Thursday, 1 March 2012

ਗੈਸ ਦੀਆਂ ਕੀਮਤਾਂ 10 ਫੀ ਸਦੀ ਤੱਕ ਵਧਣ ਦਾ ਅੰਦੇਸ਼ਾ
ਟੋਰਾਂਟੋ, 29 ਫਰਵਰੀ : ਮਾਹਿਰਾਂ ਦਾ ਕਹਿਣਾ ਹੈ ਕਿ ਰਿਫਾਈਨਰੀਆਂ ਦੇ ਬੰਦ ਹੋਣ, ਯੂਰਪ ਦੇ ਸੰਕਟ ਤੇ ਅਰਬ ਜਗਤ ਵਿੱਚ ਮਚੀ ਤਰਥੱਲੀ ਤੋਂ ਇਲਾਵਾ ਬਜ਼ਾਰਾਂ ਦੇ ਪਲ ਪਲ ਬਦਲ ਰਹੇ ਮਿਜਾਜ਼ ਤੋਂ ਭਾਵ ਹੈ ਕਿ ਕੈਨੇਡੀਅਨ ਮੋਟਰ ਚਾਲਕਾਂ ਨੂੰ ਗਰਮੀਆਂ ਵਿੱਚ ਗੈਸ ਲਈ ਵਧੇਰੇ ਕੀਮਤਾਂ ਅਦਾ ਕਰਨੀਆਂ ਪੈ ਸਕਦੀਆਂ ਹਨ। ਇਸ ਹਫਤੇ ਮਾਂਟਰੀਅਲ ਦੇ ਡਰਾਈਵਰਾਂ ਨੂੰ ਅਚਨਚੇਤੀ ਹੀ ਰਾਤੋ ਰਾਤ ਗੈਸ ਦੀਆਂ ਕੀਮਤਾਂ ਵਿੱਚ 14 ਸੈਂਟ ਵਾਧੇ ਦਾ ਸਾਹਮਣਾ ਕਰਨਾ ਪਿਆ, ਗੈਸ ਦੀਆਂ ਜਿਹੜੀਆਂ ਕੀਮਤਾਂ ਸੋਮਵਾਰ ਨੂੰ 1.30 ਡਾਲਰ ਪ੍ਰਤੀ ਲੀਟਰ ਸਨ ਮੰਗਲਵਾਰ ਨੂੰ ਉਹੀ ਕੀਮਤਾਂ 1.44 ਡਾਲਰ ਤੱਕ ਅੱਪੜ ਗਈਆਂ। ਬੁੱਧਵਾਰ ਨੂੰ ਦੇਸ਼ ਭਰ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਆਪਸ ਵਿੱਚ ਕੋਈ ਮੇਲ ਹੀ ਨਹੀਂ ਸੀ। ਵੈਨਕੂਵਰ ਵਿੱਚ ਪ੍ਰਤੀ ਲੀਟਰ ਪਿੱਛੇ ਗੈਸ ਦੀ ਕੀਮਤ 1.41 ਡਾਲਰ ਵਸੂਲੀ ਗਈ, ਐਡਮੰਟਨ ਵਿੱਚ ਇਹ ਪ੍ਰਤੀ ਲੀਟਰ ਪਿੱਛੇ 1.07 ਡਾਲਰ ਰਹੀ ਤੇ ਟੋਰਾਂਟੋ ਵਿੱਚ ਗੈਸ ਦੀ ਕੀਮਤ ਪ੍ਰਤੀ ਲੀਟਰ ਪਿੱਛੇ 1.30 ਡਾਲਰ ਰਹੀ। ਇੱਕ ਗੱਲ ਤਾਂ ਮੰਨਣ ਵਾਲੀ ਇਹ ਹੈ ਕਿ ਗੈਸ ਦੀਆਂ ਕੀਮਤਾਂ ਵਿੱਚ ਹਰ ਥਾਂ ਉੱਤੇ ਵਾਧਾ ਹੀ ਹੋਇਆ ਹੈ। ਤੇਲ ਸਨਅਤ ਦੇ ਵਿਸ਼ਲੇਸ਼ਕ ਰੌਜਰ ਮੈਕਨਾਈਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਪਰੈਲ ਦੇ ਅੰਤ ਤੱਕ 12 ਤੋਂ 15 ਫੀ ਸਦੀ ਤੱਕ ਵਾਧੇ ਦੀ ਗੱਲ ਕੀਤੀ ਗਈ ਸੀ। ਇਹ ਪਹਿਲਾਂ ਹੀ 3 ਫੀ ਸਦੀ ਤੋਂ ਵੀ ਵੱਧ ਚੁੱਕੀ ਹੈ ਇਸ ਲਈ ਇਹ ਆਖਿਆ ਜਾ ਸਕਦਾ ਹੈ ਕਿ ਅਪਰੈਲ ਤੱਕ ਇਹ 10 ਫੀ ਸਦੀ ਹੋਰ ਵੱਧ ਜਾਣਗੀਆਂ। ਆਮ ਤੌਰ ਉੱਤੇ ਗੈਸ ਦੀਆਂ ਕੀਮਤਾਂ ਮਈ ਦੇ ਅੰਤ ਤੱਕ ਘੱਟ ਜਾਂਦੀਆਂ ਹਨ ਪਰ ਇਸ ਸਾਲ ਅਜਿਹਾ ਹੋਣ ਦੀ ਕੋਈ ਸੰਭਾਵਨਾ ਨਹੀਂ ਲੱਗਦੀ। ਇੰਜ ਲੱਗਦਾ ਹੈ ਜਿਵੇਂ ਗੈਸ ਦੀਆਂ ਕੀਮਤਾਂ ਵਿੱਚ ਇਹ ਵਾਧਾ ਜੁਲਾਈ ਦੇ ਮੱਧ ਤੱਕ ਰਹੇਗਾ। ਇਸ ਤੋਂ ਭਾਵ ਹੈ ਕਿ ਇਨ੍ਹਾਂ ਗਰਮੀਆਂ ਵਿੱਚ ਟੋਰਾਂਟੋ ਦੇ ਕਾਰ ਮਾਲਕਾਂ ਨੂੰ ਪ੍ਰਤੀ ਲੀਟਰ ਪਿੱਛੇ 1.43 ਡਾਲਰ ਦੇਣੇ ਪੈਣਗੇ।

No comments:

Post a Comment