Wednesday, 20 June 2012

ਕੇਂਦਰ ਨੂੰ ਕੋਸਦਿਆਂ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਪੰਜਾਬ ਲਈ 3123.3 ਕਰੋੜ ਰੁਪਏ ਦੇ ਘਾਟੇ ਵਾਲ਼ਾ ਟੈਕਸ-ਫ਼੍ਰੀ ਬਜਟ ਪੇਸ਼

ਚੰਡੀਗੜ੍ਹ, 21 ਜੂਨ: ਅੱਜ 14ਵੀਂ ਵਿਧਾਨ ਸਭਾ ’ਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਨੂੰ ਕੋਸਦਿਆਂ ਸਾਲ 2012-13 ਲਈ 57,648 ਕਰੋੜ ਰੁਪਏ ਦਾ ਆਪਣਾ ਪਹਿਲਾ ਬਜਟ ਪੇਸ਼ ਕੀਤਾ। ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਸਰਕਾਰ ਦੇ ਅੰਦਰੂਨੀ ਸੂਤਰਾਂ ਨੇ ਪਹਿਲਾਂ ਹੀ ਇਹ ਦੱਸ ਦਿੱਤਾ ਸੀ ਕਿ ਇਸ ਵੇਲੇ ਕਿਉਂਕਿ ਦਸੂਹਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਜ਼ਾਬਤਾ ਲਾਗੂ ਹੋ ਚੁੱਕਾ ਹੈ; ਇਸ ਲਈ ਬਜਟ ਵਿੱਚ ਨਾ ਤਾਂ ਕੋਈ ਨਵਾਂ ਟੈਕਸ ਲਾਇਆ ਜਾਵੇਗਾ ਅਤੇ ਨਾ ਹੀ ਪਹਿਲਾਂ ਤੋਂ ਲੱਗੇ ਟੈਕਸਾਂ ਜਾਂ ਡਿਊਟੀਆਂ ਤੋਂ ਆਮ ਜਨਤਾ ਨੂੰ ਕੋਈ ਰਾਹਤ ਦਿੱਤੀ ਜਾਵੇਗੀ ਪਰ ਪਹਿਲਾਂ ਤੋਂ ਲਾਗੂ ਟੈਕਸਾਂ ਰਾਹੀਂ ਪੰਜਾਬ ਸਰਕਾਰ 23,842 ਕਰੋੜ ਰੁਪਏ ਦੀ ਆਮਦਨ ਹੋਵੇਗੀ। ਪੰਜਾਬੀ ਭਾਸ਼ਾ ਵਿੱਚ ਪੇਸ਼ ਕੀਤੇ ਸਾਲਾਨਾ ਬਜਟ ਵਿੱਚ ਸ. ਢੀਂਡਸਾ ਨੇ 3123.31 ਕਰੋੜ ਰੁਪਏ ਦਾ ਵੱਡਾ ਮਾਲੀ ਘਾਟਾ ਵਿਖਾਇਆ ਹੈ ਅਤੇ ਚਾਲੂ ਵਿੱਤੀ ਵਰ੍ਹੇ ਦੌਰਾਨ 130 ਕਰੋੜ ਰੁਪਏ ਦੇ ਘਾਟੇ ਦਾ ਅਨੁਮਾਨ ਲਾਇਆ ਗਿਆ ਹੈ। ਪੰਜਾਬ ਸਰਕਾਰ ਨੇ 15.40 ਲੱਖ ਲੋਕਾਂ ਲਈ ਸਸਤੀ ਆਟਾ-ਦਾਲ਼ ਯੋਜਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਅਤੇ ਉਥੇ ਹੀ ਫ਼ਿਜ਼ੂਲ ਖ਼ਰਚੀਆਂ ਰੋਕ ਕੇ 250 ਕਰੋੜ ਰੁਪਏ ਬਚਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ। ਕੇਂਦਰ ਸਰਕਾਰ ਨੂੰ ਕੋਸਦਿਆਂ ਸ. ਢੀਂਡਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਕੇਂਦਰੀ ਫ਼ੰਡਾਂ ਵਿੱਚ ਬਹੁਤ ਹੀ ਮਾਮੂਲੀ ਜਿਹਾ ਵਾਧਾ ਕੀਤਾ ਹੈ ਅਤੇ ਮਾਲੀ ਘਾਟਾ ਪੰਜਾਬ ਲਈ ਹਮੇਸ਼ਾ ਇੱਕ ਵੱਡੀ ਸਮੱਸਿਆ ਬਣਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਘਾਟੇ ਦਾ ਮੁੱਖ ਕਾਰਣ 1980ਵਿਆਂ ਤੇ 1990ਵਿਆਂ ਦੌਰਾਨ ਚੱਲਿਆ ਅੱਤਵਾਦ ਦਾ ਕਾਲ਼ਾ ਦੌਰ ਰਿਹਾ ਹੈ। 1987 ਤੱਕ ਪੰਜਾਬ ਵਾਧੇ ਵਾਲ਼ਾ ਸੂਬਾ ਸੀ ਪਰ ਅੱਤਵਾਦ
ਕਾਰਣ ਸਾਰਾ ਪਾਸਾ ਹੀ ਪਲਟ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਅੰਨ ਭੰਡਾਰ ਵਿੱਚ ਪੰਜਾਬ ਦੇ ਵਡਮੁੱਲੇ ਯੋਗਦਾਨ ਨੂੰ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਦੀ ਕਰਜ਼ਾ ਮੁਆਫ਼ੀ ਪ੍ਰਤੀ ਵੀ ਕੇਂਦਰ ਦਾ ਰਵੱਈਆ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਨੀਤੀਆਂ ਕਾਰਣ ਹੀ ਪੰਜਾਬ ’ਚ ਸਨਅਤਾਂ ਦਾ ਉਜਾੜਾ ਹੋਇਆ ਹੈ ਕਿਉਂਕਿ ਕੇਂਦਰ ਦੀਆਂ ਨੀਤੀਆਂ ਕਦੇ ਵੀ ਵਿਕਸਤ ਰਾਜਾਂ ਲਈ ਢੁਕਵੀਆਂ ਨਹੀਂ ਰਹੀਆਂ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਸਹੀ ਮੁੱਲ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਮੁਤਾਬਕ ਹੀ ਦਿੱਤਾ ਜਾਣਾ ਚਾਹੀਦਾ ਹੈ। ਪੰਜਾਬ ਵਿੱਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਖੇਤੀਬਾੜੀ ਖੇਤਰ ਦੀ ਵਿਕਾਸ ਦਰ 1.69 ਫ਼ੀ ਸਦੀ ਰਹੀ ਹੈ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਬਰਾਮਦਾਂ ਵਧਾਉਣ ਲਈ ਫ਼ਸਲ ਉਤਪਾਦਨ ਅਤੇ ਸੁਰੱਖਿਆ ਦੀ ਲੋੜ ਹੈ। ਉਂਝ ਪੰਜਾਬ ਵਿੱਚ ਦੁੱਧ ਉਤਪਾਦਨ ’ਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ, ਇਸੇ ਲਈ ਸੂਬੇ ’ਚ ਪਸ਼ੂ ਪਾਲਣ ਵਿਕਾਸ ਲਈ ਰਕਮ
