ਪੁਲੀਸ ਮੁਲਜ਼ਮਾਂ ਨੂੰ ਨੱਥ ਪਾਉਣ ’ਚ ਨਾਕਾਮ
ਚੰਡੀਗੜ੍ਹ, 20 ਮਾਰਚ-ਚੰਡੀਗੜ੍ਹ ਵਿੱਚ ਫਲਿਊਡ ਤੋਂ ਲੈ ਕੇ ਸਮੈਕ ਆਦਿ ਨਸ਼ੇ ਵੇਚਣ ਦੇ ਦਰਜਨਾਂ ਅੱਡੇ ਸਥਾਪਤ ਹੋ ਚੁੱਕੇ ਹਨ। ਸ਼ਹਿਰ ਦੀਆਂ ਕਈ ਕੈਮਿਸਟ ਦੁਕਾਨਾਂ ਤੋਂ ਨਸ਼ੀਲੇ ਟੀਕਿਆਂ ਅਤੇ ਪੀਣ ਵਾਲੀਆਂ ਦਵਾਈਆਂ ਦੀ ਵੱਡੇ ਪੱਧਰ ’ਤੇ ਵਿੱਕਰੀ ਹੋ ਰਹੀ ਹੈ। ਪਿੰਡ ਧਨਾਸ ਵਿਖੇ ਅਫੀਮ ਅਤੇ ਪਲਸੌਰਾ ਕਲੋਨੀ, ਮੌਲੀ ਜੱਗਰਾਂ ਕੰਪਲੈਕਸ, ਧਨਾਸ ਤੇ ਹੱਲੋਮਾਜਰਾ ਵਿਖੇ ਭੁੱਕੀ ਦੇ ਅੱਡੇ ਚੱਲ ਰਹੇ ਹਨ, ਜਦੋਂ ਕਿ ਹੋਰ ਦਰਜਨਾਂ ਥਾਵਾਂ ’ਤੇ ਸਮੈਕ, ਚਰਸ ਅਤੇ ਗਾਂਜੇ ਦੀ ਵਿੱਕਰੀ ਹੋ ਰਹੀ ਹੈ।
ਇਸ ਪੱਤਰਕਾਰ ਵੱਲੋਂ ਸ਼ਹਿਰ ਵਿੱਚ ਨਸ਼ਿਆਂ ਦੇ ਚੱਲ ਰਹੇ ਅੱਡਿਆਂ ਉਪਰ ਕੀਤੀ ਘੋਖ ਅਨੁਸਾਰ ਕੁਝ ਪਰਿਵਾਰਾਂ ਦੀਆਂ ਅਗਲੀਆਂ ਪੀੜ੍ਹੀਆਂ ਵੀ ਸ਼ਰ੍ਹੇਆਮ ਸਮੈਕ ਤੇ ਹੋਰ ਨਸ਼ੇ ਵੇਚ ਰਹੀਆਂ ਹਨ ਪਰ ਪੁਲੀਸ ਸਾਲਾਂਬੱਧੀ ਅਜਿਹੇ ਡਰੱਗ ਮਾਫੀਏ ਨੂੰ ਨੱਥ ਪਾਉਣ ਤੋਂ ਭੇਤਭਰੇ ਢੰਗ ਨਾਲ ਫੇਲ੍ਹ ਰਹੀ ਹੈ। ਉਤਰ ਪ੍ਰਦੇਸ਼ ਵਿੱਚ ਕੋਕਾ ਕੋਲਾ ਰੰਗ ਦੀ ਬਣਦੀ ਦੇਸੀ ਸਮੈਕ ਦੀ ਵੀ ਹੁਣ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਸਪਲਾਈ ਹੋ ਰਹੀ ਹੈ,ਜਦੋਂ ਕਿ ਵਧੀਆ ਕੁਆਲਟੀ ਦੀ ਸਮੈਕ (ਬਰਾਊਨ ਸ਼ੂਗਰ) ਪਾਕਿਸਤਾਨ ਤੋਂ ਵਾਇਆ ਨੇਪਾਲ ਅਤੇ ਜੰਮੂ–ਕਸ਼ਮੀਰ ਰਾਹੀਂ ਸਪਲਾਈ ਹੋ ਰਹੀ ਹੈ। ਕੋਕੀਨ ਅਤੇ ਹੈਰੋਇਨ ਜੰਮੂ–ਕਸ਼ਮੀਰ ਤੋਂ ਸਪਲਾਈ ਹੋ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 20-25 ਹਜ਼ਾਰ ਵਿਅਕਤੀ ਨਸ਼ੇ ਦੀਆਂ ਗੋਲੀਆਂ, ਟੀਕੇ ਅਤੇ ਪੀਣ ਵਾਲੀਆਂ ਦਵਾਈਆਂ ਲੈਣ ਦੇ ਆਦੀ ਹੋ ਚੁੱਕੇ ਹਨ। ਸਮੈਕ ਦੇ ਗੁਲਾਮਾਂ ਦੀ ਗਿਣਤੀ ਵੀ ਦਿਨੋ–ਦਿਨ ਵਧਦੀ ਜਾ ਰਹੀ ਹੈ। ਨਸ਼ੀਲੀਆਂ ਦਵਾਈਆਂ ਦੇ ਮਨੀਮਾਜਰਾ ਵਿਖੇ ਤਿੰਨ ਅੱਡੇ ਚੱਲ ਰਹੇ ਹਨ ਜਦੋਂ ਕਿ ਸੈਕਟਰ 30, 36 ਅਤੇ 23 ਦੀਆਂ ਕੁੱਝ ਦੁਕਾਨਾਂ ’ਤੇ ਨਸ਼ੀਲੀਆਂ ਦਵਾਈਆਂ ਵਿਕ ਰਹੀਆਂ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਨਾਲ ਲੱਗਦੇ ਨਵਾਂ ਗਰਾਓਂ ਅਤੇ ਜ਼ੀਰਕਪੁਰ ਵਿਖੇ ਕੁੱਝ ਕੈਮਿਸਟ ਦੁਕਾਨਾਂ ਦੀ ਆੜ ਹੇਠ ਨਸ਼ੀਲੀਆਂ ਦਵਾਈਆਂ ਥੋਕ ਵਿੱਚ ਵੇਚ ਰਹੇ ਹਨ।
ਇਸ ਤੋਂ ਇਲਾਵਾ ਖਾਸ ਕਰਕੇ ਸਕੂਲੀ ਬੱਚਿਆਂ ਵੱਲੋਂ ਨਸ਼ੇ ਦੇ ਰੂਪ ਵਿੱਚ ਵਰਤੇ ਜਾਂਦੇ ਕੁਰੈਕਸ਼ਨ ਫਲਿਊਡ ਦੀ ਵੀ ਸ਼ਹਿਰ ਵਿੱਚ ਵੱਡੇ ਪੱਧਰ ’ਤੇ ਵਿਕਰੀ ਹੋ ਰਹੀ ਹੈ। ਸੈਕਟਰ 8, 9, 15,19 ਅਤੇ ਦੱਖਣੀ ਖੇਤਰ ਵਿੱਚਲੇ ਸੈਕਟਰਾਂ ’ਚ ਫਲਿਊਡ ਸ਼ਰ੍ਹੇਆਮ ਵਿਕ ਰਿਹਾ ਹੈ। ਹੋਰ ਤਾਂ ਹੋਰ ਹੁਣ ਸਟੇਸ਼ਨਰੀ ਦੀਆਂ ਕੁੱਝ ਦੁਕਾਨਾਂ ਸਮੇਤ ਫੋਟੋ ਸਟੇਟ ਦੀਆਂ ਦੁਕਾਨਾਂ ਅਤੇ ਕੁਝ ਪਾਨ ਵਾਲੇ ਵੀ ਸਕੂਲੀ ਨਿਆਣਿਆਂ ਨੂੰ ਫਲਿਊਡ ਵੇਚ ਰਹੇ ਹਨ। ਚੇਤੇ ਕਰਵਾਇਆ ਜਾਂਦਾ ਹੈ ਕਿ ਪਿਛਲੇ ਸਮੇਂ ਸੈਕਟਰ 15 ਵਿਖੇ ਇਕ 15 ਸਾਲ ਦੇ ਬੱਚੇ ਨੇ 65 ਸਾਲ ਦੀ ਬਜ਼ੁਰਗ ਔਰਤ ਦਾ ਲੁੱਟਣ ਦੀ ਮਨਸ਼ਾ ਨਾਲ ਕਤਲ ਕਰਕੇ ਉਸ ਦੀ ਲਾਸ਼ ਨਾਲ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਦੁਕਾਨਦਾਰਾਂ ਉਪਰ ਨਾਬਾਲਗਾਂ ਨੂੰ ਫਲਿਊਡ ਵੇਚਣ ਉਪਰ ਪਾਬੰਦੀ ਲਾਈ ਹੈ।
ਹਾਸਲ ਜਾਣਕਾਰੀ ਅਨੁਸਾਰ ਸੈਕਟਰ 25 ਵਿਖੇ 4, ਸੈਕਟਰ 38 ਏ ਵਿਖੇ 3, ਡੱਡੂਮਾਜਰਾ ਕਲੋਨੀ ਵਿਖੇ 7, ਸੈਕਟਰ 24 ਵਿਖੇ 4, ਪਲਸੌਰਾ ਕਲੋਨੀ ਵਿਖੇ 4 ਤੇ ਰਾਮ ਦਰਬਾਰ ਵਿਖੇ 3 ਵੱਖ-ਵੱਖ ਨਸ਼ਾ ਵੇਚਣ ਦੇ ਪੱਕੇ ਅੱਡ ਚੱਲ ਰਹੇ ਹਨ। ਇੰਦਰਾ ਕਲੋਨੀ ਤੇ ਮੌਲੀ ਜੱਗਰਾਂ ਕੰਪਲੈਕਸ ਮਨੀਮਾਜਰਾ ਵਿਖੇ ਵੀ ਨਸ਼ਿਆਂ ਦੀ ਵਿਕਰੀ ਜ਼ੋਰਾਂ ’ਤੇ ਹੋ ਰਹੀ ਹੈ। ਇਸ ਤੋਂ ਇਲਾਵਾ ਧਨਾਸ ਵਿਖੇ ਪਿਛਲੇ ਲੰਮੇ ਸਮੇਂ ਤੋਂ ਅਫੀਮ ਵੇਚਣ ਦੇ ਕੁਝ ਅੱਡੇ ਚੱਲਦੇ ਆ ਰਹੇ ਹਨ।
ਸੈਕਟਰ 25, 38 ਏ, ਡੱਡੂਮਾਜਰਾ ਕਲੋਨੀ, ਪਲਸੌਰਾ ਕਲੋਨੀ ਵਿਚ ਨਸ਼ੇ ਵੇਚਣ ਦੀ ਮੁੱਖ ਕਮਾਂਡ ਔਰਤਾਂ ਦੇ ਹੱਥ ਹੈ। ਕਜਹੇੜੀ ਵਿਖੇ ਗਾਂਜੇ ਦਾ ਪੱਕਾ ਅੱਡਾ ਹੈ ਜਿਥੇ ਨੇਪਾਲ ਦੀ ਹੱਦ ਨੇੜਿਓਂ ਬਿਹਾਰ ਤੋਂ ਇਹ ਸਪਲਾਈ ਕੀਤਾ ਜਾਂਦਾ ਹੈ। ਸਮੈਕ, ਚਰਸ , ਹੈਰੋਇਨ ਆਦਿ ਦਿੱਲੀ, ਜੰਮੂ-ਕਸ਼ਮੀਰ,ਅੰਮ੍ਰਿਤਸਰ ਅਤੇ ਹਰਿਆਣਾ ਤੋਂ ਚੰਡੀਗੜ੍ਹ ਵਿੱਚ ਸਪਲਾਈ ਹੋ ਰਹੇ ਹਨ। ਅਫੀਮ ਅਤੇ ਭੁੱਕੀ ਰਾਜਸਥਾਨ ਅਤੇ ਉਤਰ ਪ੍ਰਦੇਸ਼ ਤੋਂ ਆ ਰਹੇ ਹਨ। ਭਾਵੇਂ ਚੰਡੀਗੜ੍ਹ ਪੁਲੀਸ ਨੇ ਗਲੀ-ਗਲੀ ਵਿੱਚ ਬੱਚਿਆਂ ਦੀਆਂ ਕ੍ਰਿਕਟ ਟੀਮਾਂ ਬਣਾ ਕੇ ਟੂਰਨਾਮੈਂਟ ਕਰਵਾਉਣ ਦੀ ਪ੍ਰਕ੍ਰਿਆ ਰਾਹੀਂ ਨਸ਼ਿਆਂ ਉਪਰ ਕਾਬੂ ਪਾਉਣ ਦੀ ਨਿਵੇਕਲੀ ਮੁਹਿੰਮ ਛੇੜੀ ਹੈ ਪਰ ਸੂਤਰਾਂ ਅਨੁਸਾਰ ਹੇਠਲੇ ਪੱਧਰ ਦੀ ਪੁਲੀਸ ਵਿੱਚ ਸੁਧਾਰ ਲਿਆਉਣ ਤੋਂ ਬਿਨਾਂ ਨਸ਼ਿਆਂ ਦੇ ਅੱਡੇ ਪੁੱਟਣੇ ਬੜੇ ਔਖੇ ਹਨ ਕਿਉਂਕਿ ਸ਼ਹਿਰ ਵਿੱਚ ਖਾਸ ਕਰਕੇ ਨੌਜਵਾਨ ਪੀੜ੍ਹੀ ਤੇਜ਼ੀ ਨਾਲ ਨਸ਼ਿਆਂ ਵਿੱਚ ਧੱਸਦੀ ਜਾ ਰਹੀ ਹੈ। ਸ਼ਹਿਰ ਵਿੱਚ ਬਤੌਰ ਪੀ.ਜੀ. ਰਹਿੰਦੇ ਮੁੰਡੇ–ਕੁੜੀਆਂ ਖਾਸ ਕਰਕੇ ਨਸ਼ੀਲੀਆਂ ਦਵਾਈਆਂ ਖਾਣ–ਪੀਣ ਦੇ ਰਾਹ ਪੈ ਰਹੀਆਂ ਹਨ। ਮਜ਼ੇਦਾਰ ਗੱਲ ਇਹ ਹੈ ਕਿ ਸੈਕਟਰ 38 ਤੇ 25 ਵਿਖੇ ਨਸ਼ੇ ਵੇਚਣ ਦੇ ਚੱਲ ਰਹੇ ਅੱਡਿਆਂ ਤੋਂ ਵੱਡੀਆਂ ਗੱਡੀਆਂ ਰਾਹੀਂ ਨਸ਼ੇ ਦੀਆਂ ਪੁੜੀਆਂ ਖਰੀਦਣ ਅਕਸਰ ਆਉਂਦੇ ਵਿਅਕਤੀਆਂ ਨੂੰ ਰੋਕਣ ਲਈ ਪੁਲੀਸ ਹੁਣ ਕੁਝ ਕੱਚੇ ਰਸਤਿਆਂ ਵਿੱਚ ਖੱਡੇ ਪੁੱਟ ਕੇ ਉਨ੍ਹਾਂ ਨੂੰ ਰੋਕਣ ਦਾ ਯਤਨ ਕਰ ਰਹੀ ਹੈ, ਪਰ ਫਿਲਹਾਲ ਸਮੁੱਚੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲੈ ਰਹੇ ਨਸ਼ਿਆਂ ਨੂੰ ਰੋਕਣ ਲਈ ਪੁਲੀਸ ਕੋਈ ਠੋਸ ਮੁਹਿੰਮ ਨਹੀਂ ਚਲਾ ਸਕੀ।
No comments:
Post a Comment