Saturday, 17 March 2012

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਉਣ ਲਈ ਬਾਦਲ ਸਰਕਾਰ ਨੇ ਕਮਰ ਕਸੀ
ਅੰਮ੍ਰਿਤਸਰ, 17 ਮਾਰਚ : ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 5ਵੀਂ ਵਾਰ ਸਰਕਾਰ ਬਣਾਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਆਪਣੀ ਵਜ਼ਾਰਤ ਦੇ ਸਮੂਹ ਮੈਂਬਰਾਂ ਨਾਲ਼ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਅਤੇ ਫਾਂਸੀ ਦੀ ਸਜ਼ਾ ਦੀ ਉਡੀਕ ਕਰ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਪੰਜਾਬ ਸਰਕਾਰ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਦੱਸਿਆ ਕਿ ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਰੁਕਵਾਉਣ ਲਈ ਸਰਕਾਰ ਕਾਨੂੰਨੀ ਮਾਹਿਰਾਂ ਨਾਲ਼ ਗੱਲਬਾਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐਡਵੋਕੇਟ ਜਨਰਲ ਨਾਲ਼ ਖ਼ਾਸ ਤੌਰ ਉਤੇ ਇਸ ਮੁੱਦੇ ’ਤੇ ਗੱਲਬਾਤ ਹੋ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਵਿੱਚ ਹੋ ਰਹੀ ਦੇਰੀ ਲਈ ਕੇਂਦਰ ਸਰਕਾਰ ਮੁੱਖ ਤੌਰ ਉਤੇ ਜ਼ਿੰਮੇਵਾਰ ਹੈ। ਸ਼੍ਰੋਮਣੀ ਕਮੇਟੀ ਦਾ ਬਜਟ ਪਾਸ ਕਰਨ ਸਬੰਧੀ ਆ ਰਹੀਆਂ ਔਕੜਾਂ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ਼ ਗੱਲਬਾਤ ਲਈ ਸਮਾਂ ਮੰਗਿਆ ਹੋਇਆ ਹੈ। ਸ਼੍ਰੋਮਣੀ ਕਮੇਟੀ ਦਾ ਕੰਮਕਾਜ ਚਲਾਉਣ ਲਈ 31 ਮਾਰਚ ਤੋਂ ਪਹਿਲਾਂ ਬਜਟ ਪਾਸ ਹੋਣਾ ਬਹੁਤ ਜ਼ਰੂਰੀ ਹੈ, ਤਾਂ ਜੋ ਇਸ ਸੰਸਥਾਨ ਵਿੱਚ ਸੇਵਾ ਨਿਭਾ ਰਹੇ ਸੇਵਾਦਾਰਾਂ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖ਼ਾਹਾਂ ਦਿੱਤੀਆਂ ਜਾ ਸਕਣ। ਸ. ਬਾਦਲ ਨੇ ਕਿਹਾ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਇੱਕ ਅਜਿਹੀ ਸੰਸਥਾ ਹੈ, ਜਿਸ ਦੀ ਸਥਾਪਨਾ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਪਿਤਾ ਨੇ ਵੀ ਜੇਲ੍ਹ ਕੱਟੀ ਸੀ। ਸ਼੍ਰੋਮਣੀ ਕਮੇਟੀ ਦੇ 170 ਮੈਂਬਰ ਚੁਣਨ ਲਈ ਬੀਤੇ ਵਰ੍ਹੇ ਸਤੰਬਰ ਮਹੀਨੇ ’ਚ ਚੋਣ ਹੋਈ ਸੀ। ਦਸੰਬਰ ’ਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਨੋਟੀਫ਼ਿਕੇਸ਼ਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸਦਨ ਨੇ 15 ਕੋ-ਆਪਟ ਮੈਂਬਰਾਂ ਦੀ ਚੋਣ ਕਰ ਲਈ ਸੀ। ਪੰਜ ਤਖ਼ਤ ਸਾਹਿਬਾਨ ਦੇ ਜੱਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਸਦਨ ਦੇ ਐਕਸ-ਆਫ਼ਿਸ਼ਿਓ ਮੈਂਬਰ ਹਨ। ਉਸ ਤੋਂ ਬਾਅਦ ਗ੍ਰਹਿ ਮੰਤਰਾਲੇ ਨੇ ਨਵੇਂ ਆਮ ਸਦਨ ਦੀ ਮੀਟਿੰਗ ਸੱਦਣ ਲਈ ਕੋਈ ਨੋਟੀਫ਼ਿਕੇਸ਼ਨ ਹੀ ਜਾਰੀ ਨਹੀਂ ਕੀਤਾ; ਉਸੇ ਆਮ ਸਦਨ ਵਿੱਚ ਹੀ ਨਵੇਂ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਸਮੇਤ ਕਾਰਜਕਾਰਣੀ ਦੀ ਚੋਣ ਵੀ ਕੀਤੀ ਜਾਣੀ ਹੈ। ਨੋਟੀਫ਼ਿਕੇਸ਼ਨ ਜਾਰੀ ਨਾ ਕੀਤੇ ਜਾਣ ਕਰ ਕੇ ਨਵੰਬਰ 2010 ’ਚ ਪ੍ਰਧਾਨ ਚੁਣੇ ਗਏ ਜੱਥੇਦਾਰ ਅਵਤਾਰ ਸਿੰਘ ਮੱਕੜ ਅਤੇ ਹੋਰ ਅਹੁਦੇਦਾਰ ਆਪਣੇ ਅਹੁਦਿਆਂ ਉਤੇ ਕਾਇਮ ਹਨ। ਨੋਟੀਫ਼ਿਕੇਸ਼ਨ ਜਾਰੀ ਕੀਤੇ ਜਾਣ ਵਿੱਚ ਦੇਰੀ ਲਈ ਮੁੱਖ ਅੜਿੱਕਾ ਸਹਿਜਧਾਰੀ ਸਿੱਖ ਫ਼ੈਡਰੇਸ਼ਨ ਵੱਲੋਂ ਦਾਖ਼ਲ ਕੀਤੀ ਇੱਕ ਪਟੀਸ਼ਨ ਨੇ ਪਾਇਆ ਹੋਇਆ ਹੈ, ਜੋ ਇਸ ਵੇਲੇ ਹਾਈ ਕੋਰਟ ਵਿੱਚ ਮੁਲਤਵੀ ਪਈ ਹੈ। ਪੰਜਾਬ ਪੁਲਿਸ ਦੇ ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਬਾਰੇ ਵੱਖੋ ਵੱਖਰੇ ਸੰਗਠਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਸਬੰਧ ਵਿੱਚ ਸ. ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸਭ ਤੋਂ ਵੱਧ ਜ਼ੁਲਮ ਸਿੱਖ ਕੌਮ ਉਤੇ ਢਾਹੇ ਹਨ। ਹੁਣ ਕੁੱਝ ਅਖੌਤੀ ਸਿੱਖ ਸੰਗਠਨਾਂ ਦੇ ਆਗੂਆਂ ਨੇ ਕਾਂਗਰਸ ਦੀ ਪਨਾਹ ਲੈ ਲਈ ਹੈ ਅਤੇ ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਫ਼ੈਸਲਿਆਂ ਦਾ ਬਿਨਾਂ ਕਿਸੇ ਆਧਾਰ ਦੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਜਦੋਂ ਮੰਤਰੀ ਮੰਡਲ ਨਾਲ਼ ਮੁੱਖ ਮੰਤਰੀ ਮੱਥਾ ਟੇਕਣ ਲਈ ਸ੍ਰੀ ਹਰਿਮੰਦਰ ਸਾਹਿਬ ਪੁੱਜੇ, ਤਾਂ ਉਸ ਸਮੇਂ ਦਰਬਾਰ ਦੇ ਅਰਦਾਸੀਏ ਭਾਈ ਸਤਿਨਾਮ ਸਿੰਘ ਨੇ ਉਨ੍ਹਾਂ ਨੂੰ ਸਿਰਪਾਓ ਬਖ਼ਸ਼ਿਸ਼ ਕੀਤਾ। ਇਸ ਤੋਂ ਬਾਅਦ ਸ. ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਮੱਥਾ ਟੇਕਣ ਲਈ ਗਏ। ਸ਼੍ਰੋਮਣੀ ਕਮੇਟੀ ਦੇ ਸੂਚਨਾ ਕੇਂਦਰ ਵਿੱਚ ਸ. ਬਾਦਲ ਅਤੇ ਹੋਰ ਮੰਤਰੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਮੱਕੜ, ਸਕੱਤਰ ਦਲਮੇਘ ਸਿੰਘ ਅਤੇ ਵੱਖੋ ਵੱਖਰੇ ਅਧਿਕਾਰੀਆਂ ਨੇ ਸਿਰੋਪਾਓ ਬਖ਼ਸ਼ਿਸ਼ ਕਰ ਕੇ ਸਨਮਾਨਿਤ ਕੀਤਾ। ਸ. ਬਾਦਲ ਨੇ ਸਹਿਯੋਗੀਆਂ ਦੇ ਨਾਲ਼ ਸ੍ਰੀ ਹਰਿਮੰਦਰ ਸਾਹਿਬ ਦੇ ¦ਗਰ ਹਾਲ ਵਿੱਚ ¦ਗਰ ਵੀ ਛਕਿਆ। ਇਸ ਤੋਂ ਬਾਅਦ ਸ. ਬਾਦਲ ਜੱਲ੍ਹਿਆਂ ਵਾਲ਼ੇ ਬਾਗ਼, ਸ੍ਰੀ ਦੁਰਗਿਆਣਾ ਮੰਦਰ ਤੇ ਸ੍ਰੀ ਰਾਮ ਤੀਰਥ ਵਿਖੇ ਵੀ ਮੱਥਾ ਟੇਕਣ ਲਈ ਗਏ। ਇਸ ਦੌਰਾਨ ਉਨ੍ਹਾਂ ਨਾਲ਼ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪਰਮਿੰਦਰ ਸਿੰਘ ਢੀਂਡਸਾ, ਬਿਕਰਮ ਸਿੰਘ ਮਜੀਠੀਆ, ਤੋਤਾ ਸਿੰਘ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਅਜੀਤ ਸਿੰਘ ਕੋਹਾੜ, ਸਰਵਣ ਸਿੰਘ ਫਿਲੌਰ, ਮਦਨ ਮੋਹਨ ਮਿੱਤਲ, ਭਗਤ ਚੁੰਨੀ ਲਾਲ, ਅਨਿਲ ਜੋਸ਼ੀ ਜਿਹੇ ਕੈਬਿਨੇਟ ਮੰਤਰੀ ਵੀ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਇੰਦਰਬੀਰ ਸਿੰਘ ਬੁਲਾਰੀਆ, ਮਨਜੀਤ ਸਿੰਘ ਵੀ ਮੌਜੂਦ ਸਨ। ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਪੰਜਾਬੀਆਂ ਨੇ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਨੂੰ ਮੁੜ ਜਿਤਾ ਕੇ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਦੇ ਕੇ ਇੱਕ ਤਰ੍ਹਾਂ ਭਾਰਤ ਰਤਨ ਨਾਲ਼ ਸਨਮਾਨਿਤ ਕਰ ਦਿੱਤਾ ਹੈ। ਜਨਤਾ ਨੇ ਹੀ ਉਨ੍ਹਾਂ ਨੂੰ ਪੰਜਾਬ ਦਾ ਭਵਿੱਖ ਸੁਨਹਿਰੀ ਬਣਾਉਣ ਲਈ 5ਵੀਂ ਵਾਰ ਮੁੱਖ ਮੰਤਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਉਸ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਨ ਲਈ ਆਏ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਮੁਕਾਮ ਉਤੇ ਪੁੱਜਣ ਲਈ ਲੋੜੀਂਦੀ ਸ਼ਕਤੀ ਤੇ ਤਾਕਤ ਬਖ਼ਸ਼ੀ ਹੈ। ਸ. ਬਾਦਲ ਨੇ ਆਪਣੀ ਸਮੁੱਚੀ ਵਜ਼ਾਰਤ ਸਮੇਤ ਇਤਿਹਾਸਕ ਮੰਦਰ ਸੀਤਾ ਮਾਤਾ ਲਵ ਕੁਸ਼ ਜਨਮ ਭੂਮੀ ਰਾਮ ਤੀਰਥ ਧੂਣਾ ਸਾਹਿਬ ਮੰਦਰ ’ਚ ਵੀ ਮੱਥਾ ਟੇਕਿਆ ਅਤੇ ਮਹੰਤ ਮਲਕੀਤ ਨਾਥ ਤੋਂ ਆਸ਼ੀਰਵਾਦ ਹਾਸਲ ਕੀਤਾ।

No comments:

Post a Comment