Wednesday, 20 June 2012

ਜਾਅਲੀ ਪਾਸਪੋਰਟ ਤਿਆਰ ਕਰਨ ਵਾਲੇ ਟਰੈਵਲ ਏਜੰਟਾਂ ਦਾ ਗਰੋਹ ਬੇਨਕਾਬ

ਅੰਮ੍ਰਿਤਸਰ, 21 ਜੂਨ -ਅੰਮ੍ਰਿਤਸਰ ਪੁਲਿਸ ਨੇ ਜਾਅਲੀ ਪਾਸਪੋਰਟ ਤਿਆਰ ਕਰਕੇ ਵਿਦੇਸ਼ਾਂ 'ਚ ਭੇਜਣ ਵਾਲੇ ਟਰੈਵਲ ਏਜੰਟਾਂ ਦੇ ਗਰੋਹ ਦੇ 7 ਮੈਂਬਰਾਂ ਸਮੇਤ 9 ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿੰਨ੍ਹਾਂ 'ਚ ਇਕ ਏਅਰਲਾਈਨ ਦਾ ਮੈਨੇਜਰ ਤੇ ਜਲੰਧਰ ਪੁਲਿਸ ਦਾ ਹਵਾਲਦਾਰ ਵੀ ਸ਼ਾਮਿਲ ਹੈ। ਪੁਲਿਸ ਵੱਲੋਂ ਇਸ ਦੇ ਨਾਲ ਹੀ ਅਫ਼ਗਾਨਿਸਤਾਨ ਦੇ ਪਤੀ-ਪਤਨੀ ਨੂੰ ਜਾਅਲੀ ਭਾਰਤੀ ਪਾਸਪੋਰਟ ਹਾਸਲ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਕਮਿਸ਼ਨਰ ਆਰ. ਪੀ. ਮਿੱਤਲ ਨੇ ਅੱਜ ਇੱਥੇ ਕਰਵਾਏ ਪੱਤਰਕਾਰ ਸੰਮੇਲਨ 'ਚ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਥਾਣਾ ਸਿਵਲ ਲਾਈਨ ਦੇ ਮੁਖੀ ਸੁਖਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੁਲਿਸ ਪਾਰਟੀ ਵੱਲੋਂ ਉਕਤ ਗਰੋਹ ਨੂੰ ਦਬੋਚਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਅਫ਼ਗਾਨੀ ਪਤੀ-ਪਤਨੀ ਜੋ ਪਿਛਲੇ 20 ਸਾਲਾਂ 'ਤੋਂ ਸ਼ਰਨਾਰਥੀ ਦੇ ਤੌਰ 'ਤੇ ਦਿੱਲੀ 'ਚ ਰਹਿ ਰਹੇ ਸਨ, ਨੂੰ ਉਕਤ ਗਰੋਹ ਵੱਲੋਂ ਮੋਟੀ ਰਕਮ ਵਸੂਲ ਕਰਕੇ ਜਾਅਲੀ ਪਾਸਪੋਰਟ ਤਿਆਰ ਕਰਕੇ ਦਿੱਤੇ ਸਨ, ਜੋ ਵਿਦੇਸ਼ 'ਚ ਦੋਹਾਂ ਕਤਰ ਵੀ ਪੁੱਜ ਗਏ ਸਨ ਪਰ ਪੁਲਿਸ ਨੇ ਇੰਨ੍ਹਾਂ ਨੂੰ ਵਾਪਸ ਭਾਰਤ ਮੰਗਵਾ ਕੇ ਗ੍ਰਿਫ਼ਤਾਰ ਕਰ ਲਿਆ ਹੈ, ਜਿੰਨ੍ਹਾਂ ਦੀ ਪਹਿਚਾਨ ਪ੍ਰੀਤਮ ਸਿੰਘ ਅਤੇ ਉਸਦੀ ਪਤਨੀ ਅਜੀਤ ਕੌਰ ਦੋਵੇਂ ਵਾਸੀਆਂ ਅਫ਼ਗਾਨਿਸਤਾਨ ਵਜੋਂ ਹੋਈ ਹੈ। ਜਦ ਕਿ ਗ੍ਰਿਫ਼ਤਾਰ ਕੀਤੇ ਕਥਿਤ ਟਰੈਵਲ ਏਜੰਟਾਂ ਗਰੋਹ ਦੇ ਮੈਂਬਰਾਂ ਦੀ ਪਹਿਚਾਨ ਅਨਿਲ ਕੁਮਾਰ ਵਾਸੀ ਸਰੋਜਨੀ ਨਗਰ ਦਿੱਲੀ, ਦਿਨੇਸ਼ ਕੁਮਾਰ ਵਾਸੀ ਕਾਂਗੜਾ ਕਾਲੌਨੀ ਅੰਮ੍ਰਿਤਸਰ, ਕੁਲਬੀਰ ਸਿੰਘ ਵਾਸੀ ਪਿੰਡ ਮੁਛੜ ਅੰਮ੍ਰਿਤਸਰ, ਤੇਜਿੰਦਰ ਸਿੰਘ ਵਾਸੀ ਕਰੋਲ ਬਾਗ ਜਲੰਧਰ, ਗਗਨ ਜੋਸ਼ੀ ਵਾਸੀ ਅਰਬਨ ਅਸਟੇਟ ਜਲੰਧਰ, ਕੁਲਦੀਪ ਸ਼ਰਮਾ ਕਾਲੀਆ ਕਾਲੌਨੀ ਜਲੰਧਰ, ਮਨਿੰਦਰ ਸਿੰਘ ਉਰਫ਼ ਰੋਜੀ ਮੁਖਰਜੀ ਪਾਰਕ ਦਿੱਲੀ ਵਜੋਂ ਦੱਸੀ ਗਈ। ਪੁਲਿਸ ਮੁਤਾਬਕ ਇਨ੍ਹਾਂ ਪਾਸੋਂ 2 ਲੱਖ ਰੁਪਏ ਵੀ ਬਰਾਮਦ ਹੋਏ ਹਨ ਜੋ ਇਨ੍ਹਾਂ ਨੇ ਟਿਕਟਾਂ ਖਰੀਦਣ ਲਈ ਹਾਸਲ ਕੀਤੇ ਸਨ। ਪੁੱਛਗਿੱਛ ਦੌਰਾਨ ਹੋਰ ਅਹਿਮ ਇੰਕਸਾਫ਼ ਹੋਣ ਦੀ ਸੰਭਾਵਨਾ ਹੈ। ਗ੍ਰਿਫ਼ਤਾਰ ਕੀਤੇ ਮੈਂਬਰਾਂ 'ਚੋਂ ਦਿਨੇਸ਼ ਨਾਮਕ ਇਕ ਮੈਂਬਰ ਤੁਰਮਿਸਤਾਨ ਏਅਰਲਾਈਨ ਦੇ ਅੰਮ੍ਰਿਤਸਰ ਦਫ਼ਤਰ ਦਾ ਮੈਨੇਜਰ ਦੱਸਿਆ ਗਿਆ ਹੈ।

No comments:

Post a Comment