Sunday, 29 January 2012

ਜਨਰਲ ਵੀ. ਕੇ. ਸਿੰਘ ਦੀ ਜਨਮ ਤਰੀਕ 'ਚ ਤਬਦੀਲੀ
ਲਈ ਸਰਕਾਰ ਨੇ ਲਿਖਿਆ ਪੱਤਰ

10 ਮਈ, 1950 ਨੂੰ ਮੰਨਿਆ ਜਾਵੇ ਸਹੀ
ਨਵੀਂ ਦਿੱਲੀ, 29 ਜਨਵਰੀ -ਰੱਖਿਆ ਮੰਤਰਾਲੇ ਨੇ ਫ਼ੌਜ ਦੀ ਐਡਜੂਟੈਂਟ ਜਨਰਲ ਸ਼ਾਖਾ ਨੂੰ ਪੱਤਰ ਲਿਖ ਕੇ ਸੈਨਾ ਮੁਖੀ ਜਨਰਲ ਵੀ ਕੇ ਸਿੰਘ ਦੀ ਜਨਮ ਤਰੀਕ ਰਿਕਾਰਡ 'ਚ ਤਬਦੀਲੀ ਕਰਨ ਦੀ ਸਲਾਹ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਪੱਤਰ ਵਿਚ ਕਿਹਾ ਗਿਆ ਹੈ ਕਿ ਸੈਨਾ ਮੁਖੀ ਦੇ ਜਨਮ ਤਰੀਕ ਰਿਕਾਰਡ ਵਿਚ ਸੋਧ ਕਰਕੇ ਜਨਮ ਤਰੀਕ ਮਈ 1950 ਦਰਸਾਈ ਜਾਵੇ। ਇਸ ਤਰ੍ਹਾਂ ਦੀ ਸੋਧ ਰੱਖਿਆ ਮੰਤਰਾਲੇ ਦੇ ਇਸ ਪੱਖ ਨਾਲ ਮੇਲ ਖਾਵੇਗੀ ਕਿ 1950 ਦੀ ਜਨਮ ਤਾਰੀਕ ਸਹੀ ਹੈ। ਸੁਪਰੀਮ ਕੋਰਟ ਸੈਨਾ ਮੁਖੀ ਵੱਲੋਂ ਦਾਇਰ ਪਟੀਸ਼ਨ 'ਤੇ 3 ਫਰਵਰੀ ਨੂੰ ਸੁਣਵਾਈ ਕਰੇਗੀ, ਜਿਸ ਵਿਚ ਉਨ੍ਹਾਂ ਮੰਗ ਕੀਤੀ ਸੀ ਕਿ ਸਰਕਾਰ ਨੂੰ ਹਦਾਇਤ ਕੀਤੀ ਜਾਵੇ ਕਿ ਉਸ ਦੀ ਜਨਮ ਤਰੀਕ 10 ਮਈ 1950 ਦੀ ਬਜਾਏ 10 ਮਈ 1951 ਸਹੀ ਮੰਨੇ। ਇਸ ਮੁੱਦੇ 'ਤੇ ਇਕ ਜਨਤਕ ਹਿੱਤ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਪਹਿਲਾਂ ਹੀ ਖਾਰਜ ਕੀਤੀ ਜਾ ਚੁੱਕੀ ਹੈ। ਰੱਖਿਆ ਮੰਤਰਾਲੇ ਵਲੋਂ ਜਨਰਲ ਸਿੰਘ ਦੀ ਜਨਮ ਤਰੀਕ 10 ਮਈ 1951 ਨੂੰ ਮੰਨਣ ਤੋਂ ਇਨਕਾਰ ਕਰਨ ਪਿੱਛੋਂ ਸੈਨਾ ਮੁਖੀ ਦੀ ਬੇਮਿਸਾਲ ਕਾਰਵਾਈ ਨੇ ਸਰਕਾਰ ਨੂੰ ਸੁਪਰੀਮ ਕੋਰਟ ਖਿੱਚ ਲਿਆਂਦਾ ਹੈ। ਰੱਖਿਆ ਮੰਤਰਾਲੇ ਵਲੋਂ ਸਵੀਕਾਰ ਕੀਤੇ ਰਿਕਾਰਡ ਮੁਤਾਬਕ ਸੈਨਾ ਮੁਖੀ ਇਸ ਸਾਲ ਮਈ ਵਿਚ ਸੇਵਾ ਮੁਕਤ ਹੋ ਜਾਣਗੇ। ਜਨਰਲ ਸਿੰਘ ਨੇ ਆਪਣੀ 68 ਸਫਿਆਂ ਦੀ ਪਟੀਸ਼ਨ ਵਿਚ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਰਕਾਰ ਨੇ ਇਸ ਤਰੀਕੇ ਨਾਲ ਉਨ੍ਹਾਂ ਨਾਲ ਵਿਵਹਾਰ ਕੀਤਾ ਹੈ, ਜਿਸ ਤੋਂ ਉਨ੍ਹਾਂ ਦੀ ਉਮਰ ਬਾਰੇ ਫ਼ੈਸਲਾ ਕਰਨ ਦੇ ਕਿਸੇ ਤੌਰ-ਤਰੀਕੇ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਕੋਈ ਝਲਕ ਨਹੀਂ ਮਿਲਦੀ। ਸਰਕਾਰ ਦੇ ਉਨ੍ਹਾਂ ਦੀ ਜਨਮ ਤਰੀਕ ਮਈ 1951 ਦੀ ਬਜਾਏ ਮਈ 1950 ਮੰਨਣ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਉਸ ਸਮੇਂ ਦੇ ਸੈਨਾ ਮੁਖੀ ਦੇ ਵਚਨ 'ਤੇ ਭਰੋਸਾ ਕਰਕੇ ਆਪਣੀ ਜਨਮ ਤਰੀਕ 1950 ਸਵੀਕਾਰ ਕਰ ਲਈ ਸੀ ਨਾ ਕਿ ਫ਼ੌਜ ਦੀ ਸਕੱਤਰੇਤ ਸ਼ਾਖਾ ਨਾਲੇ ਹੋਏ ਸਮਝੌਤੇ ਤਹਿਤ। ਪਟੀਸ਼ਨ ਵਿਚ ਕਿਹਾ ਗਿਆ ਕਿ ਸਰਕਾਰ ਤੋਂ ਇਹ ਸਪਸ਼ਟੀਕਰਨ ਲੈਣ ਦੀ ਲੋੜ ਹੈ ਕਿ ਫ਼ੌਜ ਦੇ ਸਭ ਤੋਂ ਸੀਨੀਅਰ ਅਧਿਕਾਰੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਉਂ ਕੀਤਾ ਗਿਆ, ਜਿਸ 'ਚੋਂ ਤੌਰ-ਤਰੀਕਿਆਂ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਮੁਕੰਮਲ ਘਾਟ ਰੜਕਦੀ ਹੈ।
 
ਡੇਰਾ ਸਿਰਸਾ ਵੱਲੋਂ ਸਪੱਸ਼ਟ ਹਮਾਇਤ ਬਾਰੇ ਫ਼ੈਸਲਾ ਨਾ
ਲੈਣ 'ਤੇ ਸਥਿਤੀ ਗੁੰਝਲਦਾਰ ਬਣੀ
ਅਕਾਲੀ ਦਲ ਦੀ ਸਥਿਤੀ ਇਸ ਵਾਰ ਮਜ਼ਬੂਤ
ਸੰਗਰੂਰ, 29 ਜਨਵਰੀ  - ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪਿਛਲੇ ਕਈ ਦਿਨ ਤੋਂ ਸਿਆਸੀ ਆਗੂਆਂ ਦੇ ਨਾਲ-ਨਾਲ ਆਮ ਲੋਕਾਂ ਦੀਆਂ ਨਜ਼ਰਾਂ ਵੀ ਡੇਰਾ ਸਿਰਸਾ ਤੋਂ ਹੋਣ ਵਾਲੇ ਫ਼ੈਸਲੇ ਵੱਲ ਲੱਗੀਆਂ ਰਹੀਆਂ। ਡੇਰੇ ਦਾ ਪੰਜਾਬ ਖਾਸ ਕਰ ਮਾਲਵਾ ਖੇਤਰ ਦੀਆਂ 69 ਸੀਟਾਂ ਉਤੇ ਵਿਸ਼ੇਸ਼ ਪ੍ਰਭਾਵ ਮੰਨਿਆ ਜਾਂਦਾ ਹੈ। ਪਿਛਲੀ ਵਾਰ 2007 ਵਿਚ ਡੇਰੇ ਦੇ ਫ਼ੈਸਲੇ ਕਾਰਨ ਮਾਲਵਾ ਖੇਤਰ ਵਿਚ ਅਕਾਲੀ ਦਲ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਸੀ, ਪਰ ਮਾਝਾ ਅਤੇ ਦੁਆਬਾ ਖੇਤਰ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਮਿਲੇ ਸਮੱਰਥਨ ਕਾਰਨ ਸਥਿਤੀ ਗਠਜੋੜ ਦੇ ਹੱਕ ਵਿਚ ਬਦਲ ਗਈ ਸੀ। ਇਸ ਵਾਰ ਸਥਿਤੀ 2007 ਨਾਲੋਂ ਕੁਝ ਵੱਖਰੀ ਤਰ੍ਹਾਂ ਦੀ ਹੈ। ਡੇਰੇ ਦੇ ਰਾਜਨੀਤਕ ਵਿੰਗ ਵੱਲੋਂ ਭਾਵੇਂ ਕਿਸੇ ਮਜਬੂਰੀ ਵਿਚ ਕਾਂਗਰਸ ਵੱਲ ਪਲੜਾ ਭਾਰੀ ਰੱਖਿਆ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਅਕਾਲੀ ਦਲ ਨੂੰ ਮਾਲਵਾ ਖੇਤਰ ਵਿਚ 2007 ਵਰਗਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ। ਇਸ ਵਾਰ ਕੁਝ ਸੀਟਾਂ ਉਤੇ ਡੇਰੇ ਦੇ ਰਾਜਨੀਤਕ ਵਿੰਗ ਵੱਲੋਂ ਅਕਾਲੀ ਦਲ ਅਤੇ ਕੁਝ ਸੀਟਾਂ ਉਤੇ ਪੀ.ਪੀ.ਪੀ. ਉਮੀਦਵਾਰਾਂ ਨੂੰ ਵੀ ਸਮੱਰਥਨ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਇਸ ਵਾਰ ਡੇਰਾ ਸਮੱਰਥਨ ਦੀ ਸਥਿਤੀ 2007 ਨਾਲੋਂ ਵੱਖਰੀ ਰਹੇਗੀ। ਇਸ ਵਾਰ ਕਈ ਹਲਕਿਆਂ ਵਿਚ ਕਾਂਗਰਸ ਦੇ ਬਾਗੀ ਉਮੀਦਵਾਰ ਕਾਂਗਰਸੀ ਉਮੀਦਵਾਰਾਂ ਦੇ ਜੜ੍ਹੀਂ ਤੇਲ ਦੇ ਰਹੇ ਹਨ। ਪੀਪਲਜ਼ ਪਾਰਟੀ ਦੀ ਅਗਵਾਈ ਵਾਲਾ ਗਠਜੋੜ ਵੀ ਕਾਂਗਰਸ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਹੈ। ਜੇ ਇਸ ਗਠਜੋੜ ਦੇ ਉਮੀਦਵਾਰ ਖੜ੍ਹੇ ਨਾ ਹੁੰਦੇ ਤਾਂ ਇਸ ਵੋਟ ਦਾ ਵੱਡਾ ਹਿੱਸਾ ਕਾਂਗਰਸ ਨੂੰ ਭੁਗਤਣਾ ਸੀ। ਕਈ ਹਲਕਿਆਂ ਵਿਚ ਤਾਂ ਇਸ ਗਠਜੋੜ ਦੇ ਉਮੀਦਵਾਰਾਂ ਨੇ ਕਾਂਗਰਸ ਦੇ ਕਹਿੰਦੇ ਕਹਾਉਂਦੇ ਉਮੀਦਵਾਰਾਂ ਨੂੰ ਸਰਦੀ ਵਿਚ ਪਸੀਨੇ ਲਿਆ ਰੱਖੇ ਹਨ। ਦੂਸਰੇ ਪਾਸੇ ਡੇਰੇ ਦੇ ਅਨੇਕਾਂ ਪ੍ਰੇਮੀ ਅਕਾਲੀ ਉਮੀਦਵਾਰਾਂ ਨਾਲ ਸ਼ਰੇਆਮ ਚੱਲ ਰਹੇ ਵਿਖਾਈ ਦੇ ਰਹੇ ਹਨ। ਗੱਲ ਕਰਨ ਉਤੇ ਉਨ੍ਹਾਂ ਦੱਸਿਆ ਕਿ ਉਹ ਡੇਰਾ ਮੁਖੀ ਪਿਤਾ ਜੀ ਦੇ ਹੁਕਮਾਂ ਦੇ ਪਾਬੰਦ ਹਨ, ਡੇਰੇ ਦੇ ਰਾਜਨੀਤਕ ਵਿੰਗ ਦੇ ਨਹੀਂ। ਇਹ ਵੀ ਪਤਾ ਲੱਗਾ ਹੈ ਕਿ ਡੇਰਾ ਸਿਰਸਾ ਵੱਲੋਂ ਕਿਸੇ ਵੀ ਥਾਂ 'ਤੇ ਵੋਟਾਂ ਦੇਣ ਜਾਂ ਨਾ ਦੇਣ ਸਬੰਧੀ ਕੋਈ ਸਪੱਸ਼ਟ ਸੁਨੇਹਾ ਨਹੀਂ ਭੇਜਿਆ ਗਿਆ, ਜਿਸ ਕਰਕੇ ਸਥਿਤੀ ਅਸਪੱਸ਼ਟ ਬਣੀ ਹੋਈ ਹੈ।
1
ਮੈਡੀਕਲ ਜਾਂਚ ਲਈ ਗੁੜਗਾਉਂ ਪਹੁੰਚੇ ਅੰਨਾ
ਨਵੀਂ ਦਿੱਲੀ, 29 ਜਨਵਰੀ -ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਜੋ ਪਿੱਠ ਦਰਦ ਅਤੇ ਖਾਂਸੀ ਤੋਂ ਪੀੜਤ ਹਨ, ਅੱਜ ਦੇਸ਼ ਦੀ ਰਾਜਧਾਨੀ ਪਹੁੰਚੇ ਅਤੇ ਗੁੜਗਾਉਂ ਵਿਖੇ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 74 ਸਾਲਾ ਅੰਨਾ ਹਜ਼ਾਰੇ ਨੂੰ ਮੇਦੰਤਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦੇ ਵੱਖ-ਵੱਖ ਚੈੱਕਅੱਪ ਕੀਤੇ ਜਾਣਗੇ। ਹਜ਼ਾਰੇ ਦਵਾਈਆਂ ਦੇ ਸਾਈਡ ਇਫੈਕਟ ਤੋਂ ਪੀੜਤ ਹਨ। ਗਾਂਧੀਵਾਦੀ ਹਜ਼ਾਰੇ ਆਪਣੀਆਂ ਰਿਪੋਰਟਾਂ ਪ੍ਰਾਪਤ ਕਰਨ ਤੋਂ ਬਾਅਦ ਅਗਲੇ ਦੋ-ਤਿੰਨ ਦਿਨਾਂ ਵਿਚ ਆਯੁਰਵੈਦਿਕ ਇਲਾਜ ਲਈ ਬੰਗਲੌਰ ਜਾਣਗੇ। ਅੰਨਾ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਚੋਣ ਵਾਲੇ ਪੰਜ ਰਾਜਾਂ ਵਿਚ ਨਹੀਂ ਜਾ ਸਕੇ। ਉਨ੍ਹਾਂ ਦੀ ਟੀਮ ਇਨ੍ਹਾਂ ਰਾਜਾਂ ਵਿਚ ਪ੍ਰਚਾਰ ਕਰ ਰਹੀ ਹੈ।

No comments:

Post a Comment