Saturday, 31 March 2012


ਦੂਜੇ ਦਿਨ ਵੀ ਜਾਰੀ ਰਿਹਾ ਕਰਫ਼ਿਊ

ਕਰਫਿਊ ਦੇ ਦੂਸਰੇ ਦਿਨ ਗੁਰਦਾਸਪੁਰ ਸ਼ਹਿਰ ਅੰਦਰ ਸੁੰਨਸਾਨ ਸੜਕਾਂ 'ਤੇ ਘੁੰਮ ਰਹੇ
ਬੀ.ਐਸ.ਐਫ. ਦੇ ਜਵਾਨ।
ਗੁਰਦਾਸਪੁਰ, 31 ਮਾਰਚ -ਗੁਰਦਾਸਪੁਰ ਸ਼ਹਿਰ ਅੰਦਰ ਅੱਜ ਦੂਸਰੇ ਦਿਨ ਵੀ ਲਗਾਤਾਰ ਕਰਫਿਊ ਜਾਰੀ ਰਿਹਾ ਅਤੇ ਅੱਜ ਸ਼ਹਿਰ ਅੰਦਰ ਥਾਂ-ਥਾਂ 'ਤੇ ਤਾਇਨਾਤ ਕੀਤੇ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਕਰਫਿਊ ਨੂੰ ਕੱਲ੍ਹ ਦੇ ਮੁਕਾਬਲੇ ਕਾਫ਼ੀ ਸਖ਼ਤੀ ਨਾਲ ਲਾਗੂ ਕੀਤਾ ਗਿਆ। ਇੱਥੇ ਹੀ ਬੱਸ ਨਹੀਂ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਿਪਟਣ ਲਈ ਅੱਜ ਸ਼ਹਿਰ ਅੰਦਰ ਵਿਸ਼ੇਸ਼ ਤੌਰ 'ਤੇ ਬੀ. ਐਸ. ਐਫ. ਦੇ ਜਵਾਨ ਵੀ ਤਾਇਨਾਤ ਕੀਤੇ ਹੋਏ ਸਨ। ਸਵੇਰ ਤੋਂ ਹੀ ਗੁਰਦਾਸਪੁਰ ਸ਼ਹਿਰ ਨੂੰ ਆਉਂਦੇ ਸਾਰੇ ਰਸਤਿਆਂ 'ਤੇ ਵੱਡੀ ਗਿਣਤੀ ਵਿਚ ਪੁਲਿਸ ਅਤੇ ਬੀ. ਐਸ. ਐਫ. ਦੇ ਤਾਇਨਾਤ ਕੀਤੇ ਜਵਾਨਾਂ ਵੱਲੋਂ ਸਾਰਾ ਦਿਨ ਚਿੜੀ ਤੱਕ ਵੀ ਨਹੀਂ ਫੜਕਣ ਦਿੱਤੀ ਗਈ। ਇਹ ਕਰਫਿਊ ਅੱਜ ਇੰਨਾ ਜ਼ਬਰਦਸਤ ਰਿਹਾ ਕਿ ਪ੍ਰਿੰਟ ਤੇ ਬਿਜਲਈ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਵੀ ਪੁਲਿਸ ਵੱਲੋਂ ਸ਼ਹਿਰ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਕਰਫਿਊ ਦੌਰਾਨ ਰਿਪੋਟਿੰਗ ਕਰਨ ਲਈ ਕਿਸੇ ਤਰ੍ਹਾਂ ਦੇ ਕੋਈ ਪਾਸ ਜਾਰੀ ਨਹੀਂ ਸੀ ਕੀਤੇ ਗਏ। ਇਸ ਸਬੰਧ ਵਿਚ ਸ਼ਹਿਰ ਤੋਂ ਬਾਹਰਵਾਰ ਰੁਕੇ ਮੀਡੀਆ ਨਾਲ ਜੁੜੇ ਪੱਤਰਕਾਰਾਂ ਵੱਲੋਂ ਜਦੋਂ ਗੁਰਦਾਸਪੁਰ ਦੇ ਲੋਕ ਸੰਪਰਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਇਸ ਸਬੰਧ ਵਿਚ ਉਨ੍ਹਾਂ ਨੇ ਵੀ ਆਪਣੀ ਬੇਵਸੀ ਹੀ ਪ੍ਰਗਟ ਕੀਤੀ। ਗੁਰਦਾਸਪੁਰ ਸ਼ਹਿਰ ਅੰਦਰ ਲਗਾਤਾਰ ਦੂਸਰੇ ਦਿਨ ਕਰਫਿਊ ਰਹਿਣ ਕਾਰਨ ਲੋਕਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਸਬੰਧ ਵਿਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਨਾਲ ਸਬੰਧਿਤ ਬਾਹਰਲੇ ਸ਼ਹਿਰਾਂ ਵਿਚ ਨੌਕਰੀ ਕਰਦੇ ਸਰਕਾਰੀ ਮੁਲਾਜ਼ਮਾਂ ਨੂੰ ਕਰਫਿਊ ਕਾਰਨ ਆਪਣੀਆਂ ਨੌਕਰੀਆਂ 'ਤੇ ਪੁੱਜਣ ਵਿਚ ਵੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇੱਥੋਂ ਤੱਕ ਕਿ ਗੁਰਦਾਸਪੁਰ ਸ਼ਹਿਰ ਅੰਦਰ ਰਹਿ ਰਹੇ ਸਰਕਾਰੀ ਮੁਲਾਜ਼ਮ ਨੂੰ ਵੀ ਆਪਣੇ ਦਫ਼ਤਰਾਂ ਤੱਕ ਪੁੱਜਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਜਾ ਰਹੀ।
ਆਖਿਰ ਕਦੋਂ ਸੁਧਰੇਗੀ ਸ਼ਹਿਰ ਦੀ ਟ੍ਰੈਫਿਕ ਸਮੱਸਿਆ?

ਗੁਰਦਾਸਪੁਰ ਸ਼ਹਿਰ ਦੀ ਇੱਕ ਸੜਕ ਤੋਂ 3 ਨੌਜਵਾਨ ਦੋ ਪਹੀਆ ਵਾਹਨ 'ਤੇ ਸਵਾਰ
ਹੋ ਕੇ ਜਾਂਦੇ ਹੋਏ।

ਗੁਰਦਾਸਪੁਰ-31 ਮਾਰਚ ਗੁਰਦਾਸਪੁਰ ਸ਼ਹਿਰ ਅੰਦਰ ਸ਼ਰੇਆਮ ਨਿੱਤ ਟ੍ਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ। ਪਰ ਟ੍ਰੈਫ਼ਿਕ ਪੁਲਿਸ ਮੂਕ ਦਰਸ਼ਕ ਬਣ ਕੇ ਇਹ ਸਾਰਾ ਤਮਾਸ਼ਾ ਦੇਖਦੀ ਰਹਿੰਦੀ ਹੈ। ਆਮ ਤੌਰ 'ਤੇ ਤਾਂ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਕਦੇ-ਕਦੇ ਹੀ ਦਿਖਾਈ ਦਿੰਦੇ ਹਨ ਪਰ ਜਦੋਂ ਕਦੇ ਟ੍ਰੈਫ਼ਿਕ ਪੁਲਿਸ ਕਰਮਚਾਰੀ ਦਿਖਾਈ ਦਿੰਦੇ ਹਨ ਤਾਂ ਉਨ੍ਹਾਂ ਵੱਲੋਂ ਚੌਕਾਂ 'ਚ ਟ੍ਰੈਫ਼ਿਕ ਦੀ ਆਵਾਜਾਈ ਨੂੰ ਸੁਚਾਰੂ ਰੂਪ ਵਿਚ ਚਲਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜਾਣਕਾਰੀ ਅਨੁਸਾਰ ਕਈ ਸਾਲ ਪਹਿਲਾਂ ਗੁਰਦਾਸਪੁਰ ਪੁਲਿਸ ਵੱਲੋਂ ਗੁਰਦਾਸਪੁਰ ਸ਼ਹਿਰ ਦੇ ਐਨ ਵਿਚਕਾਰ ਪੈਂਦੇ ਡਾਕਖਾਨਾ ਚੌਕ ਵਿਚ ਬਕਾਇਦਾ ਲਾਈਟਾਂ ਵੀ ਲਗਾਈਆਂ ਗਈਆਂ ਸਨ। ਪਰ ਕਾਫ਼ੀ ਮਹੀਨਿਆਂ ਤੋਂ ਇਹ ਲਾਈਟਾਂ ਖ਼ਰਾਬ ਹੀ ਪਈਆਂ ਹਨ ਤੇ ਇਨ੍ਹਾਂ ਦੀ ਮੁਰੰਮਤ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜੀ. ਟੀ. ਰੋਡ 'ਤੇ ਸਥਿਤ ਇਸ ਡਾਕਖਾਨਾ ਚੌਕ 'ਚ ਅਕਸਰ ਹੀ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ। ਇਸ ਚੌਕ ਵਿਚੋਂ ਇਕ ਸੜਕ ਅੰਮ੍ਰਿਤਸਰ ਤੇ ਦੂਸਰੇ ਪਾਸੇ ਦੀ ਸੜਕ ਪਠਾਨਕੋਟ ਨੂੰ ਜਾਂਦੀ ਹੈ। ਜਦੋਂ ਕਿ ਇਕ ਸੜਕ ਭੀੜ-ਭੜੱਕੇ ਵਾਲੇ ਸਦਰ ਬਾਜ਼ਾਰ ਤੇ ਉਸ ਦੇ ਸਾਹਮਣੇ ਵਾਲੀ ਸੜਕ ਜੇਲ੍ਹ ਰੋਡ ਨੂੰ ਜਾਂਦੀ ਹੈ। ਇਸ ਚੌਕ 'ਚ ਆਮ ਤੌਰ 'ਤੇ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਚੌਕ ਦੇ ਐਨ ਵਿਚਕਾਰ ਬਣੇ ਗੋਲੇ 'ਚ ਖੜਨ ਦੀ ਬਜਾਏ ਕਿਨਾਰਿਆਂ 'ਤੇ ਇਕ ਪਾਸੇ ਖੜ੍ਹੇ ਦੇਖੇ ਜਾ ਸਕਦੇ ਹਨ। ਇਸੇ ਤਰ੍ਹਾਂ ਦਾ ਹਾਲ ਗੁਰਦਾਸਪੁਰ ਸ਼ਹਿਰ ਦੇ ਹੋਰ ਚੌਕਾਂ ਦਾ ਬਣਿਆ ਰਹਿੰਦਾ ਹੈ। ਇੱਥੇ ਜ਼ਿਕਰਯੋਗ ਹੈ ਕਿ ਟ੍ਰੈਫ਼ਿਕ ਪੁਲਿਸ ਵੱਲੋਂ ਕੁਝ ਮਹੀਨੇ ਪਹਿਲਾਂ ਸ਼ਹਿਰ ਅੰਦਰ ਚਾਰ ਪਹੀਆ ਵਾਹਨਾਂ ਦੇ ਜਾਣ 'ਤੇ ਪਾਬੰਦੀ ਲਗਾਈ ਗਈ ਸੀ। ਇਸ ਨੂੰ ਅਮਲੀ ਰੂਪ ਦੇਣ ਲਈ ਸਬੰਧਿਤ ਥਾਵਾਂ 'ਤੇ ਬਕਾਇਦਾ ਬੈਰੀਗੇਡ ਵੀ ਲਗਾਏ ਸਨ ਤਾਂ ਜੋ ਉਸ ਤੋਂ ਅਗਾਂਹ ਚਾਰ ਪਹੀਆ ਵਾਹਨ ਬਾਜ਼ਾਰਾਂ ਵਿਚ ਜਾ ਹੀ ਨਾ ਸਕਣ। ਪਰ ਪਿਛਲੇ ਕਈ ਮਹੀਨਿਆਂ ਤੋਂ ਕਾਰਾਂ, ਜੀਪਾਂ ਵੱਲੋਂ ਇਨ੍ਹਾਂ ਬੈਰੀਗੇਡਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ ਤੇ ਉਹ ਆਪਣੇ ਇਹ ਵਾਹਨ ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਲਿਜਾ ਕੇ ਦੁਕਾਨਾਂ ਮੂਹਰੇ ਕਰ ਦਿੰਦੇ ਹਨ। ਟ੍ਰੈਫ਼ਿਕ ਪੁਲਿਸ ਵੱਲੋਂ ਲਾਇਬ੍ਰੇਰੀ ਚੌਕ ਦੇ ਨਜ਼ਦੀਕ ਪਾਰਕਿੰਗ ਵਾਸਤੇ ਬਕਾਇਦਾ ਇਕ ਜਗ੍ਹਾ ਵੀ ਨਿਸ਼ਚਿਤ ਕੀਤੀ ਹੋਈ ਹੈ ਪਰ ਇਸ ਕਾਰ ਪਾਰਕਿੰਗ 'ਚ ਬਹੁਤ ਘੱਟ ਲੋਕਾਂ ਵੱਲੋਂ ਆਪਣੇ ਵਾਹਨ ਖੜ੍ਹੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਗੁਰਦਾਸਪੁਰ ਸ਼ਹਿਰ ਅੰਦਰ ਅਕਸਰ ਹੀ 3-3 ਨੌਜਵਾਨ ਇਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਾਰਾ ਦਿਨ ਸੜਕਾਂ 'ਤੇ ਫਿਰਦੇ ਹਨ। ਇੱਥੋਂ ਤੱਕ ਕਿ ਇਨ੍ਹਾਂ ਨੌਜਵਾਨਾਂ ਵੱਲੋਂ ਆਪਣੇ ਮੋਟਰਸਾਈਕਲਾਂ 'ਤੇ ਬਹੁਤ ਹੀ ਡਰਾਉਣੇ ਕਿਸਮ ਦੇ ਹਾਰਨ ਲਗਾਏ ਹੁੰਦੇ ਹਨ। ਅਜਿਹਾ ਨਜ਼ਾਰਾ ਆਮ ਤੌਰ 'ਤੇ ਸ਼ਾਮ ਸਮੇਂ ਡੀ. ਸੀ. ਗੁਰਦਾਸਪੁਰ ਦੀ ਰਿਹਾਇਸ਼ ਦੇ ਨਜ਼ਦੀਕ ਫਿਸ਼ ਪਾਰਕ ਸਾਹਮਣੇ ਦੇਖਿਆ ਜਾ ਸਕਦਾ ਹੈ।

