Saturday, 17 March 2012

ਹੁਨਰ ਨੂੰ ਸਲਾਮ: ਕੁਲਰਾਜ ਰੰਧਾਵਾ


ਟੈਲੀਵਿਜ਼ਨ ਦੁਨੀਆਂ ਦੀ ਰਾਣੀ ਕੁਲਰਾਜ ਰੰਧਾਵਾ ਤਦ ਹੀ ਬਣ ਗਈ ਸੀ ਜਦ ਲੜੀਵਾਰ ‘ਕਰੀਨਾ ਕਰੀਨਾ’ ਹਰੇਕ ਦੀ ਨਜ਼ਰ ਦਾ ਕੇਂਦਰ ਬਣ ਗਿਆ ਸੀ। ਪੰਜਾਬੀ ਫ਼ਿਲਮਾਂ ਨੇ ਵੀ ਕੁਲਰਾਜ ਨੂੰ ਪਲਕਾਂ ’ਤੇ ਬਿਠਾਇਆ ਤੇ ਫਿਰ ਧਰਮ ਪਰਿਵਾਰ ਦੀ ‘ਯਮਲਾ ਪਗਲਾ ਦੀਵਾਨਾ’ ਨੇ ਕੁਲਰਾਜ ਦੀ ਬੱਲੇ-ਬੱਲੇ ਕਰਵਾ ਦਿੱਤੀ। ਇਸ ਵੇਲੇ ਕੁਲਰਾਜ ਰੰਧਾਵਾ ਦੀ ਚਰਚਾ ਸਮੀਰ ਕਾਰਣਿਕ ਦੀ ਨਵੀਂ ਫ਼ਿਲਮ ‘ਚਾਰ ਦਿਨ ਕੀ ਚਾਂਦਨੀ’ ਕਰਵਾ ਰਹੀ ਹੈ। ਰੱਜ ਕੇ ਢੀਠ ਪਰ ਚੁਸਤ ਕੁੜੀ ਦਾ ਕਿਰਦਾਰ ਸਮੀਰ ਦੀ ਇਸ ਫ਼ਿਲਮ ਵਿੱਚ ਕੁਲਰਾਜ ਦਾ ਹੈ। ਫ਼ਿਲਮ ਵਿੱਚ ਚਾਂਦਨੀ ਬਣੀ ਕੁਲਰਾਜ ਨੂੰ ਖ਼ੁਸ਼ੀ ਹੈ ਕਿ ਫ਼ਿਲਮ ਦੀਆਂ ਝਲਕਾਂ ਚੈਨਲਜ਼ ’ਤੇ ਦੇਖ ਕੇ ਪ੍ਰਸ਼ੰਸਕਾਂ ਦਾ ਵੱਡਾ ਵਰਗ ਉਸ ਨਾਲ ਜੁੜਿਆ ਹੈ।
ਇਸ ਫ਼ਿਲਮ ’ਚ ਉਸ ਨਾਲ ਬਤੌਰ ਨਾਇਕ ਤੁਸ਼ਾਰ ਕਪੂਰ ਮੁੱਖ ਕਿਰਦਾਰ ’ਚ ਹਨ।  ਇਸ ਫ਼ਿਲਮ ਵਿੱਚ ਸਰਦਾਰ ਬਣੇ ਤੁਸ਼ਾਰ ਕਪੂਰ ਦੇ ਸਬੰਧ ਵਿੱਚ ਕੁਲਰਾਜ ਕਹਿੰਦੀ ਹੈ ਕਿ ਲੱਗਦਾ ਹੈ ਜਿਵੇਂ ਤੁਸ਼ਾਰ ਸਰਦਾਰਾਂ ਦਾ ਮੁੰਡਾ ਹੋਵੇ। ਹਕੀਕੀ ਤੇ ਮਾਨਸਿਕ ਤੌਰ ’ਤੇ ਤੁਸ਼ਾਰ ਵੱਲੋਂ ਨਿਭਾਏ ਕਿਰਦਾਰ ਨੂੰ ਕੁਲਰਾਜ ਰੰਧਾਵਾ ਫ਼ਿਲਮ ਦਾ ਉਤਸ਼ਾਹੀ ਬਿੰਦੂ ਕਰਾਰ ਦਿੰਦੀ ਹੈ। ਚਾਹੇ ਨੱਚਣ ਵਿੱਚ ਉਹ ਥੋੜ੍ਹੀ ਢਿੱਲੀ ਹੈ ਪਰ ਤੁਸ਼ਾਰ ਨੇ ਖਾਸ ਕਦਮ ਸਿਖਾ ਕੇ ਕੁਲਰਾਜ ਦੇ ਇਸ ਔਗੁਣ ਨੂੰ ਵੀ ‘ਚਾਰ ਦਿਨ ਕੀ ਚਾਂਦਨੀ’ ਵਿੱਚ ਢੱਕ ਦਿੱਤਾ ਹੈ। ਇੱਕ ਗੱਲ ਹੋਰ ਤੁਸ਼ਾਰ ਦੇ ਪਿਤਾ ਜਤਿੰਦਰ ਦੀ ਕੁਲਰਾਜ ਸ਼ੁਰੂ ਤੋਂ ਪ੍ਰਸ਼ੰਸਕ ਰਹੀ ਹੈ। ਇਸ ਫ਼ਿਲਮ ਦੇ ਸਬੰਧ ਵਿੱਚ ਕੁਲਰਾਜ ਨਾਲ ਹੋਈ  ਮੁਲਾਕਾਤ ਦੇ ਅੰਸ਼ ਪੇਸ਼ ਹਨ:
ਸਵਾਲ: ਆਪਣੇ ਹੁਣ ਤਕ ਦੇ ਫ਼ਿਲਮੀ ਸਫ਼ਰ ਬਾਰੇ ਕੀ ਕਹੋਗੋ?
ਜਵਾਬ: ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਤੇ ਮੇਰੇ ਪਿਤਾ ਫ਼ੌਜ ’ਚ ਹਨ। ਅਦਾਕਾਰੀ ਦੇ ਸ਼ੌਕ ਕਾਰਨ ਮੈਂ ਮੁੰਬਈ ਆਈ ਤੇ ਮਾਡਲਿੰਗਦੇ ਖੇਤਰ ’ਚ ਪੈਰ ਧਰਿਆ। ਫਿਰ ਕਿਸ਼ੋਰ ਜੀ ਅਤੇ ਅਨੁਪਮ ਖੇਰ ਦੇ ਐਕਟਿੰਗ ਇੰਸਟੀਚਿਊਟ ਤੋਂ ਅਦਾਕਾਰੀ ਦੀ ਸਿਖਲਾਈ ਲਈ।  ਫਿਰ ਜ਼ੀ ਟੀ.ਵੀ. ਦੇ ਮਕਬੂਲ ਲੜੀਵਾਰ ਕਰੀਨਾ-ਕਰੀਨਾ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਈ, ਜਿਸ ਨੇ ਟੈਲੀਵਿਜ਼ਨ ਦੀ ਦੁਨੀਆਂ ਵਿੱਚ ਮੈਨੂੰ ਵੱਖਰੀ ਪਛਾਣ ਦਿਵਾਈ। ਉਸ ਤੋਂ ਬਾਅਦ ‘ਮੰਨਤ’ ਅਤੇ ‘ਤੇਰਾ-ਮੇਰਾ ਕੀ ਰਿਸ਼ਤਾ’ ਦੋ ਪੰਜਾਬੀ ਫ਼ਿਲਮਾਂ ਕੀਤੀਆਂ। ਜੇ ਗੱਲ ਕਰੀਏ ਫ਼ਿਲਮੀ ਸਫ਼ਰ ਦੀ ਤਾਂ ਰਿਸ਼ੀ ਕਪੂਰ ਜੀ ਨਾਲ ਇੱਕ ਫ਼ਿਲਮ ‘ਚਿੰਟੂ ਜੀ’ ’ਚ ਅਦਾਕਾਰੀ ਕੀਤੀ। ਫਿਰ ਧਰਮਿੰਦਰ, ਸੰਨੀ ਦਿਓਲ ਅਤੇ ਬੌਬੀ ਦਿਓਲ ਦੇ ਨਾਲ ਫ਼ਿਲਮ ਯਮਲਾ ਪਗਲਾ ਦੀਵਾਨਾ ’ਚ ਕੰਮ ਕਰਨ ਦਾ ਮੌਕਾ ਮਿਲਿਆ। ਹੁਣ ਤੁਸ਼ਾਰ ਨਾਲ ਚਾਰ ਦਿਨ ਕੀ ਚਾਂਦਨੀ ਫ਼ਿਲਮ ਆਈ ਹੈ।
ਸਵਾਲ: ਫ਼ਿਲਮ ‘ਚਾਰ  ਦਿਨ ਕੀ ਚਾਂਦਨੀ’ ਵਿੱਚ ਆਪਣੇ ਕਿਰਦਾਰ ਬਾਰੇ ਕੁਝ ਦੱਸੋ?
