ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਨੇ ਰਚਿਆ ਇਤਿਹਾਸ
* ਅਕਾਲੀ ਦਲ ਨੂੰ 56, ਭਾਜਪਾ ਨੂੰ 12 ਅਤੇ
ਕਾਂਗਰਸ ਨੂੰ 46 ਸੀਟਾਂ ਮਿਲੀਆਂ
* ਮਨਪ੍ਰੀਤ ਦੋਵਾਂ ਹਲਕਿਆਂ ਤੋਂ ਹਾਰਿਆ * 3 ਆਜ਼ਾਦ ਉਮੀਦਵਾਰ ਜਿੱਤੇ
* ਬ੍ਰਹਮਪੁਰਾ, ਲੰਗਾਹ, ਤੀਕਸ਼ਣ ਸੂਦ, ਗਾਬੜੀਆ, ਉਪਿੰਦਰਜੀਤ, ਗੁਸਾਈਂ, ਸ਼ਾਕਰ ਤੇ ਸੇਖਵਾਂ ਚੋਣ ਹਾਰੇ * ਪੀ. ਪੀ. ਪੀ. ਖਾਤਾ ਵੀ ਨਹੀਂ ਖੋਲ੍ਹ ਸਕੀ
* ਵੋਟਾਂ ਦੇ ਫਰਕ ਵਿਚ ਸੁਖਬੀਰ ਪਹਿਲੇ, ਮਜੀਠੀਆ ਦੂਸਰੇ ਅਤੇ ਕੈਪਟਨ ਤੀਸਰੇ ਸਥਾਨ 'ਤੇ ਰਹੇ
ਚੰਡੀਗੜ੍ਹ, 6 ਮਾਰਚ - ਪੰਜਾਬ ਵਿਧਾਨ ਸਭਾ ਦੇ ਐਲਾਨੇ ਗਏ ਚੋਣ ਨਤੀਜਿਆਂ ਵਿਚ ਅਕਾਲੀ-ਭਾਜਪਾ ਗਠਜੋੜ ਨੂੰ ਅੱਜ ਵੱਡਾ ਹੁੰਗਾਰਾ ਮਿਲਿਆ ਅਤੇ ਗਠਜੋੜ ਨੇ ਲਗਾਤਾਰ ਦੂਸਰੀ ਵਾਰ ਚੋਣ ਜਿੱਤ ਕੇ ਜਿਥੇ ਰਾਜ ਵਿਚ ਕਿਸੇ ਵੀ ਸਰਕਾਰ ਦੇ ਦੁਬਾਰਾ ਸੱਤਾ ਵਿਚ ਨਾ ਆਉਣ ਦੀ ਧਾਰਨਾ ਨੂੰ ਖ਼ਤਮ ਕਰ ਦਿੱਤਾ, ਉਥੇ ਮਗਰਲੀ ਚੋਣ ਨਾਲੋਂ ਵੀ ਵੱਧ ਸੀਟਾਂ ਹਾਸਿਲ ਕਰਕੇ ਨਵਾਂ ਇਤਿਹਾਸ ਵੀ ਸਿਰਜਿਆ। ਐਲਾਨੇ ਗਏ ਨਤੀਜਿਆਂ ਅਨੁਸਾਰ ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਨੂੰ 68 ਅਤੇ ਕਾਂਗਰਸ ਨੂੰ 46 ਸੀਟਾਂ ਹਾਸਿਲ ਹੋਈਆਂ। ਕਾਂਗਰਸ ਨੇ ਮਗਰਲੀਆਂ ਵਿਧਾਨ ਸਭਾ ਚੋਣਾਂ ਵਿਚ 44 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਨੂੰ ਇਸ ਚੋਣ ਵਿਚ ਕੇਵਲ 2 ਸੀਟਾਂ ਹੀ ਵੱਧ ਹਾਸਿਲ ਹੋਈਆਂ, ਜਦੋਂਕਿ ਭਾਜਪਾ ਮਗਰਲੀ ਵਾਰ ਜਿੱਤੀਆਂ 19 ਸੀਟਾਂ ਦੇ ਮੁਕਾਬਲੇ ਇਸ ਵਾਰ 12 ਸੀਟਾਂ 'ਤੇ ਜੇਤੂ ਰਹੀ, ਪਰ ਅਕਾਲੀ ਦਲ ਨੇ ਮਗਰਲੀ ਚੋਣ ਵਿਚ 48 ਸੀਟਾਂ ਜਿੱਤੀਆਂ ਸਨ, ਇਸ ਵਾਰ 56 ਸੀਟਾਂ 'ਤੇ ਜਿੱਤ ਹਾਸਿਲ ਕਰਕੇ ਆਪਣੇ ਪ੍ਰਭਾਵ ਵਿਚ ਹੋਰ ਵਾਧਾ ਕੀਤਾ। ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਦੀ ਲੜਾਈ ਇਸ ਵਾਰ ਕਾਫੀ ਫਸਵੀਂ ਸਮਝੀ ਜਾ ਰਹੀ ਸੀ, ਨੇ ਲੰਬੀ ਹਲਕੇ ਤੋਂ ਇਹ ਚੋਣ ਆਪਣੇ ਚਚੇਰੇ ਭਰਾ ਤੇ ਕਾਂਗਰਸ ਉਮੀਦਵਾਰ ਮਹੇਸ਼ਇੰਦਰ ਸਿੰਘ ਬਾਦਲ ਨੂੰ ਹਰਾਉਂਦਿਆਂ 24,739 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਦਿਆਂ ਮਗਰਲੀ ਚੋਣ ਨਾਲੋਂ ਆਪਣੀ ਜਿੱਤ ਦੇ ਫਰਕ ਨੂੰ ਕੋਈ ਤਿੰਨ ਗੁਣਾਂ ਕਰ ਵਿਖਾਇਆ। ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਵੀ ਆਪਣੀ ਜਲਾਲਾਬਾਦ ਦੀ ਸੀਟ 50,246 ਵੋਟਾਂ ਦੇ ਵੱਡੇ ਫਰਕ ਨਾਲ ਜਿੱਤਦਿਆਂ ਨਵਾਂ ਰਿਕਾਰਡ ਕਾਇਮ ਕੀਤਾ। ਉਧਰ ਸ: ਬਾਦਲ ਦੇ ਮੰਤਰੀ ਮੰਡਲ ਵਿਚ ਸ਼ਾਮਿਲ 15 ਮੰਤਰੀਆਂ ਵਿਚੋਂ 8 ਮੌਜੂਦਾ ਕੈਬਨਿਟ ਮੰਤਰੀ ਚੋਣ ਹਾਰ ਗਏ। ਚੋਣ ਹਾਰਨ ਵਾਲੇ ਇਨ੍ਹਾਂ ਮੰਤਰੀਆਂ ਵਿਚ ਸ: ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਉਪਿੰਦਰਜੀਤ ਕੌਰ, ਸ: ਸੁੱਚਾ ਸਿੰਘ ਲੰਗਾਹ, ਸ: ਸੇਵਾ ਸਿੰਘ ਸੇਖਵਾਂ, ਸ. ਹੀਰਾ ਸਿੰਘ ਗਾਬੜੀਆ ਅਤੇ ਭਾਜਪਾ ਮੰਤਰੀਆਂ ਵਿਚ ਸ੍ਰੀ ਤੀਕਸ਼ਣ ਸੂਦ, ਸ੍ਰੀ ਸੱਤਪਾਲ ਗੁਸਾਈਂ ਅਤੇ ਸ੍ਰੀ ਅਰੁਣੇਸ਼ ਸ਼ਾਕਰ ਸ਼ਾਮਿਲ ਹਨ। ਵਿਧਾਨ ਸਭਾ ਦੇ ਮੌਜੂਦਾ ਸਪੀਕਰ ਸ: ਨਿਰਮਲ ਸਿੰਘ ਕਾਹਲੋਂ ਵੀ 639 ਵੋਟਾਂ ਦੇ ਛੋਟੇ ਫਰਕ ਨਾਲ ਆਪਣੀ ਫਤਹਿਗੜ੍ਹ ਚੂੜੀਆਂ ਦੀ ਸੀਟ ਹਾਰ ਗਏ। ਜੇਤੂ ਰਹੇ 3 ਆਜ਼ਾਦ ਉਮੀਦਵਾਰਾਂ ਵਿਚ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਣ ਲੜ ਰਹੇ 2 ਸਕੇ ਭਰਾ ਵੀ ਸ਼ਾਮਿਲ ਹਨ, ਜਿਨ੍ਹਾਂ 'ਚੋਂ ਲੁਧਿਆਣਾ ਆਤਮ ਨਗਰ ਤੋਂ ਸਿਮਰਜੀਤ ਸਿੰਘ ਬੈਂਸ ਨੇ ਮੌਜੂਦਾ ਜੇਲ੍ਹ ਮੰਤਰੀ ਜਥੇਦਾਰ ਗਾਬੜੀਆ ਨੂੰ 28,503 ਵੋਟਾਂ ਦੇ ਫਰਕ ਨਾਲ ਹਰਾਇਆ, ਜਦੋਂਕਿ ਲੁਧਿਆਣਾ ਦੱਖਣੀ ਤੋਂ ਬਲਵਿੰਦਰ ਸਿੰਘ ਬੈਂਸ ਨੇ ਅਕਾਲੀ ਦਲ ਦੇ ਹਾਕਮ ਸਿੰਘ ਗਿਆਸਪੁਰਾ ਨੂੰ 32,233 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਹਲਕਾ ਮੁਕੇਰੀਆਂ ਤੋਂ ਕਾਂਗਰਸ ਦੇ ਮਰਹੂਮ ਆਗੂ ਡਾ: ਕੇਵਲ ਕ੍ਰਿਸ਼ਨ ਦੇ ਬੇਟੇ ਅਤੇ ਕਾਂਗਰਸ ਦੇ ਬਾਗੀ ਉਮੀਦਵਾਰ ਰਜਨੀਸ਼ ਕੁਮਾਰ ਨੇ ਭਾਜਪਾ ਦੇ ਅਰੁਣੇਸ਼ ਕੁਮਾਰ ਨੂੰ 12,119 ਵੋਟਾਂ ਦੇ ਫਰਕ ਨਾਲ ਹਰਾਇਆ। ਕਾਂਗਰਸ ਦੇ ਇਸ ਚੋਣ ਵਿਚ ਹਾਰਨ ਵਾਲੇ ਮੁੱਖ ਉਮੀਦਵਾਰਾਂ ਵਿਚ ਪਾਰਟੀ ਦੇ ਬੁਲਾਰੇ ਅਤੇ ਭੁਲੱਥ ਤੋਂ ਮੌਜੂਦਾ ਵਿਧਾਨਕਾਰ ਸ: ਸੁਖਪਾਲ ਸਿੰਘ ਖਹਿਰਾ ਤੋਂ ਇਲਾਵਾ ਕਰਤਾਰਪੁਰ ਤੋਂ ਸਾਬਕਾ ਵਿਧਾਨਕਾਰ ਚੌਧਰੀ ਜਗਜੀਤ ਸਿੰਘ, ਸੀਨੀਅਰ ਕਾਂਗਰਸੀ ਆਗੂ ਸ: ਜਗਮੀਤ ਸਿੰਘ ਬਰਾੜ ਦੇ ਭਰਾ ਅਤੇ ਕੋਟਕਪੂਰਾ ਤੋਂ ਪਾਰਟੀ ਉਮੀਦਵਾਰ ਸ: ਰਿਪਜੀਤ ਸਿੰਘ ਬਰਾੜ, ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ. ਦੀ ਪਤਨੀ ਸੁਮਨ ਕੇ.ਪੀ., ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋਂ ਦੀ ਪਤਨੀ ਹਰਬੰਸ ਕੌਰ ਦੂਲੋ ਬਸੀ ਪਠਾਣਾਂ ਤੋਂ ਅਕਾਲੀ ਦਲ ਦੇ ਜਸਟਿਸ ਨਿਰਮਲ ਸਿੰਘ ਤੋਂ 11,509 ਵੋਟਾਂ ਨਾਲ ਚੋਣ ਹਾਰੇ, ਜਦੋਂਕਿ ਫਰੀਦਕੋਟ ਤੋਂ ਸਾਬਕਾ ਕਾਂਗਰਸ ਮੰਤਰੀ ਸ: ਅਵਤਾਰ ਸਿੰਘ ਬਰਾੜ ਅਕਾਲੀ ਦੇ ਦੀਪ ਮਲਹੋਤਰਾ ਤੋਂ 2727 ਵੋਟਾਂ ਨਾਲ ਹਾਰ ਗਏ। ਮਾਲੇਰਕੋਟਲਾ ਤੋਂ ਕਾਂਗਰਸ ਵਿਧਾਨਕਾਰ ਸ੍ਰੀਮਤੀ ਰਜ਼ੀਆ ਸੁਲਤਾਨਾ, ਜ਼ੀਰਾ ਤੋਂ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ, ਰਾਮਪੁਰਾ ਫੂਲ ਤੋਂ ਮੌਜੂਦਾ ਕਾਂਗਰਸ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਬਠਿੰਡਾ ਤੋਂ ਮੌਜੂਦਾ ਕਾਂਗਰਸ ਵਿਧਾਇਕ ਹਰਮਿੰਦਰ ਸਿੰਘ ਜੱਸੀ, ਹਲਕਾ ਦਾਖਾ ਤੋਂ ਕਾਂਗਰਸ ਵਿਧਾਇਕ ਜੱਸੀ ਖੰਗੂੜਾ, ਬਠਿੰਡਾ ਦਿਹਾਤੀ ਤੋਂ ਮੌਜੂਦਾ ਕਾਂਗਰਸ ਵਿਧਾਇਕ ਮੱਖਣ ਸਿੰਘ, ਨੰਗਲ ਤੋਂ ਕਾਂਗਰਸ ਵਿਧਾਇਕ ਰਾਣਾ ਕੇ.ਪੀ. ਸਿੰਘ ਤੇ ਗੜ੍ਹਸ਼ੰਕਰ ਤੋਂ ਕਾਂਗਰਸ ਵਿਧਾਨਕਾਰ ਲਵ ਕੁਮਾਰ ਗੋਲਡੀ ਵੀ ਚੋਣ ਹਾਰ ਗਏ। ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਸਪੁੱਤਰ ਸ. ਰਣਇੰਦਰ ਸਿੰਘ ਵੀ ਸਮਾਣਾ ਤੋਂ ਚੋਣ ਹਾਰ ਗਏ। ਕਾਂਗਰਸ ਦੇ ਸਾਬਕਾ ਮੰਤਰੀ ਜਲੰਧਰ ਉੱਤਰੀ ਤੋਂ ਪਾਰਟੀ ਉਮੀਦਵਾਰ ਸ੍ਰੀ ਅਵਤਾਰ ਹੈਨਰੀ ਅਤੇ ਜੰਡਿਆਲਾ ਤੋਂ ਪਾਰਟੀ ਉਮੀਦਵਾਰ ਸਰਦੂਲ ਸਿੰਘ ਬੁਡਾਲਾ, ਫਿਲੌਰ ਤੋਂ ਚੌਧਰੀ ਸੰਤੋਖ ਸਿੰਘ ਅਤੇ ਅੰਮ੍ਰਿਤਸਰ ਦੱਖਣੀ ਤੋਂ ਪਾਰਟੀ ਦੇ ਸੀਨੀਅਰ ਆਗੂ ਜਸਬੀਰ ਸਿੰਘ ਡਿੰਪਾ ਵੀ ਚੋਣ ਹਾਰ ਗਏ। ਦਿਲਚਸਪ ਗੱਲ ਇਹ ਹੈ ਕਿ ਬਹੁਚਰਚਿਤ ਨਵੀਂ ਬਣੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਅਤੇ ਬਹੁਜਨ ਸਮਾਜ ਪਾਰਟੀ, ਜੋ ਰਾਜ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣਾਂ ਲੜ ਰਹੀਆਂ ਸਨ, ਇਸ ਚੋਣ ਵਿਚ ਆਪਣਾ ਖਾਤਾ ਖੋਲ੍ਹਣ ਵਿਚ ਵੀ ਕਾਮਯਾਬ ਨਹੀਂ ਹੋ ਸਕੀਆਂ। ਪੀ.ਪੀ.ਪੀ. ਦੇ ਮੁਖੀ ਸ: ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਅਤੇ ਮੌੜ ਦੀਆਂ ਦੋਵਾਂ ਸੀਟਾਂ ਤੋਂ ਚੋਣ ਹਾਰ ਗਏ, ਜਦੋਂਕਿ ਉਨ੍ਹਾਂ ਦੇ ਪਿਤਾ ਸ: ਗੁਰਦਾਸ ਸਿੰਘ ਬਾਦਲ, ਜੋ ਹਲਕਾ ਲੰਬੀ ਤੋਂ ਮੁੱਖ ਮੰਤਰੀ ਨੂੰ ਚੁਣੌਤੀ ਦਿੰਦੇ ਆ ਰਹੇ ਸਨ, ਚੋਣ ਵਿਚ ਆਪਣੀ ਜ਼ਮਾਨਤ ਬਚਾਉਣ ਵਿਚ ਵੀ ਸਫਲ ਨਹੀਂ ਹੋ ਸਕੇ। ਜੇਤੂ ਰਹੇ ਅਕਾਲੀ-ਭਾਜਪਾ ਗਠਜੋੜ ਵੱਲੋਂ ਆਪਣੀ ਵਿਧਾਨਕਾਰ ਪਾਰਟੀ ਦੀ ਇਕ ਮੀਟਿੰਗ 8 ਮਾਰਚ ਨੂੰ ਚੰਡੀਗੜ੍ਹ ਵਿਖੇ ਸੱਦੀ ਗਈ ਹੈ, ਕਿਉਂਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦਾ ਪਰਿਵਾਰ, ਜਿੱਤੇ ਦੂਜੇ ਵਿਧਾਨਕਾਰਾਂ ਨਾਲ ਸ਼ੁਕਰਾਨੇ ਵੱਜੋਂ ਕੱਲ੍ਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਹਨ ਅਤੇ 7 ਮਾਰਚ ਨੂੰ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਹੋਲੇ-ਮਹੱਲੇ ਦੇ ਸਮਾਗਮ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਮੂਲੀਅਤ ਕਰਨੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਵਿਧਾਨ ਸਭਾ ਦੀਆਂ ਇਨ੍ਹਾਂ ਚੋਣਾਂ ਵਿਚ ਕਾਂਗਰਸ ਨੂੰ 40.11 ਪ੍ਰਤੀਸ਼ਤ ਵੋਟਾਂ ਪ੍ਰਾਪਤ ਹੋਈਆਂ, ਜਦੋਂਕਿ 5 ਸਾਲ ਪਹਿਲਾਂ ਕਾਂਗਰਸ ਨੂੰ ਕੋਈ 1 ਪ੍ਰਤੀਸ਼ਤ ਵੱਧ ਵੋਟਾਂ ਮਿਲੀਆਂ ਸਨ। ਅਕਾਲੀ ਦਲ ਨੂੰ ਇਸ ਚੋਣ ਵਿਚ ਇਨ੍ਹਾਂ ਚੋਣਾਂ ਵਿਚ 34.75 ਅਤੇ ਭਾਜਪਾ ਨੂੰ 7.13 ਪ੍ਰਤੀਸ਼ਤ ਵੋਟ ਮਿਲੇ। ਸਪੱਸ਼ਟ ਹੈ ਕਿ ਮਗਰਲੀਆਂ ਚੋਣਾਂ ਵਿਚ ਮਿਲੀਆਂ ਵੋਟਾਂ ਨਾਲੋਂ ਅਕਾਲੀ-ਭਾਜਪਾ ਗਠਜੋੜ ਦਾ ਵੋਟ ਕੋਈ 2 ਪ੍ਰਤੀਸ਼ਤ ਘਟਿਆ। ਬਹੁਜਨ ਸਮਾਜ ਪਾਰਟੀ ਜਿਸ ਨੂੰ ਮਗਰਲੀਆਂ ਚੋਣਾਂ ਵਿਚ 4.6 ਪ੍ਰਤੀਸ਼ਤ ਵੋਟ ਮਿਲੇ ਸੀ, ਨੂੰ ਇਸ ਵਾਰ 4.3 ਪ੍ਰਤੀਸ਼ਤ ਵੋਟ ਪ੍ਰਾਪਤ ਹੋਏ, ਪਰ ਨਵੀਂ ਬਣੀ ਪਾਰਟੀ ਪੀਪਲਜ਼ ਪਾਰਟੀ ਆਫ ਪੰਜਾਬ ਨੂੰ 5.17 ਪ੍ਰਤੀਸ਼ਤ ਵੋਟਾਂ ਮਿਲੀਆਂ। ਦੂਜੀਆਂ ਸਾਰੀਆਂ ਪਾਰਟੀਆਂ ਵਿਚੋਂ ਕਿਸੇ ਵੀ ਪਾਰਟੀ ਨੂੰ 1 ਪ੍ਰਤੀਸ਼ਤ ਤੱਕ ਵੋਟ ਪ੍ਰਾਪਤ ਨਹੀਂ ਹੋਏ, ਜਦੋਂਕਿ ਆਜ਼ਾਦ ਉਮੀਦਵਾਰਾਂ ਨੂੰ ਇਸ ਵਾਰ 6.76 ਪ੍ਰਤੀਸ਼ਤ ਵੋਟ ਮਿਲੇ। ਸਿਆਸੀ ਹਲਕਿਆਂ ਦਾ ਵਿਚਾਰ ਹੈ ਕਿ ਪੀ.ਪੀ.ਪੀ. ਨੂੰ ਪ੍ਰਾਪਤ ਹੋਇਆ ਵੋਟ ਮੁੱਖ ਤੌਰ 'ਤੇ ਕਾਂਗਰਸ ਦੀ ਹਾਰ ਦਾ ਕਾਰਨ ਬਣਿਆ, ਜਦੋਂਕਿ ਦੁਆਬਾ ਖੇਤਰ ਵਿਚ ਬਸਪਾ ਵੱਲੋਂ ਪ੍ਰਾਪਤ ਕੀਤੀ ਗਈ ਵੋਟ ਵੀ ਕਾਂਗਰਸ ਲਈ ਮਾੜੇ ਨਤੀਜਿਆਂ ਦਾ ਕਾਰਨ ਬਣੀ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਤੀਜਿਆਂ ਅਨੁਸਾਰ ਰਾਜ ਵਿਚੋਂ ਸਭ ਤੋਂ ਵੱਡੇ ਫਰਕ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿੱਤੇ, ਜਿਨ੍ਹਾਂ ਨੂੰ 50,246 ਵੋਟ ਪਏ, ਜਦੋਂਕਿ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ 47,581 ਦੇ ਫਰਕ ਨਾਲ ਜਿੱਤ ਕੇ ਦੂਜੇ ਨੰਬਰ 'ਤੇ ਆਏ। ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਹਲਕੇ ਤੋਂ 42,318 ਵੋਟਾਂ ਨਾਲ ਜਿੱਤ ਕੇ ਤੀਜੇ ਸਥਾਨ 'ਤੇ ਰਹੇ। ਘੱਟ ਵੋਟਾਂ ਨਾਲ ਜਿੱਤਣ ਵਾਲਿਆਂ ਵਿਚ ਫਿਲੌਰ ਤੋਂ ਅਕਾਲੀ ਦਲ ਦੇ ਅਵਿਨਾਸ਼ ਚੰਦਰ ਪ੍ਰਮੁੱਖ ਹਨ ਜੋ ਕਾਂਗਰਸ ਦੇ ਚੌਧਰੀ ਸੰਤੋਖ ਸਿੰਘ ਤੋਂ ਕੇਵਲ 31 ਵੋਟਾਂ ਨਾਲ ਜਿੱਤੇ, ਇਸੇ ਤਰ੍ਹਾਂ ਸ. ਆਦੇਸ਼ ਪ੍ਰਤਾਪ ਸਿੰਘ ਕੈਬਨਿਟ ਮੰਤਰੀ ਆਪਣੇ ਪੱਟੀ ਹਲਕੇ ਤੋਂ ਕੇਵਲ 59 ਵੋਟਾਂ ਨਾਲ ਜਿੱਤੇ। ਨਿਹਾਲ ਸਿੰਘ ਵਾਲਾ ਤੋਂ ਅਕਾਲੀ ਦਲ ਦੀ ਰਾਜਵਿੰਦਰ ਕੌਰ 591 ਵੋਟਾਂ ਦੇ ਫਰਕ ਨਾਲ ਜਿੱਤੀ, ਜਦੋਂਕਿ ਜਗਰਾਉਂ ਤੋਂ ਅਕਾਲੀ ਦਲ ਦੇ ਐਸ.