ਆਮ ਲੋਕਾਂ 'ਤੇ ਭਾਰੀ ਬੋਝ ਪਾ ਗਿਆ ਪ੍ਰਣਾਬ ਦਾ ਬਜਟ
ਨਵੀਂ ਦਿੱਲੀ, 16 ਮਾਰਚ ਵਿੱਤ ਮੰਤਰੀ ਪ੍ਰਣਾਬ ਮੁਖਰਜੀ ਵੱਲੋਂ ਅਗਲੇ ਸਾਲ 2012-13 ਲਈ ਲੋਕ ਸਭਾ ਵਿਚ ਪੇਸ਼ ਆਮ ਬਜਟ 'ਚ ਆਮਦਨ ਟੈਕਸ ਛੋਟ ਹੱਦ ਵਿਚ ਮਾਮੂਲੀ ਰਾਹਤ ਦਿੰਦਿਆਂ 1.80 ਲੱਖ ਰੁਪਏ ਤੋਂ ਵਧਾਕੇ 2 ਲੱਖ ਰੁਪਏ ਕਰਨ ਦੀ ਤਜਵੀਜ਼ ਰਖੀ ਗਈ ਹੈ। 20 ਫ਼ੀਸਦੀ ਟੈਕਸ ਦੀ ਹੱਦ 8 ਲੱਖ ਤੋਂ ਵਧਾਕੇ 10 ਲੱਖ ਰੁਪਏ ਕਰਨ ਤੇ 10 ਹਜ਼ਾਰ ਰੁਪਏ ਤੱਕ ਦੀ ਵਿਆਜ ਆਮਦਨੀ ਨੂੰ ਟੈਕਸ ਤੋਂ ਛੋਟ ਦੇਣ ਦੀ ਤਜਵੀਜ਼ ਹੈ ਜਦ ਕਿ ਕੁਝ ਸੇਵਾਵਾਂ ਨੂੰ ਛੱਡਕੇ ਸਰਵਿਸ ਟੈਕਸ ਦੀ ਦਰ ਵਿਚ 2 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਐਕਸਾਈਜ਼ ਕਰ ਵੀ 2 ਫ਼ੀਸਦੀ ਵਧਾਇਆ ਗਿਆ ਹੈ। ਮੁੱਖਰਜੀ ਨੇ ਕਿਹਾ ਕਿ ਇਨ੍ਹਾਂ ਤਜਵੀਜ਼ਾਂ ਨਾਲ ਸਰਕਾਰ ਨੂੰ 45940 ਕਰੋੜ ਰੁਪਏ ਦੀ ਹੋਰ ਆਮਦਨ ਹੋਵੇਗੀ। ਵਿੱਤ ਮੰਤਰੀ ਨੇ ਨਕਾਰਾਤਮਿਕ ਸੂਚੀ ਜਾਰੀ ਕੀਤੀ ਹੈ ਜਿਸ ਦਾ ਮੰਤਵ ਹੋਰ ਵਸਤਾਂ ਨੂੰ ਟੈਕਸ ਦੇ ਘੇਰੇ ਵਿਚ ਲੈਣਾ ਹੈ। ਸਕੂਲੀ ਸਿੱਖਿਆ ਨੂੰ ਸਰਵਿਸ ਟੈਕਸ ਤੋਂ ਮੁਕਤ ਰੱਖਿਆ ਗਿਆ ਹੈ।
ਤਜਵੀਜ਼ ਟੈਕਸ ਦਰਾਂ ਕਾਰਨ ਸੀਮਿੰਟ, ਸਕੂਟਰ, ਮੋਟਰਸਾਈਕਲ, ਕਾਰਾਂ, ਫਰਿੱਜ, ਏ. ਸੀ, ਟੀ.ਵੀ, ਵਾਸ਼ਿੰਗ ਮਸ਼ੀਨਾਂ , ਘੜੀਆਂ ਤੇ ਸਾਬਣ ਮਹਿੰਗਾ ਹੋ ਜਾਵੇਗਾ ਜਦ ਕਿ ਮੋਬਾਇਲ ਫ਼ੋਨਾਂ ਦੇ ਹਿੱਸੇ ਪੁਰਜੇ, ਚਾਂਦੀ ਦੇ ਬਰੈਂਡਡ ਗਹਿਣੇ, ਬਰੈਂਡਡ ਕੱਪੜੇ, ਐਲ. ਸੀ.ਡੀ, ਐਲ.ਈ.ਡੀ, ਸੋਇਆਬੀਨ ਤੋਂ ਬਣੇ ਪਦਾਰਥ ਤੇ ਲਿਖਣ ਸਮਗਰੀ ਸਸਤੀ ਹੋ ਜਾਵੇਗੀ।
ਰੱਖਿਆ ਬਜਟ 'ਚ 17 ਫ਼ੀਸਦੀ ਵਾਧਾ ਕੀਤਾ ਗਿਆ ਹੈ ਤੇ ਕੁੱਲ ਰੱਖਿਆ ਖਰਚ 1,93, 407 ਕਰੋੜ ਰੁਪਏ ਕਰਨ ਦੀ ਤਜਵੀਜ਼ ਹੈ। ਪਿਛਲੇ ਸਾਲ ਰੱਖਿਆ ਵਾਸਤੇ 1,64,415 ਕਰੋੜ ਰੁਪਏ ਰੱਖੇ ਗਏ ਸਨ। ਅਗਲੇ ਸਾਲ ਦੇ ਰੱਖਿਆ ਬਜਟ ਵਿਚੋਂ 79,500 ਕਰੋੜ ਰੁਪਏ ਆਧੁਨਿਕ ਹੱਥਿਆਰ ਪ੍ਰਣਾਲੀ ਲੈਣ ਤੇ ਫੌਜੀ ਹਾਰਡਵੇਅਰ ਉਪਰ ਖਰਚ ਕੀਤੇ ਜਾਣਗੇ।
