Thursday, 1 March 2012

ਪੰਜਾਬੀ ਨੌਜਵਾਨ ਨੇ ਟੱਕਰ ਮਾਰ ਕੇ ਬਜ਼ੁਰਗ ਜੋੜੇ ਦੀ ਜਾਨ ਲੈਣ ਦਾ ਗੁਨਾਹ ਕਬੂਲ ਕੀਤਾ

ਸਰ੍ਹੀ ਦੇ ਬਜੁ਼ਰਗ ਪੰਜਾਬੀ ਜੋੜੇ ਨੂੰ ਆਪਣੀ ਕਾਰ ਨਾਲ ਟੱਕਰ ਮਾਰ ਕੇ ਫਰਾਰ ਹੋਣ ਵਾਲੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਨੌਜਵਾਨ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਰਵਿੰਦਰ ਬਿਨਿੰਗ ਨੂੰ ਮੰਗਲਵਾਰ ਨੂੰ ਸਰ੍ਹੀ ਦੀ ਪ੍ਰੋਵਿੰਸ਼ੀਅਲ ਅਦਾਲਤ ਵੱਲੋਂ ਖਤਰਨਾਕ ਡਰਾਈਵਿੰਗ ਰਾਹੀਂ ਕਿਸੇ ਦੀ ਜਾਨ ਲੈਣ, ਖਤਰਨਾਕ ਡਰਾਈਵਿੰਗ ਰਾਹੀਂ ਸਰੀਰਕ ਤੌਰ ਉੱਤੇ ਨੁਕਸਾਨ ਪਹੁੰਚਾਉਣ ਤੇ ਹਾਦਸੇ ਵਾਲੀ ਥਾਂ ਤੋਂ ਫਰਾਰ ਹੋਣ ਦੇ ਸਬੰਧ ਵਿੱਚ ਕਸੂਰਵਾਰ ਠਹਿਰਾਇਆ ਗਿਆ। ਬਾਧ ਪਰਿਵਾਰ ਜੁਲਾਈ 2008 ਵਿੱਚ ਮੰਗਣੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਪਰਤ ਰਿਹਾ ਸੀ ਜਦੋਂ ਇੱਕ ਹੋਰ ਗੱਡੀ ਵੱਲੋਂ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਗਈ। ਇਸ ਹਾਦਸੇ ਵਿੱਚ 60ਵਿਆਂ ਨੂੰ ਢੁਕੇ ਦਿਲਬਾਗ ਬਾਧ ਤੇ ਉਨ੍ਹਾਂ ਦੀ ਪਤਨੀ ਬਖਸ਼ੀਸ਼ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਇੱਕ ਹੋਰ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ। ਟੱਕਰ ਐਨੀ ਜ਼ਬਰਦਸਤ ਸੀ ਕਿ ਬਿਨਿੰਗ ਦੀ ਗੱਡੀ ਵੀ ਉਛਲ ਗਈ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਮੰਗਲਵਾਰ ਨੂੰ ਅਦਾਲਤ ਦੇ ਬਾਹਰ ਬਾਧ ਪਰਿਵਾਰ ਨੇ ਇਸ ਨੂੰ ਸਹੀ ਫੈਸਲਾ ਦੱਸਿਆ ਪਰ ਉਨ੍ਹਾਂ ਇਸ ਗੱਲ ਉੱਤੇ ਹੈਰਾਨੀ ਵੀ ਪ੍ਰਗਟਾਈ ਕਿ ਬਿਨਿੰਗ ਨੂੰ ਕਸੂਰਵਾਰ ਠਹਿਰਾਉਣ ਵਿੱਚ ਐਨੀ ਦੇਰ ਕਿਉਂ ਲੱਗੀ। ਬਾਧ ਪਰਿਵਾਰ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਬਿਨਿੰਗ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਬਿਨਿੰਗ ਨੂੰ 13 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ।

No comments:

Post a Comment