Wednesday, 20 June 2012

ਰਾਸ਼ਟਰਪਤੀ ਚੋਣ ਲਈ ਸੰਗਮਾ ਨੇ ਪਾਰਟੀ ਛੱਡੀ


ਨਵੀਂ ਦਿੱਲੀ, 21 ਜੂਨ-ਰਾਸ਼ਟਰਪਤੀ ਚੋਣ ਲੜਨ ਲਈ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਤੇ ਸਾਬਕਾ ਲੋਕ ਸਭਾ ਸਪੀਕਰ ਪੀ. ਏ. ਸੰਗਮਾ ਨੇ ਅੱਜ ਆਪਣੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੇ ਰਾਸ਼ਟਰਪਤੀ ਚੋਣ 'ਚ ਉਮੀਦਵਾਰ ਬਣਨ ਦੇ ਖਿਲਾਫ ਸੀ। ਉਨ੍ਹਾਂ ਦੇ ਇਸ ਫੈਸਲੇ ਤੋਂ ਬਾਅਦ ਪਾਰਟੀ ਵਲੋਂ ਉਨ੍ਹਾਂ 'ਤੇ ਅਨੁਸ਼ਾਸਨਾਤਮਕ ਕਾਰਵਾਈ ਕਰਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੰਗਮਾ ਨੇ ਅੱਜ ਪਾਰਟੀ ਪ੍ਰਧਾਨ ਸ਼ਰਦ ਪਵਾਰ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਸੰਗਮਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਸੰਗਮਾ ਨੇ ਆਪਣੇ ਅਸਤੀਫ਼ੇ 'ਚ ਲਿਖਿਆ ਕਿ ਮੇਰੇ ਪਾਰਟੀ 'ਚ ਰਹਿੰਦਿਆਂ ਜੋ ਮਾਣ ਮੈਨੂੰ ਪਾਰਟੀ ਨੇ ਦਿੱਤਾ ਹੈ ਮੈਂ ਉਸ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਕੋਲ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਇਲਾਵਾ ਹੋਰ ਕੋਈ ਵਿਕਲਪ ਹੀ ਨਹੀਂ ਹੈ ਅਤੇ ਇਸ ਨਾਲ ਉਨ੍ਹਾਂ ਦਾ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ 'ਚ ਪਾਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਚੋਣਾਂ ਲਈ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਦਾ ਸਮਰਥਨ ਨਾ ਕਰਨਾ ਦੇਸ਼ ਦੇ ਆਦਿਵਾਸੀ ਲੋਕਾਂ ਦੀਆਂ ਭਾਵਨਾਵਾਂ ਨੂੰ ਖਾਰਜ ਕਰਨਾ ਹੈ। ਜ਼ਿਕਰਯੋਗ ਹੈ ਕਿ ਸੰਗਮਾ ਨੇ ਉਸ ਸਮੇਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਦਾ ਸਾਥ ਛੱਡਿਆ ਹੈ, ਜਦੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਦੇ ਰੂਪ 'ਚ ਉਨ੍ਹਾਂ ਨੂੰ ਸਮਰਥਨ ਦੇਣ ਲਈ ਕੌਮੀ ਜਮਹੂਰੀ ਗਠਜੋੜ 'ਚ ਮਤਭੇਦ ਚੱਲ ਰਹੇ ਹਨ, ਜਿੱਥੇ ਭਾਜਪਾ ਸੰਗਮਾ ਨੂੰ ਸਮਰਥਨ ਦੇਣ ਲਈ ਤਿਆਰ ਹੈ। ਇਸ ਤੋਂ ਉਲਟ ਉਨ੍ਹਾਂ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਨੇ ਸੰਗਮਾ ਨੂੰ ਸਮਰਥਨ ਦੇਣ ਤੋਂ ਸਾਫ ਤੌਰ 'ਤੇ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਵਲੋਂ ਯੂ. ਪੀ. ਏ. ਦੇ ਉਮੀਦਵਾਰ ਪ੍ਰਣਾਬ ਮੁਖਰਜੀ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਜਨਤਾ ਦਲ ਯੂਨਾਈਟਿਡ ਪਾਰਟੀ ਵੀ ਸੰਗਮਾ ਦੇ ਨਾਂਅ 'ਤੇ ਰਾਜ਼ੀ ਨਹੀਂ ਹੈ। ਸੰਗਮਾ ਨੇ ਸੰਕੇਤ ਦਿੱਤਾ ਕਿ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਜੈਲਲਿਤਾ ਉਨ੍ਹਾਂ ਦੀ ਉਮੀਦਵਾਰੀ ਲਈ ਉਨ੍ਹਾਂ ਨੂੰ ਪਹਿਲਾਂ ਹੀ ਸਮਰਥਨ ਦੇ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਈ ਗੈਰ ਕਾਂਗਰਸੀ ਨੇਤਾਵਾਂ ਵਲੋਂ ਵੀ ਸਮਰਥਨ ਦਾ ਵਿਸ਼ਵਾਸ ਮਿਲਿਆ ਹੈ। ਜਿਨ੍ਹਾਂ 'ਚ ਐਨ. ਡੀ. ਏ. ਦੀਆਂ ਪਾਰਟੀਆਂ ਵੀ ਸ਼ਾਮਿਲ ਹਨ।
ਸੰਗਮਾ ਦੀ ਕੁੜੀ ਨੂੰ ਦਿੱਤੀ ਚਿਤਾਵਨੀ

ਸੰਗਮਾ ਵਲੋਂ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋਂ ਅਸਤੀਫ਼ੇ ਤੋਂ ਬਾਅਦ ਪਾਰਟੀ ਦੇ ਇਕ ਉੱਘੇ ਨੇਤਾ ਨੇ ਕਿਹਾ ਕਿ ਜੇਕਰ ਸੰਗਮਾ ਦੀ ਬੇਟੀ ਅਗਾਥਾ ਸੰਗਮਾ ਰਾਸ਼ਟਰਪਤੀ ਚੋਣ 'ਚ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਦੀ ਹੈ ਤਾਂ ਉਨ੍ਹਾਂ ਨੂੰ ਕੇਂਦਰੀ ਮੰਤਰੀ ਮੰਡਲ 'ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਹਾਲਾਂ ਕਿ ਕਾਂਗਰਸ ਵਲੋਂ ਅਗਾਥਾ ਦੇ ਮਾਮਲੇ 'ਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ।

No comments:

Post a Comment