ਫਲੈਹਰਟੀ 29 ਮਾਰਚ ਨੂੰ ਪੇਸ਼ ਕਰਨਗੇ ਫੈਡਰਲ ਬਜਟ
ਓਟਵਾ, 29 ਫਰਵਰੀ -ਵਿੱਤ ਮੰਤਰੀ ਜਿੰਮ ਫਲੈਹਰਟੀ ਨੇ ਬੁੱਧਵਾਰ ਨੂੰ ਆਖਿਆ ਕਿ ਫੈਡਰਲ ਸਰਕਾਰ 29 ਮਾਰਚ ਨੂੰ ਆਪਣਾ ਬਜਟ ਪੇਸ਼ ਕਰੇਗੀ। ਇਸ ਵਾਰੀ ਆਮ ਨਾਲੋਂ ਬਜਟ ਕੁੱਝ ਲੇਟ ਹੈ। ਅਜਿਹਾ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਕੰਜ਼ਰਵੇਟਿਵਾਂ ਵੱਲੋਂ ਕਈ ਵਿਭਾਗਾਂ ਦੇ ਖਰਚਿਆਂ ਵਿੱਚ ਕਟੌਤੀਆਂ ਕੀਤੇ ਜਾਣ ਦੀ ਸੰਭਾਵਨਾ ਹੈ। ਕੈਬਨਿਟ ਮੰਤਰੀਆਂ ਨੇ ਵੀ ਇਹ ਸੰਕੇਤ ਦਿੱਤਾ ਹੈ ਕਿ ਉਹ ਕਟੌਤੀਆਂ ਬਾਰੇ ਅਜੇ ਵੀ ਆਖਰੀ ਫੈਸਲੇ ਲੈ ਰਹੇ ਹਨ। ਇਹ ਵੀ ਕਨਸੋਆਂ ਮਿਲ ਰਹੀਆਂ ਹਨ ਕਿ ਕੁੱਝ ਕੁ ਵਿਭਾਗਾਂ ਵਿੱਚ ਤਾਂ ਇਹ ਕਟੌਤੀਆਂ 20 ਫੀ ਸਦੀ ਤੋਂ ਵੀ ਜਿ਼ਆਦਾ ਹੋਣਗੀਆਂ। ਸਰਕਾਰ ਅਗਲੇ ਤਿੰਨ ਸਾਲਾਂ ਵਿੱਚ 4 ਬਿਲੀਅਨ ਤੋਂ 8 ਬਿਲੀਅਨ ਡਾਲਰ ਤੱਕ ਦੀ ਬਚਤ ਚਾਹੁੰਦੀ ਹੈ ਤੇ ਪਤਾ ਲੱਗਿਆ ਹੈ ਕਿ ਇਸ ਟੀਚੇ ਨੂੰ ਪੂਰਾ ਕਰਨ ਦੀ ਕੋਸਿ਼ਸ਼ ਵੀ ਕੀਤੀ ਜਾ ਰਹੀ ਹੈ ਪਰ ਫਲੈਹਰਟੀ ਵੱਲੋਂ ਕਿਸੇ ਤਰ੍ਹਾਂ ਦੇ ਵੇਰਵੇ ਨਹੀਂ ਦਿੱਤੇ ਗਏ। ਉਨ੍ਹਾਂ ਓਟਵਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਹ ਕੋਈ ਗੁੰਝਲਦਾਰ ਵੇਰਵੇ ਨਹੀਂ ਹੋਣ ਵਾਲੇ। ਫਲੈਹਰਟੀ ਨੇ ਆਖਿਆ ਕਿ ਘਾਟੇ ਨੂੰ ਖ਼ਤਮ ਕਰਨ ਲਈ ਸਾਡੇ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦੀ ਝਲਕ ਇਸ ਬਜਟ ਵਿੱਚੋਂ ਜ਼ਰੂਰ ਮਿਲੇਗੀ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਬਜਟ ਵਿੱਚ ਵਧੇਰੇ ਧਿਆਨ ਰੋਜ਼ਗਾਰ ਤੇ ਵਿਕਾਸ ਵੱਲ ਦਿੱਤਾ ਗਿਆ ਹੈ। ਇਹ ਬਜਟ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੇ 2012-13 ਦੇ ਵਿੱਤੀ ਵਰ੍ਹੇ ਤੋਂ ਕੁੱਝ ਕੁ ਦਿਨ ਪਹਿਲਾਂ ਹੀ ਆਵੇਗਾ। ਫਲੈਹਰਟੀ ਨੇ ਇਹ ਬਿਆਨ ਹਾਊਸ ਆਫ ਕਾਮਨਜ਼ ਦੇ ਬਾਹਰ ਦਿੱਤਾ। ਉਨ੍ਹਾਂ ਹੋਣ ਵਾਲੀਆਂ ਕਟੌਤੀਆਂ ਬਾਰੇ ਵੀ ਹਿੰਟ ਦਿੱਤਾ ਤੇ ਆਖਿਆ ਕਿ ਪਬਲਿਕ ਸਰਵਿਸ ਨੂੰ ਵੀ ਹੱਥ ਘੁੱਟਣ ਦੀ ਲੋੜ ਹੈ। ਫਲੈਹਰਟੀ ਨੇ ਆਖਿਆ ਕਿ ਅਸੀਂ 265 ਬਿਲੀਅਨ ਡਾਲਰ ਦੇ ਬਜਟ ਦੀ ਗੱਲ ਕਰ ਰਹੇ ਹਾਂ ਤੇ ਐਡੇ ਵੱਡੇ ਬਜਟ ਵਿੱਚ ਖਰਚਿਆਂ ਵਿੱਚ ਵਾਜਬ ਕਟੌਤੀਆਂ ਤਾਂ ਕੀਤੀਆਂ ਜਾਣੀਆਂ ਜਾਇਜ਼ ਹੀ ਹਨ। ਅਸੀਂ ਮੁਕਾਬਲਤਨ ਖਰਚਿਆਂ ਵਿੱਚ ਨਿੱਕੀਆਂ ਕਟੌਤੀਆਂ ਦੀ ਗੱਲ ਕਰ ਰਹੇ ਹਾਂ। ਜੇ ਤੁਸੀਂ ਸਖ਼ਤ ਪ੍ਰੋਗਰਾਮਾਂ ਬਾਰੇ ਜਾਣਨਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਯੂਨਾਇਟਿਡ ਕਿੰਗਡਮ ਵੱਲ ਨਜ਼ਰ ਮਾਰ ਸਕਦੇ ਹੋਂ ਜਾਂ 1995 ਤੇ 1996 ਦੇ ਕੈਨੇਡਾ ਨੂੰ ਯਾਦ ਕਰ ਸਕਦੇ ਹੋਂ। ਸਾਡੇ ਵੱਲੋਂ ਇਸ ਸਮੇਂ ਬਜਟ ਵਿੱਚ ਕੀਤੀਆਂ ਜਾਣ ਵਾਲੀਆਂ ਕਟੌਤੀਆਂ ਫਿਰ ਵੀ ਮਾਮੂਲੀ ਹੀ ਹਨ। ਉਨ੍ਹਾਂ ਆਖਿਆ ਕਿ ਸਰਕਾਰ 2015-16 ਤੱਕ ਬਜਟ ਨੂੰ ਸੰਤੁਲਿਤ ਕਰਨਾ ਚਾਹੁੰਦੀ ਹੈ। ਇਸ ਪੇਸ਼ੀਨਿਗੋਈ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਦੀ ਸੰਭਾਵਨਾ ਇਸ ਸਮੇਂ ਤਾਂ ਨਹੀਂ ਹੈ।
No comments:
Post a Comment