Wednesday, 20 June 2012


ਕਾਹਿਰਾ, 21 ਜੂਨ -ਮਿਸਰ ਦੇ ਸਾਬਕਾ ਰਾਸ਼ਟਰਪਤੀ ਹੋਸਨੀ ਮੁਬਾਰਕ ਕੋਮਾ ਵਿਚ ਹਨ ਅਤੇ ਉਨ੍ਹਾਂ ਨੂੰ ਜੀਵਨ ਰੱਖਿਆ ਪ੍ਰਣਾਲੀ 'ਤੇ ਰੱਖਿਆ ਗਿਆ ਹੈ। ਪਰ ਉਹ ਡਾਕਟਰੀ ਰੂਪ ਵਿਚ ਮ੍ਰਿਤਕ ਨਹੀਂ ਹਨ। ਪਹਿਲਾਂ ਕੁਝ ਖ਼ਬਰਾਂ ਆ ਰਹੀਆਂ ਸਨ ਕਿ ਉਨ੍ਹਾਂ ਨੂੰ ਡਾਕਟਰੀ ਰੂਪ ਵਿਚ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਮੁਬਾਰਕ ਇਸ ਸਮੇਂ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਦੀ ਸਾਜ਼ਿਸ਼ ਵਿਚ ਸ਼ਾਮਿਲ ਹੋਣ ਕਾਰਨ ਉਮਰ ਕੈਦ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਨੂੰ ਮੰਗਲਵਾਰ ਸ਼ਾਮ ਨੂੰ ਤੋਰਾ ਜੇਲ੍ਹ ਤੋਂ ਮਾਦੀ ਦੇ ਫੌਜੀ ਹਸਪਤਾਲ ਵਿਚ ਤਬਦੀਲ ਕੀਤਾ ਗਿਆ ਸੀ। ਜੇਲ੍ਹ ਵਿਚ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਸੁਰੱਖਿਆ ਅਧਿਕਾਰੀ ਸਾਦਾ ਕੱਪੜਿਆਂ ਵਿਚ ਹਸਪਤਾਲ ਵਿਚ ਮੌਜੂਦ ਹਨ ਅਤੇ ਉਥੇ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ। ਖ਼ਬਰ ਏਜੰਸੀ ਮੀਨਾ ਨੇ ਡਾਕਟਰੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿੱਤੀ ਹੈ ਕਿ ਮੁਬਾਰਕ ਦੀ ਦਿਲ ਦੀ ਧੜਕਨ ਰੁਕ ਗਈ ਹੈ। ਉਨ੍ਹਾਂ ਦੀ ਧੜਕਨ ਨੂੰ ਕਈ ਵਾਰ ਵਾਪਿਸ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਫਾਇਦਾ ਨਹੀਂ ਹੋਇਆ। ਹਸਪਤਾਲ ਦੇ ਦਰਵਾਜ਼ੇ ਦੇ ਬਾਹਰ ਕਈ ਲੋਕ ਹੱਥ ਵਿਚ ਮੁਬਾਰਕ ਦੀਆਂ ਤਸਵੀਰਾਂ ਫੜੀ ਪ੍ਰਦਰਸ਼ਨ ਕਰ ਰਹੇ ਸਨ ਅਤੇ ਕਈ ਉਨ੍ਹਾਂ ਲਈ ਅਰਦਾਸਾਂ ਕਰ ਰਹੇ ਹਨ।

ਚੰਡੀਗੜ੍ਹ, 21 ਜੂਨ -ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ 'ਚ 7 ਫ਼ੀਸਦੀ ਵਾਧੇ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਮਹਿੰਗਾਈ ਭੱਤੇ ਦੀ ਦਰ 58 ਫ਼ੀ ਸਦੀ ਤੋਂ ਵਧ ਕੇ 65 ਫ਼ੀਸਦੀ ਹੋ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਮਹਿੰਗਾਈ ਭੱਤੇ ਵਿਚ ਇਹ ਵਾਧਾ ਕੇਂਦਰ ਸਰਕਾਰ ਦੀ ਤਰਜ਼ 'ਤੇ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਧੀ ਹੋਈ ਦਰ 'ਤੇ ਮਿਲਣਯੋਗ ਮਹਿੰਗਾਈ ਭੱਤੇ ਦੇ ਮਿਤੀ 1 ਜਨਵਰੀ, 2012 ਤੋਂ 30 ਜੂਨ, 2012 ਤੱਕ ਦੇ ਬਕਾਏ ਦੀ ਰਕਮ ਕਰਮਚਾਰੀਆਂ ਦੇ ਜੀ.ਪੀ. ਫ਼ੰਡ ਖਾਤਿਆਂ ਵਿਚ ਜਮ੍ਹਾਂ ਕਰਵਾਈ ਜਾਵੇਗੀ ਅਤੇ 1 ਜੁਲਾਈ, 2012 ਤੋਂ ਵਧੀ ਹੋਈ ਦਰ 'ਤੇ ਮਹਿੰਗਾਈ ਭੱਤੇ ਦਾ ਨਕਦ ਭੁਗਤਾਨ ਕੀਤਾ ਜਾਵੇਗਾ। ਸ. ਢੀਂਡਸਾ ਨੇ ਦੱਸਿਆ ਕਿ ਮਹਿੰਗਾਈ ਭੱਤੇ ਵਿਚ ਇਸ ਵਾਧੇ ਨਾਲ ਰਾਜ ਦੇ ਖ਼ਜ਼ਾਨੇ 'ਤੇ 744.48 ਕਰੋੜ ਰੁਪਏ ਦਾ ਵਾਧੂ ਭਾਰ ਪਵੇਗਾ। ਵਿੱਤ ਮੰਤਰੀ ਨੇ ਦੱਸਿਆ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਨਿਯੁਕਤੀ 1 ਜਨਵਰੀ, 2004 ਜਾਂ ਉਸ ਉਪਰੰਤ ਕੀਤੀ ਗਈ ਹੈ, ਉਹ ਵਧੀਆਂ ਦਰਾਂ 'ਤੇ ਮਿਲਣ ਵਾਲੇ ਮਹਿੰਗਾਈ ਭੱਤੇ ਵਜੋਂ ਬਣਨ ਵਾਲੇ ਬਕਾਏ ਦੀ ਰਕਮ ਦੇ ਇਵਜ਼ ਵਿਚ ਪੰਜਾਬ ਵਿਚ ਸਥਿਤ ਡਾਕ ਘਰਾਂ ਤੋਂ ਨੈਸ਼ਨਲ ਸੇਵਿੰਗ ਸਰਟੀਫਿਕੇਟ/ਕਿਸਾਨ ਵਿਕਾਸ ਪੱਤਰ ਖ਼ਰੀਦਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਰੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਦੀ ਵਧੀ ਕਿਸ਼ਤ ਵਜੋਂ ਸਾਰੀ ਰਕਮ ਦਾ 1 ਜਨਵਰੀ, 2012 ਤੋਂ ਨਕਦ ਭੁਗਤਾਨ ਕੀਤਾ ਜਾਵੇਗਾ।
ਮੁੰਬਈ, 21 ਜੂਨ- ੂਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਾਜੇਸ਼ ਖੰਨਾ ਦੀ ਸਿਹਤ ਵਿਗੜ ਗਈ ਹੈ ਅਤੇ ਓੁਨ੍ਹਾਂ ਦੀ ਪਤਨੀ ਡਿੰਪਲ ਕਪਾਡੀਆ ਹਸਪਤਾਲ ਵਿਚ ਹਾਜ਼ਰ ਹਨ। ਰਾਜੇਸ਼ ਖੰਨਾ ਨੇ ਚਾਰ ਦਿਨਾਂ ਤੋਂ ਕੁੱਝ ਨਹੀਂ ਖਾਧਾ ਹੈ। ਸੂਤਰਾਂ ਅਨੁਸਾਰ ਕੁੱਝ ਮਹੀਨੇ ਪਹਿਲਾਂ ਸਿਹਤ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਭਾਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਅਭਿਨੇਤਾ ਦੀ ਕੁੜੀ ਵੀ ਹਸਪਤਾਲ ਵਿਚ ਮੌਜੂਦ ਸੀ। ਰਾਜੇਸ਼ ਖੰਨਾ 1960 ਅਤੇ 1970 ਦਹਾਕੇ ਦੇ ਸੁਪਰ ਸਟਾਰ ਰਹੇ ਹਨ। 