Saturday, 5 October 2013



ਅੱਤਵਾਦ ਦਾ ਬੁਨਿਆਦੀ ਢਾਂਚਾ ਖਤਮ ਕਰੇ ਪਾਕਿਸਤਾਨ-ਮੁਖਰਜੀ

ਇਸਤੰਬੁਲ, 5 ਅਕਤੂਬਰ (ਪੀ. ਟੀ. ਆਈ.)-ਪਾਕਿਸਤਾਨ 'ਤੇ ਵਰ੍ਹਦੇ ਹੋਏ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਕਿਹਾ ਕਿ ਜਦੋਂ ਤਕ ਉਹ ਆਪਣੀ ਜ਼ਮੀਨ 'ਤੇ ਅੱਤਵਾਦ ਦਾ ਬੁਨਿਆਦੀ ਢਾਂਚਾ ਨਸ਼ਟ ਨਹੀਂ ਕਰਦਾ ਉਦੋਂ ਤਕ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਵਿਚ ਪ੍ਰਗਤੀ ਦੀ ਕੋਈ ਆਸ ਨਹੀਂ। ਤੁਰਕਿਸ਼ ਅਕਬਾਰ 'ਟੂਡੇਜ਼ ਜ਼ਮਾਨ' ਨਾਲ ਇਕ ਮੁਲਾਕਾਤ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਤੋਂ ਮੰਗ ਕਰਦੇ ਹਾਂ ਕਿ ਉਹ ਅੱਤਵਾਦੀ ਸੰਗਠਨਾਂ ਵਲੋਂ ਉਸ ਦੀ ਜ਼ਮੀਨ 'ਤੇ ਉਸਾਰੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਕੀਤਾ ਵਾਅਦਾ ਨਿਭਾਏ ਕਿ ਉਹ ਅੱਤਵਾਦੀਆਂ ਨੂੰ ਭਾਰਤ ਦੇ ਖਿਲਾਫ ਅੱਤਵਾਦੀ ਕਾਰਵਾਈਆਂ ਲਈ ਆਪਣੀ ਜ਼ਮੀਨ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ। ਜਦੋਂ ਤਕ ਸੁਖਾਵਾਂ ਮਾਹੌਲ ਪੈਦਾ ਨਹੀਂ ਕੀਤਾ ਜਾਂਦਾ ਉਦੋਂ ਤਕ ਤੁਸੀਂ ਦੂਸਰੇ ਵਿਕਾਸ ਬਾਰੇ ਕਿਵੇਂ ਗੱਲ ਕਰ ਸਕਦੇ ਹੋ. ਇਸ ਲਈ ਅਸੀਂ ਆਸ ਕਰਦੇ ਹਾਂ ਕਿ ਜੋ ਕੁਝ ਨਵਾਜ਼ ਸ਼ਰੀਫ ਨੇ ਕਿਹਾ ਹੈ ਉਸ ਨੂੰ ਉਹ ਲਾਗੂ ਕਰਨ ਦਾ ਯਤਨ ਕਰਨਗੇ। ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਵਲੋਂ ਇਸ ਵਿਸ਼ੇ 'ਤੇ ਗੰਭੀਰ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਭਾਰਤ ਖਿਲਾਫ ਬਹੁਤੀਆਂ ਅੱਤਵਾਦੀ ਕਾਰਵਾਈਆਂ ਉਨ੍ਹਾਂ ਇਲਾਕਿਆਂ ਤੋਂ ਹੋ ਰਹੀਆਂ ਹਨ ਜਿਹੜੇ ਪਾਕਿਸਤਾਨ ਦੇ ਕਬਜ਼ੇ ਹੇਠ ਹਨ। ਉਨ੍ਹਾਂ ਕਿਹਾ ਕਿ ਆਉ ਗੱਲਬਾਤ ਲਈ ਢੁਕਵਾਂ ਮਾਹੌਲ ਪੈਦਾ ਕਰੀਏ।

No comments:

Post a Comment