Thursday, 1 March 2012


ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਲੱਗੇ ਕੈਮਰਿਆਂ ਨੇ ਚੋਰੀ ਨੂੰ ਪਾਈ ਠੱਲ੍ਹ


ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਲੱਗੇ ਸੀ. ਸੀ. ਟੀ. ਵੀ ਕੈਮਰੇ ਅਤੇ
ਕੰਟਰੋਲ ਰੂਮ ਦਾ ਦ੍ਰਿਸ਼।
ਅੰਮ੍ਰਿਤਸਰ, 29 ਫਰਵਰੀ -ਸੁਰੱਖਿਆ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਤ ਕੀਤੇ ਗਏ ਸੀ. ਸੀ. ਟੀ. ਵੀ. ਕੈਮਰਿਆਂ ਚੋਰੀ ਦੀਆਂ ਵਾਰਦਾਤਾਂ ਤੇ ਹੋਰ ਸਮਾਜ ਵਿਰੋਧੀ ਤੱਤਾਂ ਨੂੰ ਠੱਲ੍ਹ ਪਾਈ ਹੈ। ਲਗਭਗ 130 ਸੀ. ਸੀ. ਟੀ. ਵੀ. ਕੈਮਰੇ ਸ੍ਰੀ ਹਰਿਮੰਦਰ ਸਾਹਿਬ ਸਮੂਹ 'ਚ ਲਾਏ ਗਏ ਹਨ, ਜੋ ਲੰਗਰ ਹਾਲ, ਗਠੜੀ ਘਰ, ਦੁੱਖ ਭੰਜਨੀ ਬੇਰੀ, ਸੂਚਨਾ ਕੇਂਦਰ, ਖਜਾਨਾ ਘਰ, ਸ਼੍ਰੋਮਣੀ ਕਮੇਟੀ ਦਫ਼ਤਰ, ਲਾਚੀ ਬੇਰ ਤੇ ਹੋਰ ਅਹਿੰਮ ਥਾਵਾਂ 'ਤੇ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੈਮਰਿਆਂ ਦੀ ਮਦਦ ਨਾਲ 150 ਤੋਂ ਵੱਧ ਚੋਰ ਫੜ ਕੇ ਪੁਲਿਸ ਹਵਾਲੇ ਕੀਤੇ ਹਨ, ਜੋ ਇਸ਼ਨਾਨ ਸਮੇਂ ਸ਼ਰਧਾਲੂਆਂ ਦੇ ਕਪੜੇ ਚੋਰੀ ਕਰਦੇ ਸਨ, ਜਿਨ੍ਹਾਂ 'ਚੋਂ ਨਕਦੀ ਅਤੇ ਹੋਰ ਕੀਮਤੀ ਸਾਮਾਨ ਪ੍ਰਾਪਤ ਹੋ ਜਾਂਦਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਸੀ. ਸੀ. ਟੀ. ਬੀ. ਕੈਮਰਿਆਂ ਦਾ ਕੰਟਰੋਲ ਰੂਮ ਪ੍ਰਕਰਮਾ 'ਚ ਬਣਾਇਆ ਹੈ, ਜਿਥੇ ਅੱਧੀ ਦਰਜ਼ਨ ਅਪਰੇਟਰ ਪੜਾਅ ਵਾਰ ਡਿਊਟੀ ਦਿੰਦੇ ਹਨ। ਇਨ੍ਹਾਂ ਤੋਂ ਇਲਾਵਾ ਸਿਵਲ ਕੱਪੜਿਆਂ 'ਚ 12 ਕਰਮਚਾਰੀ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਵੱਖ-ਵੱਖ ਥਾਵਾਂ ਖ਼ਾਸ ਕਰਕੇ ਭੀੜ ਵਾਲੇ ਸਥਾਨਾਂ 'ਤੇ ਸ਼ੱਕੀਆਂ 'ਤੇ ਨਜ਼ਰ ਰੱਖਦੇ ਹਨ। ਇਨ੍ਹਾਂ ਕੋਲ ਬਕਾਇਦਾ ਵਾਕੀ-ਟਾਕੀ ਸੈਟ ਹਨ। ਇਨ੍ਹਾਂ ਦਾ ਸਿੱਧਾ ਸੰਪਰਕ ਸੀ. ਸੀ. ਟੀ. ਵੀ. ਕੰਟਰੋਲ ਰੂਮ ਨਾਲ ਹੈ। ਇਹ ਸ਼ੱਕੀ ਵਿਅਕਤੀਆਂ ਦਾ ਪਿੱਛਾ ਕਰਦੇ ਹਨ, ਜਿਨ੍ਹਾਂ ਦੀ ਸਰਗਰਮੀਆਂ ਨੂੰ ਕੈਮਰਿਆਂ 'ਚ ਨਾਲੋਂ ਨਾਲ ਬੰਦ ਕਰ ਲਿਆ ਜਾਂਦਾ ਹੈ। ਇਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸ਼ੱਕੀ ਵਿਅਕਤੀ ਨੂੰ ਘਟਨਾ ਨੂੰ ਅੰਜ਼ਾਮ ਦੇਣ ਸਮੇਂ ਕਾਬੂ ਕਰ ਲਿਆ ਜਾਵੇ। ਸ੍ਰੀ ਹਰਿਮੰਦਰ ਸਾਹਿਬ 'ਚ ਬਣੇ ਸੀ. ਸੀ. ਟੀ. ਵੀ. ਕੰਟਰੋਲ ਰੂਮ 'ਚ ਸ਼ਿਕਾਇਤ ਰਜਿਸਟਰ ਲਾਇਆ ਹੈ। ਸ਼ਿਕਾਇਤ ਮਿਲਣ 'ਤੇ ਤੁਰੰਤ ਕੈਮਰਿਆਂ ਰਾਹੀਂ ਦੋਸ਼ੀਆਂ ਖਿਲਾਫ਼ ਕਾਰਵਾਈ ਹੁੰਦੀ ਹੈ ਤੇ ਪੁਲਿਸ ਦੀ ਮਦਦ ਵੀ ਲਈ ਜਾਂਦੀ ਹੈ। ਇਸ ਕੰਟਰੋਲ ਰੂਮ ਕੋਲ ਸ਼ਿਕਾਇਤ ਦਾ ਨਿਪਟਾਰਾ ਤਿੰਨ ਦਿਨ ਤੱਕ ਰਿਕਾਰਡ ਕਰਨ ਦੀ ਵਿਵਸਥਾ ਹੈ, ਜਿਸ ਦਾ ਵਿਸਥਾਰ 10 ਦਿਨ ਕਰਨ ਦੀ ਤਜਵੀਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੀ ਹੋਈ ਹੈ। ਇਸ ਤੋਂ ਇਲਾਵਾ ਦਰਸ਼ਨੀ ਡਿਓਡੀ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਸੀ. ਸੀ. ਟੀ. ਵੀ. ਕੈਮਰੇ ਲੱਗਣੇ ਅਜੇ ਬਾਕੀ ਹਨ।