'ਪੁਤਲਿਆਂ ਦਾ ਸ਼ਮਸ਼ਾਨਘਾਟ' ਬਣ ਚੁੱਕਾ ਹੈ ਅੰਮ੍ਰਿਤਸਰ ਦਾ ਹਾਲ ਗੇਟ ਚੌਕ

ਹਾਲ ਗੇਟ ਚੌਕ ਅੰਮ੍ਰਿਤਸਰ ਵਿਖੇ ਪੁਤਲਾ ਅਗਨ ਭੇਟ ਕਰਦੇ ਹੋਏ ਪ੍ਰਦਰਸ਼ਨਕਾਰੀ। (ਸੱਜੇ) ਇੱਕ ਰੋਸ ਪ੍ਰਦਰਸ਼ਨ ਦਾ ਦ੍ਰਿਸ਼।
ਅੰਮ੍ਰਿਤਸਰ 31 ਮਾਰਚ-ਪੁਰਾਣੇ ਅੰਮ੍ਰਿਤਸਰ ਸ਼ਹਿਰ ਵਿਚ ਦਾਖਲ ਹੋਣ ਲਈ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਾਜਾਰ ਦੇ ਬਾਹਰ ਬਣਿਆਂ 'ਹਾਲ ਗੇਟ', ਜਿਸ ਨੂੰ ਸੰਨ੍ਹ '47 ਤੋਂ ਬਾਦ ਗਾਂਧੀ ਗੇਟ ਦਾ ਨਾਂ ਦਿੱਤਾ ਗਿਆ, ਇੱਕ ਤਰ੍ਹਾਂ ਨਾਲ ਸ਼ਹਿਰ ਦਾ ਮੁੱਖ ਪ੍ਰਵੇਸ਼ ਦੁਆਰ ਹੈ। ਪਰ ਪਿਛਲੇ ਕਈ ਦਹਾਕਿਆਂ ਤੋਂ ਇਹ ਹਾਲ ਗੇਟ ਦਰਵਾਜ਼ਾ ਅਤੇ ਚੌਕ ਜਲਸੇ- ਮੁਜ਼ਾਹਰਿਆਂ ਤੇ ਹੜਤਾਲਾਂ ਦਾ ਮੁੱਖ ਕੇਂਦਰ ਬਣਨ ਦੇ ਨਾਲ ਨਾਲ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੇ ਪੁਤਲਿਆਂ ਦਾ ਸ਼ਮਸ਼ਾਨਘਾਟ ਬਣ ਚੁੱਕਾ ਹੈ। ਹਾਲ ਗੇਟ ਦੇ ਇਤਿਹਾਸਕ ਪੱਖ 'ਤੇ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਸੰਨ੍ਹ 1876 ਵਿਚ ਅੰਮ੍ਰਿਤਸਰ ਦੇ ਉਸ ਸਮੇਂ ਦੇ ਅੰਗਰੇਜ਼ ਡਿਪਟੀ ਕਮਿਸ਼ਨਰ ਕਰਨਲ ਸੀ.ਐੱਚ. ਹਾਲ ਵਲੋਂ ਆਪਣੇ ਨਾਂ 'ਤੇ ਇਹ ਗੇਟ ਤਿਆਰ ਕਰਵਾਇਆ ਗਿਆ ਸੀ, ਇਸ ਦੇ ਉਪਰ ਲੱਗੀ ਘੜੀ ਅਤੇ ਇਮਾਰਤ ਦਾ ਡਿਜ਼ਾਇਨ ਇੰਜੀਨੀਅਰ ਜਾਨ ਗਾਰਡਨ ਵੱਲੋਂ ਸੰਨ੍ਹ 1873-74 'ਚ ਤਿਆਰ ਕੀਤਾ ਗਿਆ ਸੀ। ਦਰਵਾਜ਼ਾ ਬਨਣ ਤੋਂ ਪਹਿਲਾਂ ਇਥੇ ਪੁਰਾਣੀ ਦੀਵਾਰ ਦਾ ਬੁਰਜ ਹੁੰਦਾ ਸੀ। ਦੇਸ ਦੀ ਅਜ਼ਾਦੀ ਤੋਂ ਬਾਦ ਇਸ ਦੇ ਦਰਵਾਜ਼ੇ ਉੱਪਰ ਇਸ ਦਾ ਨਵਾਂ ਨਾਮ 'ਗਾਂਧੀ ਦਰਵਾਜ਼ਾ' ਉੱਕਰ ਦਿੱਤਾ ਗਿਆ, ਪਰ ਸ਼ਹਿਰ ਵਾਸੀ ਇਸ ਨੂੰ ਅਜੇ ਵੀ ਗਾਂਧੀ ਗੇਟ ਵਜੋਂ ਘੱਟ ਤੇ ਅੰਗਰੇਜ਼ ਡੀ.ਸੀ. ਦੇ ਨਾਮ 'ਹਾਲ ਗੇਟ' ਦੇ ਨਾਂ ਨਾਲ ਜ਼ਿਆਦਾ ਜਾਣਦੇ ਹਨ। ਅੱਜ ਕੱਲ ਇਹ ਗੇਟ ਸ਼ਹਿਰ ਵਿੱਚ ਹੁੰਦੇ ਜਲਸੇ ਜਲੂਸਾਂ ਦੇ ਮੁੱਖ ਕੇਂਦਰ ਅਤੇ ਪੁਤਲੇ ਸਾੜ ਕੇ ਨਾਅਰੇਬਾਜ਼ੀ ਕਰਨ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਹੈ। ਆਏ ਦਿਨ ਕਿਸੇ ਨਾ ਕਿਸੇ ਪਾਰਟੀ ਜਾਂ ਉਸ ਨਾਲ ਸਬੰਧਤ ਕਿਸੇ ਆਗੂ ਦੇ ਪੁਤਲੇ ਇਸ ਚੌਕ ਵਿੱਚ ਅਗਨ ਭੇਟ ਕੀਤੇ ਜਾਂਦੇ ਹਨ। ਇਸ ਗੇਟ ਦੀ ਵਰਤੋਂ ਰੋਜ਼ਾਨਾਂ ਲੱਖਾਂ ਸ਼ਹਿਰ ਵਾਸੀ ਤੇ ਦੇਸੀ-ਵਿਦੇਸ਼ੀ ਸੈਲਾਨੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਅਤੇ ਪੁਰਾਣੇ ਚਾਰਦੀਵਾਰੀ ਵਾਲੇ ਅੰਮ੍ਰਿਤਸਰ ਸ਼ਹਿਰ ਵਿੱਚ ਦਾਖਲ ਹੋਣ ਲਈ ਕਰਦੇ ਹਨ। ਇਸ ਚੌਕ ਵਿੱਚ ਪੁਤਲੇ ਸਾੜਣ ਸਮੇਂ ਹੁੰਦੀ ਨਾਅਰੇਬਾਜ਼ੀ ਕਾਰਣ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ, ਜਿਸ ਕਾਰਣ ਜਾਮ ਵਿੱਚ ਫਸਣ ਕਰਕੇ ਸਥਾਨਕ ਲੋਕਾਂ ਦੇ ਨਾਲ ਨਾਲ ਗੂਰੂ ਨਗਰੀ ਦੀ ਯਾਤਰਾ ਤੇ ਆਏ ਸੈਲਾਨੀਆਂ ਨੂੰ ਵੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਸ਼ਹਿਰ ਵਿੱਚ ਕਿਸੇ ਵੀ ਧਾਰਮਿਕ, ਸਮਾਜਿਕ ਜਾਂ ਰਾਜਨੀਤਕ ਪਾਰਟੀ ਜਾਂ ਫਿਰ ਕਿਸੇ ਮੁਲਾਜ਼ਮ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ, ਹੜਤਾਲ ਜਾਂ ਬੰਦ ਦਾ ਸੱਦਾ ਹੋਵੇ, ਇਸ ਦਾ ਪ੍ਰਮੁੱਖ ਕੇਂਦਰ ਹਾਲ ਗੇਟ ਹੀ ਬਣਦਾ ਹੈ। ਹਾਲ ਬਾਜ਼ਾਰ ਅਤੇ ਹਾਲ ਗੇਟ ਨੇੜੇ ਕੁੱਝ ਅਖਬਾਰਾਂ ਦੇ ਦਫਤਰ ਹੋਣ ਕਾਰਣ ਵੀ ਪ੍ਰਦਰਸ਼ਨਕਾਰੀ ਪੁਤਲੇ ਅਗਨ ਭੇਟ ਕਰਨ ਲਈ ਇਸ ਸਥਾਨ ਦੀ ਚੋਣ ਕਰਨ ਨੂੰ ਤਰਜੀਹ ਦਿੰਦੇ ਹਨ। ਇਸ ਗੇਟ ਦੇ ਨੇੜੇ ਬਕਾਇਦਾ ਪੁਲਿਸ ਚੌਕੀ ਵੀ ਬਣੀ ਹੋਈ ਹੈ, ਪਰ ਪੁਲਿਸ ਕਰਮੀ ਤੇ ਅਧਿਕਾਰੀ ਪ੍ਰਦਰਸ਼ਨਕਾਰੀਆਂ ਨੂੰ ਪੁਤਲੇ ਸਾੜਨ ਜਾਂ ਆਵਾਜਾਈ ਨੂੰ ਪ੍ਰਭਾਵਿਤ ਕਰਨ ਤੋਂ ਰੋਕਣ ਦੀ ਥਾਂ, ਮੂਕ ਦਰਸ਼ਕ ਬਣਕੇ ਖੜੇ ਰਹਿੰਦੇ ਹਨ। ਇਸ ਚੌਕ ਵਿੱਚ ਜਾਮ ਲੱਗਣ ਕਾਰਣ ਤੇ ਆਵਾਜਾਈ ਬੰਦ ਹੋ ਜਾਣ ਕਾਰਣ ਹਾਲ ਬਾਜਾਰ ਦੇ ਦੁਕਾਨਦਾਰਾਂ ਦਾ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ। ਹਾਲ ਬਾਜਾਰ ਦੇ ਕੁੱਝ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਅਜੀਤ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਨਵੀਂ ਦਿੱਲੀ ਜਾਂ ਚੰਡੀਗੜ੍ਹ ਵਾਂਗ ਪੁਤਲੇ ਸਾੜਨ ਅਤੇ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਲਈ ਹਾਲ ਗੇਟ ਦੀ ਥਾਂ ਸ਼ਹਿਰ ਵਿੱਚ ਕੋਈ ਹੋਰ ਸੜਕ ਜਾਂ ਚੌਕ ਅਲਾਟ ਕਰੇ ਤਾਂ ਕਿ ਪੁਰਾਣੇ ਤੇ ਨਵੇਂ ਸ਼ਹਿਰ ਨੂੰ ਜੋੜਨ ਵਾਲੇ ਹਾਲ ਗੇਟ ਚੌਕ ਵਿਖੇ ਨਿਤਦਿਨ ਸੜਦੇ ਪੁਤਲਿਆਂ ਅਤੇ ਹੁੰਦੇ ਰੋਸ ਪ੍ਰਦਰਸ਼ਨਾਂ ਕਾਰਣ ਲੋਕਾਂ ਨੂੰ ਹੁੰਦੀ ਪ੍ਰੇਸ਼ਾਨੀ ਤੋਂ ਨਿਜ਼ਾਤ ਮਿਲ ਸਕੇ।
ਪੁਲਿਸ ਕਮਿਸ਼ਨਰ ਦੇ ਰੀਡਰ ਦੇ ਘਰ ਲੁੱਟ-ਖੋਹ

