Saturday, 17 March 2012


ਅਗਵਾ ਹੋਏ ਤਿੰਨ ਸਾਲਾ ਬੱਚੇ ਦੀ ਲਾਸ਼ ਛੱਪੜ 'ਚੋਂ ਬਰਾਮਦ

ਬੱਚੇ ਦੀ ਲਾਸ਼ ਨੂੰ ਛੱਪੜ ਵਿਚੋਂ ਬਾਹਰ ਕੱਢਣ ਸਮੇਂ ਪੁਲਿਸ ਅਤੇ ਸਥਾਨਕ ਲੋਕ। ਮ੍ਰਿਤਕ ਲੱਕੀ ਦੀ ਮਾਂ ਵਿਰਲਾਪ ਕਰਦੇ ਹੋਏ। ਤੇ (ਇਨਸੈੱਟ 'ਚ) ਲੱਕੀ ਦੀ ਪੁਰਾਣੀ ਤਸਵੀਰ। ਤਸਵੀਰਾਂ : ਵਿਰਦੀ
ਮਕਸੂਦਾਂ/ਕਿਸ਼ਨਗੜ੍ਹ-ਵਿਰਦੀ 16 ਮਾਰਚ ਕਰੀਬ ਇਕ ਮਹੀਨਾ ਪਹਿਲਾਂ ਅਗਵਾ ਤਿੰਨ ਸਾਲਾ ਬੱਚੇ ਦੀ ਗਲੀ-ਸੜੀ ਲਾਸ਼ ਕਾਲਾ ਬਾਹੀਆ-ਈਸਪੁਰ ਦੇ ਨੇੜਿਓਂ ਛੱਪੜ ਵਿਚੋਂ ਬਰਾਮਦ ਹੋਣ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਗਦਾਈਪੁਰ ਨਿਵਾਸੀ ਵਿਸ਼ਨੂੰ ਪ੍ਰਸਾਦ ਪੁੱਤਰ ਮਿੱਤਰਾ ਲਾਲ ਸ਼ਰਮਾ ਜੋ ਕਿ ਕੇ. ਕੇ. ਇੰਡਸਟਰੀ ਵਿਖੇ ਮਜ਼ਦੂਰੀ ਕਰਦਾ ਹੈ, ਕਰੀਬ ਮਹੀਨਾ ਪਹਿਲਾਂ ਉਸ ਦਾ ਵੱਡਾ ਲੜਕਾ ਸ਼ਾਦੀ ਉਮਰ 9 ਸਾਲ ਅਤੇ ਲੱਕੀ ਉਮਰ ਕਰੀਬ ਤਿੰਨ ਸਾਲ ਜੋ ਕਿ ਲੋਟਸ ਮਾਡਲ ਸਕੂਲ ਗਦਾਈਪੁਰ ਵਿਖੇ ਪੜ੍ਹਦੇ ਹਨ, ਜਦੋਂ ਉਹ ਮਿਤੀ 16 ਫਰਵਰੀ ਨੂੰ ਗੁ: ਸਾਹਿਬ ਤੋਂ ਸ਼ਾਮੀਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਤਾਂ ਇਕ ਅਣਪਛਾਤੇ ਮੋਨੇ ਸਾਈਕਲ ਸਵਾਰ ਨੇ ਉਨ੍ਹਾਂ ਨੂੰ ਪੈਸੇ ਦਿੱਤੇ ਅਤੇ ਲੱਕੀ ਨੂੰ ਸਾਈਕਲ 'ਤੇ ਬਿਠਾ ਲਿਆ। ਸਥਾਨਕ ਅੱਠ ਨੰਬਰ ਥਾਣੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ, ਪ੍ਰੰਤੂ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਬੱਚੇ ਦਾ ਥਹੁ-ਪਤਾ ਨਹੀਂ ਚੱਲਿਆ। ਅਗਰ ਪੁਲਿਸ ਬੱਚੇ ਦੀ ਭਾਲ ਕਰਦੀ ਤਾਂ ਸ਼ਾਇਦ ਬੱਚੇ ਨੂੰ ਲੱਭਣ ਵਿਚ ਕਾਮਯਾਬ ਹੋ ਜਾਂਦੀ। ਅੱਜ ਜਦੋਂ ਛੱਪੜ ਵਿਚ ਲਾਸ਼ ਬਾਰੇ ਪਤਾ ਚੱਲਿਆ ਤਾਂ ਮਕਸੂਦਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮਕਸੂਦਾਂ ਪੁਲਿਸ ਵੱਲੋਂ ਐਸ. ਐਚ. ਓ. ਧਰਮ ਪਾਲ ਵੱਲੋਂ ਲਾਸ਼ ਨੂੰ ਬਾਹਰ ਕਢਵਾਇਆ ਗਿਆ।
ਸਥਾਨਕ ਪੱਤਰਕਾਰਾਂ ਵੱਲੋਂ ਕੀਤੀ ਬੱਚੇ ਦੀ ਸ਼ਨਾਖਤ : ਸਥਾਨਕ ਪੱਤਰਕਾਰ ਜਦੋਂ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਮਕਸੂਦਾਂ ਪੁਲਿਸ ਦੇ ਧਿਆਨ ਵਿਚ ਲਿਆਂਦਾ ਕਿ ਗਦਾਈਪੁਰ ਤੋਂ ਕਰੀਬ ਤਿੰਨ ਸਾਲਾ ਬੱਚਾ ਮਹੀਨਾ ਪਹਿਲਾਂ ਅਗਵਾ ਹੋਇਆ ਸੀ, ਜਿਸ ਦਾ ਕੋਈ ਅਜੇ ਤੱਕ ਸੁਰਾਗ ਨਹੀਂ ਲੱਗਾ। ਇਸ ਸਬੰਧੀ ਥਾਣਾ ਅੱਠ ਵਿਖੇ ਅਣਪਛਾਤੇ ਵਿਅਕਤੀ ਖਿਲਾਫ ਅਗਵਾ ਦੇ ਮਾਮਲੇ ਬਾਰੇ ਵੀ ਦੱਸਿਆ ਤਾਂ ਉਨ੍ਹਾਂ ਐਸ. ਐਚ. ਓ. ਅੱਠ ਨੰਬਰ ਨਾਲ ਸੰਪਰਕ ਕਰਕੇ ਦੱਸਿਆ ਤਾਂ ਉਹ ਲੱਕੀ ਦੀ ਮਾਤਾ ਨੂੰ ਸ਼ਨਾਖਤ ਲਈ ਲੈ ਕੇ ਆਏ ਤੇ ਉਹ ਆਪਣੇ ਬੱਚੇ ਦੀ ਲਾਸ਼ ਦੇਖ ਕੇ ਗਸ਼ ਖਾ ਕੇ ਡਿੱਗ ਪਈ।
ਅੰਧ-ਵਿਸ਼ਵਾਸ ਕਾਰਨ ਕਿਸੇ ਤਾਂਤਰਿਕ ਵੱਲੋਂ ਅਗਵਾ ਕਰਕੇ ਮਾਸੂਮ ਬੱਚੇ ਦੇ ਕਤਲ ਦੀ ਸ਼ੰਕਾ : ਕਰੀਬ ਇਕ ਮਹੀਨੇ ਤੱਕ ਲੱਕੀ ਦੇ ਅਗਵਾ ਤੋਂ ਬਾਅਦ ਫਿਰੌਤੀ ਲਈ ਕੋਈ ਵੀ ਫੋਨ ਨਹੀਂ ਆਇਆ। ਸਥਾਨਕ ਪੁਲਿਸ ਇਹੀ ਕਹਿੰਦੀ ਰਹੀ ਕਿ ਛੋਟੇ ਬੱਚਿਆਂ ਨੂੰ ਅਗਵਾ ਕਰਕੇ ਬੇਔਲਾਦਾਂ ਨੂੰ ਬੱਚੇ ਵੇਚਣ ਵਾਲੇ ਗਿਰੋਹ ਦਾ ਕਾਰਾ ਲੱਗਦਾ ਹੈ, ਪ੍ਰੰਤੂ ਜਿਸ ਤਰ੍ਹਾਂ ਦੇ ਅਗਵਾਕਾਰ ਦਾ ਹੁਲੀਆ ਬੱਚਿਆਂ ਨੇ ਦੱਸਿਆ ਪੁਲਿਸ ਨੇ ਉਸ ਦੇ ਸਕੈਚ ਬਣਾ ਲੱਭਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਬੱਚੇ ਦੇ ਸਿਰ ਵਿਚ ਸੱਟਾਂ ਦੇ ਨਿਸ਼ਾਨ ਹਨ। ਇਹੀ ਸ਼ੱਕ ਜ਼ਾਹਿਰ ਕੀਤਾ ਜਾਂਦਾ ਹੈ ਕਿ ਅੰਧ-ਵਿਸ਼ਵਾਸ ਕਾਰਨ ਕਿਸੇ ਤਾਂਤਰਿਕ ਵੱਲੋਂ ਅਗਵਾ ਕਰਕੇ ਬੱਚੇ ਦਾ ਕਤਲ ਕਰਕੇ ਲਾਸ਼ ਨੂੰ ਛੱਪੜ ਵਿਚ ਸੁੱਟ ਦਿੱਤਾ ਗਿਆ ਹੈ।

ਕਦੇ ਲੱਗਦੇ ਸੀ ਜਲੰਧਰ ਦੀ ਪੁਰਾਣੀ ਕਚਹਿਰੀ 'ਚ ਮੇਲੇ

ਜਲੰਧਰ ਦੀ ਵੀਰਾਨ ਪਈ ਪੁਰਾਣੀ ਕਚਹਿਰੀ।
ਜਲੰਧਰ- 16 ਮਾਰਚ ਪੁਰਾਣੇ ਜਲੰਧਰ ਸ਼ਹਿਰ ਦੀ ਪੁਰਾਣੀ ਕਚਹਿਰੀ ਜੋ ਪੁਰਾਣੀ ਜੀ. ਟੀ. ਰੋਡ 'ਤੇ ਸਥਿਤ ਸੀ, ਵਿਖੇ ਕਦੇ ਰੋਜ਼ਾਨਾ ਮੇਲੇ ਵਾਲੀ ਰੌਣਕ ਲੱਗੀ ਰਹਿੰਦੀ ਸੀ, ਕਿਉਂਕਿ ਜ਼ਿਲ੍ਹਾ ਜਲੰਧਰ ਦੇ ਸਾਰੇ ਸਰਕਾਰੀ ਕੰਮਕਾਜ ਇਸ ਵਿਚ ਹੁੰਦੇ ਸਨ। ਇਸ ਵਿਚ ਜ਼ਿਲ੍ਹਾ ਕਚਹਿਰੀ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਾ ਦਫਤਰ, ਐਸ. ਐਸ. ਪੀ. ਦਫਤਰ, ਡੀ. ਟੀ. ਓ. ਦਾ ਦਫਤਰ, ਸੀਨੀਅਰ ਸਬ ਜੱਜ ਦੀ ਅਦਾਲਤ ਤੋਂ ਇਲਾਵਾ, ਸਰਕਾਰੀ ਖਜ਼ਾਨਾ, ਮਾਲ ਖਾਨਾ ਹੋਣ ਤੋਂ ਇਲਾਵਾ ਅੰਗਰੇਜ਼ਾਂ ਵੇਲੇ ਦੀ ਜੇਲ੍ਹ ਵੀ ਸੀ। ਉਥੇ ਹੁਣ ਸਿਰਫ ਢੱਠਾ ਹੋਇਆ ਕਮਰਾ ਹੀ ਰਹਿ ਗਿਆ ਹੈ। ਹੁਣ ਇਹ ਸਾਰੀ ਕਚਿਹਰੀ ਬਾਹਰ ਜਾਣ ਕਰਕੇ ਢਾਹ ਦਿੱਤੀ ਗਈ ਹੈ ਅਤੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ, ਪਰ ਅਜੇ ਵੀ ਪੁਰਾਣੀਆਂ ਖੰਡਰ ਹੋਈਆਂ ਅੱਧ-ਪਚੱਧੀਆਂ ਢੱਠੀਆਂ ਇਮਾਰਤਾਂ ਪੁਰਾਣੇ ਦਿਨਾਂ ਦੀ ਯਾਦ ਦਿਵਾਉਂਦੀਆਂ ਹਨ। ਹੁਣ ਅੰਦਰ ਗਿਣਤੀ ਦੇ ਸਰਕਾਰੀ ਮੁਲਾਜ਼ਮ ਰਹਿ ਗਏ ਹਨ ਜੋ ਉਥੇ ਪਏ ਸਰਕਾਰੀ ਰਿਕਾਰਡ ਦੀ ਦੇਖਭਾਲ ਕਰ ਰਹੇ ਹਨ। ਮਾਲਖਾਨਾ ਜੋ ਕਦੇ ਅੰਗਰੇਜ਼ਾਂ ਵੇਲੇ ਜੇਲ੍ਹ ਹੁੰਦੀ ਸੀ, ਖੰਡਰ ਬਣ ਚੁੱਕਿਆ ਹੈ। ਬਾਕੀ ਬਿਲਡਿੰਗਾਂ ਵੀ ਨਹੀਂ ਰਹੀਆਂ। ਸਿਵਾਏ ਰੜੇ ਮੈਦਾਨ, ਘਾਹ ਫੂਸ ਤੇ ਝਾੜੀਆਂ ਦੇ ਕੁਝ ਵੀ ਨਹੀਂ ਰਿਹਾ। 