Wednesday, 20 June 2012

ਇਨਸਾਫ ਮਾਰਚ 'ਚ ਸ਼ਾਮਲ ਹੋਣ ਜਾਂਦੇ ਬਾਬਾ ਦਾਦੂਵਾਲ ਗ੍ਰਿਫਤਾਰ

ਤਲਵੰਡੀ ਸਾਬੋ - ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜ਼ਿੰਦਾ ਸ਼ਹੀਦ ਐਲਾਨੇ ਗਏ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਸਲੇ ਵਿਚ 21 ਮਾਰਚ ਨੂੰ ਗੁਰਦਾਸਪੁਰ ਵਿਖੇ ਸ਼ਹੀਦ ਹੋਣ ਵਾਲੇ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜ਼ਾ ਦੁਆਉਣ ਲਈ ਸਮੂਹ ਪੰਥਕ ਜਥੇਬੰਦੀਆਂ ਵਲੋਂ ਅੱਜ ਪਿੰਡ ਚੌੜ ਸਿੱਧਵਾਂ ਤੋਂ ਗੁਰਦਾਸਪੁਰ ਤੱਕ ਕੱਢੇ ਜਾਣ ਵਾਲੇ ਇਨਸਾਫ ਮਾਰਚ ਵਿਚ ਸ਼ਾਮਲ ਹੋਣ ਲਈ ਜਾ ਰਹੇ ਉੱਘੇ ਸਿੱਖ ਪ੍ਰਚਾਰਕ ਅਤੇ ਪੰਥਕ ਸੇਵਾ ਲਹਿਰ ਦੇ ਮੁਖੀ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਪੁਲਸ ਨੇ ਉਨ੍ਹਾਂ ਦੇ ਹੈੱਡਕੁਆਟਰ ਗੁਰਦੁਆਰਾ ਜੰਡਾਲੀਸਰ ਸਾਹਿਬ ਤੋਂ ਬਾਹਰ ਨਿਕਲਦਿਆਂ ਹੀ ਗ੍ਰਿਫਤਾਰ ਕਰ ਲਿਆ ।
ਜ਼ਿਕਰਯੋਗ ਹੈ ਕਿ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਸਜ਼ਾ ਦੁਆਉਣ ਲਈ ਅਤੇ ਉਸੇ ਦਿਨ ਸ਼ਿਵ ਸੈਨਾ ਦੇ ਕਾਰਕੁੰਨਾਂ ਵਲੋਂ ਦਸਤਾਰ ਦੀ ਬੇਅਦਬੀ ਕਰਨ ਦਾ ਇਨਸਾਫ ਲੈਣ ਲਈ ਪੰਥਕ ਜਥੇਬੰਦੀਆਂ ਨੇ ਇਨਸਾਫ ਮਾਰਚ ਦਾ ਆਯੋਜਨ ਕੀਤਾ ਸੀ । ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਵੀ ਉਕਤ ਮਾਰਚ ਨੂੰ ਸਮੱਰਥਨ ਦਿੱਤਾ ਹੋਇਆ ਸੀ ਅਤੇ ਅੱਜ ਉਨ੍ਹਾਂ ਉਕਤ ਮਾਰਚ ਵਿਚ ਸ਼ਾਮਿਲ ਹੋਣ ਲਈ ਗੁਰਦਾਸਪੁਰ ਵੱਲ ਰਵਾਨਾ ਹੋਣਾ ਸੀ । ਪੁਲਸ ਨੇ ਬੀਤੀ ਦੇਰ ਸ਼ਾਮ ਤੋਂ ਹੀ ਸੰਤ ਦਾਦੂਵਾਲ ਦੇ ਹੈੱਡਕੁਆਟਰ ਗੁਰਦੁਆਰਾ ਜੰਡਾਲੀਸਰ ਸਾਹਿਬ (ਪਾ. 10ਵੀਂ) ਕੋਟਸ਼ਮੀਰ ਨੂੰ ਘੇਰਿਆ ਹੋਇਆ ਸੀ ਅਤੇ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ ਦੀ ਨਾਕਾਬੰਦੀ ਕੀਤੀ ਹੋਈ ਸੀ। ਸਵੇਰੇ ਕਰੀਬ 9 ਕੁ ਵਜੇ ਜਦੋਂ ਸੰਤ ਦਾਦੂਵਾਲ ਆਪਣੇ ਜਥੇ ਸਮੇਤ ਪਹਿਲਾਂ ਮਿੱਥੇ ਪ੍ਰੋਗਰਾਮ ਅਨੁਸਾਰ ਗੁਰਦਾਸਪੁਰ ਵੱਲ ਰਵਾਨਾ ਹੋਣ ਲੱਗੇ ਤਾਂ ਗੁਰਦੁਆਰਾ ਸਾਹਿਬ ਦੇ ਬਾਹਰ ਐੱਸ. ਪੀ. (ਐੱਚ) ਬਠਿੰਡਾ ਅਮਰਜੀਤ ਸਿੰਘ ਦੀ ਅਗਵਾਈ ਵਿਚ ਭਾਰੀ ਗਿਣਤੀ ਵਿਚ ਪੁੱਜੀ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਜਾਣ ਲਈ ਕਿਹਾ ਪ੍ਰੰਤੂ ਸੰਤ ਦਾਦੂਵਾਲ ਗੁਰਦਾਸਪੁਰ ਜਾਣ ਲਈ ਅੜੇ ਰਹੇ। ਅੰਤ ਪੁਲਸ ਪਾਰਟੀ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ।
ਇਸ ਮੌਕੇ ਸੰਤ ਦਾਦੂਵਾਲ ਨੂੰ ਗ੍ਰਿਫਤਾਰ ਕਰਨ ਵਾਲੇ ਐੱਸ. ਪੀ. (ਐੱਚ) ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਅਮਨ ਸ਼ਾਂਤੀ ਬਣਾਏ ਰੱਖਣ ਲਈ ਹੀ ਸੰਤ ਦਾਦੂਵਾਲ ਨੂੰ ਗ੍ਰਿਫਤਾਰ ਕੀਤਾ ਗਿਆ।  ਸੰਗਤ ਮੰਡੀ ਤੋਂ ਮਨਜੀਤ ਅਨੁਸਾਰ   ਸੰਤ ਬਲਜੀਤ ਸਿੰਘ ਨੂੰ ਗਿਫ੍ਰਤਾਰ ਕਰਕੇ ਪੁਲਸ ਥਾਣਾ ਨੰਦਗੜ੍ਹ ਦੇ ਰੈਸਟ ਹਾਊਸ 'ਚ ਲੈ ਆਈ।
ਥਾਣਾ ਇੰਚਾਰਜ ਪਰਮਜੀਤ ਸਿੰਘ ਡੋਡ ਨੇ ਦੱਸਿਆ ਕਿ ਇਨਸਾਫ ਮਾਰਚ ਨੂੰ ਅਸਫ਼ਲ ਬਣਾਉਣ ਲਈ ਸੰਤ ਬਲਜੀਤ ਸਿੰਘ ਖਾਲਸਾ ਦਾਦੂਵਾਲ ਨੂੰ ਰੈਸਟ ਹਾਊਸ 'ਚ ਰੱਖਿਆ ਗਿਆ ਹੈ ਅਤੇ ਮਾਰਚ ਦੀ ਸਮਾਪਤੀ ਦੇ ਤੁਰੰਤ ਬਾਅਦ ਇਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ।

No comments:

Post a Comment