150 ਤੋਂ ਵੱਧ ਫ਼ਿਲਮਾਂ ਕਰਨ ਵਾਲੇ ਰਾਜੇਸ਼ ਖੰਨਾ ਦੀ ਪਤਨੀ ਡਿੰਪਲ ਕਪਾਡੀਆ ਓੁਨ੍ਹਾਂ ਤੋਂ ਵੱਖ ਰਹਿ ਰਹੀ ਹੈ।
ਅੰਮ੍ਰਿਤਸਰ, 21 ਜੂਨ-ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਪ੍ਰੈਲ 'ਚ ਲਈ ਗਈ ਬੀ. ਏ. /ਬੀ. ਐਸ. ਸੀ. ਭਾਗ ਤੀਜਾ, ਬੈਚੂਲਰ ਆਫ ਕਾਮਰਸ ਭਾਗ ਦੂਜਾ, ਪੋਸਟ ਗਰੈਜੂਏਟ ਡਿਪਲੋਮਾ ਇਨ ਵੈੱਬ ਡਿਜਾਈਨਿੰਗ ਅਤੇ ਐਮ. ਏ. (ਮਿਊਜਿਕ ਇੰਸਟਰੂਮੈਂਟਲ) ਸਮੈਸਟਰ ਦੂਜਾ ਦੀਆਂ ਪ੍ਰੀਖਿਆਵਾਂ ਦੇ ਨਤੀਜੇ ਅੱਜ ਇਥੇ ਐਲਾਨ ਦਿੱਤੇ ਗਏ। ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ), ਪ੍ਰੋ. ਆਰ.ਕੇ. ਮਹਾਜਨ ਨੇ ਦੱਸਿਆ ਕਿ ਇਹ ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਵੀ ਉਪਲਬੱਧ ਹੋਣਗੇ।
ਸੰਗਰੂਰ, 21 ਜੂਨ -ਸੰਗਰੂਰ ਪੁਲਿਸ ਨੇ 10 ਜੂਨ ਨੂੰ ਜ਼ਿਲ੍ਹਾ ਮਾਨਸਾ ਦੇ ਜੋਗਾ ਕਸਬੇ ਵਿਚ ਵਾਪਰੇ ਗਊ ਹੱਤਿਆ ਕਾਂਡ ਦੇ ਨਾਮਜ਼ਦ ਕੀਤੇ ਮੁੱਖ ਦੋਸ਼ੀ ਮੁਹੰਮਦ ਦਿਲਸ਼ਾਦ ਹਾਜ਼ੀ ਪੁੱਤਰ ਮੁਹੰਮਦ ਯੂਸਫ਼ ਪਿੰਡ ਬਸੀ ਥਾਣਾ ਸ਼ਾਹਪੁਰ ਜ਼ਿਲ੍ਹਾ ਮੁਜ਼ਫਰਨਗਰ (ਉਤਰ ਪ੍ਰਦੇਸ਼) ਨੂੰ ਉਸ ਦੇ ਇਕ ਸਾਥੀ ਲਤੀਫ਼ ਟੀਟੂ ਵਾਸੀ ਕਿਲਾ ਰਹਿਮਤਗੜ੍ਹ ਮਾਲੇਰਕੋਟਲਾ ਸਮੇਤ ਦਿੱਲੀ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਐਸ. ਐਸ. ਪੀ ਸੰਗਰੂਰ ਸ. ਹਰਚਰਨ ਸਿੰਘ ਭੁੱਲਰ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਹੰਮਦ ਦਿਲਸ਼ਾਦ ਅੱਜ ਕੱਲ੍ਹ ਬਸੰਤ ਨਗਰ ਰਾਮਪੁਰਾ ਰੋਡ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਵਿਚ ਰਹਿ ਰਿਹਾ ਸੀ। ਇਸ ਨੇ ਜੋਗਾ ਕਸਬੇ ਵਿਚ ਇਕ ਬੰਦ ਪਈ ਫੈਕਟਰੀ ਕਿਰਾਏ ਉਤੇ ਲੈ ਕੇ ਪਸ਼ੂਆਂ ਦੀਆਂ ਹੱਡੀਆਂ ਦਾ ਚੂਰਾ ਬਣਾਉਣ ਦਾ ਕੰਮ ਕੀਤਾ ਹੋਇਆ ਸੀ ਅਤੇ ਇਸ ਦੀ ਆੜ ਵਿਚ ਜਿਊਂਦੇ ਪਸ਼ੂਆਂ ਨੂੰ ਮਾਰ ਕੇ ਉਨ੍ਹਾਂ ਦਾ ਗੋਸ਼ਤ ਉਤਰ ਪ੍ਰਦੇਸ਼ ਵਿਚ 40 ਰੁਪਏ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ ਜਦਕਿ ਹੱਡੀਆਂ ਨੂੰ ਵੱਖਰੇ ਤੌਰ 'ਤੇ ਫੈਕਟਰੀਆਂ ਵਿਚ ਵੇਚਦੇ ਸਨ। ਸ. ਭੁੱਲਰ ਨੇ ਦੱਸਿਆ ਕਿ ਇਸ ਕੰਮ ਲਈ ਇਸ ਨੇ ਹੰਸ ਰਾਜ ਵਾਸੀ ਨੂਰਪੁਰਾ ਥਾਣਾ ਭਵਾਨੀਗੜ੍ਹ ਜ਼ਿਲ੍ਹਾ ਸੰਗਰੂਰ ਨੂੰ ਅੱਗੇ ਕੀਤਾ ਹੋਇਆ ਸੀ।
ਲਾਸ ਕਾਬੋਸ, 21 ਜੂਨ -ਜੀ-20 ਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਬੁਨਿਆਦੀ ਢਾਂਚੇ 'ਚ ਨਿਵੇਸ਼ ਨੂੰ ਤਰਜੀਹ ਦੇਣ ਲਈ ਸਹਿਮਤ ਹੋਏ ਹਨ। ਇਹ ਐਲਾਨ ਜੀ-20 ਦੇਸ਼ਾਂ ਦੇ 7ਵੇਂ 2 ਦਿਨਾ ਸਿਖਰ ਸੰਮੇਲਣ ਦੀ ਸਮਾਪਤੀ 'ਤੇ ਜਾਰੀ ਸਾਂਝੇ ਐਲਾਨਨਾਮੇ ਵਿਚ ਕੀਤਾ ਗਿਆ ਹੈ ਜਿਸ ਨੂੰ ਭਾਰਤ ਦੀ ਵੱਡੀ ਸਫਲਤਾ ਵਜੋਂ ਵੇਖਿਆ ਜਾ ਰਿਹਾ ਹੈ। 14 ਸਫ਼ਿਆਂ ਦੇ ਐਲਾਨਨਾਮੇ 'ਚ ਕਿਹਾ ਗਿਆ ਹੈ ਕਿ ਅਸੀਂ ਬੁਨਿਆਦੀ ਢਾਂਚੇ 'ਚ ਨਿਵੇਸ਼ ਸਮੇਤ ਵਿਕਾਸ ਲਈ ਵਧੇਰੇ ਸਾਜਗਾਰ ਮਾਹੌਲ ਬਣਾਉਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ ਕਰਾਂਗੇ। ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਉਹ ਵਿਕਾਸਸ਼ੀਲ ਵਿਸ਼ੇਸ਼ ਤੌਰ 'ਤੇ ਘੱਟ ਆਮਦਨ ਵਾਲੇ ਦੇਸ਼ਾਂ 'ਤੇ ਚੱਲ ਰਹੇ ਸੰਕਟ ਦੇ ਅਸਰ ਨੂੰ ਮਾਨਤਾ ਦਿੰਦੇ ਹਨ। ਆਗੂਆਂ ਨੇ ਮੰਗ ਵਧਾਉਣ, ਵਿਕਾਸ ਲਈ ਭਰੋਸਾ ਬਹਾਲ ਕਰਨ ਤੇ ਵਿੱਤੀ ਸਥਿੱਰਤਾ ਦੇ ਮਕਸਦ ਨਾਲ ਮਿਲਕੇ ਕੰਮ ਕਰਨ ਦਾ ਅਹਿਦ ਲਿਆ ਹੈ। ਐਲਾਨਾਮੇ ਵਿਚ ਕਿਹਾ ਗਿਆ ਹੈ ਕਿ ਸਾਡੀ ਕਾਰਵਾਈ ਯੋਜਨਾ ਨਾਲ ਵਿਸ਼ਵ ਪੱਧਰ 'ਤੇ ਰਹਿਣ ਸਹਿਣ ਦੇ ਹਾਲਾਤ ਵਿਚ ਸੁਧਾਰ ਆਵੇਗਾ । ਵਿਸ਼ੇਸ਼ ਤੌਰ 'ਤੇ ਕੌਮਾਂਤਰੀ ਬਜ਼ਾਰ 'ਚ ਸਥਿਰਤਾ ਆਉਣ ਅਤੇ ਠੋਸ ਵਿਕਾਸ ਨੂੰ ਉਤਸ਼ਾਹਿਤ ਕਰਨ ਨਾਲ ਸਮਾਜ ਦੇ ਕਮਜੋਰ ਵਰਗਾਂ ਨੂੰ ਰਾਹਤ ਮਿਲੇਗੀ। ਐਲਾਨਨਾਮੇ 'ਚ ਕਿਹਾ ਗਿਆ ਹੈ ਕਿ ਅਸੀਂ ਵਿਸ਼ਵ ਵਿਆਪੀ ਵਿਕਾਸ ਤੇ ਗਰੀਬੀ ਘੱਟ ਕਰਨ ਲਈ ਅਹਿਮ ਹਾਂ ਪੱਖੀ ਕਦਮ ਚੁਕਾਂਗੇ। ਹੋਰ ਕਿਹਾ ਗਿਆ ਹੈ ਕਿ ਯੂਰੋ ਖੇਤਰ ਦੇ ਜੀ-20 ਮੈਂਬਰ ਖਿਤੇ ਦੀ ਅਖੰਡਤਾ ਤੇ ਸਥਿੱਰਤਾ ਲਈ ਸਾਰੇ ਲੋੜੀਂਦੇ ਨੀਤੀਗੱਤ ਕੱਦਮ ਚੁੱਕਣਗੇ ਤੇ ਉਹ ਵਿੱਤੀ ਬਜ਼ਾਰ ਦੇ ਕੰਮਕਾਜ਼ ਵਿਚ ਸੁਧਾਰ ਲਿਆਉਣਗੇ। ਜੀ-20 ਦੇਸ਼ਾਂ ਨੇ ਭ੍ਰਿਸ਼ਟਾਚਾਰ ਨਾਲ ਨਿਪਟਣ ਦਾ ਵੀ ਅਹਿਦ ਕੀਤਾ ਹੈ।

ਰਿਓ ਡੀ ਜਨੇਰੀਓ, 21 ਜੂਨ-ਮੈਕਸੀਕੋ ਦੇ ਲਾਸ ਕੋਬਾਸ 'ਚ ਜੀ-20 ਸਿਖਰ ਸੰਮੇਲਨ 'ਚ ਭਾਗ ਲੈਣ ਤੋਂ ਬਾਅਦ ਰਿਓ-20 ਦੇ ਪ੍ਰਿਥਵੀ ਸਿਖਰ ਸੰਮੇਲਨ 'ਚ ਹਿੱਸਾ ਲੈਣ ਲਈ ਬਰਾਜ਼ੀਲ ਪੁੱਜੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਹਾ ਕਿ ਮਹਾਰਾਸ਼ਟਰ ਦੇ ਜੈਤਾਪੁਰ 'ਚ 1650 ਮੈਗਾਵਾਟ ਪੈਦਾਵਾਰ ਵਾਲੀ ਇਕਾਈ ਦੇ ਨਿਰਮਾਣ ਲਈ ਫਰਾਂਸ ਨਾਲ ਭਾਰਤ ਦੇ ਪ੍ਰਮਾਣੂ ਸਮਝੌਤੇ ਦੀ ਯੋਜਨਾ ਨੂੰ ਬਦਲਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਜ਼ਿਕਰਯੋਗ ਹੈ ਕਿ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਮਾਣੂ ਸਮਝੌਤਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਉਹ ਫਰਾਂਸ ਦੇ ਰਾਸ਼ਟਰਪਤੀ ਫ੍ਰਾਂਸਵਾ ਹੋਲਾਂਦ ਨਾਲ ਗੱਲਬਾਤ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਜੀ-20 ਸਿਖਰ ਸੰਮੇਲਨ ਦੌਰਾਨ ਉਨ੍ਹਾਂ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਵੀ ਗੱਲਬਾਤ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ 'ਤੇ ਚਰਚਾ ਕੀਤੀ।

No comments:

Post a Comment