Saturday, 31 March 2012

ਸ਼ਿਵਾਲਿਕ ਪਹਾੜੀਆਂ ਨੂੰ ਪੱਧਰਾ ਕਰਨ ਦਾ ਗੈਰਕਾਨੂੰਨੀ ਸਿਲਸਿਲਾ ਜਾਰੀ

 ਧਨਾਢ ਵਿਅਕਤੀ ਨਹੀਂ ਕਰ ਰਹੇ ਕਾਨੂੰਨਾਂ ਦੀ ਪ੍ਰਵਾਹ
ਕੁਦਰਤੀ ਸੋਮਿਆਂ ਨਾਲ ਛੇੜਛਾੜ
ਨੂਰਪੁਰ ਬੇਦੀ, 31 ਮਾਰਚ- ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ’ਚ ਪੈਂਦੀਆਂ ਸ਼ਿਵਾਲਿਕ ਪਹਾੜੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੱਟ ਕੇ ਪੱਧਰਾ ਕੀਤਾ ਜਾ ਰਿਹਾ ਹੈ। ਇਹ ਸਿਲਸਿਲਾ ਬੇਰੋਕ ਜਾਰੀ ਹੈ। ਇਨ੍ਹਾਂ ਪਹਾੜੀਆਂ ਨਾਲ ਛੇੜਛਾੜ ਵੀ ਧਨਾਢ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ।
ਪਹਾੜੀਆਂ ਨੂੰ ਕੱਟਣ ਦਾ ਸਿਲਸਿਲਾ ਲਗਪਗ 15 ਸਾਲ ਪਹਿਲਾਂ ਨੂਰਪੁਰ ਬੇਦੀ ਨਜ਼ਦੀਕ ਪੈਂਦੇ ਇਕ ਪਿੰਡ ਦੀ ਹੱਦ-ਬਸਤ ਵਿੱਚ ਕੀਤਾ ਗਿਆ ਸੀ। ਉਥੇ ਇਕ ਰਿਜ਼ੌਰਟ ਦੀ ਉਸਾਰੀ ਕੀਤੀ ਗਈ ਸੀ। ਜੰਗਲਾਤ ਵਿਭਾਗ ਦੀ ਦਫ਼ਾ 4 ਤੇ 5 ਤਹਿਤ ਅਜਿਹਾ ਕਰਨ ਦੀ ਮੁਕੰਮਲ ਤੌਰ ’ਤੇ ਮਨਾਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਦੇ ਮਾਲਕ ਦਾ ਕੇਂਦਰ ਸਰਕਾਰ ਵਿੱਚ ਚੰਗਾ ਅਸਰ ਰਸੂਖ ਹੈ। ਉਸ ਵੱਲੋਂ ਅੱਜ ਵੀ ਨਾਜਾਇਜ਼ ਤੌਰ ’ਤੇ ਸ਼ਿਵਾਲਿਕ ਪਹਾੜੀਆਂ ਨੂੰ ਕੱਟ ਕੇ ਪੱਧਰਾ ਬਣਾਇਆ ਜਾ ਰਿਹਾ ਹੈ। ਉਸ ਥਾਂ ’ਤੇ ਉਸਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਪਿੰਡ ਵਾਸੀਆਂ ਨੇ ਨਾਜਾਇਜ਼ ਕੰਮਾਂ ਸਬੰਧੀ ਜੰਗਲਾਤ ਵਿਭਾਗ ਨੂੰ ਕਈ ਵਾਰ ਸ਼ਿਕਾਇਤਾਂ ਕੀਤੀਆਂ ਹਨ, ਪਰ ਇੰਜ ਲਗਦਾ ਹੈ ਕਿ ਸਬੰਧਤ ਵਿਭਾਗ ਰਿਜ਼ੌਰਟ ਮਾਲਕ ਅੱਗੇ ਬੇਵੱਸ ਹੈ। ਭਾਵੇਂ ਜੰਗਲਾਤ ਵਿਭਾਗ ਵੱਲੋਂ ਰਿਜ਼ੌਰਟ ਮਾਲਕ ਨੂੰ ਉਸ ਦੇ ਨਾਜਾਇਜ਼ ਕੰਮਾਂ ਸਬੰਧੀ ਕਈ ਵਾਰ ਨੋਟਿਸ ਭੇਜੇ ਗਏ, ਪਰ ਉਸ ਦਾ ‘ਗੋਰਖਧੰਦਾ’ ਬੰਦ ਨਹੀਂ ਹੋਇਆ। ਰੂਪਨਗਰ-ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੀਆਂ ਹੱਦਾਂ ’ਤੇ ਸ਼ਿਵਾਲਿਕ ਪਹਾੜੀਆਂ ਨੂੰ ਢਾਹ ਕੇ ਇਕ ਪ੍ਰਾਈਵੇਟ ਕਾਲਜ ਦੀ ਉਸਾਰੀ ਸਬੰਧਤ ਵਿਭਾਗ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੀਤੀ ਗਈ। ਇਸ ਦੇ ਬਾਵਜੂਦ ਵਿਭਾਗ ਵੱਲੋਂ ਕਾਲਜ ਦੀ ਪ੍ਰਬੰਧਕ ਕਮੇਟੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਕਲਵਾਂ ਦੇ ਛਿਪਦੇ ਪਾਸੇ ਵੱਲ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਕੱਟ ਕੇ ਪੱਧਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਾੜੀਆਂ ਨੂੰ ਕੱਟ ਕੇ ਪੱਧਰਾ ਕੀਤਾ ਜਾ ਰਿਹਾ ਹੈ। ਇਨ੍ਹਾਂ ਪਹਾੜੀਆਂ ਨੂੰ ਪਹਿਲਾਂ ਹੀ ਢਾਹ-ਢੇਰੀ ਕੀਤਾ ਗਿਆ ਹੈ। ਉਹ ਵੀ ਵਿਭਾਗ ਦੀ ਦਫ਼ਾ 4 ਅਤੇ 5 ਵਿੱਚ ਦੱਸਿਆ ਗਈਆਂ ਹਨ। ਲਗਪਗ 5 ਏਕੜ ਵਿੱਚ ਜੇ.ਸੀ. ਬੀ. ਅਤੇ ਬੁਲਡੋਜ਼ਰ ਲਾ ਕੇ ਪਹਾੜੀਆਂ ਨੂੰ ਢਾਹਿਆ ਗਿਆ ਹੈ। ਭਾਵੇਂ ਜੰਗਲਾਤ ਵਿਭਾਗ ਵੱਲੋਂ ਦਫ਼ਾ 4 ਅਤੇ 5 ਵਿੱਚ ਪੈਂਦੇ ਰਕਬੇ ਵਿੱਚ ਕੰਮ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਪਰ ਉਸ ਵੱਲੋਂ ਵੀ ਇਹ ਵਰਤਾਰਾ ਲਗਪਗ ਜਾਰੀ ਹੈ। ਨੂਰਪੁਰ ਬੇਦੀ ਤੋਂ ਰੂਪਨਗਰ ਮੁੱਖ ਸੜਕ ’ਤੇ ਪੈਂਦੀਆਂ ਪਹਾੜੀਆਂ ਨੂੰ ਕੱਟ ਕੇ ਢਾਬੇ ਉਸਾਰੇ ਗਏ ਹਨ।
ਖੇੜਾ ਕਲਮੋਟ ਵਿਖੇ ਪਹਾੜੀਆਂ ’ਚ ਲੱਗੇ ਦਰਜਨਾਂ ਸਟੋਨ ਕਰੈਸ਼ਰਾਂ ਵੱਲੋਂ ਬਹੁਤ ਸਾਰੀਆਂ ਪਹਾੜੀਆਂ ਦਾ ਨਾਮੋਨਿਸ਼ਾਨ ਮਿਟਾ ਦਿੱਤਾ ਗਿਆ ਹੈ। ਭਾਵੇਂ ਇਹ ਰਕਬਾ ਦਫ਼ਾ 4 ਅਤੇ 5 ਤੋਂ ਬਾਹਰ ਦੱਸਿਆ ਗਿਆ ਹੈ, ਪਰ ਜੰਗਲਾਤ ਵਿਭਾਗ ਦੇ ਕਾਨੂੰਨ ਅਨੁਸਾਰ ਕੁਦਰਤੀ ਬਣੀਆਂ ਪਹਾੜੀਆਂ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ। ਖੇੜਾ ਕਲਮੋਟ ਦੇ ਵਣ ਵਿੱਚ ਜੇ ਕੰਮ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਪਹਾੜ ਖਤਮ ਹੋ ਜਾਣਗੇ। ਇਸ ਪੱਟੀ ਵਿੱਚ ਸਟੋਨ ਕਰੈਸ਼ਰ ਦਾ ਲੱਗਣਾ ਲਗਾਤਾਰ ਜਾਰੀ ਹੈ। ਪਿੰਡ ਪਲਾਟ ਦੀ ਦਫ਼ਾ 4 ਅਤੇ 5 ਵਿੱਚ ਨਾਜਾਇਜ਼ ਤੌਰ ’ਤੇ ਕਰੈਸ਼ਰ ਲਗਾਏ ਗਏ ਹਨ। ਜੰਗਲਾਤ ਵਿਭਾਗ ਕਾਰਵਾਈ ਕਰਨ ਦੀ ਬਜਾਏ ਮੂਕ-ਦਰਸ਼ਕ ਬਣ ਕੇ ਇਨ੍ਹਾਂ ਨਾਜਾਇਜ਼ ਪਹਾੜਾਂ ਦੀ ਢਹਿ-ਢੇਰੀ ਨੂੰ ਦੇਖ ਰਿਹਾ ਹੈ। ਜੋ ਪਹਾੜਾਂ ਨੂੰ ਢਹਿ-ਢੇਰੀ ਕਰਨ ਵਾਲੇ ਹਨ ਉਨ੍ਹਾਂ ਦਾ ਮੌਜੂਦਾ ਸਰਕਾਰ ਵਿੱਚ ਕਾਫੀ ਦਬਦਬਾ ਹੈ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਉਨ੍ਹਾਂ ਵਿਰੁੱਧ ਕਾਰਵਾਈ ਕਰਕੇ ਕਿਸੇ ਜੋਖਮ ’ਚ ਨਹੀਂ ਪੈਣਾ ਚਾਹੁੰਦੇ। ਜੇ ਨਾਜਾਇਜ਼ ਪੁਟਾਈ ਨੂੰ ਬੰਦ ਨਾ ਕੀਤਾ ਗਿਆ ਤਾਂ ਜੰਗਲੀ ਜੀਵ ਤੇ ਜਾਨਵਰ ਅਤੇ ਲੱਕੜ ਦਾ ਨਾਮੋਨਿਸ਼ਾਨ ਮਿਟ ਜਾਵੇਗਾ। ਜੰਗਲਾਤ ਵਿਭਾਗ ਦੇ ਜ਼ਿਲ੍ਹਾ ਅਫਸਰ ਨਾਲ ਇਨ੍ਹਾਂ ਪਹਾੜੀਆਂ ਦੀਆਂ ਨਾਜਾਇਜ਼ ਕੱਟਾਈ ਬਾਰੇ ਪ੍ਰਤੀਕਰਮ ਪੁੱਛਿਆ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ। ਉਨ੍ਹਾਂ ਸਿਰਫ ਇੰਨਾ ਹੀ ਕਿਹਾ ਕਿ ਸਾਡੇ ਵਿਭਾਗ ’ਚ ਕਈ ਥਾਂ ਖੁੱਲ੍ਹਾ ਤੇ ਕਈ ਥਾਂ ਬੰਦ ਰਕਬਾ ਹੁੰਦਾ ਹੈ। ਜਦੋਂ ਗੈਰ-ਕਾਨੂੰਨੀ ਤੌਰ ’ਤੇ ਪਹਾੜੀਆਂ ਕੱਟ ਕੇ ਪੱਧਰਾ ਕਰਨ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਸ ਥਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਹੜਾ ਰਕਬਾ 4 ਅਤੇ 5 ਵਿੱਚ ਆਉਂਦਾ ਹੈ, ਉਸ ਦੀ ਪੁਟਾਈ ਮੁਕੰਮਲ ਤੌਰ ’ਤੇ ਬੰਦ ਕਰਵਾ ਦਿੱਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਨਾਜਾਇਜ਼ ਧੰਦੇ ਇਸ ਤਰ੍ਹਾਂ ਚਲਦੇ ਰਹੇ ਤਾਂ ਸ਼ਿਵਾਲਿਕ ਦੀਆਂ ਪਹਾੜੀਆਂ ਖਤਮ ਹੋ ਜਾਣਗੀਆਂ। ਉਨ੍ਹਾਂ ਪੰਜਾਬ ਸਰਕਾਰ ਤੇ ਸਬੰਧਤ ਵਿਭਾਗ ਦੇ ਉੱਚ-ਅਧਿਕਾਰੀਆਂ ਨੂੰ ਕਿਹਾ ਕਿ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਕੇ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਕੱਟਣੋਂ ਬਚਾਇਆ ਜਾਵੇ।

No comments:

Post a Comment