Saturday, 31 March 2012

ਕੀ ਹੈ ਬੀਬੀ ਜਾਗੀਰ ਕੌਰ ਦੀ ਧੀ ਦਾ ਕਤਲ ਕਾਂਡ

ਕੈਬਨਿਟ ਮੰਤਰੀ ਬੀਬੀ ਜਾਗੀਰ ਕੌਰ ਦੀ 19 ਸਾਲ ਧੀ ਹਰਪ੍ਰੀਤ ਕੌਰ 20-21 ਅਪ੍ਰੈਲ 2000 ਦੀ ਰਾਤ ਨੂੰ ਜਦੋਂ ਉਹ ਫਗਵਾੜਾ ਤੋਂ ਲੁਧਿਆਣਾ ਦੇ ਰਸਤੇ ਵਿਚ ਸੀ, ਦੀ ਭੇਦ-ਭਰੀ ਹਾਲਤਾਂ 'ਚ ਮੌਤ ਹੋ ਗਈ ਸੀ। ਉਸ ਸਮੇਂ ਉਹ ਕ੍ਰਿਸ਼ਚਨ ਮੈਡੀਕਲ ਕਾਲਜ ਐਂਡ ਹਸਪਤਾਲ ਜਾ ਰਹੀ ਸੀ। ਇਸ ਤੋਂ ਬਾਅਦ 21 ਅਪ੍ਰੈਲ 2000 ਨੂੰ ਉਸ ਨੂੰ ਪਿੰਡ ਬੇਗੋਵਾਲ ਵਿਖੇ ਹੀ ਹਰਪ੍ਰੀਤ ਕੌਰ ਦਾ ਸਸਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਬੇਗੋਵਾਲ ਦੇ ਰਹਿਣ ਵਾਲੇ ਕਮਲਜੀਤ ਸਿੰਘ ਨਾਮ ਦੇ ਨੌਜਵਾਨ ਨੇ ਇਹ ਦਾਅਵਾ ਕੀਤਾ ਕਿ ਹਰਪ੍ਰੀਤ ਕੌਰ ਉਸ ਦੀ ਪਤਨੀ ਸੀ ਤੇ ਉਸ ਇਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। 9 ਜੂਨ 2000 ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਕਰਨ ਲਈ ਕਿਹਾ। ਇਸ ਦੌਰਾਨ ਕਮਲਜੀਤ ਨੇ ਕੁਝ ਵੀਡੀਓ, ਉਨ੍ਹਾਂ ਦੀਆਂ ਮੰਗਣੀ ਦੀਆਂ ਫੋਟੋਆਂ ਤੇ ਕੁਝ ਹੋਰ ਸਬੂਤ ਸੀ. ਬੀ. ਆਈ. ਨੂੰ ਸੌਂਪੇ। ਸਬੂਤ ਮਿਲਣ ਤੋਂ ਬਾਅਦ 3 ਅਕਤੂਬਰ 2000 ਨੂੰ ਸੀ. ਬੀ. ਆਈ. ਨੇ ਸਬੂਤਾਂ ਦੇ ਆਧਾਰ 'ਤੇ ਬੀਬੀ ਜਾਗੀਰ ਕੌਰ ਤੇ ਛੇ ਹੋਰਾਂ 'ਤੇ ਇੰਡੀਅਨ ਪਿਨਲ ਕੋਡ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ।
ਕੇਸ ਰਜਿਸਟਰ ਕਰਨ ਦੇ ਦੋ ਦਿਨ ਬਾਅਦ ਹੀ ਸੀ. ਬੀ. ਆਈ. ਨੇ ਬੀਬੀ ਜਾਗੀਰ ਕੌਰ ਦੀ ਨਜ਼ਦੀਕੀ ਦਲਵਿੰਦਰ ਕੌਰ ਤੇ ਪਰਮਜੀਤ ਸਿੰਘ ਰਾਏਪੁਰ ਨੂੰ ਹਰਪ੍ਰੀਤ ਕੌਰ ਦੀ ਇੱਛਾ ਦੇ ਵਿਰੁੱਧ ਗਰਭਪਾਤ ਕਰਵਾਉਣ ਤੇ ਮੌਤ ਦੇ ਸਬੂਤਾਂ ਨੂੰ ਮਿਟਾਉਣ ਦੇ ਦੋਸ਼ ਤਹਿਤ ਗ੍ਰਿਫਤਾਰ ਕਰ ਲਿਆ।
ਇਸ ਦੇ ਨਾਲ ਹੀ ਡਰਾਈਵਰ ਹਰਮਿੰਦਰ ਸਿੰਘ, ਘਰੇਲੂ ਨੌਕਰਾਣੀ ਸਤਿਆ ਤੇ ਬੀਬੀ ਜਾਗੀਰ ਕੌਰ ਦੇ ਨਿੱਜੀ ਸਕਿਓਰਿਟੀ ਅਫਸਰ ਸਬ-ਇੰਸਪੈਕਟਰ ਨਿਸ਼ਾਨ ਸਿੰਘ ਦੇ ਖਿਲਾਫ ਵੀ. ਸੀ. ਬੀ. ਆਈ. ਨੇ ਮਾਮਲਾ ਦਰਜ ਕਰ ਲਿਆ। ਹੁਣ ਤਕ ਚੱਲੇ ਇਸ ਕੇਸ ਵਿਚ 100 ਤੋਂ ਜ਼ਿਆਦਾ ਗਵਾਹ ਭੁਗਤੇ। ਇਥੋਂ ਤਕ ਕਿ ਪਿਛਲੇ 12 ਸਾਲਾਂ ਤੋਂ ਚਲੇ ਆ ਰਹੇ ਇਸ ਕੋਰਟ ਟਰਾਇਲ ਵਿਚ 10 ਗਵਾਹਾਂ ਦੀ ਮੌਤ ਵੀ ਹੋ ਗਈ।
ਕੇਸ 'ਚ ਆਏ ਕਈ ਉਤਾਰ-ਚੜਾਅ
ਪੰਜਾਬ ਦੇ ਇਸ ਹਾਈ ਪ੍ਰੋਫਾਈਲ ਕੇਸ 'ਚ ਕਈ ਉਤਾਰ ਚੜਾਅ ਆਏ। ਜਿਸ 'ਚ ਸਭ ਤੋਂ ਜ਼ਿਆਦਾ ਟਰਨ ਮੁੱਖ ਸ਼ਿਕਾਇਤ ਕਰਤਾ ਕਮਲਜੀਤ ਨੇ ਲਏ। ਕਮਲਜੀਤ ਸਿੰਘ ਨੇ 25 ਫਰਵਰੀ 2010 ਨੂੰ ਆਪਣੇ ਪੁਰਾਣੇ ਬਿਆਨਾਂ ਤੋਂ ਮੁਕਰ ਕੇ ਮਾਮਲੇ ਨੂੰ ਨਵੀਂ ਹੀ ਦਿਸ਼ਾ ਦੇ ਦਿੱਤੀ ਸੀ। ਸਾਰੇ ਉਸ ਸਮੇਂ ਹੈਰਾਨ ਹੋਏ ਜਦ ਕਮਲਜੀਤ 21 ਮਾਰਚ 2011 ਨੂੰ ਉਹ ਫਿਰ ਆਪਣੀ 25 ਫਰਵਰੀ ਦੇ ਬਿਆਨ ਤੋਂ ਪਲਟ ਕੇ ਪੁਰਾਣੇ ਬਿਆਨ 'ਤੇ ਆ ਗਿਆ। ਕਮਲਜੀਤ ਸਿੰਘ ਨੇ ਕਈ ਵਾਰ ਆਪਣੇ ਆਪ ਨੂੰ ਜਾਨ ਤੋਂ ਖਤਰਾ ਦੱਸਿਆ। ਇਸ ਤਰ੍ਹਾਂ ਇਹ ਕੇਸ ਕਈ ਉਤਾਰ-ਚੜਾਵਾਂ 'ਚੋਂ ਲੰਘਿਆ।
ਧੀ ਦੀ ਮੌਤ ਨੇ ਕੀਤਾ ਦੋ ਵਾਰ ਸੱਤਾ ਤੋਂ ਬਾਹਰ
ਬੀਬੀ ਜਾਗੀਰ ਕੌਰ ਦੇ ਲਈ ਧੀ ਹਰਪ੍ਰੀਤ ਕੌਰ ਦੀ ਮੌਤ ਕਾਫੀ ਜ਼ਿਆਦਾ ਨੁਕਸਾਨਦਾਇਕ ਸਾਬਤ ਹੋ ਰਹੀ ਹੈ। ਧੀ ਹਰਪ੍ਰੀਤ ਦੀ ਮੌਤ ਤੋਂ ਬਾਅਦ ਨੇ ਬੀਬੀ ਜਾਗੀਰ ਕੌਰ ਨੂੰ ਦੋ ਵਾਰ ਸੱਤਾ ਤੋਂ ਬਾਹਰ ਕਰ ਦਿੱਤਾ। ਪਹਿਲਾਂ ਜਦੋਂ ਹਰਪ੍ਰੀਤ ਕੌਰ ਦੀ ਮੌਤ ਹੋਈ ਸੀ ਤਾਂ ਬੀਬੀ ਜਾਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ ਤੇ ਉਦੋਂ ਚਾਰਜ ਸ਼ੀਟ ਹੋਣ ਦੇ ਕਾਰਨ ਬੀਬੀ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ ਸੀ। ਉਸ ਤੋਂ ਬਾਅਦ ਬੀਬੀ ਜਾਗੀਰ ਕੌਰ ਨੂੰ ਸੱਤਾ ਦਾ ਸੁੱਖ ਨਸੀਬ ਨਹੀਂ ਹੋਇਆ। ਲਗਭਗ 12 ਸਾਲ ਬਾਅਦ ਬੀਬੀ ਨੂੰ ਫਿਰ ਨਵੀਂ ਬਣੀ ਅਕਾਲੀ-ਭਾਜਪਾ ਸਰਕਾਰ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਸੀ, ਜਿੱਥੇ ਸਿਰਫ 17 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਮੰਤਰੀ ਦੀ ਕੁਰਸੀ ਤੋਂ ਤਿਆਗ ਪੱਤਰ ਦੇਣਾ ਪਿਆ। ਇਸ ਵਾਰ ਧੀ ਹਰਪ੍ਰੀਤ ਕੌਰ ਦੀ ਮੌਤ ਦੇ ਆਏ ਫੈਸਲੇ ਵਿਚ ਬੀਬੀ ਜਾਗੀਰ ਕੌਰ ਨੂੰ ਦੋਸ਼ੀ ਪਾਇਆ ਗਿਆ ਹੈ।

No comments:

Post a Comment