ਵਧਾਈ ਗਈ ਹੈ। ਪੰਜਾਬ ਸਰਕਾਰ ਨੇ ਡੇਅਰੀ ਉਤਪਾਦ ਵਧਾਉਣ ਦਾ ਐਲਾਨ ਵੀ ਕੀਤਾ ਹੈ। ਸਾਲਾਨਾ ਬਜਟ ’ਚ ਸ. ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਨਿੱਤ ਘਟਦੇ ਜਾ ਰਹੇ ਪਾਣੀ ਦੇ ਪੱਧਰ ਉਤੇ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ। ਪੰਜਾਬ ’ਚ ਚਾਰ ਨਹਿਰਾਂ ਨੂੰ ਮੁੜ ਚਾਲੂ ਕੀਤਾ ਜਾਵੇਗਾ ਅਤੇ ਰਾਜਸਥਾਨ ਫ਼ੀਡਰ ਤੇ ਸਰਹਿੰਦ ਫ਼ੀਡਰ ਨੂੰ ਵੀ ਚਾਲੂ ਕੀਤਾ ਜਾਵੇਗਾ। ਮੋਹਾਲ਼ੀ ਅਤੇ ਅੰਮ੍ਰਿਤਸਰ ਨੂੰ ਗਿਆਨ ਦੇ ਧੁਰਿਆਂ ਵਜੋਂ ਵਿਕਸਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਬਿਜਲੀ ਸਪਲਾਈ ਅਤੇ ਹੋਰ ਸਹੂਲਤਾਂ ਉਤੇ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਤੋਂ ਪਹਿਲਾਂ ਆਪਣੇ ਮੈਨੀਫ਼ੈਸਟੋ ਵਿੱਚ ਪੰਜਾਬ ਦੇ ਵਿਦਿਆਰਥੀਆਂ ਨੂੰ ਮੁਫ਼ਤ ਲੈਪਟਾੱਪ ਦੇਣ ਦਾ ਵਾਅਦਾ ਕੀਤਾ ਸੀ ਪਰ ਹੁਣ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬ ਸਰਕਾਰ ਨੇ ਸੂਬੇ ਦੇ 12ਵੀਂ ਜਮਾਤ ਵਿੱਚ ਪੜ੍ਹਦੇ ਡੇਢ ਲੱਖ ਵਿਦਿਆਰਥੀਆਂ ਨੂੰ ਲੈਪਟਾੱਪ ਨਹੀਂ, ਸਗੋਂ ਟੈਬਲੇਟ ਕੰਪਿਊਟਰ ਦੇਣ ਦਾ ਐਲਾਨ ਕੀਤਾ ਹੈ। ਇਹ ਟੈਬਲੇਟ ਦੇਣ ਉਤੇ ਵੀ ਸਰਕਾਰ ਦੇ 110 ਕਰੋੜ ਰੁਪਏ ਖ਼ਰਚ ਹੋ ਜਾਣੇ ਹਨ। ਮੈਨੀਫ਼ੈਸਟੋ ਵਿੱਚ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਸਰਕਾਰ ਨੂੰ ਘੱਟੋ ਘੱਟ 2 ਹਜ਼ਾਰ ਕਰੋੜ ਰੁਪਏ ਲੋੜੀਂਦੇ ਹਨ। ਉਧਰ ਇਸ ਵਿੱਤੀ ਵਰ੍ਹੇ ਦੇ ਅੰਤ ਵਿੱਚ ਪੰਜਾਬ ਸਿਰ ਚੜ੍ਹਿਆ ਕਰਜ਼ਾ 87,518 ਕਰੋੜ ਰੁਪਏ ਦਾ ਹੋ ਜਾਵੇਗਾ। 