Thursday, 1 March 2012

ਸਰਕਾਰੀ ਕਟੌਤੀਆਂ ਕਾਰਨ ਇੱਕ ਲੱਖ ਤੋਂ ਵੱਧ ਨੌਕਰੀਆਂ ਜਾਣ ਦਾ ਖਦਸ਼ਾ : ਯੂਨੀਅਨ

ਕੰਜ਼ਰਵੇਟਿਵ ਸਰਕਾਰ ਵੱਲੋਂ ਫੈਡਰਲ ਖਰਚਾ 8 ਬਿਲੀਅਨ ਡਾਲਰ ਤੱਕ ਘਟਾਏ ਜਾਣ ਸਬੰਧੀ ਕੀਤੇ ਗਏ ਫੈਸਲੇ ਤੋਂ ਪਰੇਸ਼ਾਨ ਅਰਥਸ਼ਾਸਤਰੀਆਂ ਦੀ ਨੁਮਾਇੰਦਗੀ ਕਰ ਰਹੀ ਯੂਨੀਅਨ ਨੇ ਆਖਿਆ ਹੈ ਕਿ ਇਸ ਨਾਲ ਇੱਕ ਲੱਖ ਤੋਂ ਵੱਧ ਨੌਕਰੀਆਂ ਜਾਣ ਦਾ ਖਦਸ਼ਾ ਹੈ। ਕੈਨੇਡੀਅਨ ਐਸੋਸੀਏਸ਼ਨ ਆਫ ਦ ਪ੍ਰੋਫੈਸ਼ਨਲ ਇੰਪਲਾਈਜ਼ (ਸੀਏਪੀਈ) ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਸਰਕਾਰ ਵੱਲੋਂ ਖਰਚਿਆਂ ਵਿੱਚ ਕਟੌਤੀਆਂ ਕਰਨ ਸਬੰਧੀ ਫੈਸਲੇ ਦਾ ਅਸਰ ਪੂਰੇ ਦੇਸ਼ ਵਿੱਚ ਮਹਿਸੂਸ ਕੀਤਾ ਜਾਵੇਗਾ। ਯੂਨੀਅਨ ਦੇ ਅੰਦਾਜੇ਼ ਮੁਤਾਬਕ ਕੰਜ਼ਰਵੇਟਿਵਾਂ ਦੇ ਖਰਚਿਆਂ ਆਦਿ ਦੇ ਮੁਲਾਂਕਣ ਦੇ ਨਤੀਜੇ, ਜਿਸ ਨੂੰ ਆਉਣ ਵਾਲੇ ਬਜਟ ਵਿੱਚ ਐਲਾਨਿਆ ਜਾਵੇਗਾ, ਨਾਲ ਦੇਸ਼ ਭਰ ਵਿੱਚ 116,000 ਲੋਕਾਂ ਦਾ ਰੋਜ਼ਗਾਰ ਖੁੱਸ ਜਾਵੇਗਾ। ਜਿਨ੍ਹਾਂ ਦੀਆਂ ਨੌਕਰੀਆਂ ਜਾਣਗੀਆਂ ਉਨ੍ਹਾਂ ਵਿੱਚੋਂ 61,000 ਪ੍ਰਾਈਵੇਟ ਖੇਤਰ ਨਾਲ ਸਬੰਧਤ ਹੋਣਗੇ ਤੇ 55,000 ਜਨਤਕ ਖੇਤਰ ਨਾਲ ਸਬੰਧਤ ਹੋਣਗੇ। ਯੂਨੀਅਨ ਦਾ ਕਹਿਣਾ ਹੈ ਕਿ ਸੱਭ ਤੋਂ ਵੱਧ ਵਾਢਾ ਓਨਟਾਰੀਓ ਵਿੱਚ ਲੱਗੇਗਾ, ਜਿੱਥੇ 50,000 ਰੋਜ਼ਗਾਰ ਦੇ ਮੌਕੇ ਖੁੱਸਣਗੇ ਤੇ ਦੂਜੇ ਨੰਬਰ ਉੱਤੇ ਰਹੇਗਾ ਕਿਊਬਿਕ ਜਿੱਥੇ 25,000 ਲੋਕਾਂ ਨੂੰ ਨੌਕਰੀ ਤੋਂ ਹੱਥ ਧੁਆਉਣੇ ਪੈਣਗੇ, ਫਿਰ ਵਾਰੀ ਆਵੇਗੀ ਪੱਛਮੀ ਕੈਨੇਡਾ ਦੀ ਜਿੱਥੋਂ 15,000 ਨੌਕਰੀਆਂ ਖ਼ਤਮ ਹੋਣਗੀਆਂ ਤੇ ਇਸ ਫੈਸਲੇ ਤੋਂ ਅਲਬਰਟਾ ਵੀ ਬਚ ਨਹੀਂ ਸਕੇਗਾ ਇੱਥੇ ਵੀ 8,000 ਨੌਕਰੀਆਂ ਖ਼ਤਮ ਕੀਤੀਆਂ ਜਾਣਗੀਆਂ। ਕੈਨੇਡਾ ਦੇ ਸਰਵਿਸ ਸੈਕਟਰ ਨਾਲ ਸਬੰਧਤ 9,000 ਕਾਮੇ ਆਪਣੀਆਂ ਨੌਕਰੀਆਂ ਤੋਂ ਹੱਥ ਧੋ ਬੈਠਣਗੇ, ਫੂਡ ਸਰਵਿਸ ਇੰਡਸਟਰੀ ਨਾਲ ਜੁੜੇ 4,400 ਲੋਕਾਂ ਦੀ ਨੌਕਰੀ ਜਾਵੇਗੀ ਤੇ ਹੋਲਸੇਲ ਖੇਤਰ ਦੇ 3,000 ਲੋਕਾਂ ਨੂੰ ਨੌਕਰੀ ਤੋਂ ਹੱਥ ਧੁਆਉਣੇ ਪੈਣਗੇ ਜਦਕਿ ਉਸਾਰੀ ਦੇ ਖੇਤਰ ਨਾਲ ਜੁੜੇ 2,500 ਲੋਕ ਵਿਹਲੇ ਹੋ ਜਾਣਗੇ। ਸੀਏਪੀਈ ਦੇ ਪ੍ਰਧਾਨ ਕਲਾਡ ਪੋਇਰੀਅਰ ਨੇ ਆਖਿਆ ਕਿ ਸਰਕਾਰ ਪ੍ਰੋਗਰਾਮਾਂ ਤੇ ਸੇਵਾਵਾਂ ਵਿੱਚ ਵੱਡੀਆਂ ਕਟੌਤੀਆਂ ਕਰਨ ਦੀ ਯੋਜਨਾ ਬਣਾ ਰਹੀ ਹੈ ਤੇ ਇਸ ਗੱਲ ਦਾ ਵੀ ਖਿਆਲ ਨਹੀਂ ਰੱਖਿਆ ਜਾ ਰਿਹਾ ਕਿ ਇਸ ਦਾ ਅਰਥਚਾਰੇ ਉੱਤੇ ਕੀ ਅਸਰ ਹੋਵੇਗਾ। ਯੂਨੀਅਨ ਵੱਲੋਂ ਇਸ ਤੋਂ ਕੁੱਝ ਪਹਿਲਾਂ ਹੀ ਵਿਸ਼ਲੇਸ਼ਣ ਪੇਸ਼ ਕੀਤਾ ਗਿਆ ਸੀ ਕਿ 8 ਬਿਲੀਅਨ ਡਾਲਰ ਦੀ ਖਰਚਿਆਂ ਵਿੱਚ ਕੀਤੀ ਕਟੌਤੀ ਨਾਲ ਕੈਨੇਡਾ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਵੀ 10 ਬਿਲੀਅਨ ਡਾਲਰ ਤੱਕ ਘਟ ਸਕਦਾ ਹੈ ਤੇ ਇਸ ਨਾਲ ਇੱਕ ਵਾਰੀ ਫਿਰ ਦੇਸ਼ ਵਿੱਚ ਮੰਦਵਾੜਾ ਆ ਸਕਦਾ ਹੈ। ਯੂਨੀਅਨ 14,000 ਫੈਡਰਲ ਅਰਥਸ਼ਾਸਤਰੀਆਂ, ਸੋਸ਼ਲ ਸਾਇੰਟਿਸਟਾਂ, ਟਰਾਂਸਲੇਟਰਾਂ ਤੇ ਲਾਇਬ੍ਰੇਰੀ ਆਫ ਪਾਰਲੀਆਮੈਂਟ ਦੇ ਖੋਜਕਾਰੀਆਂ ਦੀ ਨੁਮਾਇੰਦਗੀ ਕਰਦੀ ਹੈ।


No comments:

Post a Comment