ਜਵਾਬ: ਇਸ ਵਿੱਚ ਮੈਂ ਚਾਂਦਨੀ ਦਾ ਕਿਰਦਾਰ ਨਿਭਾਇਆ ਹੈ। ‘ਚਾਰ ਦਿਨ ਕੀ ਚਾਂਦਨੀ’ ਦੀ ਜ਼ਿਆਦਾਤਰ ਸ਼ੂਟਿੰਗ  ਰਾਜਸਥਾਨ ਵਿੱਚ ਹੋਈ ਹੈ। ਇਸ ਨਾਲ ਮੈਨੂੰ ਰਾਜਸਥਾਨੀ ਸੱਭਿਆਚਾਰ ਤੋਂ ਵਾਕਿਫ ਹੋਣ ਦਾ ਮੌਕਾ ਮਿਲਿਆ ਹੈ।  ਸਮੀਰ ਨੇ ਰਾਜਸਥਾਨੀ ਵਿਆਹ ਦੇ ਪਿਛੋਕੜ ’ਤੇ ਬਣਾਈ ਇਸ ਫ਼ਿਲਮ ਵਿੱਚ ਹਾਸੇ ਤੇ ਸੱਭਿਆਚਾਰ ਦਾ ਬਾਖ਼ੂਬੀ ਨਾਲ ਮਿਸ਼ਰਣ ਕੀਤਾ ਹੈ। ਇਸ ਲਈ ਜਦੋਂ ਸਮੀਰ ਨੇ ਮੈਨੂੰ ਇਸ ਦੀ ਕਹਾਣੀ ਸੁਣਾਈ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ। ਚਾਂਦਨੀ ਇੱਕ ਵਿਦੇਸ਼ੀ ਲੜਕੀ ਹੈ ਜੋ ਆਪਣੇ ਹਿੰਦੁਸਤਾਨੀ ਪ੍ਰੇਮੀ ਨਾਲ ਉਸ ਦੀ ਭੈਣ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਈ ਹੈ। ਵਿਦੇਸ਼ੀ ਹੋਣ ਦੇ ਨਾਲ ਭੋਲੇਪਣ ਵਿੱਚ ਹਰ ਗੱਲ ਮੂੰਹ ’ਤੇ ਕਰਦੀ ਹੈ। ਉਸ ਲਈ ਜ਼ਿੰਦਗੀ ਇੱਕ ਕਹਾਣੀ ਵਾਂਗ ਹੈ। ਉਸ ਨੂੰ ਇਸ ਗੱਲ ਦਾ ਕੋਈ ਡਰ ਨਹੀਂ ਕਿ ਉਸ ਦੀ ਕਿਸੇ ਹਰਕਤ ਨਾਲ ਵੱਡੇ ਬਜ਼ੁਰਗ ਨਾਰਾਜ਼ ਹੋ ਜਾਣਗੇ ਜਾਂ ਕੋਈ ਕੀ ਸੋਚੇਗਾ। ਉਹ ਆਪਣੇ ਮਨ ਦੀ ਕਰਨ ’ਚ ਵਿਸ਼ਵਾਸ ਰੱਖਦੀ ਹੈ।
ਸਵਾਲ: ਫ਼ਿਲਮ ’ਚ ਚਾਂਦਨੀ ਦੇ ਦੋ ਹੀਰੋ ਵੀਰ ਤੇ ਪੱਪੀ ਬਾਰੇ ਕੀ ਕਹੋਗੇ?
ਜਵਾਬ: ਚਾਂਦਨੀ ਦੇ ਉਲਟ ਦੋ ਹੀਰੋ ਵੀਰ ਅਤੇ ਪੱਪੀ ਹਨ, ਜੋ ਕਿ ਸੁਭਾਅ ਪੱਖੋਂ ਬਹੁਤ ਹੀ ਅਲੱਗ ਹਨ। ਵੀਰ ਸ਼ਾਂਤ ਸੁਭਾਅ ਦਾ ਜਦੋਂਕਿ ਪੱਪੀ ਰੌਲਾ-ਰੱਪਾ ਪਾਉਣ ਵਾਲਾ।
ਸਵਾਲ: ਫ਼ਿਲਮ ਚਾਰ ਦਿਨ ਕੀ ਚਾਂਦਨੀ ਵਿੱਚ ਤੁਹਾਡਾ ਕਿਰਦਾਰ ‘ਜਬ ਵੀ ਮੈੱਟ’ ਦੀ ਕਰੀਨਾ ਕਪੂਰ ਦੇ ਕਿਰਦਾਰ ਨਾਲ ਮੇਲ ਖਾਂਦਾ ਹੈ?
ਜਵਾਬ: ਜੀ ਨਹੀਂ, ਦੋਵਾਂ ਭੂਮਿਕਾਵਾਂ ’ਚ ਜ਼ਮੀਨ ਅਸਮਾਨ ਦਾ ਫ਼ਰਕ ਹੈ।
ਸਵਾਲ: ਤੁਹਾਡੇ ਲਈ ਚਾਂਦਨੀ ਦਾ ਕਿਰਦਾਰ ਕਾਫ਼ੀ ਚੁਣੌਤੀਪੂਰਨ ਰਿਹਾ?
ਜਵਾਬ: ਫ਼ਿਲਮ ‘ਯਮਲਾ ਪਗਲਾ ਦੀਵਾਨਾ’ ਦੀ ਸਾਹਿਬਾ ਦੇ ਮੁਕਾਬਲੇ ਚਾਂਦਨੀ ਦਾ ਕਿਰਦਾਰ ਨਿਭਾਉਣ ਲਈ ਮੈਨੂੰ ਕਾਫ਼ੀ ਮੁਸ਼ਕਲ ਆਈ ਕਿਉਂਕਿ ਚਾਂਦਨੀ ਦਾ ਕਿਰਦਾਰ ਮੇਰੀ ਨਿੱਜੀ ਜ਼ਿੰਦਗੀ ਤੋਂ ਬਿਲਕੁਲ ਵੱਖਰਾ ਹੈ।
ਸਵਾਲ: ਕੀ ਸਾਹਿਬਾ ਦਾ ਕਿਰਦਾਰ ਤੁਹਾਡੀ ਜ਼ਿੰਦਗੀ ਦੇ ਨੇੜੇ ਸੀ?
ਜਵਾਬ: ਮੈਂ ਨਿੱਜੀ ਜ਼ਿੰਦਗੀ ’ਚ ਨਾ ਚਾਂਦਨੀ ਹਾਂ ਤੇ ਨਾ ਹੀ ਸਾਹਿਬਾ।
ਸਵਾਲ: ਕੀ ਫ਼ਿਲਮ ਚਾਰ ਦਿਨ ਕੀ ਚਾਂਦਨੀ ਰਾਹੀਂ ਕੋਈ ਸੰਦੇਸ਼ ਵੀ ਦਿੱਤਾ ਗਿਆ ਹੈ?
