Sunday, 29 January 2012


ਡਾਕਟਰ ਹੜਤਾਲ 'ਤੇ ਗਏ ਤਾਂ ਹੱਥ ਕੱਟ ਦਿਆਂਗੇ-ਚੋਬੇ

ਪਟਨਾ, 29 ਜਨਵਰੀ -ਬਿਹਾਰ ਦੇ ਸਿਹਤ ਮੰਤਰੀ ਅਸ਼ਵਨੀ ਕੁਮਾਰ ਚੋਬੇ ਨੇ ਹੜਤਾਲ ਦੀ ਧਮਕੀ ਦੇਣ ਵਾਲੇ ਜੂਨੀਅਰ ਡਾਕਟਰਾਂ ਦੇ ਹੱਥ ਕੱਟ ਦੇਣ ਦੀ ਧਮਕੀ ਦਿੱਤੀ ਹੈ। ਚੋਬੇ ਨੇ ਸਨਿਚਰਵਾਰ ਨੂੰ ਲੋਕ ਸਿਹਤ ਜਾਗਰੂਕਤਾ ਯਾਤਰਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਡਾਕਟਰਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਣਾ ਹੋਵੇਗਾ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਨਿੱਜੀ ਪ੍ਰੈਕਟਿਸ ਤੋਂ ਕੋਈ ਨਹੀਂ ਰੋਕ ਰਿਹਾ, ਪਰ ਹਸਪਤਾਲ ਦਾ ਕੰਮ ਛੱਡ ਕੇ ਨਿੱਜੀ ਪ੍ਰੈਕਟਿਸ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਚੋਬੇ ਨੇ ਕਿਹਾ ਕਿ ਲੋਕਾਂ ਦੇ ਕਲਿਆਣ ਦੀ ਜੋ ਵਿਵਸਥਾ ਹੈ, ਉਸ ਨੂੰ ਜੇਕਰ ਤੁਸੀਂ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਹੱਥ ਕੱਟਣਾ ਜਾਣਦੇ ਹਾਂ। ਜ਼ਿਕਰਯੋਗ ਹੈ ਕਿ ਤਨਖਾਹ ਵਧਾਏ ਜਾਣ ਦੀ ਮੰਗ ਨੂੰ ਲੈ ਕੇ ਜੂਨੀਅਰ ਡਾਕਟਰਾਂ ਨੇ 31 ਜਨਵਰੀ ਤੋਂ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਜਦੋਂ ਇਸ ਬਿਆਨ ਸਬੰਧੀ ਸਿਹਤ ਮੰਤਰੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਤਾਂ ਕੇਵਲ ਇਕ ਉਦਾਹਰਣ ਦੇ ਕੇ ਡਾਕਟਰਾਂ ਨੂੰ ਸਜ਼ਾ ਦੇਣ ਦੀ ਕਾਰਵਾਈ ਕਰਨ 'ਤੇ ਜੂਨੀਅਰ ਡਾਕਟਰਾਂ ਦੇ ਹੱਥ ਕੱਟਣ ਸਬੰਧੀ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੂਨੀਅਰ ਡਾਕਟਰਾਂ ਵੱਲੋਂ ਤਨਖਾਹਾਂ ਵਧਾਉਣ ਦੀ ਮੰਗ ਦੇ ਚਲਦਿਆਂ ਸਿਹਤ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ। ਵਿਧਾਨ ਸਭਾ ਪ੍ਰੀਸ਼ਦ ਦੇ ਸਭਾਪਤੀ ਤਾਰਾਕਾਂਤ ਝਾਅ, ਜਿਨ੍ਹਾਂ ਨੇ ਕੱਲ੍ਹ ਪ੍ਰੋਗਰਾਮ ਨੂੰ ਸੰਬੋਧਨ ਕੀਤਾ, ਨੇ ਕਿਹਾ ਸੀ ਕਿ ਪੇਂਡੂ ਇਲਾਕਿਆਂ 'ਚ ਸਿਹਤ ਸੇਵਾਵਾਂ ਚੰਗੇ ਮਿਆਰ ਦੀਆਂ ਨਹੀਂ ਹਨ ਅਤੇ ਸਿਹਤ ਮੰਤਰੀ ਨੂੰ ਬਿਹਾਰ ਵਿਚ ਸਿਹਤ ਸੇਵਾਵਾਂ ਨੂੰ ਸੁਧਾਰਨ ਲਈ ਕਾਰਜ ਯੋਜਨਾ ਲਈ ਸਲਾਹ ਦਿੱਤੀ ਸੀ। ਪ੍ਰੋਗਰਾਮ ਵਿਚ ਇਸ ਤੋਂ ਇਲਾਵਾ ਸਪੀਕਰ ਉਦੈ ਨਰਾਇਣ ਚੌਧਰੀ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ, ਸ਼ਹਿਰੀ ਵਿਕਾਸ ਮੰਤਰੀ ਪ੍ਰੇਮ ਕੁਮਾਰ ਨੇ ਵੀ ਸੰਬੋਧਨ ਕੀਤਾ।
ਇਸਲਾਮਾਬਾਦ, 29 ਜਨਵਰੀ -ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਇਮਾਨਦਾਰ ਵਿਅਕਤੀ ਦੱਸਿਆ ਹੈ ਅਤੇ ਕਿਹਾ ਕਿ ਉਹ ਪਾਕਿਸਤਾਨ ਦੇ ਨਾਲ ਕਸ਼ਮੀਰ ਸਮੇਤ ਸਾਰੇ ਮੁੱਦਿਆਂ ਦਾ ਹੱਲ ਚਾਹੁੰਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਭਾਰਤ ਨਾਲ ਗੱਲਬਾਤ ਸ਼ੁਰੂ ਹੋ ਗਈ ਹੈ ਅਤੇ ਇਕ-ਦੂਜੇ ਨਾਲ ਵਪਾਰਕ ਸਬੰਧ ਸਮਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਉਹ ਸਵਿਟਜ਼ਰਲੈਂਡ ਦੇ ਡਾਵੋਸ ਸ਼ਹਿਰ ਵਿਚ ਆਏ ਹੋਏ ਹਨ।
ਨਵੀਂ ਦਿੱਲੀ, 29 ਜਨਵਰੀ -ਵੱਡੀ ਗਿਣਤੀ ਵਿਚ ਸੀਨੀਅਰ ਸਰਕਾਰੀ ਅਧਿਕਾਰੀਆਂ ਵੱਲੋਂ ਚੋਣ ਅਖਾੜੇ ਵਿਚ ਕੁੱਦਣ ਤੋਂ ਚਿੰਤਤ ਚੋਣ ਕਮਿਸ਼ਨ ਨੇ ਸਰਕਾਰ ਨੂੰ ਕਿਹਾ ਕਿ ਉਹ ਇਨ੍ਹਾਂ ਅਧਿਕਾਰੀਆਂ ਨੂੰ ਸਰਕਾਰੀ ਨੌਕਰੀ ਛੱਡਣ ਅਤੇ ਕਿਸੇ ਰਾਜਸੀ ਪਾਰਟੀ ਵਿਚ ਸ਼ਾਮਿਲ ਹੋਣ ਲਈ ਸਮੇਂ ਦੀ ਸ਼ਰਤ ਲਾਵੇ। ਹਾਲ ਹੀ ਵਿਚ ਕਰਮਚਾਰੀ ਵਿਭਾਗ ਨੂੰ ਇਸ ਸਬੰਧੀ ਚੋਣ ਕਮਿਸ਼ਨ ਦਾ ਪੱਤਰ ਮਿਲਿਆ ਹੈ, ਜਿਸ ਵਿਚ ਉਸ ਨੇ ਆਈ. ਏ. ਐਸ., ਆਈ. ਪੀ. ਐਸ. ਅਤੇ ਦੂਸਰੇ ਏ ਕਲਾਸ ਅਧਿਕਾਰੀਆਂ ਦੇ ਸੇਵਾ ਨਿਯਮਾਂ ਵਿਚ ਸੋਧਾਂ ਦਾ ਸੁਝਾਅ ਦਿੱਤਾ ਹੈ। ਮੌਜੂਦਾ ਸਮੇਂ ਸੇਵਾ ਨਿਯਮਾਂ ਮੁਤਾਬਕ ਇਕ ਸਰਕਾਰੀ ਅਧਿਕਾਰੀ ਆਪਣੀ ਸੇਵਾ-ਮੁਕਤੀ ਤੋਂ ਇਕ ਸਾਲ ਤੱਕ ਕੋਈ ਪ੍ਰਾਈਵੇਟ ਨੌਕਰੀ ਨਹੀਂ ਕਰ ਸਕਦਾ, ਪਰ ਰਾਜਸੀ ਪਾਰਟੀਆਂ ਜਾਂ ਸਰਗਰਮ ਰਾਜਨੀਤੀ ਵਿਚ ਹਿੱਸਾ ਲੈਣ ਸਬੰਧੀ ਕੋਈ ਨਿਯਮ ਮੌਜੂਦ ਨਹੀਂ। ਕਮਿਸ਼ਨ ਨੇ ਕਰਮਚਾਰੀ ਅਤੇ ਸਿਖਲਾਈ ਵਿਭਾਗ ਨੂੰ ਸੁਝਾਅ ਦਿੱਤਾ ਕਿ ਉਹ ਇਨ੍ਹਾਂ ਅਧਿਕਾਰੀਆਂ ਨੂੰ ਸੇਵਾ-ਮੁਕਤੀ ਤੋਂ ਪਿੱਛੋਂ ਕੁਝ ਅਰਸਾ ਰਾਜਨੀਤੀ ਤੋਂ ਦੂਰ ਰੱਖਣ ਲਈ ਸੇਵਾ-ਨਿਯਮਾਂ 'ਚ ਸੋਧ ਕਰੇ, ਤਾਂ ਜੋ ਉਹ ਸਰਕਾਰੀ ਅਧਿਕਾਰੀ ਵਜੋਂ ਆਪਣੇ ਸੇਵਾ ਕਾਲ ਦੌਰਾਨ ਨਿਰਪੱਖ ਰਹਿਣ ਅਤੇ ਇਮਾਨਦਾਰੀ ਨਾਲ ਫ਼ੈਸਲੇ ਲੈਣ।
ਨਵੀਂ ਦਿੱਲੀ, 29 ਜਨਵਰੀ-ਪ੍ਰਾਵੀਡੈਂਟ ਫੰਡ ਸੰਸਥਾ ਦਾ ਪੀ. ਐਫ. ਓ. ਤਹਿਤ ਪੈਨਸ਼ਨ ਪਾਉਣ ਵਾਲਿਆਂ ਨੂੰ ਜਲਦੀ ਹੀ ਖੁਸ਼ਖਬਰੀ ਮਿਲ ਸਕਦੀ ਹੈ। ਈ. ਪੀ. ਐਫ. ਓ. 1000 ਰੁਪਏ ਮਾਸਿਕ ਪੈਨਸ਼ਨ ਨਿਰਧਾਰਤ ਕਰ ਸਕਦਾ ਹੈ। ਕੇਂਦਰੀ ਬੋਰਡ ਆਫ ਟਰੱਸਟੀ ਦੀ 22 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਵਿਚ ਇਸ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਜੇਕਰ ਇਹ ਫੈਸਲਾ ਹੁੰਦਾ ਹੈ ਤਾਂ ਪੈਨਸ਼ਨਰਾਂ ਦੀ ਬੇਸਿਕ ਤਨਖਾਹ ਅਤੇ ਮਹਿੰਗਾਈ ਭੱਤੇ ਦੇ ਲਈ ਇਸ ਤੋਂ ਇਲਾਵਾ 0.63 ਪ੍ਰਤੀਸ਼ਤ ਦਾ ਭਾਰ ਪਵੇਗਾ। ਸੀ. ਬੀ. ਟੀ. ਕਰਮਚਾਰੀ ਵਰਤਮਾਨ ਪ੍ਰਾਵੀਡੈਂਟ ਫੰਡ ਸੰਗਠਨ ਦਾ ਮੁੱਖ ਫੈਸਲਾ ਹੈ। ਸੂਤਰਾਂ ਦੇ ਮੁਤਾਬਿਕ ਦਸੰਬਰ ਵਿਚ ਹੋਈ ਸੀ. ਬੀ. ਟੀ. ਦੀ ਬੈਠਕ ਵਿਚ ਇਹ ਫੈਸਲਾ ਰੱਦ ਕਰ ਦਿੱਤਾ ਗਿਆ ਸੀ। ਸੂਤਰਾਂ ਦੇ ਮੁਤਾਬਿਕ 22 ਫਰਵਰੀ ਨੂੰ ਹੋਣ ਵਾਲੀ ਮੀਟਿੰਗ ਦਾ ਮੁੱਦਾ ਨਿਰਧਾਰਤ ਨਹੀਂ ਹੋਇਆ ਹੈ, ਪਰ ਮੁੱਦੇ 'ਤੇ ਚਰਚਾ ਜ਼ਰੂਰ ਹੋਵੇਗੀ। 31 ਮਾਰਚ 2010 ਤੱਕ ਦੇ ਅੰਕੜਿਆਂ ਅਨੁਸਾਰ ਈ. ਪੀ. ਐਫ. ਓ. ਵਿਚ 35 ਲੱਖ ਪੈਨਸ਼ਨਰ ਦਰਜ ਹਨ। ਇਨ੍ਹਾਂ ਵਿਚੋਂ 14 ਲੱਖ ਨੂੰ ਹਰ ਮਹੀਨੇ 500 ਰੁਪਏ ਤੋਂ ਘੱਟ ਪੈਨਸ਼ਨ ਮਿਲਦੀ ਹੈ। ਇਕ ਹਜ਼ਾਰ ਰੁਪਏ ਪੈਨਸ਼ਨ ਪਾਉਣ ਵਾਲਿਆਂ ਦੀ ਗਿਣਤੀ ਫਿਲਹਾਲ 7 ਲੱਖ ਹੈ। ਅੰਕੜਿਆਂ ਦੇ ਮੁਤਾਬਿਕ ਕਈ ਲੋਕ ਤਾਂ ਹਰ ਮਹੀਨੇ 12 ਤੋਂ 38 ਰੁਪਏ ਪੈਨਸ਼ਨ ਲੈ ਰਹੇ ਹਨ। ਹਾਲਾਂ ਕਿ ਪ੍ਰਾਵੀਡੈਂਟ ਫੰਡ ਦੇ ਪ੍ਰਤੀਨਿਧੀਆਂ ਅਤੇ ਕਰਮਚਾਰੀਆਂ ਦੇ ਵਿਚਕਾਰ 1000 ਰੁਪਏ ਪੈਨਸ਼ਨ ਨਿਰਧਾਰਤ ਕਰਨ 'ਤੇ ਸਮਝੌਤਾ ਹੋ ਚੁੱਕਾ ਹੈ, ਪਰ ਇਸ ਤੋਂ ਇਲਾਵਾ ਜਮ੍ਹਾਂ ਪੂੰਜੀ ਦੀਆਂ ਜ਼ਰੂਰਤਾਂ ਨੂੰ ਵਧਾਏ ਜਾਣ 'ਤੇ ਕੋਈ ਫੈਸਲਾ ਨਹੀਂ ਹੋਇਆ ਹੈ।
