ਪਟਿਆਲਾ, 20 ਮਾਰਚ- ਮਾਇਆ ਦੇ ਲਾਲਚ ਜਾਂ ਆਪਣੇ ਸਮਰਥਕਾਂ ਨੂੰ ਖ਼ੁਸ਼ ਕਰਨ ਲਈ ਵੱਖ-ਵੱਖ ਅਹੁਦਿਆਂ 'ਤੇ ਬਿਰਾਜਮਾਨ ਰਾਜਨੀਤਿਕ ਲੋਕਾਂ ਵੱਲੋਂ ਸਰਕਾਰੀ ਥਾਵਾਂ 'ਤੇ ਕਰਵਾਏ ਜਾਂਦੇ ਨਾਜਾਇਜ਼ ਕਬਜ਼ੇ ਭਵਿੱਖ ਵਿਚ ਖ਼ਤਰੇ ਦੀ ਘੰਟੀ ਸਾਬਤ ਹੋਣਗੇ। ਇਨ੍ਹਾਂ ਸਰਕਾਰੀ ਥਾਵਾਂ 'ਤੇ ਕਬਜ਼ੇ ਕਰਵਾਉਣ ਪਿੱਛੇ ਸਬੰਧਿਤ ਸਰਕਾਰੀ ਅਧਿਕਾਰੀਆਂ ਦੀ ਸ਼ੱਕੀ ਭੂਮਿਕਾ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਮੌਜੂਦਾ ਸਮੇਂ ਬਾਜ਼ਾਰਾਂ ਵਿਚਲੀਆਂ ਛੋਟੀਆਂ-ਵੱਡੀਆਂ ਦੁਕਾਨਾਂ ਵਾਲਿਆਂ ਨੇ ਵੱਡੀ ਪੱਧਰ 'ਤੇ ਆਪਣੀਆਂ ਦੁਕਾਨਾਂ ਦੇ ਸ਼ਟਰ ਚੋਰੀ ਛੁਪੇ, ਸਬੰਧਿਤ ਅਧਿਕਾਰੀਆਂ ਤੇ ਕੁਝ ਰਾਜਨੀਤਿਕ ਆਗੂ ਅਖਵਾਉਂਦੇ ਲੋਕਾਂ ਦੀ ਮਦਦ ਨਾਲ ਸੜਕਾਂ 'ਤੇ ਜਾਂ ਸਰਕਾਰੀ ਨਾਲੀਆਂ ਦੇ ਉੱਪਰ ਜਾਂ ਉਸ ਤੋਂ ਵੀ ਅੱਗੇ ਤੱਕ ਵਧਾ ਲਏ ਹਨ, ਨੇ ਬਾਜ਼ਾਰਾਂ ਵਿਚ ਬਰਸਾਤੀ ਪਾਣੀ ਲਈ ਬਣੀਆਂ ਨਾਲੀਆਂ ਤੱਕ ਆਪਣੇ ਕਾਰੋਬਾਰੀ ਸਥਾਨਾਂ ਵਿਚ ਕਰ ਲਈਆਂ ਹਨ। ਇਹ ਸਭ ਜ਼ਿਆਦਾਤਰ ਕਿਤਾਬਾਂ ਵਾਲੇ ਬਾਜ਼ਾਰ, ਅਦਾਲਤ ਬਾਜ਼ਾਰ, ਲਾਹੌਰੀ ਗੇਟ, ਆਰੀਆ ਸਮਾਜ, ਦਾਣਾ ਮੰਡੀ, ਗੁੜ ਮੰਡੀ, ਨਾਭਾ ਗੇਟ, ਧਰਮਪੁਰਾ ਬਾਜ਼ਾਰ, ਅਦਾਲਤ ਬਾਜ਼ਾਰ, ਸਰਹੰਦੀ ਬਾਜ਼ਾਰ ਤਕਰੀਬਨ ਸਾਰੇ ਸ਼ਹਿਰ ਵਿਚ ਹੀ ਦੇਖਣ ਨੂੰ ਮਿਲ ਰਿਹਾ ਹੈ। ਲਾਹੌਰੀ ਗੇਟ ਇਲਾਕੇ ਵਿਚ ਤਾਂ ਸੜਕਾਂ ਦੇ ਅੱਧ ਤੱਕ ਕੱਚੇ ਰੱਖੇ ਖੋਖੇ ਹੁਣ ਪੱਕੇ ਕਰਨ ਦੀ ਕਾਰਵਾਈ ਬੇਰੋਕ ਟੋਕ ਜਾਰੀ ਹੈ। ਗਲੀਆਂ-ਮੁਹੱਲਿਆਂ ਵਿਚ ਗੰਦੇ ਪਾਣੀ ਲਈ ਬਣਾਈਆਂ ਨਾਲੀਆਂ ਵੀ ਉਸਾਰੇ ਜਾ ਰਹੇ ਨਵੇਂ ਘਰਾਂ ਅੰਦਰ ਹੀ ਕਰ ਲਈਆਂ ਗਈਆਂ ਹਨ। ਬਜ਼ੁਰਗਾਂ ਅਨੁਸਾਰ ਰੁਜ਼ਗਾਰ ਵਾਲੀ ਜਗ੍ਹਾ ਜਾਂ ਰਿਹਾਇਸ਼ ਨੂੰ ਪਵਿੱਤਰ ਸਥਾਨ ਮੰਨਦਿਆਂ ਨਾਲੀਆਂ ਆਦਿ ਘਰਾਂ ਜਾਂ ਦੁਕਾਨਾਂ ਦੀਆਂ ਦਹਿਲੀਜ਼ਾਂ ਤੋਂ ਬਾਹਰ ਰੱਖੀਆਂ ਜਾਂਦੀਆਂ ਸਨ ਪ੍ਰੰਤੂ ਅੱਜ ਲੋਕਾਂ ਦਾ ਲਾਲਚ ਇੰਨਾ ਵੱਧ ਚੁੱਕਾ ਹੈ ਕਿ ਬਰਸਾਤੀ ਪਾਣੀ ਜਾਂ ਗੰਦਗੀ ਨੂੰ ਰੋੜ੍ਹਨ ਲਈ ਬਣੀਆਂ ਸਰਕਾਰੀ ਨਾਲੀਆਂ 'ਤੇ ਕਬਜ਼ੇ ਕਰ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਮਾਮੂਲੀ ਬਰਸਾਤ ਵਿਚ ਵੀ ਗਲੀਆਂ, ਬਾਜ਼ਾਰ ਪਾਣੀ 'ਚ ਡੁੱਬ ਜਾਂਦੇ ਹਨ। ਇਸੇ ਤਰ੍ਹਾਂ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਕਾਫ਼ੀ ਚਿੰਤਾਜਨਕ ਰੂਪ ਧਾਰਦੀ ਜਾ ਰਹੀ ਹੈ ਜਿਸ ਨੇ ਬਾਜ਼ਾਰਾਂ, ਗਲੀਆਂ, ਮੁਹੱਲਿਆਂ ਨੂੰ ਸੌੜਾ ਕਰ ਦਿੱਤਾ ਹੈ। ਆਉਂਦੇ ਸਮੇਂ ਹਰ ਵਿਅਕਤੀ ਨੂੰ ਸੜਕ 'ਤੇ ਚੱਲਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਨ੍ਹਾਂ ਕਬਜ਼ਾ ਧਾਰਕਾਂ ਨੇ ਇਸ ਵੇਲੇ ਪਟਿਆਲਾ ਦੀ ਖ਼ੂਬਸੂਰਤੀ 'ਤੇ ਗ੍ਰਹਿਣ ਲਾਇਆ ਕਹੀਏ ਤਾਂ ਕੋਈ ਗ਼ਲਤ ਨਹੀਂ ਹੋਵੇਗਾ। ਇਸ ਦੇ ਨਾਲ ਹੀ ਜਗ੍ਹਾ-ਜਗ੍ਹਾ ਪਏ ਕੂੜੇ ਦੇ ਢੇਰਾਂ ਨੇ ਵੀ ਸ਼ਹਿਰ ਦੀ ਖ਼ੂਬਸੂਰਤੀ ਨੂੰ ਖ਼ਰਾਬ ਕੀਤਾ ਹੋਇਆ ਹੈ। ਪਟਿਆਲਾ ਦੀ ਖ਼ੂਬਸੂਰਤੀ ਦੇ ਗਵਾਹ ਕੁਝ ਬਜ਼ੁਰਗਾਂ ਅਨੁਸਾਰ ਕਿਸੇ ਵੇਲੇ ਉਹ ਆਪਣੇ ਸਕੇ ਸੰਬੰਧੀਆਂ ਜਾਂ ਸਨੇਹੀਆਂ ਨੂੰ ਚੁਨੌਤੀ ਦਿੰਦੇ ਸਨ ਕਿ ਪਟਿਆਲਾ ਜਿੰਨਾ ਖ਼ੂਬਸੂਰਤ ਤੇ ਸਾਫ਼ ਸੁਥਰਾ ਸ਼ਹਿਰ ਹੋਰ ਕੋਈ ਨਹੀਂ। ਪਟਿਆਲਾ ਦੇ ਸੁਨਹਿਰੀ ਪਲਾਂ ਦੇ ਗਵਾਹ ਇਨ੍ਹਾਂ ਬਜ਼ੁਰਗਾਂ ਅਨੁਸਾਰ ਹੁਣ ਦੇ ਪਟਿਆਲਾ ਨੂੰ ਦੇਖ ਮਨ ਦੁਖੀ ਹੋ ਜਾਂਦਾ ਹੈ। ਬਜ਼ੁਰਗਾਂ ਅਨੁਸਾਰ ਸ਼ਹਿਰ ਵਿਚ ਬਰਸਾਤੀ ਪਾਣੀ ਦੇ ਨਿਕਾਸ ਦਾ ਬਹੁਤ ਹੀ ਸੁਚੱਜਾ ਪ੍ਰਬੰਧ ਸੀ, ਜੋ ਮੌਜੂਦਾ ਸਮੇਂ ਬਿਲਕੁਲ ਨਾਕਸ ਹੋ ਚੁੱਕਾ ਹੈ। ਜੇ ਗਲੀਆਂ ਜਾਂ ਬਾਜ਼ਾਰਾਂ ਵਿਚ ਸੜਿਆਂਦ ਮਾਰਦਾ ਪਾਣੀ ਵੱਡੀ ਮਾਤਰਾ ਵਿਚ ਇਕੱਠਾ ਹੋ ਜਾਂਦਾ ਹੈ ਤਾਂ ਉਸ ਲਈ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਨੂੰ ਦੋਸ਼ੀ ਠਹਿਰਾਉਣਾ ਕਤਈ ਠੀਕ ਨਹੀਂ, ਕਿਉਂਕਿ ਨਾਗਰਿਕਾਂ ਵੱਲੋਂ ਖ਼ੁਦ ਹੀ ਨਾਲੀਆਂ 'ਤੇ ਕਬਜ਼ੇ ਕਰ-ਕਰ ਕੇ ਇਸ ਸਮੱਸਿਆ ਨੂੰ ਨਿਓਤਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਟਿਆਲਾ ਵਿਚ ਇਕ ਹਜ਼ਾਰ ਦੇ ਕਰੀਬ ਵੱਡੀਆਂ ਛੋਟੀਆਂ ਪਸ਼ੂ ਪਾਲਣ ਵਾਲੀਆਂ ਡੇਅਰੀਆਂ ਵਿਚੋਂ ਨਿਕਲਦਾ ਗੋਹਾ ਵੀ ਜਗ੍ਹਾ-ਜਗ੍ਹਾ ਸੜਿਆਂਧ ਮਾਰਦੇ ਪਾਣੀ ਨੂੰ ਮੁਹੱਲਿਆਂ ਦੀਆਂ ਗਲੀਆਂ ਵਿਚ ਖਿੰਡਾ ਦਿੰਦਾ ਹੈ। ਲੋਕਾਂ ਵੱਲੋਂ ਸੀਵਰੇਜ ਦੇ ਹੋਲ਼ਾਂ ਤੱਕ ਇਹ ਗੋਹਾ ਪਹੁੰਚਾਉਣ ਨਾਲ ਸੀਵਰੇਜ ਸਮੱਸਿਆ ਵੀ ਗੰਭੀਰ ਰੂਪ ਧਾਰਦੀ ਜਾ ਰਹੀ ਹੈ। ਇਸ ਸਮੱਸਿਆ ਦਾ ਕਾਰਨ ਵੀ 95 ਫ਼ੀਸਦੀ ਅਵੇਸਲੇ ਨਾਗਰਿਕ ਹੀ ਕਹੇ ਜਾ ਸਕਦੇ ਹਨ। ਸ਼ਹਿਰ ਵਿਚੋਂ ਡੇਅਰੀਆਂ ਬਾਹਰ ਕੱਢਣ ਲਈ ਨਗਰ ਨਿਗਮ ਵੱਲੋਂ ਚਲਾਈ ਮੁਹਿੰਮ ਵੀ ਨਾਗਰਿਕਾਂ ਦੇ ਨਾਂਹਪੱਖੀ ਰਵੱਈਏ ਤੇ ਸਰਕਾਰ ਵੱਲੋਂ ਨਗਰ ਨਿਗਮ ਦੀ ਨਾ ਕੀਤੀ ਗਈ ਮਾਲੀ ਮਦਦ ਕਾਰਨ ਠੁੱਸ ਹੋ ਗਈ। ਸ਼ਹਿਰ ਵਿਚਲੀਆਂ ਡੇਅਰੀਆਂ ਬਾਹਰ ਕੱਢਣ ਲਈ ਪਿੰਡ ਅਬਲੋਵਾਲ ਕੋਲ ਜਗ੍ਹਾ ਨਿਰਧਾਰਿਤ ਕੀਤੀ ਗਈ ਸੀ, ਇੱਥੇ ਇਕੱਠੇ ਕੀਤੇ ਗੋਹੇ ਤੋਂ ਬਿਜਲੀ ਤੇ ਖਾਦ ਤਿਆਰ ਕਰਨ ਦਾ ਵੀ ਪ੍ਰੋਜੈਕਟ ਲਗਾਇਆ ਜਾਣਾ ਸੀ, ਜਿਸ ਨਾਲ ਨਗਰ ਨਿਗਮ ਨੂੰ ਵਿੱਤੀ ਮਦਦ ਵੀ ਹੁੰਦੀ। ਸ਼ਹਿਰ ਵਿਚਲੇ ਬਾਜ਼ਾਰਾਂ ਦੇ ਦੁਕਾਨ ਮਾਲਕਾਂ ਵੱਲੋਂ ਸੜਕਾਂ ਦੇ ਅੱਧ ਤੱਕ ਵਧਾਅ ਕੇ ਰੱਖੇ ਸਾਮਾਨ ਕਾਰਨ ਵੀ ਬਹੁਤ ਸਮੱਸਿਆਵਾਂ ਦਾ ਸਾਹਮਣਾ ਆਮ ਨਾਗਰਿਕਾਂ ਨੂੰ ਕਰਨਾ ਪੈਂਦਾ ਹੈ। ਨਗਰ ਨਿਗਮ ਜਾਂ ਉਸ 'ਤੇ ਕਾਬਜ਼ ਰਾਜਨੀਤਿਕ ਆਗੂਆਂ ਵੱਲੋਂ ਇਸ ਸਮੱਸਿਆ ਨੂੰ ਹੱਲ ਕਰਨ ਲਈ ਪੁੱਟੇ ਜਾਂਦੇ ਕਦਮਾਂ ਦਾ ਦੁਕਾਨਦਾਰਾਂ ਵੱਲੋਂ ਕੀਤਾ ਜਾਂਦਾ ਵਿਰੋਧ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ। ਇਨ੍ਹਾਂ ਕਬਜ਼ਿਆਂ ਕਾਰਨ ਅੱਗ ਬੁਝਾਊ ਦਸਤੇ ਜਾਂ ਐਂਬੂਲੈਂਸ ਨੂੰ ਕੋਈ ਅਣਸੁਖਾਵੀਂ ਘਟਨਾ ਵਾਪਰਨ 'ਤੇ ਪੁਰਾਣੇ ਸ਼ਹਿਰ ਦੀਆਂ ਗਲੀਆਂ ਤੱਕ ਪਹੁੰਚਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਮੁੱਕਦੀ ਗੱਲ ਇਹ ਹੈ ਕਿ ਲੋਕਾਂ ਵੱਲੋਂ ਆਪ ਸਮੱਸਿਆਵਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ, ਇਸ ਲਈ ਨਗਰ ਨਿਗਮ 'ਤੇ ਕਾਬਜ਼ ਰਾਜਨੀਤਿਕ ਆਗੂਆਂ ਜਾਂ ਮੁਲਾਜ਼ਮਾਂ ਨੂੰ ਕਸੂਰਵਾਰ ਠਹਿਰਾਉਣਾ ਬਹੁਤਾ ਠੀਕ ਨਹੀਂ ਜਾਪਦਾ।
No comments:
Post a Comment