ ਸਾਹਿਬ- ਪੰਜਾਬ 'ਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਨਾ ਤਾਂ ਕਦੇ ਸੌੜੀ ਬਦਲਾਲਊ ਸਿਆਸਤ ਅਪਣਾਈ ਸੀ ਅਤੇ ਨਾ ਹੀ ਅਪਣਾਏਗੀ। ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਖਾਲਸੇ ਦੇ ਜਨਮ ਅਸਥਾਨ ਦੀ ਇਸ ਪਵਿੱਤਰ ਧਰਤੀ 'ਤੇ ਅਕਾਲ ਪੁਰਖ ਤੋਂ ਆਸ਼ੀਰਵਾਦ ਲੈਣ ਤੇ ਇਹ ਪ੍ਰਣ ਕਰਨ ਲਈ ਆਏ ਹਨ ਕਿ ਉਨ੍ਹਾਂ ਦੀ ਸਰਕਾਰ ਗਰੀਬ ਪੱਖੀ ਤੇ ਵਿਕਾਸ ਪੱਖੀ ਨੀਤੀਆਂ ਅਪਣਾਉਂਦੀ ਹੋਈ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਉਤਰਣ ਦੀ ਹਰ ਸੰਭਵ ਕੋਸ਼ਿਸ਼ ਕਰੇਗੀ।
ਪਾਰਟੀ ਨੂੰ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਪ੍ਰਣ ਕੀਤਾ ਕਿ ਨਸ਼ਾਖੋਰੀ ਦੇ ਗੈਰ-ਕਾਨੂੰਨੀ ਧੰਦੇ 'ਚ ਲੱਗੇ ਹੋਏ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਗਈ ਮੁਹਿੰਮ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਕਾਰਜ 'ਚ ਪੰਜਾਬ ਸਰਕਾਰ ਦਾ ਸਾਥ ਦੇਣ।
ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਆਉਂਦੇ 2 ਸਾਲਾਂ 'ਚ ਪੰਜਾਬ ਨੂੰ ਵਾਧੂ ਬਿਜਲੀ ਉਤਪਾਦਨ ਵਾਲਾ ਸੂਬਾ ਬਨਾਉਣ ਦੇ ਨਾਲ-ਨਾਲ ਸਰਾਕਰ ਬੀਤੇ ਸੇਵਾਕਾਲ ਦੌਰਾਨ ਅਧੂਰੇ ਰਹਿ ਗਏ ਕਾਰਜ਼ਾਂ ਨੂੰ ਵੀ ਮੁਕੰਮਲ ਕਰੇਗੀ। ਉਨ੍ਹਾਂ ਮੁਫ਼ਤ ਸਾਈਕਲ ਯੋਜਨਾ ਨੂੰ 9ਵੀਂ ਤੇ 10ਵੀਂ ਦੀਆਂ ਵਿਦਿਆਰਥਣਾਂ ਲਈ ਵੀ ਲਾਗੂ ਕਰਨ ਦਾ ਐਲਾਨ ਕਰਨ ਦੇ ਨਾਲ ਹੀ ਐਮ.ਏ. ਪੱਧਰ ਤੱਕ ਵਿਦਿਆਰਥਣਾਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸ. ਬਾਦਲ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਸ਼ਵ ਪੱਧਰ ਦਾ ਸਟੇਡੀਅਮ ਬਨਾਉਣ ਅਤੇ ਭਾਈ ਜੀਵਨ ਸਿੰਘ ਤੇ ਭਾਈ ਸੰਗਤ ਸਿੰਘ ਦੀ ਯਾਦ 'ਚ ਯਾਦਗਾਰਾਂ ਸਥਾਪਤ ਕਰਨ ਦਾ ਵੀ ਐਲਾਨ ਕੀਤਾ।
ਇਸ ਉਪਰੰਤ ਪ੍ਰੈਸ ਨਾਲ ਗੱਲਬਾਤ ਦੌਰਾਨ ਇਹ ਪੁੱਛੇ ਜਾਣ 'ਤੇ ਕਿ ਭਾਜਪਾ ਦੇ ਕਿੰਨੇ ਮੰਤਰੀਆਂ ਨੂੰ ਕੈਬਨਿਟ 'ਚ ਸ਼ਾਮਿਲ ਕੀਤਾ ਜਾਵੇਗਾ, ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਨਾਲ ਰਿਸ਼ਤਾ ਸਿਆਸੀ ਨਹੀਂ ਬਲਕਿ ਜਜ਼ਬਾਤੀ ਹੈ ਜੋ ਕਿ ਇੰਨ੍ਹਾ ਸਾਰੀਆਂ ਗੱਲਾਂ ਤੋਂ ਉੱਪਰ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਆਗੂ ਤੇ ਵਰਕਰ ਇਸ ਜਿੱਤ ਤੋਂ ਸੰਤੁਸ਼ਟ ਹੋ ਕੇ ਨਾ ਬਹਿ ਜਾਣ ਬਲਕਿ ਇਸ ਜਿੱਤ ਨਾਲ ਉਨ੍ਹਾਂ ਨੂੰ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਦੁੱਗਣੀ ਮਿਹਨਤ ਕਰਨੀ ਪਵੇਗੀ।
ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਲਵੰਤ ਸਿੰਘ ਰਾਮੂਵਾਲੀਆ, ਸ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਨਵ-ਨਿਯੁਕਤ ਵਿਧਾਇਕਾਂ ਬੀਬੀ ਜਾਗੀਰ ਕੌਰ, ਸ. ਤੋਤਾ ਸਿੰਘ, ਡਾ. ਦਲਜੀਤ ਸਿੰਘ ਚੀਮਾ, ਸ੍ਰੀ ਨੰਦ ਲਾਲ ਅਤੇ ਸ. ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਨੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ। ਨਵ-ਨਿਯੁਕਤ ਵਿਧਾਇਕਾਂ ਨੇ ਪੰਜਾਬ 'ਚ ਮੁੜ ਅਕਾਲੀ-ਭਾਜਪਾ ਸਰਕਾਰ ਲਿਆਉਣ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਪ੍ਰਣ ਕੀਤਾ ਕਿ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਇਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਵਿਕਾਸ 'ਚ ਹਿੱਸੇਦਾਰ ਬਨਣ ਲਈ ਚੱਲ ਰਹੇ ਵਿਕਾਸ ਪ੍ਰੋਜੈਕਟਾਂ 'ਚ ਦਿਲਚਸਪੀ ਰੱਖਦਿਆਂ ਇੰਨ੍ਹਾਂ 'ਤੇ ਨਜ਼ਰ ਰੱਖਣ। ਇਸ ਮੌਕੇ ਸ. ਕਿਰਨਬੀਰ ਸਿੰਘ ਕੰਗ, ਸ. ਜਸਜੀਤ ਸਿੰਘ ਬਨੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਅਮਰਜੀਤ ਸਿੰਘ ਚਾਵਲਾ, ਸ੍ਰੀਮਤੀ ਸਤਵੰਤ ਕੌਰ ਸੰਧੂ, ਸ. ਉਜਾਗਰ ਸਿੰਘ ਬਡਾਲੀ ਅਤੇ ਸ੍ਰੀ ਪ੍ਰਵੇਸ਼ ਗੋਇਲ ਵੀ ਹਾਜਿਰ ਸਨ।
No comments:
Post a Comment