'ਅਜੀਤ' ਦੀ ਟੀਮ ਨੇ ਜਦੋਂ ਪੁਰਾਣੀ ਖੰਡਰ ਹੋ ਚੁੱਕੀ ਕਚਹਿਰੀ ਦਾ ਦੌਰਾ ਕੀਤਾ ਤਾਂ ਉਥੇ ਸਬ ਜੱਜ ਦੀ ਅਦਾਲਤ ਵਿਚਲੀ ਅਲਮਾਰੀ ਵਿਚ ਅਜੇ ਵੀ ਕੁਝ ਨਸ਼ਟ ਹੋਈਆਂ ਕਿਤਾਬਾਂ ਪਈਆਂ ਹਨ। ਦੋਸ਼ੀਆਂ ਦੇ ਖੜ੍ਹਾ ਹੋਣ ਵਾਲਾ ਟੁੱਟਾ-ਭੱਜਾ ਕਟਹਿਰਾ ਵੀ ਅਜੇ ਮੌਜੂਦ ਹੈ। ਬਾਹਰ ਮੱਧਮ ਪਈ ਸਿਆਹੀ ਨਾਲ 'ਸਬ ਜੱਜ ਦੀ ਅਦਾਲਤ' ਵੀ ਲਿਖਿਆ ਹੋਇਆ ਹੈ। ਕਚਹਿਰੀ ਦੇ ਬਾਹਰ ਪਲਾਜ਼ਾ ਹੋਟਲ ਦੇ ਸਾਹਮਣੇ ਅਜੇ ਵੀ ਕੁਝ ਨੌਟਰੀ (ਵਕੀਲ) ਤੇ ਫਾਰਮ ਵਿਕਰੇਤਾ ਬੈਠੇ ਹਨ। ਸ਼ਹਿਰ ਦੇ ਅੰਦਰ ਹੋਣ ਕਾਰਨ ਲੋਕ ਸਰਕਾਰੀ ਫਾਰਮ ਲੈਣ ਅਤੇ ਨੌਟਰੀ ਦੀਆਂ ਮੋਹਰਾਂ ਲਗਵਾਉਣ ਲਈ ਸਾਰਾ ਦਿਨ ਉਨ੍ਹਾਂ ਕੋਲ ਆਉਂਦੇ ਰਹਿੰਦੇ ਹਨ।
ਇਸ ਕਚਹਿਰੀ ਦੇ ਤਿੰਨ ਪਰਵੇਸ਼ ਗੇਟ ਸਨ। (ਜੋ ਅਜੇ ਵੀ ਹਨ) ਵਿਚਕਾਰਲਾ ਮੁੱਖ ਦੁਆਰ ਟਰਿਪਲੈਕਸ ਡਰਾਈਕਲੀਨਰ ਦੇ ਸਾਹਮਣੇ ਸੀ। ਦੂਸਰਾ ਗੇਟ ਮਾਡਲ ਟਾਊਨ ਰੋਡ ਵੱਲ ਸੀ, ਜਿਥੇ ਐਸ. ਐਸ. ਪੀ. ਦਾ ਦਫਤਰ ਸੀ, ਤੀਜਾ ਗੇਟ ਪਲਾਜ਼ਾ ਹੋਟਲ ਵੱਲ ਸੀ। ਜਿਥੇ ਦਾਖਲ ਹੁੰਦਿਆਂ ਸੱਜੇ ਪਾਸੇ ਡੀ. ਟੀ. ਓ. ਦਾ ਦਫਤਰ ਸੀ। ਮੇਨ ਗੇਟ ਦੇ ਅੰਦਰ ਦਾਖਲ ਹੁੰਦਿਆਂ ਇਕ ਕੰਟੀਨ ਸੀ, ਜੋ ਫਿਰ ਆਪਣਾ ਢਾਬਾ ਵੀ ਬਣਿਆ। ਖੱਬੇ ਹੱਥ ਸਰਕਾਰੀ ਕਮਰੇ ਸਨ, ਅੱਗੇ ਜਾ ਕੇ ਅਰਜ਼ੀ ਨਵੀਸਾਂ ਦੇ ਬੈਠਣ ਲਈ ਸ਼ੈੱਡ ਬਣੇ ਹੋਏ ਸਨ, ਜਿਥੇ ਉਨ੍ਹਾਂ ਲਈ ਬੈਠ ਕੇ ਕੰਮ ਕਰਨ ਵਾਸਤੇ ਤਖਤਪੋਸ਼ ਰੱਖੇ ਹੁੰਦੇ ਸਨ। ਟਾਈਪ ਮਸ਼ੀਨਾਂ ਰਾਹੀਂ ਟਾਈਪ ਕੀਤੀ ਜਾਂਦੀ ਤੇ ਹੱਥਾਂ ਨਾਲ ਰਜਿਸਟਰੀਆਂ, ਪਾਸਪੋਰਟ ਫਾਰਮ ਤੇ ਹੋਰ ਫਾਰਮ ਭਰੇ ਜਾਂਦੇ ਸਨ। ਅਸਲ੍ਹੇ ਅਤੇ ਡਰਾਈਵਿੰਗ ਲਾਇੰਸਸ ਵੀ ਇਥੇ ਬਣਦੇ ਸਨ। ਅਰਜ਼ੀ ਨਵੀਸਾਂ ਦੇ ਨਾਲ ਵਕੀਲਾਂ ਦੇ ਬੈਠਣ ਲਈ ਕਮਰੇ ਸਨ। ਇਸ ਤੋਂ ਇਲਾਵਾ ਅੰਦਰ ਇਕ ਛੋਟਾ ਡਾਕਖਾਨਾ ਵੀ ਸੀ, ਜਿਥੋਂ ਲੋਕ ਰਸੀਦੀ ਟਿਕਟਾਂ, ਲਿਫਾਫੇ ਤੇ ਖਤ ਖਰੀਦਦੇ ਸਨ, ਮਨੀਆਰਡਰ ਕਰਨ ਦੀ ਵੀ ਸਹੂਲਤ ਸੀ। ਅੰਦਰ ਸਾਈਕਲ ਰੱਖਣ ਲਈ ਪਾਰਕਿੰਗ ਵੀ ਸੀ ਜੋ ਤਿੰਨ ਗੇਟਾਂ ਲਈ ਵੱਖੋ-ਵੱਖਰੀ ਸੀ। ਸਰਕਾਰੀ ਕਾਰਾਂ ਤੋਂ ਇਲਾਵਾ ਆਮ ਨਿੱਜੀ ਕਾਰਾਂ ਤਾਂ ਹੁੰਦੀਆਂ ਹੀ ਨਹੀਂ ਸਨ, ਸਕੂਟਰ ਵੀ ਬਹੁਤ ਘੱਟ ਸਨ। ਆਵਾਜਾਈ ਲਈ ਸਾਰੇ ਸਾਈਕਲ ਹੀ ਵਰਤਦੇ ਸਨ। ਕਚਹਿਰੀ ਵਿਚ ਸਵੇਰ ਤੋਂ ਲੈ ਕੇ ਦਿਨ ਢਲਣ ਤੱਕ ਲੋਕਾਂ ਦੀ ਆਵਾਜਾਈ ਰਹਿੰਦੀ ਸੀ। ਤਰੀਕਾਂ ਭੁਗਤਣ ਵਾਲੇ ਪਿੰਡਾਂ ਦੇ ਲੋਕ ਅੰਦਰ ਸਾਰਾ ਦਿਨ ਬੈਠੇ ਰਹਿੰਦੇ ਸਨ। ਤਹਿਸੀਲ ਦਾ ਕੰਮ ਵੀ ਇਥੋਂ ਹੀ ਹੁੰਦਾ ਸੀ। ਪਹਿਲਾਂ ਤਹਿਸੀਲ ਰੈਣਕ ਬਾਜ਼ਾਰ ਵਿਚ ਦਾਖਲ ਹੁੰਦਿਆਂ ਖੱਬੇ ਹੱਥ ਬਣੀ ਅੱਜ ਵਾਲੀ ਮਿੰਨੀ ਸਬਜ਼ੀ ਮੰਡੀ ਅਤੇ ਪੁਲਿਸ ਥਾਣਾ ਡਵੀਜ਼ਨ ਨੰ: 4 ਦੇ ਵਿਚਕਾਰ ਹੁੰਦੀ ਸੀ। ਇਸ ਕਚਹਿਰੀ ਵਿਚ ਬਹੁਤ ਸਾਲ ਪਹਿਲਾਂ ਇਕ ਬਹੁਤ ਵੱਡਾ ਗੋਲੀ ਕਾਂਡ ਵੀ ਹੋਇਆ ਸੀ। ਇਹ ਪੁਰਾਣੀ ਕਚਹਿਰੀ ਜੋ ਹੁਣ ਖੰਡਰ ਬਣ ਚੁੱਕੀ ਹੈ 150 ਸਾਲ ਤੋਂ ਵੀ ਪੁਰਾਣੀ ਹੋਵੇਗੀ। ਇਸ ਨੂੰ ਉਸ ਜ਼ਮਾਨੇ ਵਿਚ ਅੰਗਰੇਜ਼ਾਂ ਨੇ ਬਣਾਇਆ ਸੀ, ਹੁਣ ਇਹ ਕਚਹਿਰੀ ਸ਼ਹਿਰ ਅੰਦਰ ਆਉਣ ਅਤੇ ਆਬਾਦੀ ਵੱਧਣ ਕਰਕੇ ਬਾਹਰ ਮਾਸਟਰ ਤਾਰਾ ਸਿੰਘ ਨਗਰ ਕੋਲ ਚਲੀ ਗਈ ਹੈ। ਜਿਸ ਨੂੰ 'ਮਿੰਨੀ ਸਕੱਤਰੇਤ' ਕਹਿੰਦੇ ਹਨ। ਤਹਿਸੀਲ, ਡੀ. ਸੀ. ਤੇ ਐਸ. ਐਸ. ਪੀ. ਸਮੇਤ ਸਾਰੇ ਦਫਤਰ ਉਥੇ ਚਲੇ ਗਏ ਹਨ। ਕਮਿਸ਼ਨਰ ਜਲੰਧਰ ਡਵੀਜ਼ਨ ਦਾ ਦਫਤਰ ਵੀ ਨਾਲੇ ਹੀ ਹੈ, ਐਨ. ਆਰ. ਆਈ. ਭਵਨ ਵੀ ਨਾਲ ਹੈ। ਪੁਰਾਣੀ ਕਚਹਿਰੀ ਦੇ ਬਾਹਰ ਬਣੀਆਂ ਰੈੱਡ ਕਰਾਸ ਦੀਆਂ ਦੁਕਾਨਾਂ ਢਾਹ ਦਿੱਤੀਆਂ ਗਈਆਂ ਹਨ। ਸਿਰਫ ਦੋ ਤਿੰਨ ਦੁਕਾਨਾਂ ਰਹਿ ਗਈਆਂ ਹਨ। ਬਾਹਰ ਬਹੁਤੇ ਸਿਹਰੇ, ਨਵੇਂ ਨੋਟ ਲੈਣ ਵਾਲੇ, ਪੁਰਾਣੇ ਨੋਟ ਬਦਲਣ ਵਾਲੇ ਜਾਂ ਫਿਰ ਲੋਹ ਟੋਪ ਤੇ ਐਨਕਾਂ ਵੇਚਣ ਵਾਲੇ ਬੈਠੇ ਹਨ। ਇਥੇ 'ਸੰਡੇ ਬਾਜ਼ਾਰ' ਵੀ ਲੱਗਦਾ ਹੈ। ਜਿਥੇ ਐਤਵਾਰ ਨੂੰ ਸਾਰਾ ਦਿਨ ਸਸਤੇ ਬੂਟ ਵੇਚਣ ਦੀਆਂ ਫੜੀ-ਨੁਮਾ ਦੁਕਾਨਾਂ ਲੱਗਦੀਆਂ ਹਨ। ਨਵੀਂ ਪਨੀਰੀ ਨੂੰ ਪੁਰਾਣੀ ਕਚਹਿਰੀ ਬਾਰੇ ਕੋਈ ਇਲਮ ਨਹੀਂ ਕਿ ਇਥੇ ਕਿਵੇਂ ਰੌਣਕਾਂ ਲੱਗਦੀਆਂ ਸਨ। ਸੋ ਜਿਨ੍ਹਾਂ ਲੋਕਾਂ ਨੇ ਉਹ ਜ਼ਮਾਨਾ ਵੇਖਿਆ, ਅੱਜ ਵੀ ਉਹ ਲੋਕ ਪੁਰਾਣੇ ਜਲੰਧਰ ਸ਼ਹਿਰ ਨੂੰ ਯਾਦ ਕਰਕੇ ਪੁਰਾਣੀਆਂ ਇਮਾਰਤਾਂ ਤੇ ਪੁਰਾਣੀਆਂ ਗੱਲਾਂ ਦੀ ਚਰਚਾ ਕਰਦੇ ਹਨ। ਇਸ ਹਾਲਤ ਨੂੰ ਵੇਖ ਕੇ ਕਿਸੇ ਸ਼ਾਇਰ ਨੇ ਸੱਚ ਕਿਹਾ ਹੈ ਕਿ 'ਯੇਹ ਜ਼ਿੰਦਗੀ ਕੇ ਮੇਲੇ, ਦੁਨੀਆ ਮੇ ਕਮ ਨਾ ਹੋਂਗੇ, ਅਫਸੋਸ ਹਮ ਨਾ ਹੋਂਗੇ।'
ਤਹਿ ਬਾਜ਼ਾਰੀ ਵਿੰਗ ਨੇ ਰੈੱਡਕਰਾਸ ਮਾਰਕੀਟ
ਫੜ੍ਹੀਆਂ ਦਾ ਸਾਮਾਨ ਲਿਆ ਕਬਜ਼ੇ 'ਚ

ਰੈੱਡ ਕਰਾਸ ਮਾਰਕੀਟ ਦੇ ਬਾਹਰ ਲੱਗੀਆਂ ਫੜ੍ਹੀਆਂ ਨੂੰ ਹਟਾਉਣ ਸਮੇਂ
ਤਹਿ-ਬਾਜ਼ਾਰੀ ਸਟਾਫ ਕਾਰਵਾਈ ਕਰਦਾ ਹੋਇਆ।