ਜਵਾਬ: ਇਸ ਫ਼ਿਲਮ ਰਾਹੀਂ ਅੰਤਰਜਾਤੀ ਵਿਆਹਾਂ ਬਾਰੇ ਗੱਲ ਕੀਤੀ ਗਈ ਹੈ। ਇਸ ਫ਼ਿਲਮ ’ਚ ਦਿਖਾÂਆ ਗਿਆ ਹੈ ਕਿ ਇਨਸਾਨ ਦਾ ਚੰਗਾ ਹੋਣਾ ਜ਼ਿਆਦਾ ਜ਼ਰੂਰੀ ਹੈ। ਜੇ ਇਨਸਾਨ ਵਧੀਆ ਹੈ ਤਾਂ ਜਾਤ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਗੱਲ ਨੂੰ ਫ਼ਿਲਮ ਵਿੱਚ ਹਾਸਰਸ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਲੋਕਾਂ ਨੂੰ ਇਸ ਮੁੱਦੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
ਸਵਾਲ: ਪੰਜਾਬ ਅਤੇ ਹਰਿਆਣਾ ’ਚ ਅੰਤਰਜਾਤੀ ਵਿਆਹ ਤਾਂ ਵੱਖਰੀ ਗੱਲ ਰਹੀ, ਇੱਕ ਗੋਤ ’ਚ ਵਿਆਹ ਕਰਨ ’ਤੇ ਵੀ ਲੋਕ ਆਪਣੇ ਪੁੱਤ ਜਾਂ ਧੀ ਦਾ ਕਤਲ ਕਰ ਰਹੇ ਹਨ?
ਜਵਾਬ: ਸਾਡੇ ਅੰਦਰ ਇਨਸਾਨੀਅਤ ਖ਼ਤਮ ਹੋ ਰਹੀ ਹੈ। ਮੈਂ ਧਰਮ ਅਤੇ ਅਣਖ ਦੇ ਨਾਂ ’ਤੇ ਕਤਲ ਨੂੰ ਗ਼ਲਤ ਮੰਨਦੀ ਹਾਂ ਤੇ ਜਿਹੜੇ ਲੋਕ ਅਜਿਹਾ ਕਰ ਰਹੇ ਹਨ, ਉਹ ਵੀ ਗ਼ਲਤ ਹਨ।
ਸਵਾਲ: ਫ਼ਿਲਮ ਦੇ ਨਿਰਦੇਸ਼ਕ ਸਮੀਰ ਕਾਰਤਿਕ ਬਾਰੇ ਕੀ ਕਹੋਗੇ? ਤੁਹਾਡੇ ਤੇ ਸਮੀਰ ਦੇ ਰਿਸ਼ਤੇ ਸਬੰਧੀ ਵੀ ਕਾਫ਼ੀ ਚਰਚਾ ਹੁੰਦੀ ਰਹੀ ਹੈ?
ਜਵਾਬ: ਸਮੀਰ ਬਹੁਤ ਹੀ ਵਧੀਆ ਨਿਰਦੇਸ਼ਕ ਹਨ। ਉਹ ਸੈੱਟ ’ਤੇ ਕਦੇ ਵੀ ਉਲਝੇ-ਉਲਝੇ ਨਜ਼ਰ ਨਹੀਂ ਆਏ। ਉਨ੍ਹਾਂ ਦੇ ਦਿਮਾਗ਼ ’ਚ ਫ਼ਿਲਮ ਦੀ ਕਹਾਣੀ ਤੇ ਕਿਰਦਾਰ ਪੂਰੀ ਤਰ੍ਹਾਂ ਵਸੇ ਹੋਏ ਸਨ। ਜਿੱਥੋਂ ਤਕ ਮੇਰੇ ਤੇ ਸਮੀਰ ਵਿਚਲੇ ਰਿਸ਼ਤੇ ਦੀ ਗੱਲ ਹੈ ਤਾਂ ਸਭ ਕੁਝ ਬਕਵਾਸ ਤੇ ਮਨਘੜਤ ਹੈ। ਮੈਂ ਸਮੀਰ ਨਾਲ ਕੋਈ ਡੇਟਿੰਗ ਨਹੀਂ ਕਰ ਰਹੀ। ਸਾਡੇ ਵਿੱਚ ਇੱਕ ਨਿਰਦੇਸ਼ਕ ਤੇ ਕਲਾਕਾਰ ਦਾ ਹੀ ਰਿਸ਼ਤਾ ਹੈ।
ਸਵਾਲ: ਤੁਹਾਡਾ ਹਾਸਰਸ ਫ਼ਿਲਮਾਂ ਵੱਲ ਝੁਕਾਅ ਦਾ ਕੀ ਕਾਰਨ ਹੈ?
ਜਵਾਬ: ਇਹ ਕੇਵਲ ਇਤਫ਼ਾਕ ਦੀ ਗੱਲ ਹੈ ਕਿ ਮੈਨੂੰ ਹਾਲੇ ਤਕ ਕਾਮੇਡੀ ਫ਼ਿਲਮਾਂ ਦੀ ਹੀ ਪੇਸ਼ਕਸ਼ ਹੋਈ ਹੈ ਪਰ ਮੇਰੀ ਇੱਛਾ ਹੈ ਕਿ ਮੈਂ ਗੰਭੀਰ, ਰੁਮਾਂਟਿਕ ਤੇ ਦਿਲਚਸਪ ਫ਼ਿਲਮਾਂ ਵੀ ਕਰਾਂ ਤੇ ਅਜਿਹੀਆਂ ਭੂਮਿਕਾਵਾਂ ਵਾਲੀਆਂ ਫ਼ਿਲਮਾਂ ਦੀ ਪੇਸ਼ਕਸ਼ ਦਾ ਇੰਤਜ਼ਾਰ ਹੈ। ਹਾਂ, ਮੈਂ ਸਿਰਫ਼ ਉਹੀ ਫ਼ਿਲਮਾਂ ਕਰਨਾ ਪਸੰਦ ਕਰਦੀ ਹਾਂ, ਜਿਨ੍ਹਾਂ ਦੀ ਕਹਾਣੀ ਤੇ ਮੇਰੀ ਭੂਮਿਕਾ ਦਮਦਾਰ ਹੋਵੇ। ਮੈਂ ਫ਼ਿਲਮਾਂ ਦੀ ਚੋਣ ਨੂੰ ਲੈ ਕੇ ਕਾਫ਼ੀ ਚੌਕੰਨੀ ਹਾਂ ਕਿਉਂਕਿ ਬਾਲੀਵੁੱਡ ’ਚ ਇਹ ਮੇਰੀ ਸ਼ੁਰੂਆਤ ਦੇ ਵੇਲਾ ਹੈ।
ਸਵਾਲ: ਕੀ ਤੁਸੀਂ ਛੋਟੇ ਪਰਦੇ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਦਿੱਤਾ ਹੈ?
ਜਵਾਬ: ਟੀ.ਵੀ. ’ਤੇ ਅੱਜ ਕੱਲ੍ਹ ਜਿਹੋ-ਜਿਹੇ ਪ੍ਰੋਗਰਾਮ ਆ ਰਹੇ ਹਨ, ਉਹ ਕੰਮ ਮੈਂ ਨਹੀਂ ਕਰ ਸਕਦੀ। ਜੇ ਕੁਝ ਵੱਖਰਾ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਜ਼ਰੂਰ ਕਰੂੰਗੀ। ਮੈਨੂੰ ਛੋਟੇ ਜਾਂ ਵੱਡੇ ਪਰਦੇ ਤੋਂ ਕੋਈ ਪਰਹੇਜ਼ ਨਹੀਂ। ਮੇਰਾ ਮਕਸਦ ਵਧੀਆ ਕੰਮ ਕਰਨਾ ਤੇ ਆਪਣੀ ਕਲਾ ’ਚ ਹੋਰ ਨਿਖਾਰ ਲਿਆਉਣਾ ਹੈ।