ਡੀ. ਟੀ. ਐਫ ਵਲੋਂ ਕਰਾਈ ਵਜੀਫਾ ਪ੍ਰੀਖਿਆ 'ਚ ਲਹਿਰਾਗਾਗਾ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਲਹਿਰਾਗਾਗਾ, 29 ਫਰਵਰੀ - ਡੈਮੋਕਰੇਟਿਕ ਟੀਚਰ ਫਰੰਟ ਸੰਗਰੂਰ ਵਲੋਂ ਕਰਵਾਈ ਗਈ ਜ਼ਿਲ੍ਹਾ ਪੱਧਰੀ ਵਜੀਫਾ ਪ੍ਰੀਖਿਆ ਵਿਚ ਪ੍ਰਾਈਵੇਟ ਸਕੂਲਾਂ ਦੀ ਕੈਟਾਗਿਰੀ ਵਿਚ ਸਥਾਨਕ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਵਿਦਿਆਰਥਣ ਸੋਨੀਕਾ ਰਾਣੀ ਪੁੱਤਰੀ ਰਾਮ ਗੋਪਾਲ ਭਟਾਲੀਆ ਨੇ 243/400 ਅੰਕ ਪ੍ਰਾਪਤ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਅਤੇ ਸਕੂਲ ਵਿਚ ਖੁਸ਼ੀ ਦਾ ਆਲਮ ਛਾ ਗਿਆ। ਸਕੂਲ ਪ੍ਰਬੰਧਕ ਕੰਵਲਜੀਤ ਢੀਂਡਸਾ ਅਤੇ ਵਾਈਸ ਪ੍ਰਿੰਸੀਪਲ ਨੀਰੂ ਸਚਦੇਵਾ ਨੇ ਸੋਨਿਕਾ ਰਾਣੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਿਹਨਤ ਅਜਾਈ ਨਹੀਂ ਜਾਂਦੀ ਅਤੇ ਉਸ ਦਾ ਰੰਗ ਕਦੇ ਨਾ ਕਦੇ ਆਉਂਦਾ ਹੀ ਹੈ। ਸੋਨੀਕਾ ਰਾਣੀ ਖੋ - ਖੋ ਦੀ ਵਧੀਆ ਖਿਡਾਰਣ ਅਤੇ ਲੇਖਿਕਾ ਵੀ ਹੈ। ਇਸ ਪ੍ਰਕਾਰ ਸਰਕਾਰੀ ਸਕੂਲਾਂ ਦੀ ਪੈਂਡੂ ਕੈਟਾਗਿਰੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਸੰਗਤਪੁਰਾ ਦੀ ਬਬੀਤਾ ਅਤੇ ਸੰਜੈ ਕੁਮਾਰ ਨੇ ਕ੍ਰਮਵਾਰ 264 ਅਤੇ 260 ਅੰਕ ਪ੍ਰਾਪਤ ਕਰਕੇ ਨੌਵਾਂ, ਦਸਵਾਂ ਸਥਾਨ ਪ੍ਰਾਪਤ ਕੀਤਾ ਜਿਸਦਾ ਸਿਹਰਾ ਅਧਿਆਪਕ ਜਗਸੀਰ ਜੱਗੀ ਗੰਢੂਆਂ, ਕਿਰਨਪਾਲ ਗਾਗਾ ਅਤੇ ਹਰਪ੍ਰੀਤ ਸਿੰਘ ਨੂੰ ਜਾਂਦਾ ਹੈ। ਸਰਕਾਰੀ ਸਕੂਲਾਂ ਦੀ ਅੱਠਵੀਂ ਸ਼ਹਿਰੀ ਕੈਟਾਗਿਰੀ ਵਿਚ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਮੁੰਡਿਆਂ ਦੇ ਅੱਠਵੀਂ ਦੇ ਵਿਦਿਆਰਥੀ ਗੁਰਕਮਲ ਨੂੰ 166 ਅੰਕ ਪ੍ਰਾਪਤ ਨੌਵਾਂ ਸਥਾਨ ਹਾਸਲ ਕੀਤਾ ਹੈ। ਡੀ.ਟੀ.ਐਫ. ਦੇ ਬਲਾਕ ਪ੍ਰਧਾਨ ਹਰਭਗਵਾਨ ਸਿੰਘ, ਪ੍ਰਿੰਸੀਪਲ ਦੇਸ ਰਾਜ ਛਾਜਲੀ, ਰਾਮ ਕੁਮਾਰ ਚੋਟੀਆਂ, ਦਰਸ਼ਨ ਸਿੰਘ ਨੇ ਵਜੀਫਾ ਹਾਸਲ ਕਰਨ ਵਾਲਿਆਂ ਨੂੰ ਵਧਾਈ ਦਿੱਤੀ।

ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀ ਦਾ ਭਵਿੱਖ ਚਿੰਤਾ 'ਚ

1928 ਈਸਵੀ ਤੋਂ ਵਿੱਦਿਅਕ ਸੇਵਾਵਾਂ ਅਦਾ ਕਰ ਰਿਹਾ ਗੌਰਮਿਟ
ਸੀਨੀਅਰ ਸੈਕੰਡਰੀ ਸਕੂਲ, ਸੁਨਾਮ ਊਧਮ ਸਿੰਘ ਵਾਲਾ।
ਊਧਮ ਸਿੰਘ ਵਾਲਾ, 29 ਫਰਵਰੀ  - ਇਲਾਕੇ ਵਿਚ 1928 ਤੋਂ ਸ਼ਾਨਦਾਰ ਵਿੱਦਿਅਕ ਸੇਵਾਵਾਂ ਦਿੰਦਾ ਆ ਰਿਹਾ ਪ੍ਰਸਿੱਧ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਫਾਰ ਬੁਆਇਜ਼ ਹੁਣ ਸਰਕਾਰੀ ਨੀਤੀਆਂ ਕਰ ਕੇ ਮੰਦੀ ਹਾਲਤ ਵਿਚੋਂ ਗੁਜ਼ਰ ਰਿਹਾ ਹੈ। ਪ੍ਰਿੰਸੀਪਲ ਦਿਨੇਸ਼ ਕੁਮਾਰ ਨੇ ਦੱਸਿਆ ਕਿ ਕਈ ਸਾਲਾਂ ਤੋਂ +2 ਮੈਡੀਕਲ, ਨਾਨ ਮੈਡੀਕਲ ਦੀਆਂ ਕਲਾਸਾਂ ਸ਼ੁਰੂ ਹਨ। ਇਸ ਸੈਸ਼ਨ ਲਈ ਵੀ 80 ਵਿਦਿਆਰਥੀ ਹਨ। ਪੁੱਛਣ 'ਤੇ ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀ ਹੋਣ ਦੇ ਬਾਵਜੂਦ ਕਾਮਰਸ ਦਾ ਲੈਕਚਰਾਰ ਉਪਲਬਧ ਨਹੀਂ ਹੈ। ਇੰਝ ਹੀ ਸਾਇੰਸ ਗਰੁੱਪ ਦੇ ਫਿਜਿਕਸ, ਕੈਮਿਸਟਰੀ ਅਤੇ ਬਾਇਆਲੋਜੀ ਲੈਕਚਰਾਰ ਵੀ ਨਹੀਂ ਹਨ ਜਦੋਂ ਵਿਦਿਆਰਥੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵਿਚ ਸਾਇੰਸ ਕੋਈ ਨਹੀਂ ਪੜ੍ਹਾਉਂਦਾ। ਸਿੱਟੇ ਵਜੋਂ ਉਨ੍ਹਾਂ ਨੂੰ ਪ੍ਰਾਈਵੇਟ ਟਿਊਸ਼ਨਾਂ ਰੱਖ ਕੇ ਸਿਲੇਬਸ ਕਵਰ ਕਰਨਾ ਪੈਂਦਾ ਹੈ। ਗਰੀਬ ਪਰਿਵਾਰਾਂ ਦੇ ਬੱਚੇ ਕੇਵਲ ਰੱਟਾ ਲਗਾ ਕੇ ਕੰਮ ਸਾਰਦੇ ਹਨ। ਇੱਥੋਂ ਤੱਕ ਲੈਬੋਰਟਰੀ ਵਿਚ ਸੀਨੀਅਰ ਅਟੈਡੈਂਟ ਵੀ ਮੌਜੂਦ ਨਹੀਂ ਹੈ ਜਿਸ ਕਰ ਕੇ ਨਾ ਥਿਊਰੀ ਅਤੇ ਨਾ ਹੀ ਪ੍ਰੈਕਟੀਕਲ ਕਰਵਾਏ ਜਾਂਦੇ ਹਨ। ਸਕੂਲ ਵਿਚ ਸਫ਼ਾਈ ਦਾ ਬੁਰਾ ਹਾਲ ਸੀ। ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਸਕੂਲ 7 ਪੋਸਟਾਂ ਚੌਥਾ ਦਰਜਾ ਲਈ ਮਨਜੂਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 6 ਖਾਲ੍ਹੀ ਹਨ।

No comments:

Post a Comment