ਪੁਲਿਸ ਇੰਸਪੈਕਟਰ ਦੇ ਘਰ ਹੋਈ ਲੁੱਟ ਖੋਹ ਉਪਰੰਤ ਸੀ. ਆਈ. ਏ. ਸਟਾਫ਼ ਦੇ ਇੰਚਾਰਜ
ਸ੍ਰੀ ਵਿਕਰਮ ਸ਼ਰਮਾ ਇੰਸਪੈਕਟਰ ਜਾਂਚ ਕਰਦੇ ਹੋਏ। 

ਅੰਮ੍ਰਿਤਸਰ, 31 ਮਾਰਚ -ਸ਼ਹਿਰ 'ਚ ਲੁਟੇਰਿਆਂ ਦੇ ਹੌਂਸਲੇ ਇੰਨ੍ਹੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਵੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਜਿਸ ਤਾਜ਼ਾ ਮਿਸਾਲ ਅੱਜ ਪੁਲਿਸ ਕਮਿਸ਼ਨਰ ਦੇ ਰੀਡਰ ਦੇ ਘਰ ਬਿਜਲੀ ਮੁਲਾਜ਼ਮਾਂ ਦੇ ਭੇਸ 'ਚ ਦਾਖਲ ਹੋਏ ਲੁਟੇਰਿਆਂ ਵੱਲੋਂ ਲੁੱਟ-ਖੋਹ ਕੀਤੇ ਜਾਣ ਦੀ ਹੈ। ਲੁਟੇਰਿਆਂ ਵੱਲੋਂ ਜਿੱਥੇ ਘਰ ਦੀ ਸੇਫ਼ 'ਚ ਪਏ 25 ਹਜ਼ਾਰ ਦੀ ਨਗਦੀ ਤੇ ਤਿੰਨ ਤੋਲੇ ਸੋਨੇ ਦੇ ਗਹਿਣ ਲੁੱਟ ਲਏ, ਉੱਥੇ ਪੁਲਿਸ ਇੰਸਪੈਕਟਰ ਦੀ ਪਤਨੀ ਨੂੰ ਵੀ ਸੱਟਾਂ ਲਾ ਕੇ ਜਖ਼ਮੀ ਕਰ ਦਿੱਤਾ ਗਿਆ ਜੋ ਇਸ ਵੇਲੇ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ਼ ਹੈ। ਇਹ ਘਟਨਾ ਅੱਜ ਦੁਪਿਹਰ ਵੇਲੇ ਸਥਾਨਕ ਲੁਹਾਰਕਾ ਰੋਡ ਰਣਜੀਤ ਐਵੀਨਿਊ ਵਿਖੇ ਵਾਪਰੀ ਜਦੋਂ ਕਿ ਬੀਬੀ ਗੁਰਮਿੰਦਰ ਕੌਰ ਪਤਨੀ ਸ: ਸੁਰਜੀਤ ਸਿੰਘ 'ਬਾਬਾ' ਘਰ 'ਚ ਮੌਜ਼ੂਦ ਸਨ, ਕਿ ਤਿੰਨ ਵਿਅਕਤੀਆਂ ਨੇ ਆਪਣੇ ਆਪ ਨੂੰ ਬਿਜਲੀ ਮੁਲਾਜ਼ਮ ਦੱਸਕੇ ਘਰ 'ਚ ਦਾਖਲ ਹੋ ਗਏ ਅਤੇ ਉਕਤ ਕਾਰਵਾਈ ਨੂੰ ਅੰਜ਼ਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਵਿਕਰਮ ਸ਼ਰਮਾ, ਥਾਣਾ ਛਾਓਣੀ ਦੇ ਮੁੱਖੀ ਇੰਸਪੈਕਟਰ ਸੋਹਨ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਭਾਰੀ ਸੁਰੱਖਿਆ ਬੱਲਾਂ ਸਮੇਤ ਪੁੱਜ ਗਏ। ਥਾਣਾ ਛਾਓਣੀ ਦੇ ਮੁੱਖੀ ਸ: ਸੋਹਨ ਸਿੰਘ ਨੇ ਵਾਪਰੀ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਿਸ ਨੇ ਮਾਮਲਾ ਦਰਜ਼ ਕਰਕੇ ਲੁਟੇਰਿਆਂ ਦੀ ਭਾਲ ਜਾਰੀ ਕਰ ਦਿੱਤੀ ਹੈ


ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

ਗੁਰਾਇਆ ਪੁਲਿਸ ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਗਰੋਹ ਦੇ ਮੈਂਬਰਾਂ ਨਾਲ ਉਨ੍ਹਾਂ ਕੋਲੋਂ ਬਰਾਮਦ ਮੋਟਰਸਾਈਕਲਾਂ, ਸਕੂਟਰਾਂ, ਤਾਂਬੇ ਦੀਆਂ ਤਾਰਾਂ ਤੇ ਹੋਰ ਸਮਾਨ ਨਾਲ।
ਗੁਰਾਇਆ-ਵਿਰਦੀ 31 ਮਾਰਚ  ਯੁਰਿੰਦਰ ਸਿੰਘ ਹੇਅਰ ਐੱਸ.ਐੱਸ.ਪੀ ਸਾਹਿਬ ਜਲੰਧਰ ਦਿਹਾਤੀ ਨੇ ਦੱਸਿਆ ਕਿ ਅਮਰਪ੍ਰੀਤ ਸਿੰਘ ਘੁੰਮਣ ਡੀ.ਐੱਸ.ਪੀ ਫਿਲੌਰ ਦੀ ਅਗਵਾਈ 'ਚ ਸਰਬਜੀਤ ਰਾਏ ਐੱਸ. ਐੱਚ.ਓ ਗੁਰਾਇਆ ਨੇ ਟਰਾਂਸਫ਼ਾਰਮਰ ਚੋਰੀ ਕਰਨ ਵਾਲੇ ਗਰੋਹ ਦੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਫਿਲੌਰ ਅਤੇ ਨਕੋਦਰ ਸਬਡਵੀਜ਼ਨ ਵਿਚ 30 ਤੋਂ ਵੱਧ ਟਰਾਂਸਫ਼ਾਰਮਰ ਚੋਰੀ ਕਰਨ ਨੂੰ ਕਬੂਲਿਆ ਹੈ। ਉਨ੍ਹਾਂ ਦੱਸਿਆ ਕਿ ਐੱਸ.ਐੱਚ.ਓ ਗੁਰਾਇਆ ਅਤੇ ਅਮਰਜੀਤ ਸਿੰਘ ਚੌਂਕੀ ਇੰਚਾਰਜ ਰੁੜਕਾ ਕਲਾਂ ਨੂੰ ਸੂਚਨਾ ਮਿਲੀ ਕਿ ਜੀਵਨ ਲਾਲ ਪੁੱਤਰ ਨਸੀਬ ਚੰਦ ਵਾਸੀ ਪਿੰਡ ਮਨਸੂਰਪੁਰ, ਰਣਜੀਤ ਸਿੰਘ ਉਰਫ਼ ਜੀਤਾ ਪੁੱਤਰ ਜ਼ੈਲਾਂ ਰਾਮ ਵਾਸੀ ਕਮਾਲਪੁਰ, ਦੀਪਾ ਪੁੱਤਰ ਮੋਹਨ ਲਾਲ ਵਾਸੀ ਕਮਾਲਪੁਰ ਕਾਲੋਨੀ ਅਤੇ ਸੁਮਿਤ ਕੁਮਾਰ ਪੁੱਤਰ ਵਰਿੰਦਰ ਕੁਮਾਰ ਵਾਸੀ ਵਿਰਕਾਂ ਰਾਤ ਵੇਲੇ ਟਿਊਬਵਲਾਂ ਤੋਂ ਟਰਾਂਸਫ਼ਾਰਮਰ ਚੋਰੀ ਕਰਨ ਦਾ ਧੰਦਾ ਕਰਦੇ ਹਨ। ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਛਾਪਾਮਾਰੀ ਕੀਤੀ ਅਤੇ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ। ਉਨ੍ਹਾਂ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਪਿੰਡ ਲੋਹਗੜ੍ਹ, ਕੰਗ ਜਗੀਰ, ਧੁਲੇਤਾ, ਫਿਲੌਰ, ਨੂਰਮਹਿਲ, ਫਲਪੋਤਾ, ਮੁਠੱਡਾ, ਅੱਟੀ, ਮਹਿਤਪੁਰ, ਨਕੋਦਰ, ਜੰਡਿਆਲਾ, ਸਮਰਾੜੀ, ਹਰੀਪੁਰ ਖ਼ਾਲਸਾ, ਭੋਗਪੁਰ ਅਤੇ ਗੁਰਾਇਆ ਇਲਾਕੇ ਵਿਚੋਂ ਅਨੇਕਾਂ ਬਿਜਲੀ ਟਰਾਂਸਫ਼ਾਰਮਰ ਚੋਰੀ ਕਰਕੇ ਸਾਰਾ ਸਮਾਨ ਜਲੰਧਰ ਵੇਚਿਆ ਹੈ। ਦੋਸ਼ੀਆਂ ਕੋਲੋਂ ਦੋ ਮੋਟਰਸਾਈਕਲ ਤੇ ਸਕੂਟਰ ਬਰਾਮਦ ਕੀਤੇ ਗਏ ਹਨ। ਇਹਨਾਂ ਪਾਸੋਂ ਦਾਤਰ, ਟਰਾਂਸਫ਼ਾਰਮਰ ਖੋਲ੍ਹਣ ਵਾਲੇ ਔਜ਼ਾਰ, ਚਾਬੀਆਂ ਚੋਰੀ ਕੀਤੀ ਗਈ ਤਾਰ, ਤਾਂਬਾ ਵੀ ਬਰਾਮਦ ਹੋਇਆ ਹੈ। ਵੱਖ-ਵੱਖ ਥਾਵਾਂ 'ਤੇ ਹੋਈਆ ਚੋਰੀਆਂ ਸਬੰਧੀ ਪਹਿਲਾ ਹੀ ਥਾਣਾ ਗੁਰਾਇਆ, ਫਿਲੌਰ ਅਤੇ ਨੂਰਮਹਿਲ 'ਚ ਮੁਕੱਦਮੇ ਦਰਜ ਹਨ।
873 ਲੀਟਰ ਨਾਜਾਇਜ਼ ਸਪਿਰਟ ਬਰਾਮਦ