ਸਵਾਲ: ਹੁਣ ਤਕ ਤੁਸੀਂ ਰਿਸ਼ੀ ਕਪੂਰ, ਧਰਮਿੰਦਰ ਵਰਗੇ ਕਈ ਵੱਡੇ ਕਲਾਕਾਰਾਂ ਨਾਲ ਕੰਮ ਕਰ ਚੁੱਕੇ ਹੋ। ਉਨ੍ਹਾਂ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਜਵਾਬ: ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਮੰਨਦੀ ਹਾਂ ਕਿ ਮੈਨੂੰ ਧਰਮਿੰਦਰ, ਰਿਸ਼ੀ ਕਪੂਰ ਤੇ ਤੁਸ਼ਾਰ ਕਪੂਰ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਹ ਸਾਰੇ ਜ਼ਮੀਨ ਨਾਲ ਜੁੜੇ ਇਨਸਾਨ ਹਨ।   ਕੁਲਰਾਜ ਸਾਫ਼ ਕਹਿੰਦੀ ਹੈ ਕਿ ਰਿਸ਼ੀ ਕਪੂਰ, ਸ੍ਰੀ ਦੇਵੀ ਤੇ ਜਤਿੰਦਰ ਬਣਨਾ ਬਹੁਤ ਮੁਸ਼ਕਲ ਹੈ ਤੇ ਅੱਜ ਦੇ ਕਲਾਕਾਰ ਕਾਫ਼ੀ ਹੱਦ ਤਕ ‘ਚਾਰ ਦਿਨ ਕੀ ਚਾਂਦਨੀ’ ਹੀ ਹਨ।
ਸਵਾਲ: ਤੁਸ਼ਾਰ ਬਾਰੇ ਕੀ ਕਹੋਗੇ?
ਜਵਾਬ: ਤੁਸ਼ਾਰ ਇੱਕ ਸਟਾਰ ਪਿਤਾ ਦਾ ਪੁੱਤਰ ਹੋਣ ਦੇ ਬਾਵਜੂਦ ਬਹੁਤ ਮਿਹਨਤੀ ਹੈ। ਉਹ ਹਰ ਪਲ ਕੁਝ ਨਾ ਕੁਝ ਨਵਾਂ ਸਿੱਖਣ ’ਚ ਲੱਗਿਆ ਰਹਿੰਦਾ ਹੈ। ਅਜਿਹੇ ਮਾਹੌਲ ’ਚ ਨਵੇਂ ਕਲਾਕਾਰਾਂ ਲਈ ਕੰਮ ਕਰਨਾ ਸੁਖਾਲਾ ਹੋ ਜਾਂਦਾ ਹੈ। ਫ਼ਿਲਮ ਚਾਰ ਦਿਨ ਕੀ ਚਾਂਦਨੀ ਵਿੱਚ ਓਮਪੁਰੀ, ਫਰੀਦਾ ਜਲਾਲ, ਅਨੀਤਾ ਰਾਜ, ਅਨੁਪਮ ਖੇਰ, ਚੰਦਰਚੂਹੜ ਸਿੰਘ, ਮੁਕੁਲ ਦੇਵ ਵਰਗੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ।
ਸਵਾਲ: ਗੈਰ-ਫ਼ਿਲਮੀ ਪਰਿਵਾਰ ਤੋਂ ਹੋਣ ਕਰਕੇ ਤੁਹਾਨੂੰ ਕਾਫ਼ੀ ਸੰਘਰਸ਼ ਕਰਨਾ ਪਿਆ?