ਨਵੀਂ ਦਿੱਲੀ, 29 ਜਨਵਰੀ -ਕਾਂਗਰਸ ਦੇ ਰਾਜ ਸਭਾ ਮੈਂਬਰ ਅਭਿਸ਼ੇਕ ਮਨੂ ਸਿੰਘਵੀ ਨੇ ਦਿੱਲੀ ਦੀ ਇਕ ਅਦਲਾਤ ਵਿਚ ਅਰਜ਼ੀ ਦੇ ਕੇ ਸਮਾਜ ਸੇਵੀ ਅੰਨਾ ਹਜ਼ਾਰੇ ਅਤੇ ਉਨ੍ਹਾਂ ਦੀ ਟੀਮ ਵਿਰੁੱਧ ਇਕ ਸ਼ਿਕਾਇਤ ਵਿਚ ਗਵਾਹ ਵਜੋਂ ਪੇਸ਼ ਹੋਣ ਲਈ ਉਨ੍ਹਾਂ ਨੂੰ ਜਾਰੀ ਸੰਮਨ ਵਾਪਸ ਲੈਣ ਦੀ ਮੰਗ ਕੀਤੀ ਹੈ। ਸ੍ਰੀ ਸਿੰਘਵੀ ਨੇ ਕਮਲਾ ਮਾਰਕੀਟ ਮੈਟਰੋਪੋਲੀਟਨ ਮਜਿਸਟਰੇਟ ਦੀ ਅਦਾਲਤ ਵਿਚ ਅਰਜ਼ੀ ਦਿੱਤੀ ਹੈ, ਜਿਸ ਨੇ ਉਨ੍ਹਾਂ ਨੂੰ ਇਕ ਵਿਅਕਤੀ ਵੱਲੋਂ ਦਾਇਰ ਸ਼ਿਕਾਇਤ ਵਿਚ ਸੰਮਨ ਭੇਜਿਆ ਸੀ। ਇਸ ਵਿਅਕਤੀ ਨੇ ਪਟੀਸ਼ਨ ਦਾਇਰ ਕਰਕੇ ਦੋਸ਼ ਲਾਇਆ ਕਿ ਅਗਸਤ ਮਹੀਨੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਟੀਮ ਅੰਨਾ ਨੇ ਜਨਤਾ ਨੂੰ ਸਰਕਾਰ ਖਿਲਾਫ ਭੜਕਾਇਆ ਸੀ। ਉਨ੍ਹਾਂ ਵਲੋਂ ਦਾਇਰ ਅਰਜ਼ੀ 'ਚ ਉਨ੍ਹਾਂ ਕਿਹਾ ਕਿ ਬਿਨੈਕਾਰ ਉਨ੍ਹਾਂ ਨੂੰ ਜਾਰੀ ਸੰਮਨ ਵਾਪਸ ਲੈਣ ਦੀ ਮੰਗ ਕਰਦਾ ਹੈ, ਕਿਉਂਕਿ ਉਸ ਦਾ ਸ਼ਿਕਾਇਤ ਕਰਨ ਵਾਲੇ ਜਾਂ ਮੌਜੂਦਾ ਕੇਸ ਨਾਲ ਕੋਈ ਸਬੰਧ ਨਹੀਂ। ਹਰਿਆਣਾ ਵਾਸੀ ਸਤਬੀਰ ਨੇ ਸ੍ਰੀ ਸਿੰਘਵੀ ਦੀ ਸਹਿਮਤੀ ਤੋਂ ਬਿਨਾਂ ਹੀ ਉਨ੍ਹਾਂ ਦਾ ਨਾਂਅ ਗਵਾਹ ਵਜੋਂ ਰੱਖ ਲਿਆ ਸੀ। ਅਦਾਲਤ ਨੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੌਰਾਨ ਜਨਤਾ ਨੂੰ ਸਰਕਾਰ ਖਿਲਾਫ ਭੜਕਾਉਣ ਲਈ ਹਜ਼ਾਰੇ ਅਤੇ ਉਨ੍ਹਾਂ ਦੀ ਟੀਮ ਖਿਲਾਫ ਅਪਰਾਧਿਕ ਕੇਸ ਦਰਜ ਕਰਨ ਲਈ ਦਾਇਰ ਸਤਬੀਰ ਦੀ ਅਪੀਲ ਨੂੰ ਖਾਰਜ ਕਰਦਿਆਂ ਉਸ ਨੂੰ ਆਪਣੇ ਦੋਸ਼ਾਂ ਦੇ ਪੱਖ ਵਿਚ ਗਵਾਹੀ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਸਿੰਘਵੀ ਨੇ ਕਿਹਾ ਕਿ ਉਹ ਸ਼ਿਕਾਇਤ ਕਰਨ ਵਾਲੇ ਨੂੰ ਨਹੀਂ ਜਾਣਦਾ ਅਤੇ ਨਾ ਹੀ ਉਨ੍ਹਾਂ ਦਾ ਇਸ ਸ਼ਿਕਾਇਤ ਨਾਲ ਕੋਈ ਸਬੰਧ ਹੈ, ਇਸ ਲਈ ਉਨ੍ਹਾਂ ਨੂੰ ਭੇਜੇ ਸੰਮਨ ਵਾਪਸ ਲਏ ਜਾਣ। ਅਦਾਲਤ ਨੇ ਉਨ੍ਹਾਂ ਦੀ ਅਰਜ਼ੀ 'ਤੇ ਸੁਣਵਾਈ 17 ਮਾਰਚ 'ਤੇ ਪਾ ਦਿੱਤੀ ਹੈ।
ਨਵੀਂ ਦਿੱਲੀ,29 ਜਨਵਰੀ -ਕੇਂਦਰੀ ਸੰਚਾਰ ਰਾਜ ਮੰਤਰੀ ਸਚਿਨ ਪਾਇਲਟ ਦੇ ਘਰ ਸੁਰੱਖਿਆ ਲਈ ਤਾਇਨਾਤ ਇਕ ਸੁਰੱਖਿਆ ਕਰਮੀ ਨੇ ਅੱਜ ਸਵੇਰੇ ਆਪਣੀ ਸਰਵਿਸ ਰਾਈਫ਼ਲ ਨਾਲ ਆਪਣੇ-ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਉਸ ਦੀ ਪਛਾਣ ਈਨਾਪੂ ਦੇ ਤੌਰ 'ਤੇ ਕੀਤੀ ਗਈ ਅਤੇ ਉਹ ਨਾਗਾਲੈਂਡ ਦੇ ਕੋਹਿਮਾ ਦਾ ਨਿਵਾਸੀ ਸੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹ 6 ਦਿਨ ਪਹਿਲਾਂ ਕੋਹਿਮਾ ਤੋਂ ਵਾਪਸ ਆਇਆ ਸੀ ਅਤੇ ਪਰੇਸ਼ਾਨ ਸੀ। ਮੌਕੇ ਤੋਂ ਕੋਈ ਖੁਦਕਸ਼ੀ ਨੋਟ ਪ੍ਰਾਪਤ ਨਹੀਂ ਹੋਇਆ ਹੈ।
ਇਸਲਾਮਾਬਾਦ, 29 ਜਨਵਰੀ-ਇਕ ਅਧਿਕਾਰੀ ਬੁਲਾਰੇ ਨੇ ਐਤਵਾਰ ਨੂੰ ਦੱਸਿਆ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਦੇਸ਼ ਦੀ ਸਮੁੰਦਰੀ ਸਰਹੱਦ ਦੀ ਉਲੰਘਣਾ ਕਰਨ 'ਤੇ 22 ਭਾਰਤੀ ਮਛੇਰੇ ਅਤੇ ਚਾਰ ਕਿਸ਼ਤੀਆਂ ਨੂੰ ਕਬਜ਼ੇ 'ਚ ਲੈ ਲਿਆ ਹੈ। ਇਕ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਛੇਰੇ ਸਮੁੰਦਰੀ ਸੁਰੱਖਿਆ ਏਜੰਸੀ ਦੀ ਰੋਜ਼ਾਨਾ ਦੀ ਗਸ਼ਤ ਦੌਰਾਨ ਹਿਰਾਸਤ 'ਚ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਪਾਣੀ ਅੰਦਰ ਲਗਭਗ 70 ਸਮੁੰਦਰੀ ਮੀਲ 'ਚ ਨਾਜਾਇਜ਼ ਤੌਰ 'ਤੇ ਦਾਖਲ ਹੋਣ 'ਤੇ ਹਿਰਾਸਤ 'ਚ ਲੈ ਲਿਆ ਗਿਆ। 