ਕਾਂਗਰਸੀ ਉਮੀਦਵਾਰ ਦੇ ਅਸ਼ਲੀਲ ਪੋਸਟਰ ਲੱਗੇ
ਬਠਿੰਡਾ 29 ਜਨਵਰੀ -ਅੱਜ ਇਥੇ ਬਠਿੰਡਾ ਸ਼ਹਿਰ ਵਿਚ ਕਾਂਗਰਸੀ ਉਮੀਦਵਾਰ ਹਰਮੰਦਰ ਸਿੰਘ ਜੱਸੀ ਦੀ ਬਦਨਾਮੀ ਕਰਨ ਲਈ ਸ਼ਰਾਰਤੀ ਵਿਅਕਤੀਆਂ ਨੇ ਵੱਡੀ ਗਿਣਤੀ 'ਚ ਅਸ਼ਲੀਲ ਪੋਸਟਰ ਜਗ੍ਹਾ-ਜਗ੍ਹਾ ਲਗਾ ਦਿੱਤੇ ਅਤੇ ਕਈ ਥਾਂਵਾਂ 'ਤੇ ਵੰਡ ਦਿੱਤੇ, ਜਿਸ ਕਾਰਨ ਸ਼ਹਿਰ ਵਿਚ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਜੱਸੀ ਨੇ ਇਸਨੂੰ ਵਿਰੋਧੀਆਂ ਦੀ ਹਰਕਤ ਦੱਸਿਆ ਹੈ, ਜਦਕਿ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਨੇ ਵੀ ਇਸਦੀ ਕਰੜੀ ਨਿੰਦਾ ਕੀਤੀ ਹੈ। ਜਾਣਕਾਰੀ ਮੁਤਾਬਕ ਅੱਜ ਸ਼ਹਿਰ ਵਿਚ ਕਈ ਥਾਂਵਾਂ 'ਤੇ ਹਰਮੰਦਰ ਸਿੰਘ ਜੱਸੀ ਨੂੰ ਬਦਨਾਮ ਕਰਨ ਲਈ ਅਸ਼ਲੀਲ ਪੋਸਟਰ ਲਗਾਏ ਗਏ। ਕੁਝ ਥਾਂਵਾਂ 'ਤੇ ਇਹ ਪੋਸਟਰ ਵੰਡੇ ਵੀ ਗਏ, ਜਦਕਿ ਬਹੁਤ ਸਾਰੀਆਂ ਥਾਂਵਾਂ 'ਤੇ ਪੋਸਟਰ ਖਿਲਾਰ ਦਿੱਤੇ ਗਏ ਤਾਂ ਕਿ ਪਤਾ ਨਾ ਲੱਗੇ ਕਿ ਇਸ ਘਟਨਾ ਦਾ ਮਾਸਟਰਮਾਇੰਡ ਕੌਣ ਹੈ। ਸਿੱਟੇ ਵਜੋਂ ਸ਼ਹਿਰੀਆਂ ਵਲੋਂ ਇਸਨੂੰ ਘਟੀਆ ਕਿਸਮ ਦੀ ਰਾਜਨੀਤੀ ਕਰਾਰ ਦਿੱਤਾ ਗਿਆ ਹੈ। ਲੋਕ ਇਸ ਘਟਨਾ ਲਈ ਰਾਜਨੀਤੀਵਾਨਾਂ ਦੀ ਕਰੜੀ ਨਿੰਦਾ ਕਰ ਰਹੇ ਹਨ। ਸ਼ਹਿਰ ਵਿਚ ਮਾਹੌਲ ਤਣਾਅਪੂਰਨ ਬਣ ਗਿਆ ਹੈ ਤੇ ਕਿਸੇ ਵੀ ਸਮੇਂ ਲੜਾਈ-ਝਗੜਾ ਹੋਣ ਦਾ ਡਰ ਬਣਿਆ ਹੋਇਆ ਹੈ। ਇਸ ਬਾਰੇ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਨੇ ਕਿਹਾ ਕਿ ਜਿਸਨੇ ਵੀ ਇਹ ਕੀਤਾ, ਬਹੁਤ ਮਾੜੀ ਗੱਲ ਹੈ। ਘਟਨਾ ਪਿੱਛੇ ਕੁਝ ਸ਼ਰਾਰਤੀ ਲੋਕ ਹੋ ਸਕਦੇ ਹਨ, ਜੋ ਸਿਆਸੀ ਧਿਰਾਂ ਦੀ ਆਪਸੀ ਖਹਿਬਾਜ਼ੀ ਦਾ ਲਾਹਾ ਲੈਂਦੇ ਹੋਏ ਆਪਣੀਆਂ ਖੁੰਦਕਾਂ ਕੱਢ ਰਹੇ ਹਨ। ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਤੱਕ ਪਹੁੰਚਾਏ। ਦੂਜੇ ਪਾਸੇ ਹਰਮੰਦਰ ਸਿੰਘ ਜੱਸੀ ਨੇ ਕਿਹਾ ਕਿ ਘਟਨਾ ਪਿੱਛੇ ਵਿਰੋਧੀ ਧਿਰਾਂ ਜ਼ਿੰਮੇਵਾਰ ਹਨ। ਇਸ ਸੰਬੰਧ ਵਿਚ ਉਹ ਪੁਲਸ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ, ਜਦਕਿ ਮਾਨਹਾਨੀ ਦਾ ਦਾਅਵਾ ਵੀ ਕਰਨਗੇ। ਜੱਸੀ ਨੇ ਕਿਹਾ ਕਿ ਇਸ ਘਟਨਾ ਸਦਕਾ ਉਨ੍ਹਾਂ ਦੇ ਦਿਲ ਨੂੰ ਵੱਡੀ ਸੱਟ ਲੱਗੀ ਹੈ, ਪਰ ਕੱਲ ਹੀ ਲੋਕ ਇਸ ਦਾ ਫੈਸਲਾ ਕਰ ਦੇਣਗੇ।
No comments:
Post a Comment