ਫੜੀ ਗਈ ਸਪਿਰਟ ਨਾਲ ਪੁਲਿਸ ਪਾਰਟੀ।
ਜਲੰਧਰ 31 ਮਾਰਚ - ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਤਿਲਕ ਨਗਰ 'ਚ ਨਾਜਾਇਜ਼ ਤੌਰ 'ਤੇ ਸਟਾਕ ਕਰਕੇ ਰੱਖੀ 873 ਲੀਟਰ ਸਪਿਰਟ ਬਰਾਮਦ ਕੀਤੀ ਹੈ। ਹਾਲਾਂਕਿ ਦੋਸ਼ੀ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ ਹੈ। ਦੋਸ਼ੀ ਦੀ ਪਹਿਚਾਣ ਪੁਲਿਸ ਨੇ ਇਬਰਾਹੀਮ ਮੁਹੰਮਦ ਵਾਸੀ ਤਿਲਕ ਨਗਰ ਦੇ ਰੂਪ 'ਚ ਹੋਈ ਹੈ। ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਿਲਕ ਨਗਰ 'ਚ ਇਕ ਵਿਅਕਤੀ ਨੇ ਘਰ 'ਚ ਸਪਿਰਟ ਨਾਜਾਇਜ਼ ਤਰੀਕੇ ਨਾਲ ਸਟਾਕ ਕਰਕੇ ਰੱਖੀ ਹੈ, ਜਿਸ 'ਤੇ ਛਾਪਾਮਾਰੀ ਕਰਕੇ ਬਰਾਮਦ ਕਰ ਲਿਆ ਹੈ, ਪਰ ਦੋਸ਼ੀ ਇਬਰਾਹੀਮ ਫਰਾਰ ਹੋਣ 'ਚ ਸਫ਼ਲ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਬਸਤੀ ਖੇਤਰ 'ਚ ਨਾਜਾਇਜ਼ ਅਤੇ ਘਟੀਆ ਸ਼ਰਾਬ ਦਾ ਧੰਦਾ ਜ਼ੋਰਾਂ 'ਤੇ ਹੈ। ਜਿਥੇ ਤਸਕਰ ਸ਼ਰਾਬ 'ਚ ਸਪਿਰਟ ਮਿਲਾ ਕੇ ਬਾਜ਼ਾਰ 'ਚ ਵੇਚਦੇ ਹਨ।
ਦਿਨ-ਦਿਹਾੜੇ ਔਰਤ ਤੋਂ ਪਰਸ ਖੋਹਿਆ- ਇਕ ਕਾਬੂ, ਇਕ ਫ਼ਰਾਰ