ਜਲੰਧਰ, 16 ਮਾਰਚ ਨਗਰ ਨਿਗਮ ਦੇ ਤਹਿ ਬਾਜ਼ਾਰੀ ਵਿਭਾਗ ਨੇ ਜੋਤੀ ਚੌਕ ਨੇੜੇ ਰੈਡ ਕਰਾਸ ਮਾਰਕੀਟ ਦੇ ਬਾਹਰ ਫੁਟਪਾਥ 'ਤੇ ਲੱਗੀਆਂ ਫੜੀ ਵਾਲਿਆਂ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਦੇ ਲਗਭਗ ਦੋ ਦਰਜਨ ਮੇਜ਼ ਕਬਜ਼ੇ ਵਿਚ ਲਏ । ਇਸ ਦੌਰਾਨ ਫੜੀ ਵਾਲਿਆਂ ਨੇ ਨਿਗਮ ਕਾਰਵਾਈ ਦਾ ਵਿਰੋਧ ਵੀ ਕੀਤਾ ਜਦੋਂਕਿ ਵੀਰਵਾਰ ਨੂੰ ਕੀਤੇ ਗਏ ਚਲਾਨਾਂ ਤੋਂ 57 ਹਜ਼ਾਰ ਰੁਪਏ ਜੁਰਮਾਨੇ ਵਜੋਂ ਵਸੂਲ ਕੀਤੇ ਗਏ। ਇਸ ਸਬੰਧ ਵਿਚ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਬੀ. ਕੇ. ਗੁਪਤਾ ਨੇ ਦੱਸਿਆ ਕਿ ਰੈੱਡ ਕਰਾਸ ਮਾਰਕੀਟ ਪੁੱਡਾ ਨੇ ਢਾਹ ਦਿੱਤੀ ਸੀ ਅਤੇ ਉਥੇ ਕੁੱਝ ਲੋਕਾਂ ਨੇ ਕਬਜ਼ਾ ਕਰਕੇ ਬੂਟਾਂ ਦੀਆਂ ਫੜੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਦੀ ਸ਼ਿਕਾਇਤ ਆਸ ਪਾਸ ਦੇ ਲੋਕਾਂ ਵਲੋਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਫੜੀ ਵਾਲਿਆਂ ਨੂੰ ਉਥੋਂ ਹਟਣ ਦੀ ਚਿਤਾਵਨੀ ਵੀ ਦਿੱਤੀ ਗਈ ਸੀ, ਪਰ ਉਹ ਨਹੀਂ ਹਟੇ ਸਨ। ਜਿਸ ਨੂੂੰ ਦੇਖਦੇ ਹੋਏ ਅੱਜ ਤਹਿ ਬਾਜ਼ਾਰੀ ਸੁਪਰਡੈਂਟ ਨੇ ਉਥੇ ਕਾਰਵਾਈ ਕਰਦੇ ਹੋਏ ਫੜੀ ਵਾਲਿਆਂ ਦੀਆਂ ਲਗਭਗ ਦੋ ਦਰਜਨ ਮੇਜ਼ਾਂ ਕਬਜ਼ੇ ਵਿਚ ਲੈ ਲਈਆਂ ਅਤੇ ਟਰੱਕ ਵਿਚ ਭਰ ਕੇ ਨਿਗਮ ਦਫ਼ਤਰ ਲੈ ਆਉਂਦੀਆਂ। ਬਾਅਦ ਵਿਚ ਫੜੀ ਵਾਲਿਆਂ ਨੇ ਨਿਗਮ ਦੇ ਵਧੀਕ ਕਮਿਸ਼ਨਰ ਸ੍ਰੀ ਬੀ. ਕੇ. ਗੁਪਤਾ ਨਾਲ ਗਲਬਾਤ ਕੀਤੀ ਅਤੇ ਸਾਮਾਨ ਵਾਪਸ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਫੜੀ ਵਾਲਿਆਂ ਨੂੰ 7 ਹਜ਼ਾਰ ਰੁਪਏ ਜੁਰਮਾਨਾ ਕਰਕੇ ਉਨ੍ਹਾਂ ਦਾ ਸਾਮਾਨ ਆਦਿ ਵਾਪਸ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਦੂਜੇ ਪਾਸੇ ਤਹਿਬਾਜ਼ਾਰੀ ਵਿਭਾਗ ਨੇ ਅਜੇ ਰੈਡ ਕਰਾਸ ਮਾਰਕੀਟ ਵਿਚ ਕਾਰਵਾਈ ਕੀਤੀ ਹੀ ਸੀ ਕਿ ਅਧਿਕਾਰੀਆਂ ਨੂੰ ਸਿਆਸਤਦਾਨਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਸਿਆਸੀ ਦਬਾਅ ਪੈਣ ਕਾਰਨ ਤਹਿਬਾਜ਼ਾਰੀ ਦੀ ਵਸੂਲੀ ਵਿਚ ਕਮੀਂ ਹੋਣੀ ਸ਼ੁਰੂ ਹੋ ਗਈ ਅਤੇ ਮਿਥੇ ਟੀਚੇ ਤੋਂ ਘੱਟ ਵਸੂਲੀ ਹੀ ਤਹਿਬਾਜ਼ਾਰੀ ਨੂੰ ਪ੍ਰਾਪਤ ਹੋ ਸਕੀ।

ਜਦੋਂ ਟੀਮ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ
ਤਹਿ ਬਾਜ਼ਾਰੀ ਦੀ ਟੀਮ ਅੱਜ ਜਿਸ ਤਰ੍ਹਾਂ ਹੀ ਭਾਂਡਿਆਂ ਬਾਜ਼ਾਰ ਵਿਚ ਚਲਾਨ ਵੰਡਣ ਲਈ ਗਈ ਤਾਂ ਦੁਕਾਨਦਾਰਾਂ ਨੇ ਜਿਥੇ ਟੀਮ ਨੂੰ ਦੌੜਨ ਲਈ ਮਜਬੂਰ ਕਰ ਦਿੱਤਾ ਉਥੇ ਉਨ੍ਹਾਂ ਦੇ ਚਾਲਾਨ ਫਾੜਨ ਦਾ ਅਸਫਲ ਯਤਨ ਵੀ ਕੀਤਾ। ਤਹਿ ਬਾਜ਼ਾਰੀ ਦੀ ਟੀਮ ਜਿਸ ਤਰ੍ਹਾਂ ਹੀ ਇੰਸਪੈਕਟਰ ਦੀ ਅਗਵਾਈ ਵਿਚ ਸਵੇਰੇ ਨੋਟਿਸ ਲੈ ਕੇ ਦੁਕਾਨਦਾਰਾਂ ਪਾਸ ਗਈ ਤਾਂ ਸਾਰੇ ਦੁਕਾਨਦਾਰ ਇਕੱਠੇ ਹੋਏ ਅਤੇ ਉਨ੍ਹਾਂ ਤਹਿ ਬਾਜ਼ਾਰੀ ਦੀ ਟੀਮ ਨਾਲ ਪਹਿਲਾਂ ਬਹਿਸ ਕਰਨ ਲੱਗੇ ਫਿਰ ਉਨ੍ਹਾਂ ਨੇ ਇਕੱਠੇ ਹੋ ਕੇ ਜਿਸ ਤਰ੍ਹਾਂ ਦਬਾਅ ਬਣਾਇਆ ਤਾਂ ਤਹਿ ਬਾਜ਼ਾਰੀ ਦੀ ਟੀਮ ਉਥੋਂ ਭੱਜ ਆਈ ਅਤੇ ਉਸ ਨੇ ਇਸ ਦੀ ਸੂਚਨਾ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਇਸ ਸਬੰਧ ਵਿਚ ਵਧੀਕ ਕਮਿਸ਼ਨਰ ਸ੍ਰੀ ਬੀ. ਕੇ. ਗੁਪਤਾ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਅਜੇ ਮਾਮਲਾ ਮੇਰੇ ਨੋਟਿਸ ਵਿਚ ਨਹੀਂ ਆਇਆ ਜਦੋਂ ਆਏਗਾ ਤਾਂ ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ।

No comments:

Post a Comment