ਜਵਾਬ: ਮੇਰੇ ਮੁਤਾਬਕ ਇਹ ਸਭ ਫਾਲਤੂ ਗੱਲਾਂ ਹਨ। ਸਿਨੇਮਾ ਕਲਾ ਦੇ ਨਾਲ ਵਪਾਰ ਦਾ ਵੀ ਵੱਡਾ ਸਾਧਨ ਹੈ। ਇੱਥੇ ਤੁਹਾਡੇ ਫ਼ਿਲਮੀ ਜਾਂ ਗੈਰ ਫ਼ਿਲਮੀ ਪਰਿਵਾਰ ਨਾਲ ਸਬੰਧ ਹੋਣਾ ਕੋਈ ਮਾਅਨੇ ਨਹੀਂ ਰੱਖਦਾ। ਹਰ ਇੱਕ ਨੂੰ ਮਿਹਨਤ ਕਰਨੀ ਪੈਂਦੀ ਹੈ ਤੇ ਹੁਨਰ ਦੀ ਕਦਰ ਹੁੰਦੀ ਹੈ। ਜ਼ਰੂਰੀ ਹੈ ਆਪਣੇ ਕੰਮ ਦਾ ਲੋਹਾ ਮਨਵਾਉਣਾ।
ਸਵਾਲ: ਤੁਸੀਂ ਆਪਣੇ ਹੁਣ ਤਕ ਦੇ ਕਰੀਅਰ ਤੋਂ ਸੰਤੁਸ਼ਟ ਹੋ?
ਜਵਾਬ: ਮੈਂ ਇੱਥੇ ਸਟਾਰ ਨਹੀਂ ਕਲਾਕਾਰ ਬਣਨ ਆਈ ਹਾਂ। ਮੈਨੂੰ ਚੰਗਾ ਕੰਮ ਮਿਲ ਰਿਹਾ ਹੈ। ਚੰਗਾ ਕੰਮ ਤੇ ਤੁਹਾਡਾ ਆਪਣਾ ਵਜੂਦ ਹੋਣਾ ਬਹੁਤ ਮਾਅਨੇ ਰੱਖਦਾ ਹੈ। ਮੈਨੂੰ ਖੁਸ਼ੀ ਹੈ ਕਿ ਹੁਣ ਨਾਇਕਾ ਵੀ ਖੜਕੇ ਦੜਕੇ ਵਾਲੇ ਕਿਰਦਾਰ ਕਰਕੇ ਨਾਇਕ ਦੇ ਬਰਾਬਰ ਆ ਗਈ ਹੈ ਤੇ ਨਾਇਕਾ ਪ੍ਰਧਾਨ ਫ਼ਿਲਮਾਂ ਦਾ ਯੁੱਗ ਆ ਰਿਹਾ ਹੈ।
ਸਵਾਲ: ਤੁਸੀਂ ਕਿਨ੍ਹਾਂ ਅਭਿਨੇਤਰੀਆਂ ਤੋਂ ਪ੍ਰਭਾਵਤ ਹੋ?
ਜਵਾਬ: ਮੈਂ ਸ੍ਰੀਦੇਵੀ, ਮਾਧੁਰੀ ਦੀਕਸ਼ਤ, ਮਧੂਬਾਲਾ ਤੋਂ ਬਹੁਤ ਪ੍ਰਭਾਵਤ ਹਾਂ ਕਿਉਂਕਿ ਇਹ ਸਟਾਰ ਅਭਿਨੇਤਰੀਆਂ ਹੀ ਨਹੀਂ, ਸਗੋਂ ਸਹੀ ਮਾਅਨਿਆਂ ਵਿੱਚ ਅਦਾਕਾਰਾਂ ਹਨ। ਅਫ਼ਸੋਸ ਹੁਣ ਕਲਾਕਾਰ ਖ਼ਤਮ ਹੋ ਗਏ ਹਨ ਤੇ ਸਾਰੇ ਸਟਾਰ ਬਣ ਗਏ ਹਨ।
‘ਚਾਰ ਦਿਨ ਕੀ ਚਾਂਦਨੀ’ ਵਿੱਚ ਕੁਲਰਾਜ ਨੇ ਚਮਕ ਦਮਕ ਦਿਖਾਈ ਹੈ।   ਜਾਣਕਾਰੀ ਮੁਤਾਬਕ ਅਨੁਪਮ ਖੇਰ ਤੇ ਸਮੀਰ ਕਾਰਣਿਕ ਸ਼ੁਰੂ ਤੋਂ ਹੀ ਕੁਲਰਾਜ ਨੂੰ ਚਾਂਦਨੀ ਦੇ ਰੂਪ ਵਿਚ ਫਿੱਟ ਸਮਝਦੇ ਸਨ।

No comments:

Post a Comment