Tuesday, 20 March 2012

ਰਾਜੋਆਣਾ ਦੀ ਫਾਂਸੀ ਤੁੜਵਾਉਣ ਲਈ ਮਾਰਚ


ਮੋਗਾ,20 ਮਾਰਚ-ਅੱਜ ਇਥੇ ਸਿੱਖ ਜਥੇਬੰਦੀਆਂ ਵੱਲੋਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਮੁੱਖ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖ਼ਿਲਾਫ਼ ਰੋਸ ਮਾਰਚ ਕੱਢਿਆ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ। ਜਥੇਬੰਦੀਆਂ ਨੇ ਕਿਹਾ ਕਿ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸੋਚੀ ਸਮਝੀ ਚਾਲ ਹੈ ਅਤੇ ਸਿੱਖ ਕੌਮ ਲਈ ਚੈਲੰਜ਼ ਹੈ।
ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਸਬੰਧੀ  ਮੀਟਿੰਗ ਕਰਨ ਬਾਅਦ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ।  ਮੀਟਿੰਗ ਵਿੱਚ ਅਕਾਲ ਸਹਾਇ ਸਿੱਖ ਇੰਟਰਨੈਸ਼ਨਲ ਜਥੇਬੰਦੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ, ਏਕ ਨੂਰ ਖਾਲਸਾ ਫੌਜ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਈਸੜੂ,ਸੰਤ ਸਮਾਜ ਆਗੂ ਬਾਬਾ ਰੇਸ਼ਮ ਸਿੰਘ ਖੁਖਰਾਣਾ,ਯੂਨਾਇਟਿਡ ਸਿੱਖ ਮੂਵਮੈਂਟ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਘੋਲੀਆ, ਪੰਚ ਪ੍ਰਧਾਨੀ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਡਾਲਾ ਆਦਿ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਗ ਲਿਆ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਖ਼ਿਲਾਫ਼ ਉਚਿਤ ਕਦਮ ਚੁੱਕੇ ਜਾਣ। ਸਿੱਖ ਜਥੇਬੰਦੀਆਂ ਨੇ ਮੁੱਖ ਚੌਂਕ ਵਿੱਚ ਧਰਨਾ ਵੀ ਦਿੱਤਾ।
ਫ਼ਿਰੋਜ਼ਪੁਰ,(ਪੱਤਰ ਪ੍ਰੇਰਕ): ਮਰਹੂਮ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕਾਂਡ ਵਿਚ ਸਜ਼ਾ-ਯਾਫਤਾ ਬਲਵੰਤ ਸਿੰਘ ਰਾਜੋਆਣਾ ਨੂੰ ਹੋਈ ਫਾਂਸੀ ਦੀ ਸਜ਼ਾ ਰੱਦ ਕਰਵਾਉਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਵੱਲੋਂ ਇਕ ਪਲੇਟ ਫਾਰਮ ’ਤੇ ਇਕੱਠੇ ਹੋ ਕੇ ਇਸ ਸਜ਼ਾ ਵਿਰੁੱਧ ਡੱਟਣ ਦਾ ਅਹਿਦ ਲਿਆ ਗਿਆ।
ਫ਼ਿਰੋਜ਼ਪੁਰ ਛਾਉਣੀ ਵਿਖੇ ਸਥਿਤ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਵੱਡੀ ਗਿਣਤੀ ਸਿੱਖ ਕਾਰਕੁੰਨਾਂ ਦੀ ਅਗਵਾਈ ਕਰ ਰਹੇ ਏਕ ਨੂਰ ਖਾਲਸਾ ਫੌਜ ਜਥੇਬੰਦੀ, ਸੰਤ ਸਮਾਜ ਸੰਤ ਬਾਬਾ ਅਵਤਾਰ ਸਿੰਘ ਝੋਕ ਹਰੀਹਰ, ਸ਼ਹੀਦ ਭਗਤ ਸਿੰਘ ਯੂਥ ਕਲੱਬ ਫ਼ਿਰੋਜ਼ਪੁਰ, ਖਾਲਸਾ ਸੇਵਕ ਜਥਾ ਫ਼ਿਰੋਜ਼ਸ਼ਾਹ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਇਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਉਪਰੰਤ ਜੁੜੇ ਸਿੱਖ ਜਥੇਬੰਦੀਆਂ ਦੇ ਕਾਰਕੁੰਨਾਂ ਵੱਲੋਂ ਪੈਦਲ ਮਾਰਚ ਕਰਦਿਆਂ ਮਿੰਨੀ ਸੈਕਟਰੀਏਟ ਫ਼ਿਰੋਜ਼ਪੁਰ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਇਕ ਮੰਗ ਪੱਤਰ ਦਿੱਤਾ ਗਿਆ।  ਜਥੇਬੰਦੀਆਂ ਵੱਲੋਂ ਪ੍ਰਧਾਨ ਮੰਤਰੀ ਭਾਰਤ, ਰਾਸ਼ਟਰਪਤੀ ਭਾਰਤ ਸਰਕਾਰ, ਗ੍ਰਹਿ ਮੰਤਰੀ ਭਾਰਤ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ  ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਇਕ ਮੈਮੋਰੰਡਮ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਸੌਂਪਿਆ ਗਿਆ। ਇਸ ਮੈਮੋਰੰਡਮ ਵਿਚ ਉਨ੍ਹਾਂ ਦੇਸ਼ ਦੇ ਹੁਕਮਰਾਨਾਂ ਤੋਂ ਮੰਗ ਕੀਤੀ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਹੋਈ ਫਾਂਸੀ ਦੀ ਸਜ਼ਾ ਰੱਦ ਕਰਕੇ ਸਿੱਖ ਜਥੇਬੰਦੀਆਂ ਵਿਚ ਫੈਲੇ ਰੋਸ ਨੂੰ ਖਤਮ ਕੀਤਾ ਜਾਵੇ।

No comments:

Post a Comment