Sunday, 29 January 2012


ਅਕਾਲੀ-ਭਾਜਪਾ ਗੱਠਜੋੜ 80 ਸੀਟਾਂ 'ਤੇ ਜਿੱਤ ਹਾਸਲ ਕਰੇਗਾ-ਬਾਦਲ

ਦੇਵੀਗੜ੍ਹ, 29 ਜਨਵਰੀ -ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਵਿਧਾਨ ਸਭਾ ਚੋਣਾਂ ਵਿਚ 80 ਸੀਟਾਂ 'ਤੇ ਜਿੱਤ ਪ੍ਰਾਪਤ ਕਰੇਗਾ। ਸ: ਬਾਦਲ ਬੀਤੇ ਦਿਨੀਂ ਇੱਥੇ ਹਲਕਾ ਸਨੌਰ ਤੋਂ ਅਕਾਲੀ-ਭਾਜਪਾ ਦੇ ਉਮੀਦਵਾਰ ਤੇਜਿੰਦਰਪਾਲ ਸਿੰਘ ਸੰਧੂ ਦੇ ਹੱਕ ਵਿਚ ਦਾਣਾ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਲਹਿਰ ਇਸ ਵੇਲੇ ਦਿਖਾਈ ਦੇ ਰਹੀ ਹੈ ਪਹਿਲਾਂ ਕਦੇ ਨਹੀਂ ਸੀ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅੱਧੇ ਹਲਕਿਆਂ ਵਿਚ ਮੈਂ ਅਤੇ ਬਾਕੀਆਂ ਵਿਚ ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਡੇਰਾਵਾਦ ਵਿਚ ਮੈਨੂੰ ਨਾ ਉਲਝਾਓ। ਮੈਨੂੰ ਨਹੀਂ ਪਤਾ ਕੌਣ ਕਿੱਥੇ ਜਾਂਦਾ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਲੰਬੀ ਤੋਂ ਵੱਡੇ ਫ਼ਰਕ ਨਾਲ ਜਿੱਤਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦਾਣਾ ਮੰਡੀ ਵਿਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੈ ਜਿਸ ਦੀ ਸ਼ਬਦਾਵਲੀ ਤੇ ਬਿਆਨਬਾਜ਼ੀ ਸੁਹਿਰਦ ਇਨਸਾਨਾਂ ਵਾਲੀ ਨਹੀਂ ਹੈ ਅਤੇ ਦੂਜੇ ਪਾਸੇ ਅਕਾਲੀ-ਭਾਜਪਾ ਗੱਠਜੋੜ। ਇਹ ਲੋਕਾਂ ਨੇ ਦੇਖਣਾ ਹੈ ਕਿ ਕਿਸ ਨੂੰ ਆਪਣੀ ਕਿਸਮਤ ਦੀ ਵਾਗਡੋਰ ਸੌਂਪਣੀ ਹੈ। ਸ: ਬਾਦਲ ਨੇ ਬੋਲਦਿਆਂ ਕਿਹਾ ਕਿ ਇੱਕ ਪਾਸੇ ਕੇਂਦਰੀ ਦੀ ਯੂ.ਪੀ.ਏ. ਸਰਕਾਰ ਹੈ ਜਿਸ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਜੇਲ੍ਹ ਦੀਆਂ ਹਵਾਵਾਂ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸਕੀਮਾਂ ਹੀ ਅਜਿਹੀਆਂ ਬਣਾਈਆਂ ਹਨ ਜਿਨ੍ਹਾਂ ਨਾਲ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਸ: ਬਾਦਲ ਨੇ ਬੋਲਦਿਆਂ ਹੋਇਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਤਾਂ ਇੱਕ ਪਾਸੇ ਸਵਰਗੀ ਸ੍ਰੀਮਤੀ ਇੰਦਰਾ ਗਾਂਧੀ ਤੱਕ ਮੈਨੂੰ ਘੇਰਨ ਲਈ ਹਰ ਹੀਲੇ ਵਸੀਲੇ ਵਰਤ ਰਹੇ ਹਨ। ਉਨ੍ਹਾਂ ਕਿਹਾ ਕਿ 'ਮੈਂ' ਪੰਜਾਬ ਦੀ ਹਰ ਵੇਲੇ ਸੇਵਾ ਕੀਤੀ। ਜੋ ਵੀ ਲੋਕਾਂ ਦੀਆਂ ਮੰਗਾਂ ਸਨ ਉਨ੍ਹਾਂ ਨੂੰ ਪੂਰਾ ਕੀਤਾ। ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮੁਲਕ ਭਰ ਵਿਚ ਅਜਿਹੀ ਪਹਿਲੀ ਸਰਕਾਰ ਹੈ ਜਿਸ ਨੇ ਗ਼ਰੀਬ ਲੋਕਾਂ ਦੀ ਆਟਾ-ਦਾਲ, ਕਿਸਾਨਾਂ ਲਈ ਮੁਫ਼ਤ ਟਿਊਬਵੈੱਲ ਦੀ ਸੁਵਿਧਾ ਮੁਹੱਈਆ ਕਰਵਾਈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਮੁਲਕ ਭਰ ਵਿਚੋਂ ਪੰਜਾਬ ਦੇ ਕਿਸਾਨਾਂ ਨੂੰ 65 ਸਾਲ ਦੀ ਉਮਰ ਤੱਕ ਪ੍ਰੋਵੀਡੈਂਟ ਫ਼ੰਡ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਗਿਆਨੀ ਕਰਤਾਰ ਸਿੰਘ ਸਵਰਗੀ ਜਸਦੇਵ ਸਿੰਘ ਸੰਧੂ ਦਾ ਜ਼ਿਕਰ ਕਰਦਿਆਂ ਤੇਜਿੰਦਰਪਾਲ ਸਿੰਘ ਸੰਧੂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੇ। ਉਨ੍ਹਾਂ ਖ਼ੁਸ਼ ਹੁੰਦਿਆਂ ਕਿਹਾ ਕਿ ਤੁਸੀਂ ਤੇਜਿੰਦਰਪਾਲ ਸਿੰਘ ਸੰਧੂ ਨੂੰ ਜਿਤਾਓ ਤਾਂ ਮੈਂ ਇਸ ਨੂੰ ਵੱਡਾ ਕੈਬਨਿਟ ਮੰਤਰੀ ਬਣਾਵਾਂਗਾ। ਇਸ ਮੌਕੇ ਤੇਜਿੰਦਰਪਾਲ ਸਿੰਘ ਸੰਧੂ ਨੇ ਆਪਣੇ ਪਿਤਾ ਸ: ਜਸਦੇਵ ਸਿੰਘ ਸੰਧੂ ਦੇ ਸਮੇਂ ਦੀਆਂ ਕੀਤੀਆਂ ਸੇਵਾਵਾਂ ਦਾ ਜ਼ਿਕਰ ਕੀਤਾ। ਇਸ ਮੌਕੇ 'ਤੇ ਸ੍ਰੀਮਤੀ ਅਨੂਪ ਇੰਦਰ ਕੌਰ ਸੰਧੂ, ਅਜਮੇਰ ਸਿੰਘ ਲੱਖੋਵਾਲ ਚੇਅਰਮੈਨ ਪੰਜਾਬ ਮੰਡੀ ਬੋਰਡ, ਹਰਮੀਤ ਸਿੰਘ ਪਠਾਣਮਾਜਰਾ, ਹਰਜੀਤ ਸਿੰਘ ਅਦਾਲਤੀਵਾਲਾ, ਸੁਰਜੀਤ ਸਿੰਘ ਗੜ੍ਹੀ, ਲਾਭ ਸਿੰਘ ਦੇਵੀਨਗਰ, ਜਸਮੇਰ ਸਿੰਘ ਲਾਛੜੂ, ਜਰਨੈਲ ਸਿੰਘ ਕਰਤਾਰਪੁਰ ਚਾਰੇ ਸ਼੍ਰੋਮਣੀ ਕਮੇਟੀ ਮੈਂਬਰ, ਸ: ਜੈ ਸਿੰਘ ਬਹਿਰੂ, ਬੂਟਾ ਸਿੰਘ ਸ਼ਾਦੀਪੁਰ ਆਦਿ ਨੇ ਸੰਬੋਧਨ ਕੀਤਾ। ਸਟੇਜ 'ਤੇ ਸ੍ਰੀਮਤੀ ਅਮਰਜੀਤ ਕੌਰ ਸਾਬਕਾ ਮੈਂਬਰ ਰਾਜ ਸਭਾ, ਸ: ਇੰਦਰਮੋਹਨ ਸਿੰਘ ਬਜਾਜ, ਮੰਜੂ ਕੁਰੈਸ਼ੀ, ਫੌਜਇੰਦਰ ਸਿੰਘ ਮੁਖਮੈਲਪੁਰ, ਗਿਆਨੀ ਸੁਬੇਗ ਸਿੰਘ ਕਛਵਾ, ਕਰਤਾਰ ਸਿੰਘ ਕਛਵਾ, ਗੁਰਬਖ਼ਸ਼ ਸਿੰਘ, ਗੁਰਮੁਖ ਸਿੰਘ ਸਾਬਕਾ ਸਰਪੰਚ, ਹਰੀ ਸਿੰਘ ਹਡਾਣਾ, ਸੁਖਦਰਸ਼ਨ ਸਿੰਘ ਮਿਹੋਣ, ਭੋਲਾ ਸਿੰਘ ਈਸਰਹੇੜੀ, ਗੁਲਜ਼ਾਰ ਸਿੰਘ ਭੁਨਰਹੇੜੀ, ਡਾ: ਯਸਪਾਲ ਖੰਨਾ, ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਤਨਾਮ ਸਿੰਘ ਨੰਦਗੜ੍ਹ, ਹਰਚੰਦ ਸਿੰਘ ਬਰਸਟ ਸਮੇਤ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ।
ਡਿਊਟੀ ਦੇ ਰਹੇ ਹਵਾਲਦਾਰ ਦੀ ਅਚਾਨਕ ਮੌਤ
ਬਟਾਲਾ, 29 ਜਨਵਰੀ -ਸਥਾਨਕ ਸਿਵਲ ਲਾਈਨ ਥਾਣੇ ਦੇ ਨੇੜੇ ਬਣੇ ਪੰਜਾਬ ਪੁਲਿਸ ਦੇ ਘਰੇਲੂ ਕਵਾਟਰਾਂ ਦੇ ਗੇਟ ਉਪਰ ਡਿਊਟੀ ਦੇ ਰਹੇ ਪੰਜਾਬ ਪੁਲਿਸ ਦੇ ਇੱਕ ਹੌਲਦਾਰ ਨੂੰ ਅਚਾਨਕ ਪਏ ਜ਼ਬਰਦਸਤ ਦਿਲ ਦੇ ਦੌਰੇ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਹੈ। ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਸਿਟੀ ਵਿਖੇ ਤਾਇਨਾਤ ਹੌਲਦਾਰ ਸੁਰਜੀਤ ਸਿੰਘ ਪੇਟੀ ਨੰਬਰ 2367 ਪੁੱਤਰ ਉਜਾਗਰ ਸਿੰਘ ਵਾਸੀ ਪਿੰਡ ਡੱਬੂੜੀ ਨੇੜੇ ਦੋਰਾਂਗਲਾ ਦੇ ਲੜਕੇ ਨੇ ਦੱਸਿਆ ਕਿ ਬੀਤੀ ਰਾਤ ਮੇਰੇ ਪਿਤਾ ਹੌਲਦਾਰ ਸੁਰਜੀਤ ਸਿੰਘ ਥਾਣਾ ਸਿਵਲ ਲਾਇਨ ਨੇੜੇ ਬਣੇ ਪੰਜਾਬ ਪੁਲਿਸ ਦੇ ਰਹਿਣ ਵਾਲੇ ਰਿਹਾਇਸ਼ੀ ਕਵਾਟਰਾਂ ਦੇ ਗੇਟ ਮੋਹਰੇ ਡਿਊਟੀ ਦੇ ਰਹੇ ਸਨ ਜਿਨ੍ਹਾਂ ਨੂੰ ਤੜਕਸਾਰ ਅਚਾਨਕ ਕੁਝ ਦਰਦ ਮਹਿਸੂਸ ਹੋਈ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਪੁਲਿਸ ਦਾ ਹੌਲਦਾਰ ਸੁਰਜੀਤ ਸਿੰਘ ਆਪਣੇ ਪਿੱਛੇ ਪਤਨੀ 'ਤੇ ਦੋ ਲੜਕੇ ਛੱਡ ਗਿਆ ਹੈ ਜਿਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਜਲੰਧਰ 'ਚ ਮਕਾਨ ਦੀ ਛੱਤ ਡਿੱਗੀ, ਮਾਵਾਂ-ਧੀਆਂ ਦੀ ਮੌਤ

ਜਲੰਧਰ, 29 ਜਨਵਰੀ  ਪਿੰਡ ਨਾਗਰਾ ਦੇ ਨਜ਼ਦੀਕ ਵਾਰਡ ਨੰ.39 ਚ ਪੈਂਦੇ ਮੁਹੱਲਾ ਸ਼ਿਵ ਨਗਰ ਵਿਚ ਰਾਤ ਅਚਾਨਕ ਮਕਾਨ ਦਾ ਗਾਡਰ ਵਿੰਗਾ ਹੋਣ ਕਾਰਣ ਮਕਾਨ ਦੀ ਛੱਤ ਡਿੱਗ ਪਈ, ਮਾਵਾਂ ਧੀਆਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਉਨ੍ਹਾਂ ਦਾ ਬੇਟਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਘਟਨਾ ਸਬੰਧੀ ਜਾਣਕਾਰੀ ਦਿੰਦੇ ਮਾਲਕ ਮਕਾਨ ਰੋਸ਼ਨ ਲਾਲ ਨੇ ਦੱਸਿਆ ਕਿ ਉਹ ਭਾਰਗੋ ਕੈਂਪ ਖੇਡ ਇੰਡਸਟਰੀ ਵਿਚ ਕੰਮ ਕਰਦਾ ਹੈ, ਅਤੇ ਭਾਰਗੋ ਕੈਂਪ ਵਿਚ ਹੀ ਰਹਿੰਦਾ ਹੈ, ਅਤੇ ਹਰ ਐਤਵਾਰ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਸ਼ਿਵ ਨਗਰ ਵਿਚ ਆਉਂਦਾ ਰਹਿੰਦਾ ਹੈ । ਉਸ ਦੇ ਦੋ ਲੜਕੇ ਅਤੇ ਇੱਕ ਲੜਕੀ ਅਤੇ ਰਾਤ ਜਦੋਂ ਅਚਾਨਕ ਮਕਾਨ ਦੀ ਛੱਤ ਡਿੱਗੀ ਤਾਂ ਘਰ ਵਿਚ ਉਸ ਦੀ ਪਤਨੀ ਰੇਖਾ ਉਮਰ 40 ਸਾਲ ਤੇ ਲੜਕੀ ਰਾਜਨ 18 ਸਾਲ ਤੇ ਲੜਕੀ ਪੂਜਾ (19) ਉਸ ਮਕਾਨ ਵਿਚ ਸੌਂ ਰਹੇ ਸਨ, ਛੱਤ ਡਿੱਗਣ ਨਾਲ ਉਸ ਦੀ ਪਤਨੀ ਅਤੇ ਲੜਕੀ ਦੀ ਮੌਤ ਹੋ ਗਈ, ਜਦੋਂ ਉਸ ਦਾ ਵੱਡਾ ਲੜਕਾ ਪ੍ਰਿੰਸ ਜੋ ਵੇਟਰ ਦਾ ਕੰਮ ਕਰਦਾ ਹੈ, ਸਵੇਰੇ ਚਾਰ ਵਜੇ ਆਪਣਾ ਕੰਮ ਖਤਮ ਕਰਕੇ ਘਰ ਆਇਆ ਤਾਂ ਉਸ ਨੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਅੰਦਰੋ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਸ ਨੇ ਕੰਧ ਟੱਪ ਕੇ ਅੰਦਰ ਦਾਖ਼ਲ ਹੋ ਕਿ ਵੇਖਿਆ ਤਾਂ ਘਰ ਦੀ ਛੱਤ ਡਿੱਗੀ ਸੀ। ਲੋਕ ਭਾਰੀ ਗਿਣਤੀ ਵਿਚ ਇਕੱਠੇ ਗਏ ਤੇ ਮਿੱਟੀ ਦੇ ਢੇਰ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ। ਇਸ ਮੌਕੇ ਵਾਰਡ ਨੰ.39 ਦੇ ਕੌਂਸਲਰ ਗੁਰਦੀਪ ਸਿੰਘ ਨਾਗਰਾ ਪਹੁੰਚ ਗਏ, ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਜਿਸ 'ਤੇ ਪੁਲਿਸ ਡਵੀਜ਼ਨ ਨੰ.1 ਦੇ ਥਾਣਾ ਮੁੱਖੀ ਨਿਰਮਲ ਸਿੰਘ ਨੇ ਪੁਲਿਸ ਨੂੰ ਮੌਕੇ 'ਤੇ ਭੇਜਿਆ ਜਿਸ 'ਤੇ ਲਾਸ਼ਾਂ ਨੂੰ ਮਲਬੇ ਵਿਚੋਂ ਕੱਢ ਕੇ ਸਿਵਲ ਹਸਪਤਾਲ ਪੋਸਟਮਾਰਟਮ ਵਾਸਤੇ ਭੇਜਿਆ। ਘਰ ਦੀ ਛੱਤ ਕੱਚੀ ਸੀ ਜਿਸ 'ਤੇ ਮਿੱਟੀ ਜ਼ਿਆਦਾ ਹੋਣ ਕਾਰਣ ਗਾਡਰ ਵਿੰਗਾ ਹੋ ਗਿਆ। ਰੋਸ਼ਨ ਲਾਲ ਨੇ ਦੱਸਿਆ ਕਿ ਉਸ ਦੀ ਪਤਨੀ ਤੇ ਲੜਕੀ ਘਰਾਂ ਵਿਚ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀਆਂ ਸਨ। ਗੁਆਂਢਣ ਨਿਰਮਲਾ ਨੇ ਦੱਸਿਆ ਕਿ ਸਰਸਵਤੀ ਪੂਜਾ ਕਾਰਨ ਸਪੀਕਰ ਦੀ ਆਵਾਜ਼ ਇੰਨੀ ਜ਼ਿਆਦਾ ਸੀ ਕਿ ਸਪੀਕਰ ਦੇ ਰੌਲੇ ਵਿਚ ਛੱਤ ਡਿੱਗਣ ਦਾ ਪਤਾ ਨਹੀ ਲੱਗਾ। ਗੁਰਦੀਪ ਸਿੰਘ ਨਾਗਰਾ ਕੌਂਸਲਰ ਵੀ ਘਟਨਾ ਵਾਲੀ ਜਗ੍ਹਾ ਪਹੁੰਚੇ।
2 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇਕ ਗ੍ਰਿਫ਼ਤਾਰ
ਖਰੜ, 29 ਜਨਵਰੀ-ਖਰੜ ਸਿਟੀ ਪੁਲਿਸ ਨੇ ਦੋ ਪੇਟੀਆਂ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਿਟੀ ਥਾਣੇ ਦੇ ਐਸ. ਐਚ. ਓ. ਧਰਮਪਾਲ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਅੰਮ੍ਰਿਤ ਲਾਲ ਨੇ ਖਾਨਪੁਰ ਟੀ-ਪੁਆਇੰਟ 'ਤੇ ਪੁਲਿਸ ਫੋਰਸ ਸਮੇਤ ਨਾਕਾ ਲਗਾਇਆ ਹੋਇਆ ਸੀ ਕਿ ਜਦੋਂ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਇਕ ਗੱਡੀ ਵਿਚੋਂ ਦੋ ਪੇਟੀਆਂ ਨਾਜਾਇਜ਼ ਸ਼ਰਾਬ ਜਿਨ੍ਹਾਂ 'ਤੇ ਫੋਰ ਸੇਲ ਇੰਨ ਚੰਡੀਗੜ੍ਹ ਲਿਖਿਆ ਹੋਇਆ ਸੀ ਬਰਾਮਦ ਕੀਤੀਆਂ। ਪੁਲਿਸ ਨੇ ਦਲਬੀਰ ਸਿੰਘ ਨਾਮਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਠੰਡ ਕਾਰਨ ਇਕ ਮੌਤ
ਬਟਾਲਾ, 29 ਜਨਵਰੀ -ਕੜਾਕੇ ਦੀ ਪੈ ਰਹੀ ਠੰਡ ਕਾਰਨ ਇਥੇ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਠੰਡ ਕਾਰਨ ਮੌਤ ਦੇ ਮੂੰਹ ਵਿਚ ਗਏ ਸਵਿੰਦਰ ਸਿੰਘ 40 ਸਾਲ ਪੁੱਤਰ ਲਾਲ ਸਿੰਘ ਵਾਸੀ ਕ੍ਰਿਸ਼ਨਾ ਕਾਲੋਨੀ ਅਲੀਵਾਲ ਰੋਡ ਬਟਾਲਾ ਦੀ ਭੈਣ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਦਾ ਭਰਾ ਸਵਿੰਦਰ ਸਿੰਘ ਨਸ਼ਾ ਕਰਦਾ ਸੀ, ਇਸ ਲਈ ਬੀਤੀ ਰਾਤ ਵੀ ਉਹ ਨਸ਼ੇ ਦੀ ਹਾਲਤ ਵਿਚ ਘਰ ਤੋਂ ਬਾਹਰ ਹੀ ਲੰਮਾ ਪੈ ਗਿਆ, ਜਿਸ ਕਾਰਨ ਭਾਰੀ ਠੰਡ 'ਚ ਉਸ ਦੀ ਮੌਤ ਹੋ ਗਈ।

No comments:

Post a Comment