Saturday, 31 March 2012

ਜੱਜ ਵਿਜੈ ਸਿੰਘ ਕਤਲ ਕੇਸ ’ਚ ਦੋਵਾਂ ਦੋਸ਼ੀਆਂ ਨੂੰ ਮਰਨ ਤੱਕ ਉਮਰ ਕੈਦ

ਚੰਡੀਗੜ੍ਹ, 31 ਮਾਰਚ -ਇੱਥੋਂ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵੀ.ਪੀ. ਸਰੋਹੀ ਨੇ ਜੱਜ ਵਿਜੈ ਸਿੰਘ ਦੇ ਕਤਲ ਕੇਸ ਦੇ ਦੋਸ਼ੀਆਂ ਨੂੰ ਮਰਨ ਤਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ  ਦੋਵੇਂ ਦੋਸ਼ੀਆਂ ਡਾਕਟਰ ਰਵਦੀਪ ਕੌਰ ਅਤੇ ਗ੍ਰੰਥੀ ਮਨਜੀਤ ਸਿੰਘ ਨੂੰ ਪੰਜਾਹ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਅਦਾਲਤ ਵੱਲੋਂ ਦੋਹਾਂ ਨੂੰ 28 ਮਾਰਚ ਨੂੰ ਧਾਰਾ 302 ਤਹਿਤ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਦਾ ਐਲਾਨ ਅੱਜ ਉੱਤੇ ਛੱਡ ਦਿੱਤਾ ਸੀ। ਵਿਜੈ ਸਿੰਘ ਦਾ 13 ਅਕਤੂਬਰ 2005 ਨੂੰ ਪੋਲੋ ਗਰਾਉਂਡ ਪਟਿਆਲਾ ਵਿਖੇ ਰਾਤ ਦੀ ਸੈਰ ਵੇਲੇ ਕਤਲ ਕਰ ਦਿੱਤਾ ਗਿਆ ਸੀ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਿਜੈ ਸਿੰਘ ਕਤਲ ਵੇਲੇ ਲੇਬਰ ਕੋਰਟ ਚੰਡੀਗੜ੍ਹ ਵਿੱਚ ਤਾਇਨਾਤ ਸਨ। ਉਹ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਦੇ ਪੁੱਤਰ ਸਨ । ਪੁਲੀਸ ਨੇ ਜੱਜ ਕਤਲ ਕੇਸ ਵਿੱਚ 18 ਅਕਤੂਬਰ 2005 ਨੂੰ ਡਾਕਟਰ ਰਵਦੀਪ ਕੌਰ ਅਤੇ ਗ੍ਰੰਥੀ ਮਨਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਇਹ ਕੇਸ ਪਟਿਆਲਾ ਦੀ ਅਦਾਲਤ ਤੋਂ ਚੰਡੀਗੜ੍ਹ ਵਿੱਚ ਇਸ ਕਰਕੇ ਤਬਦੀਲ ਕਰ ਦਿੱਤਾ ਗਿਆ ਸੀ ਕਿਉਂਕਿ ਉਥੋਂ ਦੇ ਵਕੀਲਾਂ ਨੇ ਕੇਸ ਲੜਨ ਤੋਂ ਨਾਂਹ ਕਰ ਦਿੱਤੀ ਸੀ। ਦੋਹਾਂ ਵਿਰੁੱਧ 18 ਅਗਸਤ 2006 ਨੂੰ ਦੋਸ਼ ਆਇਦ ਕਰ ਦਿੱਤੇ ਗਏ ਸਨ। ਅਦਾਲਤ ਵੱਲੋਂ 28 ਮਾਰਚ ਨੂੰ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਅਤੇ ਅੱਜ ਉਮਰ ਕੈਦ ਦੀ ਸਜ਼ਾਈ ਗਈ। ਉਂਝ ਪੁਲੀਸ ਦਾ ਦਾਅਵਾ ਸੀ ਕਿ ਡਾਕਟਰ ਰਵਦੀਪ ਕੌਰ ਨੇ ਜੱਜ ਦਾ ਕਤਲ ਗ੍ਰੰਥੀ ਮਨਜੀਤ ਸਿੰਘ ਨੂੰ ਪੰਜ ਲੱਖ ਰੁਪਏ ਦੀ ਸੁਪਾਰੀ ਦੇ ਕੇ ਕਰਾਇਆ ਸੀ। ਪੁਲੀਸ ਮੁਤਾਬਕ ਮ੍ਰਿਤਕ ਅਤੇ ਰਵਦੀਪ ਕੌਰ ਦਰਮਿਆਨ ਬਚਪਨ ਤੋਂ  ਦੋਸਤੀ ਚੱਲੀ ਆ ਰਹੀ ਸੀ ਪਰ ਦੋਹਾਂ ਦਾ ਵਿਆਹ ਨਹੀਂ ਹੋ ਸਕਿਆ ਸੀ। ਦੋਹਾਂ ਦਾ ਵਿਆਹ ਪਰਿਵਾਰ ਦੇ ਯਤਨਾਂ ਕਰਕੇ ਕਿਧਰੇ ਹੋਰ ਹੋ ਗਿਆ ਪਰ ਬਾਵਜੂਦ ਇਸ ਦੇ ਦੋਹਾਂ ਦਰਮਿਆਨ ਦੋਸਤੀ ਚੱਲਦੀ ਰਹੀ। ਡਾਕਟਰ ਰਵਦੀਪ ਕੌਰ ਨੇ ਜੱਜ ਵਿਜੈ ਸਿੰਘ ਉਤੇ ਆਪਣੀ ਪਤਨੀ ਤੋਂ ਤਲਾਕ ਲੈ ਕੇ ਉੋਸ ਨਾਲ ਵਿਆਹ ਕਰਾਉਣ ਲਈ ਜੋਰ ਪਾਉਣਾ ਸ਼ੁਰੂ ਕਰ ਦਿੱਤਾ ਪਰ ਤਿੰਨ ਬੱਚਿਆਂ ਦੇ ਪਿਤਾ ਵਿਜੈ ਸਿੰਘ ਵੱਲੋਂ ਹੁੰਗਾਰਾ ਨਾ ਮਿਲਣ ‘ਤੇ ਉਸ ਨੇ ਖੁੰਦਕ ਵਿੱਚ ਉਸਨੂੰ ਜਾਨੋਂ ਖਤਮ ਕਰਨ ਦੀ ਠਾਣ ਲਈ। ਇਸੇ ਸਮੇਂ ਦੌਰਾਨ ਉਸ ਦਾ ਸੰਪਰਕ ਗ੍ਰੰਥੀ ਮਨਜੀਤ ਸਿੰਘ ਨਾਲ ਬਣ ਗਿਆ। ਉਸ ਨੇ ਮਨਜੀਤ ਸਿੰਘ ਨੂੰ ਸਾਰੀ ਵਿਥਿਆ ਸੁਣਾ ਕੇ ਵਿਜੈ ਸਿੰਘ ਦਾ ਕਤਲ ਕਰਨ ਲਈ ਮਨਾ ਲਿਆ। ਇਸ ਲਈ ਰਵਦੀਪ ਕੌਰ ਨੇ ਉਸ ਨੂੰ ਪੰਜ ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ। ਗ੍ਰੰਥੀ ਮਨਜੀਤ ਸਿੰਘ ਕਿੱਤੇ ਵਜੋਂ ਰਾਗੀ ਸੀ ਅਤੇ ਗੱਤਕੇ ਦਾ ਵੀ ਮਾਹਰ ਸੀ। ਡਾਕਟਰ ਰਵਦੀਪ ਅਤੇ ਮਨਜੀਤ ਸਿੰਘ ਦਾ ਸੰਪਰਕ ਉਦੋਂ ਹੋਇਆ ਜਦੋਂ ਉਹ ਉਸ ਦੇ ਹਸਪਤਾਲ ਵਿੱਚ ਅਰਦਾਸ ਕਰਨ ਲਈ ਆਇਆ ਸੀ। ਇਹ ਮਿਲਣੀ ਨੇੜਤਾ ਵਿੱਚ ਬਦਲ ਗਈ ਅਤੇ ਮਿਲਣੀਆਂ ਬੰਦ ਕਮਰੇ ਵਿੱਚ ਸ਼ੁਰੂ ਹੋ ਗਈਆਂ। ਪੁਲੀਸ ਦੀ ਜਾਂਚ ਮੁਤਾਬਕ ਡਾਕਟਰ ਰਵਦੀਪ ਕੌਰ ਨੇ ਮਨਜੀਤ ਸਿੰਘ ਨੂੰ ਵਿਆਹ ਕਰਾ ਕੇ ਕੈਨੇਡਾ ਲੈ ਜਾਣ ਦਾ ਝਾਂਸਾ ਵੀ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਪੁਲੀਸ ਨੇ ਕਤਲ ਤੋਂ ਬਾਅਦ ਮਨਜੀਤ ਸਿੰਘ ਨੂੰ ਦਿੱਤੀ ਸੁਪਾਰੀ ਦੀ ਰਕਮ ਵੀ ਬਰਾਮਦ ਕਰ ਲਈ ਸੀ। ਕੇਸ ਦਾ ਚੰਡੀਗੜ੍ਹ ਤਬਾਦਲਾ ਹੋਣ ਤੋਂ ਬਾਅਦ ਦੋਹਾਂ ਨੂੰ ਬੁੜੈਲ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅੱਜ ਫੈਸਲੇ ਦੇ ਐਲਾਨ ਵੇਲੇ ਦੋਹੇਂ ਦੋਸ਼ੀ ਅਦਾਲਤ ਵਿੱਚ ਮੌਜੂਦ ਸਨ।
* 13 ਅਕਤੂਬਰ 2005- ਜੱਜ ਵਿਜੈ ਸਿੰਘ ਦਾ ਕਤਲ
* 18 ਅਕਤੂਬਰ 2005- ਡਾਕਟਰ ਰਵਦੀਪ ਕੌਰ ਅਤੇ ਰਾਗੀ ਮਨਜੀਤ ਸਿੰਘ ਗ੍ਰਿਫਤਾਰ
* 22 ਫਰਵਰੀ 2006- ਕੇਸ  ਪਟਿਆਲਾ ਤੋਂ ਚੰਡੀਗੜ੍ਹ ਦੀ ਕਚਹਿਰੀ ਵਿੱਚ ਤਬਦੀਲ
* 18 ਅਗਸਤ 2006- ਮੁਲਜ਼ਮਾਂ ਵਿਰੁੱਧ ਦੋਸ਼ ਆਇਦ
* 28 ਮਾਰਚ 2012- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਦੋਵੇਂ ਮੁਲਜ਼ਮ ਦੋਸ਼ੀ ਕਰਾਰ
* 30 ਮਾਰਚ 2012- ਦੋਸ਼ੀਆਂ ਨੂੰ ਰਹਿੰਦੀ ਜ਼ਿੰਦਗੀ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ

No comments:

Post a Comment