31 ਮਾਰਚ, 2012 ਨੂੰ ਇਹ ਘਾਟਾ 78,236 ਕਰੋੜ ਰੁਪਏ ਦਾ ਸੀ। ਕਰਜ਼ੇ ਦੇ ਮਾਮਲੇ ਵਿੱਚ ਭਾਰਤ ’ਚ ਪੰਜਾਬ ਦਾ ਸਥਾਨ ਤੀਜਾ ਹੈ। ਪੰਜਾਬ ਵਿੱਚ 6,838 ਕਰੋੜ ਰੁਪਏ ਦੇ ਵੱਡੇ ਮਾਲੀ ਘਾਟੇ ਦੇ ਬਾਵਜੂਦ ਸੂਬੇ ਦੀ ਪ੍ਰਤੀ ਵਿਅਕਤੀ ਸਾਲਾਨਾ ਆਮਦਨ ਵਧ ਕੇ 74,606 ਕਰੋੜ ਰੁਪਏ ਹੋ ਗਈ ਹੈ। ਵੱਡੇ ਮਾਲੀ ਘਾਟੇ ਕਾਰਣ ਇਸ ਵੇਲੇ ਪੰਜਾਬ ’ਚ ਰਕਮ ਉਧਾਰ ਲੈ ਕੇ ਖ਼ਰਚਾ ਕੀਤਾ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ’ਚ ਕਾਂਗਰਸ ਦੇ ਆਗੂ ਸ੍ਰੀ ਸੁਨੀਲ ਜਾਖੜ ਨੇ ਸੂਬੇ ’ਚ ਕਿਸਾਨ ਖ਼ੁਦਕੁਸ਼ੀਆਂ ਦਾ ਮੁੱਦਾ ਉਠਾਇਆ। ਬਜਟ ਦੀਆਂ ਝਲਕੀਆਂ -ਪੰਜਾਬ ਸਰਕਾਰ ਨੇ ਖ਼ੁਦਕੁਸ਼ੀ ਕਰ ਗਏ ਹਰੇਕ ਕਿਸਾਨ ਦੇ ਪਰਿਵਾਰ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ -ਪੰਜਾਬ ਦੇ ਸਰਕਾਰੀ ਸਕੂਲਾਂ ਦੇ 12ਵੀਂ ਜਮਾਤ ’ਚ ਪੜ੍ਹਦੇ 1.5 ਲੱਖ ਵਿਦਿਆਰਥੀਆਂ ਨੂੰ 110 ਕਰੋੜ ਰੁਪਏ ਦੀ ਲਾਗਤ ਨਾਲ਼ ਟੈਬਲੇਟ ਕੰਪਿਊਟਰ ਮਿਲਣਗੇ -ਦੂਜਾ ਪੰਜਾਬ ਗਵਰਨੈਂਸ ਸੁਧਾਰ ਕਮਿਸ਼ਨ ਕਾਇਮ -ਐਨ ਆਰ ਆਈਜ਼ ਅਤੇ ਹੋਰ ਨਾਗਰਿਕਾਂ ਦੀ ਸਹੂਲਤ ਲਈ ਪੰਜਾਬ ’ਚ ਈ-ਸੇਵਾ ਕੇਂਦਰ ਖੋਲ੍ਹੇ ਜਾਣਗੇ -ਆਰਥਿਕ ਸੰਕਟ ਨਾਲ਼ ਜੂਝ ਰਹੀ ਸੂਬਾ ਸਰਕਾਰ ਨੇ ਵਾਹਨਾਂ ਦੀ ਖ਼ਰੀਦ ਉਤੇ ਪਾਬੰਦੀ ਲਾਈ -ਸੂਬੇ ’ਚ ਫ਼ਲਾਈਓਵਰ ਪੁਲ਼ਾਂ ਲਈ 198 ਕਰੋੜ ਰੁਪਏ ਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ 120 ਕਰੋੜ ਰੁਪਏ ਰੱਖੇ -ਵਿੱਤੀ ਸੰਕਟ ਕਾਰਣ ਹੀ ਮੁੱਖ ਸੰਸਦੀ ਸਕੱਤਰਾਂ ਦੇ ਭੱਤੇ ਵਿੱਚ ਸਵੈ-ਇੱਛਾ ਨਾਲ਼ 10 ਫ਼ੀ ਸਦੀ ਕਟੌਤੀ ਦਾ ਪ੍ਰਸਤਾਵ -ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਲਈ 189 ਕਰੋੜ ਰੁਪਏ ਰੱਖੇ, ਜੋ ਜ਼ਿਆਦਾਤਰ ਨਵੀਆਂ ਖੋਜਾਂ ਉਤੇ ਖ਼ਰਚ ਹੋਣੇ ਹਨ -ਪੰਜਾਬ ਦੀਆਂ ਡੇਅਰੀ ਇਕਾਈਆਂ ਦੇ ਆਧੁਨਿਕੀਕਰਣ ਉਤੇ 50 ਕਰੋੜ ਰੁਪਏ ਖ਼ਰਚ ਹੋਣਗੇ -ਖੇਤੀਬਾੜੀ ਉਤੇ ਹੋਣ ਵਾਲ਼ਾ ਖ਼ਰਚਾ ਵਧਾ ਕੇ 52 ਫ਼ੀ ਸਦੀ ਕੀਤਾ ਤੇ ਖੇਤੀਬਾੜੀ ਲਈ 885 ਕਰੋੜ ਰੁਪਏ ਰੱਖੇ -ਲੁਧਿਆਣਾ ’ਚ ਕਣਕ ਅਤੇ ਮੱਕੀ ਖੋਜ ਕੇਂਦਰ ਬਣੇਗਾ -ਤਨਖ਼ਾਹਾਂ ਅਤੇ ਪੈਨਸ਼ਨਾਂ ਦੀ 70 ਫ਼ੀ ਸਦੀ ਬਕਾਇਆ ਰਕਮ ਜਾਰੀ ਕੀਤੀ -ਸਿੰਜਾਈ ਸੁਧਾਰਾਂ ਉਤੇ 48 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ -ਪੰਜਾਬ ’ਚ ਦੇਹਾਤੀ ਵਿਕਾਸ ਉਤੇ ਵਧੇਰੇ ਜ਼ੋਰ ਦਿੱਤਾ ਜਾਵੇਗਾ ਅਤੇ ਇਸ ਲਈ 837 ਕਰੋੜ ਰੁਪਏ ਰੱਖੇ ਗਏ ਹਨ -ਅਜੀਤਗੜ੍ਹ (ਮੋਹਾਲ਼ੀ) ’ਚ 15 ਕਰੋੜ ਰੁਪਏ ਦੀ ਲਾਗਤ ਨਾਲ਼ ਖੇਤੀ ਭਵਨ ਉਸਾਰਿਆ ਜਾਵੇਗਾ -ਗੈਸ ਅਥਾਰਟੀ ਆੱਫ਼ ਇੰਡੀਆ ਲਿਮਟਿਡ ਦੇ ਸਹਿਯੋਗ ਨਾਲ਼ ਰੋਪੜ ’ਚ 1,000 ਮੈਗਾਵਾਟ ਬਿਜਲੀ ਉਤਪਾਦਨ ਦੀ ਸਮਰੱਥਾ ਵਾਲ਼ੇ ਪਲਾਂਟ ਦੀ ਸਥਾਪਨਾ ਕੀਤੀ ਜਾਵੇਗੀ -ਮੋਹਾਲ਼ੀ ਤੇ ਅੰਮ੍ਰਿਤਸਰ ਬਣਨਗੇ ਗਿਆਨ ਦੇ ਧੁਰੇ -ਮੋਹਾਲ਼ੀ ’ਚ 1,600 ਏਕੜ ਜ਼ਮੀਨ ਉਤੇ ਆਈ ਟੀ ਸਿਟੀ ਸਥਾਪਤ ਹੋਵੇਗੀ -ਪੀ ਐਸ ਆਈ ਈ ਸੀ ਫ਼ੋਕਲ ਪੁਆਇੰਟਾਂ ਲਈ ਵਿਸ਼ੇਸ਼ ਵਾਹਨ ਚਲਾਏ ਜਾਣਗੇ -ਪਾਣੀ ਦੀ ਸਪਲਾਈ ਅਤੇ ਸਫ਼ਾਈ ਵਿਵਸਥਾ ਉਤੇ ਵਧੇਰੇ ਖ਼ਰਚ ਹੋਵੇਗਾ -51,049 ਕਰੋੜ ਰੁਪਏ ਦੀ ਲਾਗਤ ਨਾਲ਼ ਪੰਜਾਬ ’ਚ 11 ਮੈਗਾ ਉਦਯੋਗਿਕ ਪਲਾਂਟ ਲਾਏ ਜਾਣਗੇ -ਪੰਜਾਬ ’ਚ 20 ਕਰੋੜ ਰੁਪਏ ਦੀ ਲਾਗਤ ਨਾਲ਼ 4 ਹੋਰ ਇਤਿਹਾਸਕ ਯਾਦਗਾਰਾਂ ਉਸਾਰੀਆਂ ਜਾਣਗੀਆਂ -ਜੰਗਲ਼ਾਤ ਵਿਭਾਗ ਲਈ ਵਧੇਰੇ ਰਕਮ ਰੱਖੀ ਗਈ ਹੈ। ਇਸ ਮਹਿਕਮੇ ਲਈ ਹੁਣ ਰਕਮ 19 ਕਰੋੜ ਰੁਪਏ ਤੋਂ ਵਧਾ ਕੇ 72 ਕਰੋੜ ਰੁਪਏ ਕਰ ਦਿੱਤੀ ਗਈ ਹੈ -ਪੰਜਾਬ ਦੇ 48 ਸਰਕਾਰੀ ਕਾਲਜਾਂ ਵਿੱਚ 115 ਕਰੋੜ ਰੁਪਏ ਦੀ ਲਾਗਤ ਨਾਲ਼ ਕੰਪਿਊਟਰੀਕ੍ਰਿਤ ਪ੍ਰਯੋਗਸ਼ਾਲਾਵਾਂ ਸਥਾਪਤ ਹੋਣਗੀਆਂ -ਪੰਜਾਬ ’ਚ 40 ਕਰੋੜ ਰੁਪਏ ਦੀ ਲਾਗਤ ਨਾਲ਼ ਖੇਡ ਸੰਸਥਾਨ ਕਾਇਮ ਕੀਤਾ ਜਾਵੇਗਾ -ਸੂਬੇ ’ਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਭਰਤੀ ਨਿਰੰਤਰ ਜਾਰੀ ਰਹੇਗੀ -ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਰਵਿਸਜ਼ ਯੂਨੀਵਰਸਿਟੀ ਦੀ ਮਜ਼ਬੂਤੀ ਲਈ 101 ਕਰੋੜ ਰੁਪਏ ਰੱਖੇ ਗਏ ਹਨ -ਉਦਯੋਗਾਂ ਲਈ ਲੈਂਡ ਬੈਂਕ ਰੋਪੜ ਅਤੇ ਕਪੂਰਥਲਾ ’ਚ ਖੋਲ੍ਹੇ ਜਾਣਗੇ -ਸੂਬੇ ਦੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਲਈ 110 ਕਰੋੜ ਰੁਪਏ ਰੱਖੇ ਗਏ ਹਨ -ਮਹਾਰਾਜਾ ਰਣਜੀਤ ਸਿੰਘ ਅਜਾਇਬਘਰ ਲਈ 5 ਕਰੋੜ ਰੁਪਏ ਰੱਖੇ ਗਏ ਹਨ -ਸ਼ਹੀਦ ਫ਼ੌਜੀ ਜਵਾਨਾਂ ਦੇ ਪਰਿਵਾਰਾਂ ਲਈ 2 ਕਰੋੜ ਰੁਪਏ ਰੱਖੇ -ਮਾਨਸਾ, ਤਲਵਾੜਾ, ਜਲਾਲਾਬਾਦ ਅਤੇ ਅਮਰਗੜ੍ਹ ’ਚ ਡਿਗਰੀ ਕਾਲਜ ਸਥਾਪਤ ਹੋਣਗੇ -ਪੰਜਾਬ ’ਚ ਜੈਨਰਿਕ ਦਵਾਈਆਂ ਲਈ 60 ਕਰੋੜ ਰੁਪਏ ਰੱਖੇ ਗਏ ਹਨ -ਸਕੂਲਾਂ ਵਿੱਚ ਪੜ੍ਹਦੀਆਂ ਪੱਛੜੀਆਂ ਜਾਤੀਆਂ ਦੀਆਂ ਲੜਕੀਆਂ ਲਈ 10 ਕਰੋੜ ਰੁਪਏ ਰੱਖੇ ਗਏ ਹਨ -ਅਨੁਸੂਚਿਤ ਜਾਤਾਂ ਅਤੇ ਪੱਟੀਦਰਜ ਕਬੀਲਿਆਂ ਦੇ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਦੀ ਸਹੂਲਤ ਹੋਵੇਗੀ -ਪੰਜਾਬ ਦੀਆਂ ਆਈ ਟੀ ਆਈ ਅਤੇ ਪੌਲੀਟੈਕਨਿਕਸ ਨੂੰ ਅਪਗ੍ਰੇਡ ਕਰਨ ਲਈ 100 ਕਰੋੜ ਰੁਪਏ ਰੱਖੇ -ਪੰਜਾਬ ਦੇ ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਲਈ ਇੰਟਰਨੈਟ ਦੇ ਵਾਈ-ਫ਼ਾਈ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ -ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ’ਚ ਮੌਜੂਦ ਸੂਬੇ ਦੇ ਵਿਭਾਗਾਂ ਅਤੇ ਖ਼ਜ਼ਾਨਿਆਂ ਵਿੱਚ ਕੰਪਿਊਟਰਾਂ ਲਈ 120 ਕਰੋੜ ਰੁਪਏ ਰੱਖੇ ਗਏ ਹਨ -ਹਰੇਕ ਜ਼ਿਲ੍ਹੇ ’ਚ ਪ੍ਰੈਸ ਕਲੱਬਾਂ ਲਈ 2 ਕਰੋੜ ਰੁਪਏ ਰੱਖੇ -ਪੰਜਾਬ ’ਚ ਕੈਂਸਰ ਦੇ ਇਲਾਜ ਲਈ 30 ਕਰੋੜ ਰੁਪਏ ਰੱਖੇ -ਬਠਿੰਡਾ ’ਚ 60 ਕਰੋੜ ਰੁਪਏ ਦੀ ਲਾਗਤ ਨਾਲ਼ ਕੈਂਸਰ ਡਾਇਗਨੌਸਟਿਕ ਐਂਡ ਟ੍ਰੀਟਮੈਂਟ ਸੈਂਟਰ ਕਾਇਮ ਹੋਵੇਗਾ -ਅੰਮ੍ਰਿਤਸਰ ’ਚ ਪੀ ਓ ਡੀ ਕੈਬਸ ਲਈ 198 ਕਰੋੜ ਰੁਪਏ ਰੱਖੇ ਗਏ ਹਨ -ਪੰਜਾਬ ਦੇ 20 ਲੱਖ ਪਰਿਵਾਰਾਂ ਲਈ ਪੈਨਸ਼ਨ ਹੁਣ ਇਲੈਕਟ੍ਰੌਨਿਕ ਬੈਨੇਫ਼ਿਟ ਟ੍ਰਾਂਸਫ਼ਰ ਸਕੀਮ ਰਾਹੀਂ ਮਿਲ਼ੇਗੀ -150 ਕਰੋੜ ਰੁਪਏ ਦੀ ਲਾਗਤ ਨਾਲ਼ ਪਰਿਵਾਰਾਂ ਲਈ ਇੱਕ ਲੱਖ ਪਖਾਨੇ ਮੁਹੱਈਆ ਕਰਵਾਏ ਜਾਣਗੇ -ਲੜਕੀਆਂ ਲਈ ਮੁਫ਼ਤ ਸਿੱਖਿਆ ਜਾਰੀ ਰਹੇਗੀ -ਮਾਈ ਭਾਗੋ ਵਿਦਿਆ ਸਕੀਮ ਅਧੀਨ ਸਕੂਲੀ ਕੁੜੀਆਂ ਨੂੰ ਮੁਫ਼ਤ ਸਾਇਕਲ ਮੁਹੱਈਆ ਕਰਵਾਉਣ ਦੀ ਯੋਜਨਾ ਜਾਰੀ ਰਹੇਗੀ -ਅਨੁਸੂੁਚਿਤ ਜਾਤਾਂ, ਪੱਛੜੀਆਂ ਜਾਤਾਂ ਅਤੇ ਘੱਟ ਗਿਣਤੀਆਂ ਨੂੰ ਵਜ਼ੀਫ਼ੇ ਮਿਲ਼ਦੇ ਰਹਿਣਗੇ -ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਲਈ 5 ਕਰੋੜ ਰੁਪਏ ਰੱਖੇ -ਪੰਜਾਬ ਦੇ 45 ਸ਼ਹਿਰਾਂ ਵਿੱਚ ਸੀਵਰੇਜ ਅਤੇ ਸਫ਼ਾਈ ਵਿਵਸਥਾ ਦੇ ਵਿਸ਼ੇਸ਼ ਆਧੁਨਿਕ ਇੰਤਜ਼ਾਮ ਹੋਣਗੇ -3 ਤਾਪ ਬਿਜਲੀ ਘਰਾਂ ਦੀ ਉਸਾਰੀ ਛੇਤੀ ਮੁਕੰਮਲ ਹੋਵੇਗੀ -ਅੰਮ੍ਰਿਤਸਰ ਸਥਿਤ ਗੋਬਿੰਦਗੜ੍ਹ ਕਿਲੇ ਲਈ 25 ਕਰੋੜ ਰੁਪਏ ਰੱਖੇ

No comments:

Post a Comment