ਆਰ. ਕਲੇਰ ਕਾਂਗਰਸ ਉਮੀਦਵਾਰ ਈਸ਼ਰ ਸਿੰਘ ਮਿਹਰਬਾਨ ਤੋਂ ਕੇਵਲ 206 ਵੋਟਾਂ ਨਾਲ ਜੇਤੂ ਰਹੇ। ਇਸੇ ਤਰ੍ਹਾਂ ਕਰਤਾਰਪੁਰ ਤੋਂ ਅਕਾਲੀ ਦਲ ਦੇ ਸਰਵਣ ਸਿੰਘ ਫ਼ਿਲੌਰ ਚੌਧਰੀ ਜਗਜੀਤ ਸਿੰਘ ਨੂੰ ਹਰਾ ਕੇ 823 ਵੋਟਾਂ ਨਾਲ ਜੇਤੂ ਰਹੇ। ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਪੀਕਰ ਸ. ਨਿਰਮਲ ਸਿੰਘ ਕਾਹਲੋਂ ਤੋਂ ਕੇਵਲ 639 ਵੋਟਾਂ ਨਾਲ ਜਿੱਤੇ, ਜਦੋਂਕਿ ਫਿਰੋਜ਼ਪੁਰ ਦਿਹਾਤੀ ਤੋਂ ਅਕਾਲੀ ਦਲ ਦੇ ਜੋਗਿੰਦਰ ਸਿੰਘ ਜੇਤੂ ਕਾਂਗਰਸ ਉਮੀਦਵਾਰ ਸਤਿਕਾਰ ਕੌਰ ਤੋਂ 162 ਵੋਟਾਂ 'ਤੇ ਚੋਣ ਜਿੱਤੇ। ਸ਼ਤਰਾਣਾ ਤੋਂ ਅਕਾਲੀ ਦਲ ਦੀ ਗੁਰਿੰਦਰ ਕੌਰ ਲੁਬਾ ਕਾਂਗਰਸੀ ਉਮੀਦਵਾਰ ਤੋਂ ਕੇਵਲ 772 ਵੋਟਾਂ ਵੱਧ ਲੈ ਕੇ ਜੇਤੂ ਰਹੀ।* ਅਕਾਲੀ ਦਲ ਨੂੰ 56, ਭਾਜਪਾ ਨੂੰ 12 ਅਤੇ
ਕਾਂਗਰਸ ਨੂੰ 46 ਸੀਟਾਂ ਮਿਲੀਆਂ
* ਮਨਪ੍ਰੀਤ ਦੋਵਾਂ ਹਲਕਿਆਂ ਤੋਂ ਹਾਰਿਆ * 3 ਆਜ਼ਾਦ ਉਮੀਦਵਾਰ ਜਿੱਤੇ
* ਬ੍ਰਹਮਪੁਰਾ, ਲੰਗਾਹ, ਤੀਕਸ਼ਣ ਸੂਦ, ਗਾਬੜੀਆ, ਉਪਿੰਦਰਜੀਤ, ਗੁਸਾਈਂ, ਸ਼ਾਕਰ ਤੇ ਸੇਖਵਾਂ ਚੋਣ ਹਾਰੇ * ਪੀ. ਪੀ. ਪੀ. ਖਾਤਾ ਵੀ ਨਹੀਂ ਖੋਲ੍ਹ ਸਕੀ
* ਵੋਟਾਂ ਦੇ ਫਰਕ ਵਿਚ ਸੁਖਬੀਰ ਪਹਿਲੇ, ਮਜੀਠੀਆ ਦੂਸਰੇ ਅਤੇ ਕੈਪਟਨ ਤੀਸਰੇ ਸਥਾਨ 'ਤੇ ਰਹੇ
ਜਲੰਧਰ, (ਜਸਪਾਲ ਸਿੰਘ)-6 ਮਾਰਚ-ਦਹਾਕਿਆਂ ਤੱਕ ਪੰਜਾਬ ਦੀ ਸਿਆਸਤ 'ਤੇ ਛਾਏ ਰਹੇ ਚੌਧਰੀ ਭਰਾਵਾਂ ਚੌਧਰੀ ਜਗਜੀਤ ਸਿੰਘ ਤੇ ਚੌਧਰੀ ਸੰਤੋਖ ਸਿੰਘ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਜਿੱਥੇ ਕਰਤਾਰਪੁਰ ਹਲਕੇ ਤੋਂ ਚੌਧਰੀ ਜਗਜੀਤ ਸਿੰਘ ਨੂੰ ਅਵਿਨਾਸ਼ ਚੰਦਰ ਨੇ ਹਰਾਇਆ ਸੀ, ਉਥੇ ਚੌਧਰੀ ਸੰਤੋਖ ਸਿੰਘ ਨੂੰ ਸ. ਸਰਵਣ ਸਿੰਘ ਫਿਲੌਰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਦਕਿ ਇਸ ਵਾਰ ਸਰਵਣ ਸਿੰਘ ਫਿਲੌਰ ਵੱਲੋਂ ਚੌਧਰੀ ਜਗਜੀਤ ਸਿੰਘ ਨੂੰ 823 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਗਈ ਤੇ ਅਵਿਨਾਸ਼ ਚੰਦਰ ਵਲੋਂ ਉਨ੍ਹਾਂ ਦੇ ਛੋਟੇ ਭਰਾ ਚੌਧਰੀ ਸੰਤੋਖ ਸਿੰਘ ਨੂੰ 31 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਗਿਆ। ਇਥੇ ਹੀ ਬੱਸ ਨਹੀਂ ਦਿੱਗਜ਼ ਕਾਂਗਰਸੀ ਆਗੂ ਅਵਤਾਰ ਹੈਨਰੀ ਨੂੰ ਲਗਾਤਾਰ ਦੋ ਵਾਰ ਭਾਜਪਾ ਉਮੀਦਵਾਰ ਸ੍ਰੀ ਕੇ. ਡੀ. ਭੰਡਾਰੀ ਵਲੋਂ ਹਰਾ ਦੇਣ ਨਾਲ ਜਲੰਧਰ ਦੀ ਰਾਜਨੀਤੀ 'ਚ ਇਨ੍ਹਾਂ ਦਿੱਗਜ਼ ਕਾਂਗਰਸੀ ਆਗੂਆਂ ਦਾ ਭਵਿੱਖ ਵੀ ਇਕ ਤਰ੍ਹਾਂ ਨਾਲ ਡਗਮਗਾ ਗਿਆ ਹੈ।
ਬਾਦਲ ਵੱਲੋਂ ਪੰਜਾਬ ਵਾਸੀਆਂ ਦਾ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ-ਭਾਜਪਾ ਦੀ ਸ਼ਾਨਦਾਰ ਜਿੱਤ 'ਤੇ ਬਾਗੋ-ਬਾਗ ਹੁੰਦਿਆਂ ਆਖਿਆ ਕਿ ਮੇਰੇ ਕੋਲ ਸ਼ਬਦ ਨਹੀਂ, ਜਿਨ੍ਹਾਂ ਨਾਲ ਮੈਂ ਲੋਕਾਂ ਦਾ ਧੰਨਵਾਦ ਕਰ ਸਕਾਂ। ਉਨ੍ਹਾਂ ਆਖਿਆ ਕਿ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਉਣ ਅਤੇ ਰਾਜ ਵਿਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਸਦਕਾ ਲੋਕਾਂ ਨੇ ਮੁੜ ਸਾਡੇ ਹੱਕ ਵਿਚ ਫਤਵਾ ਦਿੱਤਾ ਹੈ। ਉਨ੍ਹਾਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਸ ਦੀ ਸਖ਼ਤ ਮਿਹਨਤ ਸਦਕਾ ਪਾਰਟੀ ਮੁੜ ਸੱਤਾ ਵਿਚ ਆਈ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਵੋਟਰਾਂ ਨੇ ਸੂਬੇ ਦੇ ਮਗਰਲੇ 5 ਸਾਲਾਂ ਦੌਰਾਨ ਹੋਏ ਵੱਡੇ ਵਿਕਾਸ, ਲਿਆਂਦੇ ਗਏ ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਾ ਨੂੰ ਮਿਲੇ ਸਾਫ-ਸੁਥਰੇ ਪ੍ਰਸ਼ਾਸਨ ਦੇ ਹੱਕ ਵਿਚ ਵੋਟ ਕੀਤਾ ਹੈ ਅਤੇ ਅਜਿਹੀਆਂ ਸ਼ਕਤੀਆਂ ਨੂੰ ਪੂਰਨ ਤੌਰ 'ਤੇ ਰੱਦ ਕੀਤਾ ਹੈ ਜੋ ਸੂਬੇ ਦੇ ਲੋਕਾਂ ਨੂੰ ਮਾਰ-ਧਾੜ ਅਤੇ ਬਦਲਾਖੋਰੀ ਵੱਲ ਧੱਕਣਾ ਚਾਹੁੰਦੀਆਂ ਸਨ। |
