Sunday, 29 January 2012

ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੰਜਾਬ 'ਚ ਵੋਟਾਂ ਅੱਜ

ਚੰਡੀਗੜ੍ਹ, 29 ਜਨਵਰੀ -ਪੰਜਾਬ ਵਿਧਾਨ ਸਭਾ ਦੇ 117 ਹਲਕਿਆਂ ਲਈ ਅੱਜ ਵੋਟਾਂ ਪਾਈਆਂ ਜਾਣਗੀਆਂ। ਇੱਥੇ ਪੱਤਰਕਾਰਾਂ ਨੂੰ ਚੋਣ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਪੰਜਾਬ ਕੁਸਮਜੀਤ ਸਿੱਧੂ ਨੇ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ ਤੇ ਇਸ ਲਈ ਪੋਲਿੰਗ ਪਾਰਟੀਆਂ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਚੁੱਕੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ, ਭੈਅ ਤੇ ਲਾਲਚ ਤੋਂ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ। ਚੋਣਾਂ ਲਈ ਤਾਇਨਾਤ ਸੁਰੱਖਿਆ ਦਸਤਿਆਂ ਬਾਰੇ ਉਨ੍ਹਾਂ ਦੱਸਿਆ ਕਿ ਕੇਂਦਰੀ ਸੁਰੱਖਿਆ ਬਲਾਂ ਦੀਆਂ 225 ਕੰਪਨੀਆਂ, ਹੋਰ ਰਾਜਾਂ ਤੋਂ ਸੁਰੱਖਿਆ ਦਸਤਿਆਂ ਦੀਆਂ 12 ਕੰਪਨੀਆਂ ਤੇ ਵੱਡੀ ਗਿਣਤੀ 'ਚ ਪੰਜਾਬ ਪੁਲਿਸ ਇਸ ਮੰਤਵ ਲਈ ਤਾਇਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੋਟਾਂ ਦੌਰਾਨ ਸਾਰੇ ਸੂਬੇ ਨੂੰ 1722 ਬੀਟਾਂ 'ਚ ਵੰਡਿਆ ਗਿਆ ਹੈ ਤੇ ਇਨ੍ਹਾਂ ਨੂੰ ਸੈਕਟਰਾਂ ਦਾ ਨਾਂਅ ਦਿੱਤਾ ਗਿਆ ਹੈ, ਜੋ ਕਿ ਹਰ ਇਕ ਸੈਕਟਰ ਇੰਚਾਰਜ ਦੇ ਅਧੀਨ ਕੰਮ ਕਰਨਗੀਆਂ, ਜਿਸ ਨੂੰ ਕਿ ਜ਼ਿਲ੍ਹਾ ਚੋਣ ਅਫ਼ਸਰ ਨਿਯੁਕਤ ਕਰੇਗਾ। ਉਸ ਦੀ ਸਹਾਇਤਾ ਲਈ ਗਸ਼ਤੀ ਪਾਰਟੀ ਹੋਵੇਗੀ, ਜਿਸ 'ਚ ਇੱਕ ਹੌਲਦਾਰ ਤੇ 3 ਸਿਪਾਹੀ ਹੋਣਗੇ। ਉਨ੍ਹਾਂ ਕਿਹਾ ਕਿ ਚੋਣ ਵਾਲੇ ਦਿਨ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਰਾਜ ਭਰ 'ਚ 374 ਨਾਕੇ ਲਗਾਏ ਜਾਣਗੇ,2ਜਦਕਿ ਦੂਜੇ ਰਾਜਾਂ 'ਤੋਂ ਇਨ੍ਹਾਂ ਦੀ ਆਮਦ ਰੋਕਣ ਲਈ ਹੱਦਾਂ 'ਤੇ ਵੀ 137 ਨਾਕੇ 2ਹੋਣਗੇ। ਉਨ੍ਹਾਂ ਦੱਸਿਆ ਕਿ ਦੋ ਥਾਵਾਂ 'ਤੇ ਦੋਹਰੀਆਂ ਵੋਟਾਂ ਬਣਨ ਸਬੰਧੀ ਆਈ ਸ਼ਿਕਾਇਤ ਪਿੱਛੋਂ ਬਠਿੰਡਾ ਵਿਖੇ ਹਨੂੰਮਾਨਗੜ੍ਹ ਤੇ ਡੱਬਵਾਲੀ ਪੋਲਿੰਗ ਬੂਥਾਂ 'ਤੇ ਹਰ ਵੋਟਰ ਦੀ ਵੋਟ ਵੇਲੇ ਵੀਡੀਓਗ੍ਰਾਫੀ ਹੋਵੇਗੀ ਤੇ ਫਿਰ ਇਨ੍ਹਾਂ ਦੇ ਵੋਟਰਾਂ ਦੀ ਜਾਂਚ-ਪੜਤਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਰਾਜ ਦੇ 203 ਪੋਲਿੰਗ ਬੂਥਾਂ 'ਤੋਂ ਵੈੱਬ ਕਾਮ ਰਾਹੀਂ ਵੋਟਾਂ ਪੈਣ ਦਾ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ, ਜਿਸ ਨੂੰ ਕਿ ਸਿਰਫ਼ ਚੋਣ ਕਮਿਸ਼ਨ ਦੇ ਅਧਿਕਾਰੀ ਹੀ ਦੇਖ ਸਕਣਗੇ। ਉਨ੍ਹਾਂ ਕਿਹਾ ਕਿ ਰਾਜ ਵਿਚ ਕੁੱਲ ਵੋਟਰਾਂ ਦੀ ਗਿਣਤੀ 1 ਕਰੋੜ 76 ਲੱਖ 83 ਹਜ਼ਾਰ 582 ਹੈ, ਜਿਨ੍ਹਾਂ 'ਚੋਂ 93 ਲੱਖ 22 ਹਜ਼ਾਰ 555 ਮਰਦ ਤੇ 83 ਲੱਖ 61 ਹਜ਼ਾਰ 27 ਔਰਤ ਵੋਟਰ ਹਨ। ਉਨ੍ਹਾਂ ਕਿਹਾ ਕਿ 18 ਤੋਂ 19 ਸਾਲ ਦੀ ਸ਼੍ਰੇਣੀ ਦੇ ਵੋਟਰਾਂ ਦੀ ਗਿਣਤੀ 4 ਲੱਖ 13 ਹਜ਼ਾਰ 144 ਹੈ, ਜਿਸ ਚੋਂ 2 ਲੱਖ 73 ਹਜ਼ਾਰ 434 ਲੜਕੇ ਤੇ 1 ਲੱਖ 39 ਹਜ਼ਾਰ 710 ਲੜਕੀਆਂ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਦੇ ਗਿੱਲ ਹਲਕੇ 'ਚ ਸਭ ਤੋਂ ਵੱਧ 1 ਲੱਖ 94 ਹਜ਼ਾਰ 331 ਵੋਟਰ ਹਨ ਜਦਕਿ ਅਮਲੋਹ ਹਲਕੇ 'ਚ ਸਭ ਤੋਂ ਘੱਟ 1 ਲੱਖ 13 ਹਜ਼ਾਰ 952 ਵੋਟਰ ਹਨ। ਉਨ੍ਹਾਂ ਦੱਸਿਆ ਕਿ ਰਾਜ 'ਚ 99.76 ਫ਼ੀਸਦੀ ਲੋਕਾਂ ਕੋਲ ਬਿਜਲਈ ਫ਼ੋਟੋ ਸ਼ਨਾਖ਼ਤੀ ਕਾਰਡ ਤੇ 99.68 ਫ਼ੀਸਦੀ ਲੋਕਾਂ ਦੀ ਫ਼ੋਟੋ ਵੋਟਰ ਸੂਚੀ 'ਚ ਦਰਜ ਹੈ। ਉਨ੍ਹਾਂ ਦੱਸਿਆ ਕਿ ਕੁੱਲ ਉਮੀਦਵਾਰਾਂ 'ਚੋਂ 93 ਔਰਤਾਂ ਤੇ 417 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਆਜ਼ਾਦ ਉਮੀਦਵਾਰਾਂ 'ਚੋਂ 45 ਔਰਤਾਂ ਤੇ 372 ਮਰਦ ਉਮੀਦਵਾਰ ਹਨ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਨਕੋਦਰ ਵਿਧਾਨ ਸਭਾ ਹਲਕੇ 'ਚ ਸਭ ਤੋਂ ਵੱਧ 238 ਪੋਲਿੰਗ ਬੂਥ ਹਨ ਤੇ ਅੰਮ੍ਰਿਤਸਰ ਕੇਂਦਰੀ ਹਲਕੇ 'ਚ ਸਭ ਤੋਂ ਘੱਟ 118 ਪੋਲਿੰਗ ਬੂਥ ਹਨ। ਭੁਲੱਥ ਅਜਿਹਾ ਹਲਕਾ ਹੈ, ਜਿੱਥੇ ਔਰਤ ਵੋਟਰਾਂ ਦੀ ਗਿਣਤੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੈ। ਭੁਲੱਥ ਵਿਖੇ 59 ਹਜ਼ਾਰ 391 ਔਰਤ ਵੋਟਰ ਹਨ, ਜਦਕਿ 59 ਹਜ਼ਾਰ 22 ਮਰਦ ਵੋਟਰ ਹਨ।

ਇਸ ਤੋਂ ਇਲਾਵਾ ਦੀਨਾਨਗਰ ਹਲਕੇ 'ਚ ਸਭ ਤੋਂ ਵੱਧ 3155 ਸਰਵਿਸ ਵੋਟਰ ਹਨ ਜਦਕਿ ਸਭ ਤੋਂ ਘੱਟ ਆਤਮ ਨਗਰ 'ਚ 16 ਸਰਵਿਸ ਵੋਟਰ ਹਨ। ਉਨ੍ਹਾਂ ਕਿਹਾ ਕਿ 19841 ਪੋਲਿੰਗ ਬੂਥਾਂ 'ਚੋਂ 6379 ਸੰਵੇਦਨਸ਼ੀਲ ਤੇ 2718 ਅਤਿ ਸੰਵੇਦਨਸ਼ੀਲ ਹਨ। ਇਸ ਤੋਂ ਇਲਾਵਾ 55 ਜਨਰਲ , 27 ਪੁਲਿਸ ਤੇ 43 ਖਰਚਾ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 7638 ਸਹਾਇਕ ਖਰਚਾ ਆਬਜ਼ਰਵਰ , 2627 ਵੀਡੀਓਗ੍ਰਾਫੀ ਟੀਮਾਂ ਤੇ 554 ਡਿਜੀਟਲ ਕੈਮਰਾ ਟੀਮਾਂ ਨਿਯੁਕਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਡੀ. ਐੱਸ. ਪੀ. ਅਬੋਹਰ ਨੂੰ ਬਦਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪ੍ਰਦੀਪ ਕੁਮਾਰ ਐੱਸ.ਐੱਚ.ਓ. ਲੱਖੋਕੇ ਬਹਿਰਾਮ ਨੂੰ ਫ਼ਿਰੋਜ਼ਪੁਰ ਵਿਖੇ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦਫ਼ਤਰ ਮੁੱਖ ਚੋਣ ਅਧਿਕਾਰੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਹੁਣ ਤੱਕ ਕੁੱਲ 2830 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ 'ਚੋਂ 2005 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਚੋਣ ਖਰਚਾ ਨਿਗਰਾਨ ਟੀਮਾਂ ਵੱਲੋਂ ਹੁਣ ਤੱਕ ਕੁੱਲ 33 ਕਰੋੜ 66 ਲੱਖ ਰੁਪਏ ਬਰਾਮਦ ਕਰਕੇ ਆਮਦਨ ਕਰ ਵਿਭਾਗ ਨੂੰ ਭੇਜੇ ਗਏ ਹਨ। ਇਸ ਤੋਂ ਇਲਾਵਾ 2641 ਕਿੱਲੋ ਭੁੱਕੀ, 10891 ਗ੍ਰਾਮ ਅਫ਼ੀਮ, 6362 ਗ੍ਰਾਮ ਹੈਰੋਇਨ ਰਾਜ ਦੇ ਵੱਖ-ਵੱਖ ਭਾਗਾਂ ਤੋਂ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 2 ਲੱਖ 13 ਹਜ਼ਾਰ 352 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ ਹਨ। ਸਰਕਾਰੀ ਅੰਦਾਜ਼ਿਆਂ ਅਨੁਸਾਰ ਰਾਜ ਵਿਚ ਵੋਟਾਂ ਪੈਣ ਦੀ ਪ੍ਰਤੀਸ਼ਤ 65 ਤੋਂ 75 ਪ੍ਰਤੀਸ਼ਤ ਤੱਕ ਰਹਿਣ ਦੀ ਸੰਭਾਵਨਾ ਹੈ ਅਤੇ ਮਗਰਲੇ ਦਿਨਾਂ ਦੀ ਸਰਦੀ ਤੋਂ ਬਾਅਦ ਮੌਸਮ ਦੇ ਖੁੱਲ੍ਹਣ ਕਾਰਨ ਲੋਕਾਂ ਲਈ ਵੋਟ ਪ੍ਰਕਿਰਿਆ ਵਿਚ ਹਿੱਸਾ ਲੈਣਾ ਸੁਖਾਲਾ ਹੋ ਜਾਵੇਗਾ।

No comments:

Post a Comment