ਪੁਲਿਸ ਦੇ ਸਾਹਮਣੇ ਹੀ ਕਾਬੂ ਕੀਤੇ ਲੁਟੇਰੇ ਦੀ ਛਿੱਤਰ ਪਰੇਡ ਕਰਦੇ ਲੋਕ।
ਚੁਗਿੱਟੀ/ਜੰਡੂਸਿੰਘਾ, 31 ਮਾਰਚ -ਅੱਜ ਬਾਅਦ ਦੁਪਹਿਰ ਸਥਾਨਕ ਕਾਜ਼ੀ ਮੰਡੀ ਦੇ ਨਾਲ ਲੱਗਦੇ ਮੁਹੱਲਾ ਦੌਲਤਪੁਰੀ ਦੀ ਇਕ ਗਲੀ 'ਚ ਦਿਨ-ਦਿਹਾੜੇ ਦੋ ਲੁਟੇਰਿਆਂ ਵੱਲੋਂ ਇਕ ਔਰਤ ਦਾ ਪਰਸ ਖੋਹ ਲਿਆ ਗਿਆ। ਘਟਨਾ ਸਬੰਧੀ ਪੀੜਤ ਔਰਤ ਨੇ ਦੱਸਿਆ ਕਿ ਦੁਪਹਿਰ ਵੇਲੇ ਉਹ ਆਪਣੇ 2 ਬੱਚਿਆਂ ਨਾਲ ਬਾਜ਼ਾਰ ਵੱਲ ਨੂੰ ਜਾ ਰਹੀ ਸੀ ਕਿ ਇਸੇ ਦੌਰਾਨ ਦੋ ਲੜਕੇ ਇਕ ਮੋਟਰਸਾਈਕਲ 'ਤੇ ਆਏ ਤੇ ਉਨ੍ਹਾਂ 'ਚੋਂ ਇਕ ਨੇ ਉਸ ਦਾ ਪਰਸ ਖੋਹ ਲਿਆ, ਜਿਸ 'ਤੇ ਉਸ ਨੇ ਰੌਲਾ ਪਾ ਕੇ ਲੋਕਾਂ ਨੂੰ ਦੱਸਿਆ। ਜਿਨ੍ਹਾਂ ਨੇ ਉਕਤ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕਰਕੇ ਇਕ ਲੁਟੇਰੇ ਨੂੰ ਕਾਬੂ ਕਰ ਲਿਆ। ਜਦੋਂ ਕਿ ਮੋਟਰਸਾਈਕਲ ਚਲਾ ਰਿਹਾ ਲੁਟੇਰਾ ਮੋਟਰਸਾਈਕਲ ਛੱਡਕੇ ਫਰਾਰ ਹੋਣ 'ਚ ਸਫਲ ਹੋ ਗਿਆ। ਇਸ ਸਬੰਧੀ ਉਕਤ ਲੋਕਾਂ ਵੱਲੋਂ ਸੂਚਿਤ ਕੀਤੇ ਜਾਣ 'ਤੇ ਵੀ ਜਦੋਂ ਪੁਲਿਸ ਸਮੇਂ ਸਿਰ ਨਾ ਪਹੁੰਚੀ ਤਾਂ ਸਥਾਨਕ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਲੋਕਾਂ ਨੇ ਕਾਬੂ ਕੀਤੇ ਲੁਟੇਰੇ ਦੀ ਖੂਬ ਸੇਵਾ ਕੀਤੀ ਤੇ ਬਾਅਦ ਵਿਚ ਮੌਕੇ 'ਤੇ ਪਹੁੰਚੇ ਪੀ. ਸੀ. ਆਰ. ਮੁਲਾਜ਼ਮਾਂ ਦੇ ਜ਼ਰੀਏ ਉਕਤ ਲੁਟੇਰੇ ਨੂੰ ਸੂਰਿਆ ਇਨਕਲੇਵ ਚੌਕੀ 'ਚ ਪੇਸ਼ ਕਰ ਦਿੱਤਾ, ਉਧਰ ਲੋਕਾਂ ਮੁਤਾਬਿਕ ਕੁਝ ਹੀ ਦੂਰੀ 'ਤੇ ਖੋਹਿਆ ਗਿਆ ਪਰਸ ਵੀ ਪੁਲਿਸ ਨੂੰ ਮਿਲਿਆ। ਜਿਸ ਵਿਚੋਂ ਕਿ ਸਾਮਾਨ ਤੇ ਨਗਦੀ ਵਗੈਰਾ ਗਾਇਬ ਸੀ। ਜਾਣਕਾਰੀ ਅਨੁਸਾਰ ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਜ਼ਮੀਨਾਂ ਦੇ ਰਜਿਸਟਰੀ ਰੇਟ ਵਧਣ ਦੇ ਡਰੋਂ ਤਹਿਸੀਲਾਂ 'ਚ ਭੀੜ ਵਧੀ

ਜਲੰਧਰ ਤਹਿਸੀਲ 'ਚ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਦਾ ਦ੍ਰਿਸ਼।

ਜਲੰਧਰ, 31 ਮਾਰਚ -ਪਹਿਲੀ ਅਪ੍ਰੈਲ ਤੋਂ ਜਾਇਦਾਦਾਂ ਦੇ ਰਜਿਸਟਰੀ ਰੇਟ ਵੱਧਣ ਦੀਆਂ ਆ ਰਹੀਆਂ ਖ਼ਬਰਾਂ ਨੂੰ ਦੇਖਦਿਆਂ ਤਹਿਸੀਲਾਂ ਵਿਚ ਰਜਿਸਟਰੀਆਂ ਦੇ ਕੰਮ ਵਿਚ ਇਕ ਦਮ ਤੇਜ਼ੀ ਦਿਖਾਈ ਦਿੱਤੀ। ਜਲੰਧਰ ਦੇ ਨਾਇਬ ਤਹਿਸੀਲਦਾਰ ਸ: ਕਰਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਰੇਟ ਵੱਧਣ ਦੇ ਡਰੋਂ ਪਿਛਲੇ ਸੋਮਵਾਰ ਤੋਂ ਹੀ ਰਜਿਸਟਰੀਆਂ ਕਰਵਾਉਣ ਵਾਲੇ ਲੋਕਾਂ ਦੀ ਗਿਣਤੀ ਇਕ ਦਮ ਵਧ ਗਈ ਸੀ। ਅੱਜ ਸ਼ੁੱਕਰਵਾਰ ਆਖਰੀ ਦਿਨ ਹੋਣ ਕਾਰਨ ਰਜਿਸਟਰਆਂ ਪਹਿਲਾਂ ਨਾਲੋਂ ਕਰੀਬ ਦੁੱਗਣੀਆਂ ਹੋਈਆਂ। ਆਮ ਲੋਕਾਂ 'ਚ ਇਹ ਖਦਸ਼ਾ ਹੈ ਕਿ ਪਹਿਲੀ ਤਾਰੀਖ ਤੋਂ ਰਜਿਸਟਰੀ ਰੇਟ ਵਧਣ ਕਾਰਨ ਰਜਿਸਟਰੀ ਖਰਚੇ ਵਿਚ ਵਾਧਾ ਹੋ ਜਾਵੇਗਾ। ਸਰਕਾਰੀ ਅਧਿਕਾਰੀਆਂ ਨੇ ਹਾਲ ਦੀ ਘੜੀ ਰਜਿਸਟਰੀ ਰੇਟਾਂ ਵਿਚ ਵਾਧੇ ਬਾਰੇ ਕੋਈ ਨਵਾਂ ਹੁਕਮ ਜਾਰੀ ਹੋਣ ਤੋਂ ਇਨਕਾਰ ਕੀਤਾ ਹੈ।



No comments:

Post a Comment