ਮੁਖਰਜੀ ਨੇ ਕਿਹਾ ਕਿ ਰੱਖਿਆ ਖਰਚ ਮੌਜੂਦਾ ਲੋੜਾਂ ਨੂੰ ਮੁੱਖ ਰੱਖਦਿਆਂ ਤਜਵੀਜ਼ ਕੀਤਾ ਗਿਆ ਹੈ ਤੇ ਰੱਖਿਆ ਸਬੰਧੀ ਕਿਸੇ ਵੀ ਤਰਾਂ ਦੀ ਹੋਰ ਲੋੜ ਨੂੰ ਪੂਰਾ ਕੀਤਾ ਜਾਵੇਗਾ। ਕਾਰਪੋਰੇਟ ਟੈਕਸ ਨੂੰ ਨਹੀਂ ਛੇੜਿਆ ਗਿਆ । ਸੋਨੇ ਉਪਰ ਦਰਾਮਦ ਟੈਕਸ ਦਰ ਵਧਾਈ ਗਈ ਹੈ ਜਦ ਕਿ ਸਿਗਰਟਾਂ, ਬੀੜੀਆਂ, ਪਾਨ ਮਸਾਲਾ, ਤੰਬਾਕੂ ਤੇ ਵੱਡੀਆਂ ਲਗਜ਼ਰੀ ਗੱਡੀਆਂ ਉਪਰ ਟੈਕਸ ਦਰ ਵਧਾਈ ਗਈ ਹੈ। ਵਿੱਤ ਮੰਤਰੀ ਵੱਲੋਂ ਖੇਤੀਬਾੜੀ ਖੇਤਰ ਨੂੰ ਰਾਹਤ ਦਿੱਤੀ ਗਈ ਹੈ। ਕਰਜ਼ੇ ਦੀ ਸਮੇਂ ਸਿਰ ਅਦਾਇਗੀ ਕਰਨ ਵਾਲੇ ਕਿਸਾਨਾਂ ਨੂੰ ਵਿਆਜ ਵਿਚ ਦਿੱਤੀ ਜਾ ਰਹੀ ਮੌਜੂਦਾ 3 ਫ਼ੀਸਦੀ ਛੋਟ ਅਗਲੇ ਸਾਲ ਵੀ ਜਾਰੀ ਰਹੇਗੀ। ਬਜਟ ਵਿਚ ਖੇਤੀਬਾੜੀ ਵਾਸਤੇ ਕਰਜ਼ਾ ਦੇਣ ਲਈ 5 ਲੱਖ 75 ਕਰੋੜ ਰੁਪਏ ਰਖੇ ਗਏ ਹਨ। ਚੱਲ ਰਹੇ ਵਿੱਤੀ ਵਰ੍ਹੇ 'ਚ 4 ਲੱਖ 75 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇਣ ਦੀ ਵਿਵਸਥਾ ਕੀਤੀ ਗਈ ਸੀ।
ਲੋਕ ਵਿਰੋਧੀ ਬਜਟ-ਭਾਜਪਾ ਕੇਂਦਰ 'ਚ ਮੁਖ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਨੇ ਸੰਸਦ 'ਚ ਅੱਜ ਪੇਸ਼ ਕੀਤੇ ਗਏ ਆਮ ਬਜਟ ਨੂੰ ਲੋਕ ਵਿਰੋਧੀ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ ਮਹਿੰਗਾਈ 'ਚ ਵਾਧਾ ਹੋਵੇਗਾ ਤੇ ਆਮ ਲੋਕਾਂ 'ਤੇ ਵਾਧੂ ਭਾਰ ਪਵੇਗਾ। ਭਾਜਪਾ ਜੇ ਉਪ ਪ੍ਰਧਾਨ ਮੁਖ਼ਤਾਰ ਅਬਾਸ ਨਕਵੀ ਨੇ ਕਿਹਾ ਕਿ ਵਿੱਤ ਮੰਤਰੀ ਦਾ ਆਰਥਿਕ ਫਾਰਮੂਲਾ ਬੁਰੀ ਤਰਾਂ ਫਲਾਪ ਰਿਹਾ ਹੈ। ਨਕਵੀ ਦਾ ਕਹਿਣਾ ਹੈ ਕਿ 'ਦਾਦ' ਵੱਲੋਂ ਪੇਸ਼ ਕੀਤਾ ਗਿਆ ਬੱਜਟ ਰਾਸ਼ਟਰ ਨੂੰ ਸੁਧਾਰ ਵੱਲ ਲਿਜਾਣ ਦੀ ਥਾਂ 'ਤੇ ਕਰਜ ਵੱਲ ਲੈ ਜਾਵੇਗਾ। ਭਾਜਪਾ ਨੇਤਾ ਸ਼ਾਹਨਵਾਜ ਹੁਸੈਨ, ਸ਼ਤਰੂਘਣ ਸਿਨਹਾ ਅਤੇ ਅਨੰਤ ਕੁਮਾਰ ਨੇ ਵੀ ਇਸ ਬਜਟ ਨੂੰ ਲੋਕ ਵਿਰੋਧੀ ਦੱਸਿਆ ਹੈ। |
|
No comments:
Post a Comment