ਕਾਰਗੁਜ਼ਾਰੀ ਨੂੰ ਫਤਵਾ ਮਿਲਿਆ-ਸੁਖਬੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਦਾਨ ਸ: ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਲੋਕਾਂ ਨੇ ਸਾਡੀ ਕਾਰਗੁਜ਼ਾਰੀ ਨੂੰ ਵੋਟ ਪਾਈ ਹੈ। ਉਨ੍ਹਾਂ ਆਖਿਆ ਕਿ ਲਗਾਤਾਰ ਦੂਸਰੀ ਵਾਰ ਸਾਡੀ ਪਾਰਟੀ ਦਾ ਜਿੱਤਣਾ ਲੋਕਾਂ ਦਾ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਲੀਡਰਸ਼ਿਪ ਵਿਚ ਭਰੋਸਾ ਦਾ ਸਬੂਤ ਹੈ। ਉਨ੍ਹਾਂ ਆਖਿਆ ਕਿ ਲੋਕਾਂ ਨੇ ਹੁਣ ਸਾਡੀ ਜ਼ਿੰਮੇਵਾਰੀ ਵਿਚ ਢੇਰ ਵਾਧਾ ਕਰ ਦਿੱਤਾ ਹੈ, ਜਿਸ ਨੂੰ ਅਸੀਂ ਹਰ ਹੀਲੇ ਨਿਭਾਉਣ ਵਿਚ ਕਸਰ ਬਾਕੀ ਨਹੀਂ ਛੱਡਾਂਗੇ। ਇਸੇ ਦੌਰਾਨ ਉਪ ਮੁੱਖ ਮੰਤਰੀ ਅਤੇ ਪਾਰਟੀ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ 'ਅਜੀਤ' ਨਾਲ ਟੈਲੀਫੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਸ. ਪ੍ਰਕਾਸ਼ ਸਿੰਘ ਬਾਦਲ ਹੀ ਦੁਬਾਰਾ ਉਮੀਦਵਾਰ ਹੋਣਗੇ ਅਤੇ ਵੀਰਵਾਰ ਪਾਰਟੀ ਵਿਧਾਨਕਾਰਾਂ ਦੀ ਮੀਟਿੰਗ ਵਿਚ ਉਨ੍ਹਾਂ ਨੂੰ ਰਿਵਾਇਤੀ ਤੌਰ 'ਤੇ ਚੁਣਨ ਦਾ ਫੈਸਲਾ ਵੀ ਲੈ ਲਿਆ ਜਾਵੇਗਾ। |
ਸਪੀਕਰ ਸਮੇਤ 9 ਮੰਤਰੀ ਹਾਰੇ ਅੱਜ ਐਲਾਨੇ ਗਏ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਬੇਸ਼ੱਕ ਅਕਾਲੀ-ਭਾਜਪਾ ਗਠਜੋੜ ਮੁੜ ਸੱਤਾ 'ਤੇ ਕਾਬਜ਼ ਹੋ ਗਿਆ ਹੈ, ਪਰ ਮੌਜੂਦਾ ਸਰਕਾਰ ਵਿਚ ਵੱਡੇ ਵਿਭਾਗਾਂ ਦੇ ਮੰਤਰੀ ਤੇ ਵਿਧਾਨ ਸਭਾ ਦੇ ਸਪੀਕਰ ਮਾਤ ਖਾ ਗਏ ਹਨ। ਸਿੱਖਿਆ ਮੰਤਰੀ ਸੇਵਾ ਸਿੰਘ ਸੇਖਵਾਂ (ਕਾਦੀਆਂ), ਅਰੁਨੇਸ਼ ਸ਼ਾਕਰ (ਮੁਕੇਰੀਆਂ), ਵਿੱਤ ਮੰਤਰੀ ਬੀਬੀ ਉਪਿੰਦਰਜੀਤ ਕੌਰ (ਸੁਲਤਾਨਪੁਰ ਲੋਧੀ), ਜੇਲ੍ਹ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ (ਆਤਮ ਨਗਰ), ਸਹਿਕਾਰਤਾ ਮੰਤਰੀ ਰਣਜੀਤ ਸਿੰਘ ਬ੍ਰਹਮਪੁਰਾ (ਖਡੂਰ ਸਾਹਿਬ), ਭਾਜਪਾ ਦੇ ਤੀਕਸ਼ਣ ਸੂਦ (ਹੁਸ਼ਿਆਰਪੁਰ), ਖੇਤੀਬਾੜੀ ਮੰਤਰੀ ਜਥੇਦਾਰ ਸਿੰਘ ਸੁੱਚਾ ਸਿੰਘ ਲੰਗਾਹ (ਫਤਹਿਗੜ੍ਹ ਚੂੜੀਆਂ), ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ (ਡੇਰਾ ਬਾਬਾ ਨਾਨਕ), ਸਿਹਤ ਮੰਤਰੀ ਸਤਪਾਲ ਗੁਸਾਈਂ (ਲੁਧਿਆਣਾ ਕੇਂਦਰੀ) ਹਾਰ ਗਏ। |
No comments:
Post a Comment