22 ਮਛੇਰਿਆਂ ਨੂੰ ਅਗਲੀ ਜਾਂਚ ਲਈ ਕਰਾਚੀ 'ਚ ਪੁਲਿਸ ਥਾਣੇ ਦੇ ਹਵਾਲੇ ਕਰ ਦਿੱਤਾ ਗਿਆ ਹੈ। ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਭਾਰਤੀ ਮਛੇੜਿਆਂ ਨੂੰ ਮਿਲਾ ਕੇ ਇਸ ਮਹੀਨੇ ਦੀ ਇਹ ਗਿਣਤੀ 53 ਤੱਕ ਪਹੁੰਚ ਗਈ ਹੈ।
ਸ੍ਰੀਨਗਰ, 29 ਜਨਵਰੀ - ਭਾਵੇਂ ਕਿ ਪ੍ਰਦੇਸ਼ 'ਚ ਸਭ ਤੋਂ ਵੱਧ ਸਰਦੀ ਪੈਣ ਦਾ ਮੌਸਮ ਖਤਮ ਹੋ ਗਿਆ ਹੈ, ਫਿਰ ਵੀ ਰਾਤ ਦਾ ਤਾਪਮਾਨ ਕਾਫੀ ਘੱਟ ਰਿਹਾ ਅਤੇ ਲੋਕ ਠੰਢ ਨਾਲ ਕੰਬਦੇ ਰਹੇ। ਦਿਨ ਵੇਲੇ ਜ਼ਰੂਰ ਤਾਪਮਾਨ 'ਚ ਥੋੜ੍ਹਾ ਜਿਹਾ ਵਾਧਾ ਹੋਇਆ। ਲੱਦਾਖ ਦਾ ਇਲਾਕਾ ਅਜੇ ਤੱਕ ਦੇਸ਼ ਦੇ ਦੂਜੇ ਹਿੱਸਿਆਂ ਤੋਂ ਕੱਟਿਆ ਹੋਇਆ ਹੈ ਅਤੇ 434 ਕਿਲੋਮੀਟਰ ਲੰਮਾ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਪੂਰੀ ਤਰ੍ਹਾਂ ਬੰਦ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ 'ਚ ਘਾਟੀ 'ਚ ਮੌਸਮ ਖੁਸ਼ਕ ਰਹਿਣ ਦੇ ਹੀ ਆਸਾਰ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 'ਚ ਹਲਕਾ ਵਾਧਾ ਹੋ ਸਕਦਾ ਹੈ। 21 ਦਸੰਬਰ ਤੋਂ ਸ਼ੁਰੂ ਹੋਇਆ 40 ਦਿਨਾਂ ਦਾ ਸਭ ਤੋਂ ਵੱਧ ਸਰਦੀ ਦਾ ਪੀਰੀਅਡ ਕੱਲ੍ਹ ਰਾਤ ਖਤਮ ਹੋ ਗਿਆ। ਇਨ੍ਹਾਂ 40 ਦਿਨਾਂ 'ਚ ਘਾਟੀ 'ਚ ਬਹੁਤ ਸਰਦੀ ਪਈ ਅਤੇ ਕਈ ਵਾਰ ਸ੍ਰੀਨਗਰ ਦਾ ਤਾਪਮਾਨ ਮਨਫ਼ੀ 7.8 ਡਿਗਰੀ ਤੱਕ ਪਹੁੰਚ ਗਿਆ।

No comments:

Post a Comment